ਦਾਨ ਸਿੰਘ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਦਾਨ ਸਿੰਘ . ਮਹਿਮਾਸਰਜਾ ਦਾ ਵਸਨੀਕ ਮਾਲਵਈ ਬੈਰਾੜ , ਚੜਤ ਸਿੰਘ ਦਾ ਭਾਈ , ਜੋ ਦਸ਼ਮੇਸ਼ ਦੀ ਸੇਵਾ ਵਿੱਚ ਆਨੰਦਪੁਰ ਅਤੇ ਮਾਲਵੇ ਹਾ੡੒ਰ ਰਿਹਾ. ਇਸ ਨੇ ਮੁਕਤਸਰ ਦੇ ਜੰਗ ਵਿੱਚ ਭੀ ਵਡੀ ਵੀਰਤਾ ਦਿਖਾਈ. ਜਦ ਬੈਰਾੜਾਂ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਨੌਕਰੀ ਲਈ , ਤਦ ਗੁਰੂ ਸਾਹਿਬ ਨੇ ਦਾਨ ਸਿੰਘ ਨੂੰ ਭੀ ਧਨ ਲੈਣ ਲਈ ਆਖਿਆ , ਅੱਗੋਂ ਉਸਨੇ ਬੇਨਤੀ ਕੀਤੀ— “ ਸੁਨਕੈ ਦਾਨਸਿੰਘ ਕਰ ਜੋਰੇ । ਦੂਧ ਪੂਤ ਧਨ ਸਭ ਘਰ ਮੋਰੇ । ਕ੍ਰਿਪਾ ਕਰਹੁ ਸਿੱਖੀ ਮੁਝ ਦੀਜੈ । ਅਪਨੋ ਜਾਨ ਬਖ਼ਸ਼ ਕਰ ਲੀਜੈ.” ( ਗੁਪ੍ਰਸੂ )


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 930, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਦਾਨ ਸਿੰਘ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਦਾਨ ਸਿੰਘ : ਪੰਜਾਬ ਦੇ ਮਹਿਮਾ ਸਰਜਾ ਪਿੰਡ ਦਾ ਵਸਨੀਕ ਜੋ ਜਾਤਿ ਦਾ ਬਰਾੜ ਜੱਟ ਸੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਵਿਚ ਆਨੰਦਪੁਰ ਅਤੇ ਮਾਲਵੇ ਵਿਚ ਹਾਜ਼ਰ ਰਿਹਾ ਸੀ । ਗੁਰੂ ਸਾਹਿਬ ਨੇ ਆਨੰਦਪੁਰ ਦਾ ਕਿਲ੍ਹਾ ਛਡਣ ਤੋਂ ਬਾਦ ਜਦੋਂ ਮਾਲਵੇ ਵਿਚ ਆ ਕੇ ਬਰਾੜਾਂ ਨੂੰ ਭਰਤੀ ਕਰਕੇ ਇਕ ਸੈਨਿਕ ਦਲ ਤਿਆਰ ਕੀਤਾ , ਤਾਂ ਦਾਨ ਸਿੰਘ ਆਪਣੇ ਪੁੱਤਰ ਸਹਿਤ ਉਸ ਦਲ ਵਿਚ ਸ਼ਾਮਲ ਹੋ ਗਿਆ । ਇਸ ਨੇ ਆਪਣੀ ਸੇਵਾ ਅਤੇ ਬਹਾਦਰੀ ਨਾਲ ਗੁਰੂ ਜੀ ਦਾ ਮਨ ਜਿਤ ਲਿਆ । ਸਿੱਖ ਇਤਿਹਾਸ ਅਨੁਸਾਰ ਗੁਰੂ ਜੀ ਨੇ ਇਸ ਨੂੰ ਘੋੜਿਆਂ ਦਾ ਨਿਗਰਾਨ ਨਿਯੁਕਤ ਕੀਤਾ । ਇਸ ਦੇ ਸੁਝਾਵ’ ਤੇ ਹੀ ਗੁਰੂ ਜੀ ਨੇ ਖਿਦਰਾਣੇ ਦੀ ਢਾਬ ਨੇੜੇ ਟਿੱਬੀ ਉਪਰ ਠਹਿਰ ਕੇ ਸਰਹਿੰਦ ਦੇ ਫ਼ੌਜਦਾਰ ਦੀ ਸੈਨਾ ਦਾ ਮੁਕਾਬਲਾ ਕੀਤਾ । ਉਸ ਵੇਲੇ 500 ਘੋੜ-ਚੜ੍ਹੇ ਅਤੇ ਨੌਂ ਸੌ ਪੈਦਲ ਬਰਾੜ ਸੈਨਿਕ ਗੁਰੂ ਜੀ ਦੀ ਨੌਕਰੀ ਵਿਚ ਸਨ । ਜਦੋਂ ਗੁਰੂ ਜੀ ਤਲਵੰਡੀ ਸਾਬੋ ਵਲ ਪ੍ਰਸਥਾਨ ਕਰਨ ਲਗੇ ਤਾਂ ਉਨ੍ਹਾਂ ਬਰਾੜ ਸੈਨਿਕਾਂ ਨੇ ਤਨਖ਼ਾਹ ਲੈਣ ਲਈ ਤਕਾਜ਼ਾ ਕੀਤਾ । ਗੁਰੂ ਜੀ ਨੇ ਛੱਤੇਆਣਾ ਪਿੰਡ ਕੋਲ ਰੁਕ ਕੇ ਉਨ੍ਹਾਂ ਨੂੰ ਤਨਖ਼ਾਹ ਵੰਡੀ । ਆਖ਼ੀਰ’ ਤੇ ਗੁਰੂ ਜੀ ਨੇ ਦਾਨ ਸਿੰਘ ਨੂੰ ਵੀ ਤਨਖ਼ਾਹ ਲੈਣ ਲਈ ਕਿਹਾ , ਪਰ ਇਸ ਨੇ ਕੇਵਲਸਿੱਖੀ ’ ਦੀ ਦਾਤ ਲਈ ਬੇਨਤੀ ਕੀਤੀ । ਗੁਰੂ ਜੀ ਨੇ ਇਸ ਨੂੰ ‘ ਮਾਲਵੇ ਦਾ ਗੌਰਵ’ ਹੋਣ ਦਾ ਮਾਣ ਬਖ਼ਸ਼ਿਆ ਅਤੇ ਇਸ ਦੀ ਅਰਜ਼ੋਈ ਨੂੰ ਮੰਨਦਿਆਂ ਇਸ ਦੇ ਪਿੰਡ ਵੀ ਗਏ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 906, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.