ਦਿਵਾਲੀ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਦਿਵਾਲੀ : ਦਿਵਾਲੀ ਭਾਰਤ ਦਾ ਪ੍ਰਸਿੱਧ ਤਿਉਹਾਰ ਹੈ ਜੋ ਕੱਤਕ ਮਹੀਨੇ ਦੀ ਅਮਾਵਸ ਨੂੰ ਲਕਸ਼ਮੀ ਪੂਜਨ ਦੇ ਰੂਪ ਵਿੱਚ ਦੀਵੇ ਬਾਲ ਕੇ ਮਨਾਇਆ ਜਾਂਦਾ ਹੈ । ਦਿਵਾਲੀ ਦੇ ਕੋਸ਼ਗਤ ਅਰਥ ਦੀਪਮਾਲਿਕਾ , ਦੀਪਾਵਲਿ ਜਾਂ ਦੀਵਿਆਂ ਦੀ ਕਤਾਰ ਆਦਿ ਲਏ ਜਾਂਦੇ ਹਨ ।

        ਦਿਵਾਲੀ ਦਾ ਪ੍ਰਾਚੀਨ ਸੰਬੰਧ , ਰਾਮ ਚੰਦਰ ਦੇ ਬਨਵਾਸ ਤੋਂ ਅਯੁੱਧਿਆ ਪਰਤਣ ਦੇ ਸਮੇਂ ਨਾਲ ਜੋੜਿਆ ਜਾਂਦਾ ਹੈ । ਇਤਿਹਾਸਿਕ ਹਵਾਲਿਆਂ ਅਨੁਸਾਰ , ਮਰਯਾਦਾ ਪ੍ਰਸ਼ੋਤਮ ਰਾਮ ਚੰਦਰ ਨੂੰ ਜਦੋਂ ਮਤੇਈ ਮਾਂ ਕੇਕਈ ਦੇ ਕਹਿਣ `ਤੇ ਰਾਜਾ ਦਸਰਥ ਨੇ ਚੌਦਾਂ ਸਾਲ ਦਾ ਬਨਵਾਸ ਦਿੱਤਾ ਤਾਂ ਪਤਨੀ ਸੀਤਾ ਅਤੇ ਭਰਾ ਲਛਮਣ ਨਾਲ ਬਨਵਾਸ ਕੱਟਦਿਆਂ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ । ਬਨਵਾਸ ਦੌਰਾਨ ਇੱਕ ਸਮੇਂ ਰਾਵਣ ਦੀ ਭੈਣ ਸਰੂਪਨਖਾ ਰਾਮ ਚੰਦਰ ਦੀ ਸੂਰਤ `ਤੇ ਮੋਹਿਤ ਹੋ ਗਈ ਪਰ ਲਛਮਣ ਨੇ ਉਸ ਦਾ ਨੱਕ ਅਤੇ ਕੰਨ ਵੱਢ ਕੇ ਉਸ ਦੀ ਸ਼ਕਲ ਵਿਗਾੜ ਦਿੱਤੀ । ਇਸ ਬਦਲੇ ਦੀ ਭਾਵਨਾ ਕਾਰਨ ਸਰੂਪਨਖਾ ਨੇ ਆਪਣੇ ਭਰਾ ਰਾਵਣ ਨੂੰ ਸੀਤਾ ਦੀ ਸੁੰਦਰਤਾ ਦੱਸ ਕੇ ਉਕਸਾਇਆ । ਰਾਵਣ ਸਵੰਬਰ ਵਿੱਚ ਸੀਤਾ ਨੂੰ ਨਾ ਵਰ ਸਕਣ ਕਾਰਨ ਪਹਿਲਾਂ ਹੀ ਬਹੁਤ ਕ੍ਰੋਧਿਤ ਸੀ; ਇਸ ਲਈ ਰਾਵਣ ਨੇ ਛਲ ਕਰ ਕੇ ਸੀਤਾ ਨੂੰ ਚੁਰਾ ਲਿਆ । ਜਿਸ ਕਾਰਨ ਰਾਮ ਚੰਦਰ ਦੇ ਸਮਰਥਕਾਂ ਅਤੇ ਰਾਵਣ ਵਿੱਚ ਭਿਅੰਕਰ ਯੁੱਧ ਹੋਇਆ । ਆਖ਼ਰ ਨੂੰ ਰਾਵਣ ਦੀ ਹਾਰ ਅਤੇ ਰਾਮ ਚੰਦਰ ਦੀ ਜਿੱਤ ਹੋਈ । ਤਦ ਤੱਕ ਬਨਵਾਸ ਦਾ ਸਮਾਂ ਵੀ ਮੁੱਕ ਚੁੱਕਾ ਸੀ । ਬਹੁਤ ਵੱਡੇ ਬਲੀ ਰਾਵਣ ਦਾ ਸੰਘਾਰ ਕਰ ਕੇ ਸੀਤਾ ਅਤੇ ਲਛਮਣ ਸਮੇਤ ਜਦੋਂ ਰਾਮ ਚੰਦਰ ਅਯੁੱਧਿਆ ਪਰਤੇ ਤਾਂ ਪਰਜਾ ਨੇ ਦੀਵੇ ਜਗਾ ਕੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ । ਲੋਕ-ਮਨ ਅਨੁਸਾਰ ਇਹ ਇੱਕ ਤਰ੍ਹਾਂ ਬਲੀ ਦੇ ਹਨੇਰੇ ਉੱਤੇ ਨੇਕੀ ਦੇ ਚਾਨਣ ਦੀ ਜਿੱਤ ਸੀ । ਅਮਾਵਸ ਦੀ ਰਾਤ ਹੋਣ ਕਾਰਨ ਪਰਜਾ ਨੇ ਬੇ-ਗਿਣਤ ਦੀਵਿਆਂ ਦੇ ਚਾਨਣ ਦੇ ਪ੍ਰਤੀਕ ਰਾਹੀਂ ਹਨੇਰੇ ਦਾ ਅੰਤ ਹੋਣਾ ਸਥਾਪਿਤ ਕੀਤਾ ।

        ਦਿਵਾਲੀ ਦਾ ਇੱਕ ਪੱਖ ਲੱਛਮੀ ( ਲਕਸ਼ਮੀ ) ਪੂਜਾ ਨਾਲ ਵੀ ਜੋੜਿਆ ਜਾਂਦਾ ਹੈ । ਅਜੋਕੇ ਸਮੇਂ ਸ਼ਹਿਰਾਂ ਵਿੱਚ ਭਾਵੇਂ ਮੋਮਬੱਤੀਆਂ ਅਤੇ ਬਿਜਲੀ ਬਲਬਾਂ ਨਾਲ ਰੋਸ਼ਨੀ ਕੀਤੇ ਜਾਣ ਦਾ ਰੁਝਾਨ ਹੈ ਪਰ ਪਿੰਡਾਂ ਅਤੇ ਨਗਰਾਂ ਵਿੱਚ ਹਾਲੇ ਵੀ ਘੁਮਿਆਰਾਂ ਦੁਆਰਾ ਬਣਾਏ ਮਿੱਟੀ ਦੇ ਦੀਵੇ ਖ਼ਰੀਦਣ ਸਮੇਂ ‘ ਘਰੂੰਡੀ` ਦੀ ਖ਼ਰੀਦ ਲਈ ਜਾਂਦੀ ਹੈ ਜਿਸ ਨੂੰ ‘ ਹਟੜੀ` ਕਿਹਾ ਜਾਂਦਾ ਹੈ । ਵਰਤਮਾਨ ਸਮੇਂ ਅਮੀਰ ਵਿਅਕਤੀਆਂ ਲਈ ਇਹ ਹਟੜੀਆਂ ਚਾਂਦੀ ਜਾਂ ਸਿਲਵਰ ਆਦਿ ਦੀ ਪੱਤਰੀ ਦੀਆਂ ਵੀ ਬਣਨ ਲੱਗੀਆਂ ਹਨ । ਲਕਸ਼ਮੀ ਪੂਜਾ ਸਮੇਂ ਘਰ ਦੀ ਕਿਸੇ ਗੁੱਠ ਨੂੰ ਪੋਚਾ ਜਾਂ ਪਰੋਲਾ ਮਾਰ ਕੇ ਪਵਿੱਤਰ ਕਰ ਲਿਆ ਜਾਂਦਾ ਹੈ ਜਿੱਥੇ ਘਰੂੰਡੀ ( ਹਟੜੀ ) ਰੱਖੀ ਜਾਂਦੀ ਹੈ । ਪਾਲਕੀ-ਨੁਮਾ ਹਟੜੀ ਦੇ ਚਾਰੇ ਪਾਸੇ ਦਰ ਰੱਖੇ ਜਾਂਦੇ ਹਨ । ਛੱਤ ਦੇ ਗੁੰਬਦ ਵਿਚਕਾਰ ਅਤੇ ਚਹੁੰਆਂ ਨੁੱਕਰਾਂ `ਤੇ ਬਣਾਏ ਮਿਨਾਰਾਂ ਉੱਤੇ ਦੀਵੇ ਜਗਾਏ ਜਾਂਦੇ ਹਨ । ਮੂਰਤੀ ਉਪਲਬਧ ਹੋਣ ਦੀ ਸੂਰਤ ਵਿੱਚ ਦਰਾਂ ਵਿਚਾਲੇ ਮੂਰਤੀ ਰੱਖ ਦਿੱਤੀ ਜਾਂਦੀ ਹੈ । ਮੂਰਤੀ ਨਾ ਹੋਣ ਦੀ ਸੂਰਤ ਵਿੱਚ ਦੀਵਾ ਜਗਾ ਦਿੱਤਾ ਜਾਂਦਾ ਹੈ । ਪਤਾਸੇ , ਖਿੱਲਾਂ , ਮਖਾਣੇ ਆਦਿ ਮਿੱਟੀ ਜਾਂ ਖੋਪੇ ਦੀ ਠੂਠੀ ਵਿੱਚ ਪਾ ਕੇ ਜਗਦੇ ਦੀਵੇ ਕੋਲ ਰੱਖ ਕੇ ਲਕਸ਼ਮੀ ਨੂੰ ਭੋਗ ਲੁਆਇਆ ਜਾਂਦਾ ਹੈ ਜੋ ਬਾਦ ਵਿੱਚ ਬੱਚਿਆਂ ਨੂੰ ਵੰਡਣ ਦੀ ਰੀਤ ਹੈ । ਉਪਰੰਤ ਪਰਿਵਾਰ ਦੀ ਸੁਖ ਮੰਗਦਿਆਂ ਘਰ ਵਿੱਚ ਲਕਸ਼ਮੀ ( ਮਾਇਆ/ਧਨ ਦੌਲਤ ) ਆਉਣ ਦੀ ਪ੍ਰਾਰਥਨਾ ਕੀਤੀ ਜਾਂਦੀ ਹੈ । ਹਟੜੀ ਦੇ ਚੁਤਰਫ਼ੀ ਖੁੱਲ੍ਹੇ ਬੂਹਿਆਂ ਵਾਂਗ ਘਰ ਦੇ ਦਰਵਾਜ਼ੇ ਵੀ ਦੇਰ ਰਾਤ ਤੱਕ ਖੁੱਲ੍ਹੇ ਰੱਖੇ ਜਾਂਦੇ ਹਨ ਤਾਂ ਜੋ ਲਕਸ਼ਮੀ ਨੂੰ ਘਰ ਵਿੱਚ ਪ੍ਰਵੇਸ਼ ਸਮੇਂ ਕੋਈ ਰੁਕਾਵਟ ਨਾ ਆਵੇ ।

        ਦਿਵਾਲੀ ਤੋਂ ਕੁਝ ਦਿਨ ਪਹਿਲਾਂ ਘਰਾਂ ਵਿੱਚ ਰੰਗ ਸਫ਼ੈਦੀ ਅਤੇ ਪੇਂਡੂ ਘਰਾਂ ਵਿੱਚ ਗੇਰੂਆ , ਖੜੀਆ ਅਤੇ ਪਾਂਡੂ ਮਿੱਟੀ ਆਦਿ ਦਾ ਪਰੋਲਾ ਫੇਰ ਕੇ ਸਾਫ਼-ਸਫਾਈ ਕੀਤੀ ਜਾਂਦੀ ਹੈ , ਜਿਸ ਦੇ ਸਿੱਟੇ ਵਜੋਂ ਬੇਕਾਰ ਅਤੇ ਵਰਤੋਂ ਹੀਣ ਵਸਤਾਂ ਨੂੰ ਸੁੱਟ ਦਿੱਤਾ ਜਾਦਾ ਹੈ ਜਾਂ ਕਿਸੇ ਲੋੜਵੰਦ ਨੂੰ ਦੇ ਕੇ ਨਵੀਆਂ ਲਈ ਥਾਂ ਬਣਾ ਲਈ ਜਾਂਦੀ ਹੈ । ਦਿਵਾਲੀ ਦੇ ਤਿਉਹਾਰ `ਤੇ ਹਰ ਟੱਬਰ ਨਵਾਂ ਭਾਂਡਾ ਜ਼ਰੂਰ ਖ਼ਰੀਦਣ ਦੀ ਆਸਥਾ ਰੱਖਦਾ ਹੈ । ਇੱਕ ਵਿਸ਼ਵਾਸ ਅਨੁਸਾਰ , ਲਕਸ਼ਮੀ ਦੇਵੀ ਦੇ ਘਰ ਪ੍ਰਵੇਸ਼ ਸਮੇਂ ਉਸ ਦਾ ਭੋਗ ਅਣਲੱਗ ਭਾਂਡੇ ਵਿੱਚ ਰੱਖਣਾ ਯੋਗ ਸਮਝਿਆ ਜਾਂਦਾ ਹੈ ।

        ਪੰਜਾਬ ਦੇ ਕਈ ਖਿੱਤਿਆਂ ਵਿੱਚ ਦਿਵਾਲੀ ਤੋਂ ਇੱਕ ਦਿਨ ਪਹਿਲਾਂ ‘ ਕਾਣੀ ਦਿਵਾਲੀ` ਮਨਾਏ ਜਾਣ ਦੀ ਵੀ ਰੀਤ ਹੈ । ਇਸ ਦਿਨ ਆਮ ਲੋਕ ਕੇਵਲ ਇੱਕ ਦੀਵਾ ਬਾਲਦੇ ਹਨ । ਦੀਵੇ ਦੇ ਤੇਲ ਵਿੱਚ ਕਾਣੀ ਕੌਡੀ ਪਾ ਕੇ ਦੀਵਾ ਕਿਸੇ ਅਜਿਹੀ ਥਾਂ ਰੱਖਿਆ ਜਾਂਦਾ ਹੈ ਜਿੱਥੋਂ ਘਰ ਦਾ ਪਾਣੀ ਵਹਿੰਦਾ ਹੋਵੇ । ਇੱਕ ਵਿਸ਼ਵਾਸ ਅਨੁਸਾਰ , ਇਹ ਰੀਤ ਘਰ `ਚੋਂ ਦਲਿੱਦਰ ਗ਼ਰੀਬੀ ਅਤੇ ਮੰਦੀਆਂ ਰੂਹਾਂ ਨੂੰ ਕੱਢਣ ਦੇ ਮਨਸ਼ੇ ਨਾਲ ਕੀਤੀ ਜਾਂਦੀ ਹੈ । ਪ੍ਰਾਚੀਨ ਸਮਿਆਂ ਵਿੱਚ ਟਕਸਾਲਾਂ ਦੀ ਅਣਹੋਂਦ ਕਾਰਨ ਕੌਡੀਆਂ ਨੂੰ ਸਿੱਕੇ ਵਜੋਂ ਵਰਤਿਆ ਜਾਂਦਾ ਸੀ ਅਤੇ ਕਾਣੀ ਕੌਡੀ ਰੱਖਣ ਦੀ ਰੀਤ ਮੰਦੀਆਂ ਰੂਹਾਂ ਨੂੰ ਘੱਟ ਤੋਂ ਘੱਟ ਕੀਮਤ ਦਾ ਸਿੱਕਾ ਦੇਣ ਦੀ ਮਨਸ਼ਾ ਪ੍ਰਗਟਾਈ ਜਾਂਦੀ ਸੀ ਤਾਂ ਜੋ ਮੰਦੀਆਂ ਰੂਹਾਂ ਭੇਟਾ ਦੇ ਲਾਲਚ ਬਦਲੇ ਦੁਬਾਰਾ ਨਾ ਪਰਤ ਆਉਣ ।

        ਦਿਵਾਲੀ ਦੇ ਦਿਨ ਅਕਸਰ ਘਰਾਂ ਵਿੱਚ ਲੋਕ ਗੁੜ ਵਾਲੇ ਪਾਣੀ ਨਾਲ ਆਟਾ ਗੁੰਨ ਕੇ ਮੱਠੀਆਂ ਪਕਾਉਂਦੇ ਹਨ । ਅਜੋਕੇ ਸਮੇਂ ਇੱਕ ਦੂਜੇ ਦੇ ਘਰ ਬਜ਼ਾਰੀ ਮਿਠਿਆਈ ਲੈਣ ਅਤੇ ਦੇਣ ਦਾ ਰਿਵਾਜ ਪ੍ਰਚਲਿਤ ਹੋ ਗਿਆ ਹੈ । ਘਰ ਵਿੱਚ ਮਿੱਟੀ ਦੇ ਦੀਵੇ ਜਗਾ ਕੇ ਦਿਵਾਲੀ ਮਨਾਉਣੀ ਹੋਵੇ ਤਾਂ ਦੀਵਿਆਂ ਨੂੰ ਬਾਲਣ ਤੋਂ ਪਹਿਲਾਂ ਦੀਵੇ ਪਾਣੀ ਵਿੱਚ ਭਿਉਂ ਕੇ ਤਰ ਕਰ ਲਏ ਜਾਂਦੇ ਹਨ ਤਾਂ ਜੋ ਜ਼ਿਆਦਾ ਤੇਲ ਨਾ ਸੋਖ ਜਾਣ । ਹਰ ਦੀਵੇ ਵਿੱਚ ਰੂੰਈ ਦੀ ਬੱਤੀ ਵੱਟ ਕੇ ਪਾਈ ਜਾਂਦੀ ਹੈ । ਹਨੇਰਾ ਪਏ ਤੋਂ ਦੀਵੇ ਕੋਠਿਆਂ ਦੇ ਬਨੇਰਿਆਂ `ਤੇ ਜਗਾਉਣ ਦੇ ਨਾਲ-ਨਾਲ , ਹਰ ਓਸ ਥਾਂ ਜਗਾਏ ਜਾਂਦੇ ਹਨ ਜਿੱਥੋਂ ਜਾਂ ਤਾਂ ਲਾਭ ਦੀ ਆਸ ਹੋਵੇ ਜਾਂ ਉਸ ਥਾਂ ਨਾਲ ਸ਼ਰਧਾ ਜੁੜੀ ਹੋਵੇ । ਉਦਾਹਰਨ ਲਈ ਖੂਹ , ਟੋਭੇ , ਪਿੱਪਲ , ਗੁਰਦੁਆਰੇ , ਠਾਕਰਦੁਆਰੇ , ਅਰੂੜੀ , ਡੰਗਰਾਂ ਦੀ ਖੁਰਲੀ ਅਤੇ ਵਡੇਰਿਆਂ ਦੀਆਂ ਮਟੀਆਂ ਆਦਿ ਉੱਤੇ ਦੀਵੇ ਜਗਾਏ ਜਾਂਦੇ ਹਨ । ਦਿਵਾਲੀ ਦੀ ਰਾਤ ਲੋਕ ਪਟਾਖ਼ੇ ਅਤੇ ਆਤਸ਼ਬਾਜ਼ੀ ਚਲਾ ਕੇ ਵੀ ਖ਼ੁਸ਼ੀ ਦਾ ਪ੍ਰਗਟਾਵਾ ਕਰਦੇ ਹਨ ।

        ਕੁਝ ਵਰ੍ਹੇ ਪਹਿਲਾਂ ਤੱਕ ਦਿਵਾਲੀ ਤੋਂ ਅਗਲੇ ਦਿਨ ਪਿੰਡਾਂ ਵਿੱਚ ਇੱਕ ਹੋਰ ਰਸਮ ਕੀਤੀ ਜਾਂਦੀ ਸੀ ਜਿਸ ਵਿੱਚ ਔਰਤਾਂ ਰਾਤ ਦੇ ਖਿਲਰੇ ਕੂੜੇ ਨੂੰ ਮੂੰਹ ਹਨੇਰੇ ਹੂੰਝ ਕੇ ਬੂਹੇ ਤੋਂ ਹਟਵੀਂ ( ਗਲੀ ਦੇ ਨੇੜੇ ) ਇੱਕ ਢੇਰੀ ਲਾ ਦਿਆ ਕਰਦੀਆਂ ਸਨ ਜਿਸ ਦੇ ਉੱਤੇ ਝਾੜੂ , ਪੱਖੀ ਅਤੇ ਕੋਈ ਰਾਂਗਲੀ ਲੀਰ ਰੱਖ ਕੇ ਆਟੇ ਦਾ ਚੂੰਗੜਾ ( ਦੀਵਾ ) ਜਗਾ ਦਿੱਤਾ ਜਾਂਦਾ ਸੀ । ਇਹ ਰਸਮ ਦਿਵਾਲੀ ਦੀ ਸਮਾਪਤੀ ਅਤੇ ਘਰ `ਚੋਂ ਦਲਿੱਦਰ ਕੱਢਣ ਦੀ ਸੂਚਕ ਮੰਨੀ ਜਾਂਦੀ ਸੀ ।

        ਪੰਜਾਬ ਅਤੇ ਵਿਸ਼ੇਸ਼ਕਰ ਅੰਮ੍ਰਿਤਸਰ ਦੀ ਦਿਵਾਲੀ ਦਾ ਇੱਕ ਸੰਬੰਧ ਗੁਰੂ ਹਰਿਗੋਬਿੰਦ ਅਤੇ ਜਹਾਂਗੀਰ ਦੀ ਉਸ ਘਟਨਾ ਨਾਲ ਜੋੜਿਆ ਜਾਂਦਾ ਹੈ ਜਦੋਂ ਗੁਰੂ ਹਰਿਗੋਬਿੰਦ ਦੀ ਵਧਦੀ ਤਾਕਤ ਵੇਖ ਕੇ ਜਹਾਂਗੀਰ ਨੇ ਉਹਨਾਂ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਕਰ ਲਿਆ ਸੀ ਪਰ ਛੇਤੀ ਹੀ ਗ਼ਲਤੀ ਦਾ ਅਹਿਸਾਸ ਹੋਣ ਤੇ ਰਿਹਾਅ ਕਰਨ ਦਾ ਹੁਕਮ ਦਿੱਤਾ । ਪਰ ਗੁਰੂ ਸਾਹਿਬ ਨੇ ਇੱਕ ਸ਼ਰਤ `ਤੇ ਰਿਹਾਅ ਹੋਣਾ ਕਬੂਲ ਕੀਤਾ ਕਿ ਬਾਦਸ਼ਾਹ ਕਿਲ੍ਹੇ ਵਿੱਚ ਕੈਦ 52 ਰਾਜਿਆਂ ਨੂੰ ਵੀ ਰਿਹਾਅ ਕਰੇ । ਕਿਹਾ ਜਾਂਦਾ ਹੈ ਕਿ ਗੁਰੂ ਸਾਹਿਬ ਨੇ 52 ਤਣੀਆਂ ਵਾਲਾ ਇੱਕ ਚੋਲਾ ਬਣਵਾਇਆ , ਜਿਸ ਦੀਆਂ ਤਣੀਆਂ ਫੜ ਕੇ 52 ਹਿੰਦੂ ਰਾਜੇ ਰਿਹਾਅ ਹੋਏ । ਗੁਰੂ ਸਾਹਿਬ ਦਿਵਾਲੀ ਵਾਲੇ ਦਿਨ ਅੰਮ੍ਰਿਤਸਰ ਪੁੱਜੇ; ਜਿਸ ਤੇ ਬਾਬਾ ਬੁੱਢਾ ਜੀ ਨੇ ਸਭ ਸਿੱਖ ਸੰਗਤਾਂ ਨੂੰ ਘਰਾਂ ਵਿੱਚ ਅਤੇ ਹਰਿਮੰਦਿਰ ਸਾਹਿਬ ਗੁਰਦੁਆਰੇ ਅਤੇ ਸਰੋਵਰ ਦੇ ਚੁਫ਼ੇਰੇ ਦੀਪਮਾਲਾ ਕਰਨ ਦਾ ਬਚਨ ਕੀਤਾ , ਤਦ ਤੋਂ ਸਿੱਖ ਸਮੁਦਾਇ ਵਿੱਚ ਵੀ ਇਹ ਤਿਉਹਾਰ ਹਰਮਨ ਪਿਆਰਾ ਹੋ ਗਿਆ ।

        ਦਿਵਾਲੀ ਵਾਲੇ ਦਿਨ ਚੋਰ ਮਿੱਥ ਕੇ ਚੋਰੀ ਕਰਦੇ ਹਨ ਅਤੇ ਜੁਆਰੀ ਜੂਆ ਖੇਡਦੇ ਹਨ । ਲਕਸ਼ਮੀ ਨੂੰ ਧਨ ਦੀ ਦੇਵੀ ਸਮਝੇ ਜਾਣ ਕਰ ਕੇ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਦਿਵਾਲੀ ਵਾਲੇ ਦਿਨ ਜੂਏ ਦੁਆਰਾ ਧਨ ਜਿੱਤਣ ਵਾਲਾ ਵਿਅਕਤੀ ਸਾਰਾ ਸਾਲ ਜੂਏ ਦੀ ਖੇਡ ਸਮੇਂ ਜੇਤੂ ਰਹੇਗਾ ਅਤੇ ਚੋਰੀ ਕਰਨ ਵਾਲਾ ਪਕੜਿਆ ਨਹੀਂ ਜਾਵੇਗਾ । ਆਤਸ਼ਬਾਜ਼ੀ ਚਲਾ ਕੇ ਖ਼ੁਸ਼ੀ ਅਤੇ ਮਿਠਿਆਈ ਦਾ ਵਟਾਂਦਰਾ ਕਰ ਕੇ ਭਾਈਚਾਰਕ ਸਾਂਝ ਪੀਡੀ ਕਰਨਾ ਇਸ ਤਿਉਹਾਰ ਦੀ ਵਿਸ਼ੇਸ਼ਤਾ ਹੈ ।


ਲੇਖਕ : ਕਿਰਪਾਲ ਕਜ਼ਾਕ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 8747, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਦਿਵਾਲੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਦਿਵਾਲੀ . ਸੰਗ੍ਯਾ— ਦੀਵਾਰ. ਕੰਧ. ਚਾਰਦਿਵਾਰੀ. “ ਬੈਠੇ ਜਾਇ ਸਮੀਪ ਦਿਵਾਲੀ.” ( ਨਾਪ੍ਰ ) ੨ ਦੀਪਮਾਲਿਕਾ. ਦੀਪਾਵਲਿ. ਕੱਤਕ ਬਦੀ ੧੪ ਅਤੇ ੩੦ ਦਾ ਤ੍ਯੋਹਾਰ.2  ਹਿੰਦੂਮਤ ਵਿੱਚ ਇਹ ਲ੖ਮੀ ਪੂਜਨ ਦਾ ਪਰਵ ਹੈ. ਸਿੱਖਾਂ ਵਿੱਚ ਇਸ ਦਿਨ ਦੀਵੇ ਮਚਾਉਣ ਦੀ ਰਸਮ ਬਾਬਾ ਬੁੱਢਾ ਜੀ ਨੇ ਚਲਾਈ , ਕ੍ਯੋਂਕਿ ਗੁਰੂ ਹਰਿਗੋਬਿੰਦ ਸਾਹਿਬ ਦਿਵਾਲੀ ਦੇ ਦਿਨ ਗਵਾਲਿਯਰ ਦੇ ਕਿਲੇ ਤੋਂ ਅਮ੍ਰਿਤਸਰ ਜੀ ਪਧਾਰੇ ਸਨ. ਇਸ ਵਾਸਤੇ ਖ਼ੁਸ਼ੀ ਵਿੱਚ ਰੌਸ਼ਨੀ ਕੀਤੀ ਗਈ ਸੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7597, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.