ਦੁਨੀ ਚੰਦ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਦੁਨੀ ਚੰਦ: ਅੰਮ੍ਰਿਤਸਰ ਜ਼ਿਲ੍ਹੇ ਦੇ ਮਜੀਠਾ ਪਿੰਡ ਦਾ ਇਕ ਮਸੰਦ ਜੋ ਭਾਈ ਸਾਲ੍ਹੋ ਦਾ ਪੋਤਰਾ ਸੀ। ਸੰਨ 1700 ਈ. ਵਿਚ ਜਦੋਂ ਪਹਾੜੀ ਰਾਜਿਆਂ ਨੇ ਆਨੰਦਪੁਰ ਨੂੰ ਘੇਰਨ ਦੀ ਯੋਜਨਾ ਬਣਾਈ ਤਾਂ ਇਹ ਆਪਣੇ ਪੰਜ ਸੌ ਯੋਧਿਆਂ ਨੂੰ ਨਾਲ ਲੈ ਕੇ ਗੁਰੂ ਜੀ ਦੀ ਸਹਾਇਤਾ ਲਈ ਉਥੇ ਪਹੁੰਚਿਆ। ਇਕ ਦਿਨ ਅਚਾਨਕ ਪਹਾੜੀ ਰਾਜਿਆਂ ਨੇ ਲੋਹਗੜ੍ਹ ਦਾ ਦਰਵਾਜ਼ਾ ਤੋੜਨ ਲਈ ਹਾਥੀ ਨੂੰ ਨਸ਼ਿਆ ਕੇ ਭੇਜਣ ਦੀ ਜੁਗਤ ਬਣਾ ਲਈ। ਸਿੱਖ ਇਤਿਹਾਸ ਅਨੁਸਾਰ ਜਦੋਂ ਗੁਰੂ ਜੀ ਨੂੰ ਪਤਾ ਲਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਸਾਡੇ ਪਾਸ ਵੀ ਇਕ ਮਸਤ ਹਾਥੀ ਹੈ ਜੋ ਉਸ ਨੂੰ ਮਸਲ ਦੇਵੇਗਾ। ਗੁਰੂ ਜੀ ਦੇ ਇਰਾਦੇ ਦੇ ਪਤਾ ਲਗਣ’ਤੇ ਦੁਨੀਚੰਦ ਘਬਰਾ ਗਿਆ ਅਤੇ ਉਥੋਂ ਖਿਸਕਣ ਵਿਚ ਹੀ ਆਪਣੀ ਸਲਾਮਤੀ ਸਮਝੀ। ਆਪਣੇ ਕੁਝ ਸਾਥੀਆਂ ਸਹਿਤ ਕਿਲ੍ਹੇ ਦੀ ਦੀਵਾਰ ਟਪਣ ਲਗਿਆਂ ਉਸ ਨੇ ਡਿਗ ਕੇ ਟੰਗ ਤੁੜਾ ਲਈ। ਫਿਰ ਜਦੋਂ ਆਪਣੇ ਪਿੰਡ ਬੀਮਾਰ ਪਿਆ ਸੀ ਤਾਂ ਸਪ ਨੇ ਡੰਗ ਲਿਆ। ਇਸ ਘਟਨਾ ਨੂੰ ਵੇਖਦੇ ਹੋਇਆਂ ਇਸ ਦੇ ਪੋਤਰਿਆਂ—ਸਰੂਪ ਸਿੰਘ ਅਤੇ ਅਨੂਪ ਸਿੰਘ— ਨੇ ਗੁਰੂ-ਦਰਬਾਰ ਵਿਚ ਹਾਜ਼ਰੀ ਭਰ ਕੇ ਮਾਫ਼ੀ ਮੰਗੀ ਅਤ ਗੁਰੂ ਜੀ ਨੂੰ ਆਪਣੀ ਸੇਵਾ ਅਰਪਿਤ ਕੀਤੀ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4975, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਦੁਨੀ ਚੰਦ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਦੁਨੀ ਚੰਦ : ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਸੀ ਅਤੇ ਭਾਈ ਸਾਲੋ ਦਾ ਪੋਤਾ ਸੀ ਜੋ ਗੁਰੂ ਘਰ ਦਾ ਪੱਕਾ ਸ਼ਰਧਾਲੂ ਸੀ। ਇਸ ਨੇ ਅਨੰਦਪੁਰ ਦੀ ਦੂਜੀ ਲੜਾਈ ਵਿਚ ਗੁਰੂ ਦੀ ਫ਼ੌਜ ਲਈ ਮਾਝੇ ਤੋਂ ਪੰਜ ਸੌ ਦੇ ਕਰੀਬ ਮਝੈਲਾਂ ਦਾ ਜੱਥਾ ਲਿਆਂਦਾ ਸੀ।
ਇਸ ਲੜਾਈ ਵਿਚ ਪਹਾੜੀ ਰਾਜਿਆਂ ਦਾ ਕਾਫ਼ੀ ਨੁਕਸਾਨ ਹੋਇਆ। ਕਿਸੇ ਤਰ੍ਹਾਂ ਵੀ ਉਨ੍ਹਾਂ ਤੋਂ ਅਨੰਦਗੜ੍ਹ ਕਿਲੇ ਦਾ ਦਰਵਾਜ਼ਾ ਨਾ ਟਪਿਆ ਜਾ ਸਕਿਆ। ਅਖ਼ੀਰ ਜਸਵਾਲੀਆ ਕੇਸਰੀ ਚੰਦ ਨੇ ਤਰਕੀਬ ਬਣਾਈ ਕਿ ਇਕ ਹਾਥੀ ਨੂੰ ਸ਼ਰਾਬ ਦੇ ਨਸ਼ੇ ਵਿਚ ਮਸਤ ਕਰ ਕੇ ਅਤੇ ਹਥਿਆਰਾਂ ਨਾਲ ਲੈਸ ਕਰਕੇ ਅਨੰਦਗੜ੍ਹ ਕਿਲੇ ਦਾ ਮੁੱਖ ਦੁਆਰ ਤੋੜਨ ਲਈ ਭੇਜਿਆ ਜਾਵੇ ।
ਦੁਸ਼ਮਣ ਦੀ ਇਸ ਚਾਲ ਦਾ ਗੁਰੂ ਜੀ ਨੂੰ ਵੀ ਪਤਾ ਲਗਾ ਤਾਂ ਉਨ੍ਹਾਂ ਕਿਹਾ ਕਿ ਗੁਰੂ ਘਰ ਦਾ ਹਾਥੀ ਭਾਈ ਦੁਨੀ ਚੰਦ ਪਹਾੜੀਆਂ ਦੇ ਹਾਥੀ ਨਾਲ ਲੜੇਗਾ ਕਿਉਂਕਿ ਇਹ ਨਿਰਾ ਮਸੰਦ ਹੀ ਨਹੀਂ, ਸੂਰਵੀਰ ਵੀ ਹੈ ਅਤੇ ਆਪੇ ਭਾਈ ਸਾਲੋ ਦੇ ਨਾਮ ਦੀ ਲਾਜ ਪਾਲੇਗਾ। ਸੁਣਦੇ ਸਾਰ ਹੀ ਇਸ ਦੇ ਮੂੰਹ ਤੇ ਪਿਲੱਤਣ ਛਾ ਗਈ ਤੇ ਇਹ ਮੈਦਾਨ ਵਿਚੋਂ ਨੱਸ ਜਾਣ ਲਈ ਤਿਆਰ ਹੋ ਗਿਆ। ਭਾਈ ਦਇਆ ਸਿੰਘ ਤੇ ਹੋਰ ਸਿੰਘਾਂ ਨੇ ਬੜਾ ਸਮਝਾਇਆ ਤੇ ਕਿਹਾ ਕਿ ਤੂੰ ਮਰਨੋਂ ਨਾ ਡਰ। ਗੁਰੂ ਜੀ ਨੇ ਤੈਨੂੰ ਮਰਵਾਉਣਾ ਨਹੀਂ ਸਗੋਂ ਹਾਥੀ ਨਾਲੋਂ ਹਜ਼ਾਰ ਗੁਣਾ ਵਧੇਰਾ ਬਲ ਬਖ਼ਸ਼ ਕੇ , ਸ਼ੇਰ ਬਣਾ ਕੇ ਲੜਾਉਣਗੇ , ਨਾਲੇ ਤੁਸੀਂ ਗੁਰੂ ਜੀ ਦੇ ਘਰੋਂ ਪਲੇ ਹੋ, ਜੰਗ ਵੇਲੇ ਮਾਲਕ ਤੋਂ ਬੇਮੁੱਖ ਹੋਣ ਸਿੱਧਾ ਨਰਕ ਵਿਚ ਪੈਣਾ ਹੈ ਪਰ ਇਹ ਨਾ ਮੰਨਿਆ ਅਤੇ ਮਝੈਲਾਂ ਸਮੇਤ ਅੱਧੀ ਰਾਤ ਵੇਲੇ ਕਿਲੇ ਦੀ ਕੰਧ ਨੂੰ ਰੱਸਾ ਬੰਨ੍ਹ ਕੇ ਨਿਕਲਣ ਦੀ ਕੀਤੀ ਜਦੋਂ ਇਹ ਉਤਰਣ ਲਗਾ ਤਾਂ ਰੱਸਾ ਟੁੱਟ ਗਿਆ ਅਤੇ ਡਿਗਣ ਨਾਲ ਇਸ ਦੀ ਲੱਤ ਟੁੱਟ ਗਈ । ਮਝੈਲ ਇਸ ਨੂੰ ਚੁੱਕ ਕੇ ਮਜੀਠੇ ਲੈ ਗਏ ਜਿਥੇ ਸੱਪ ਲੜਨ ਨਾਲ ਇਸ ਦੀ ਮੌਤ ਹੋ ਗਈ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3053, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-25-01-08-36, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. 643; ਤ. ਗੁ. ਖਾ. 899; ਪੁਰਖੁ ਭਗਵੰਤ-ਸਤਿਬੀਰ ਸਿੰਘ : 165-66
ਦੁਨੀ ਚੰਦ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਦੁਨੀ ਚੰਦ : ਲਾਹੌਰ (ਪਾਕਿਸਤਾਨ) ਦੇ ਇਸ ਪ੍ਰਸਿੱਧ ਬੈਰਿਸਟਰ, ਕਾਂਗਰਸੀ ਨੇਤਾ ਅਤੇ ਸੁਤੰਤਰਤਾ ਸੰਗਰਾਮੀ ਦਾ ਜਨਮ 1870 ਈ. ਵਿਚ ਹੋਇਆ। ਇਸ ਨੇ ਲਾਹੌਰ ਵਿਚ ਹੀ ਫ਼ੋਰਮੈਨ ਕ੍ਰਿਸਚੀਅਨ ਕਾਲਜ ਅਤੇ ਸਰਕਾਰੀ ਕਾਲਜ ਤੋਂ ਸਿੱਖਿਆ ਪ੍ਰਾਪਤ ਕੀਤੀ । ਇਸ ਤੋਂ ਬਾਅਦ 1893 ਵਿਚ ਇਹ ਕਾਨੂੰਨ ਦੀ ਉਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਇੰਗਲੈਂਡ ਚਲਾ ਗਿਆ। ਉਥੇ ਇਹ ਗਰੇਵੀਜ਼ ਇਨ ਸੰਸਥਾ ਵਿਚ ਸ਼ਾਮਲ ਹੋ ਗਿਆ ਅਤੇ 1896 ਵਿਚ ਇਸ ਨੂੰ ਵਕਾਲਤ ਕਰਨ ਦੀ ਪਰਵਾਨਗੀ ਮਿਲ ਗਈ ।
ਭਾਰਤ ਪਰਤ ਕੇ ਇਸ ਨੇ ਲਾਹੌਰ ਵਿਖੇ ਹਾਈ ਕੋਰਟ ਵਿਚ ਵਕਾਲਤ ਸ਼ੁਰੂ ਕੀਤੀ ਅਤੇ ਥੋੜ੍ਹੇ ਸਮੇਂ ਵਿਚ ਹੀ ਸ਼ਹਿਰ ਦੇ ਉੱਘੇ ਵਕੀਲਾਂ ਵਿਚ ਗਿਣਿਆ ਜਾਣ ਲੱਗਾ। ਵਕਾਲਤ ਕਰਨ ਦੇ ਨਾਲ ਨਾਲ ਇਸ ਦਾ ਝੁਕਾਅ ਦੇਸ਼ ਦੀ ਸੇਵਾ ਵੱਲ ਵੀ ਸੀ। ਇਹ ਲਾਹੌਰ ਮਿਉਂਸਪਲ ਕਮੇਟੀ ਦੇ ਕਾਰਜਾਂ ਅਤੇ ਅੰਗਰੇਜ਼ੀ ਰਾਜ ਤੋਂ ਆਜ਼ਾਦੀ ਲਈ ਚਲ ਰਹੇ ਰਾਸ਼ਟਰੀ ਸੰਘਰਸ਼ ਵਿਚ ਵਧ ਚੜ੍ਹ ਕੇ ਹਿੱਸਾ ਲੈਂਦਾ ਸੀ।
ਕਈ ਵਰ੍ਹੇ ਤੀਕ ਇਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਰਿਹਾ। ਸੰਨ 1919 ਵਿਚ ਪੰਜਾਬ ਵਿਚ, ਅੰਗਰੇਜ਼ ਸਰਕਾਰ ਵਿਰੁੱਧ ਹੋਏ ਅੰਦੋਲਨਾਂ ਵਿਚ ਇਸ ਨੇ ਅਹਿਮ ਭੂਮਿਕਾ ਨਿਭਾਈ ਅਤੇ ਮਾਈਕਲ ਓਡਵਾਇਰ ਦਾ ਵਿਰੋਧੀ ਹੋਣ ਦੇ ਨਤੀਜੇ ਵੱਜੋਂ ਇਸ ਨੂੰ ਦੇਸ਼–ਨਿਕਾਲੇ ਦੀ ਸਜ਼ਾ ਸੁਣਾਈ ਗਈ । ਬਾਅਦ ਵਿਚ ਇਹ ਸਜ਼ਾ ਉਮਰਕੈਦ ਵਿਚ ਬਦਲ ਦਿੱਤੀ ਗਈ। ਇਹ ਸਜ਼ਾ ਇਸ ਨੇ ਪੂਰੀ ਨਹੀਂ ਕੱਟੀ ਅਤੇ ਦਸੰਬਰ, 1919 ਈ. ਵਿਚ ਰਿਹਾਅ ਕਰ ਦਿੱਤਾ ਗਿਆ । ਦੋ ਸਾਲ ਬਾਅਦ, 1921 ਈ. ਵਿਚ ਇਸ ਨੇ ਨਾ–ਮਿਲਵਰਤਨ ਲਹਿਰ ਵਿਚ ਵਧ ਚੜ੍ਹ ਕੇ ਹਿੱਸਾ ਲਿਆ ਅਤੇ ਮਹਾਤਮਾ ਗਾਂਧੀ ਦੇ ਬੁਲਾਵੇ ਦੀ ਪ੍ਰਤਿਕ੍ਰਿਆ ਅਧੀਨ ਵਕਾਲਤ ਛੱਡ ਦਿੱਤੀ। ਸੰਨ 1921 ਵਿਚ ਹੀ ਇਸ ਨੇ "ਲਾਰੈਂਸ ਸਟੈਚੂ" ਦੇ ਸਬੰਧ ਵਿਚ ਸਤਿਆਗ੍ਰਹਿ ਦੀ ਪ੍ਰਤਿਨਿਧਤਾ ਕੀਤੀ ਜਿਸ ਦੇ ਫਲਸਰੂਪ ਇਹ ਸਰਕਾਰ ਦੀ ਨਜ਼ਰ ਹੇਠ ਆ ਗਿਆ ਅਤੇ ਇਸ ਨੂੰ ਅੱਠ ਮਹੀਨੇ ਦੀ ਕੈਦ ਹੋਈ। ਨੌਂ ਸਾਲ ਉਪਰੰਤ , ਪੰਜਾਬ ਦੇ ਹੋਰ ਉੱਘੇ ਨੇਤਾਵਾਂ ਨਾਲ ਰਲ ਕੇ ਇਸ ਨੇ ਸਿਵਲ–ਨਾਫ਼ੁਰਮਾਨੀ ਲਹਿਰ ਦੀ ਪੰਜਾਬ ਰਾਜ ਵਿਚ ਅਗਵਾਈ ਕੀਤੀ । ਇਸ ਦੇ ਨਤੀਜੇ ਵੱਜੋਂ ਇਸ ਨੂੰ ਹੋਰ ਕੈਦ ਕੱਟਣੀ ਪਈ । ਭਾਰਤ ਛੱਡੋ ਅੰਦੋਲਨ ਵਿਚ ਸ਼ਾਮਲ ਹੋਣ ਕਾਰਨ ਇਸ ਨੂੰ ਦੁਬਾਰਾ ਕੈਦ ਹੋਈ ਪਰ ਅਧਰੰਗ ਦਾ ਦੌਰਾ ਪੈਣ ਕਾਰਨ ਇਸ ਨੂੰ ਰਿਹਾਅ ਕਰ ਦਿੱਤਾ ਗਿਆ ਅਤੇ 1945 ਈ. ਵਿਚ ਇਸ ਦਾ ਦੇਹਾਂਤ ਹੋ ਗਿਆ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3050, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-25-01-09-31, ਹਵਾਲੇ/ਟਿੱਪਣੀਆਂ: ਹ. ਪੁ. –ਐ. ਫ੍ਰੀ. ਫਾ. ਪੰ. : 92
ਦੁਨੀ ਚੰਦ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਦੁਨੀ ਚੰਦ : ਇਸ ਉੱਘੇ ਸੁਤੰਤਰਤਾ ਸੰਗਰਾਮੀ ਦਾ ਜਨਮ 1873 ਈ. ਵਿਚ ਹੋਇਆ ਅਤੇ ਇਸ ਨੇ ਬੀ. ਏ. ਤਕ ਪੜ੍ਹਾਈ ਫੋਰਮੈਨ ਕ੍ਰਿਸਚੀਅਨ ਕਾਲਜ, ਲਾਹੌਰ ਤੋਂ ਪ੍ਰਾਪਤ ਕੀਤੀ । ਸੰਨ 1894 ਵਿਚ ਇਸ ਨੇ ਓਰੀਐਂਟਲ ਕਾਲਜ, ਲਾਹੌਰ ਤੋਂ ਫ਼ਾਰਸੀ ਭਾਸ਼ਾ ਅਤੇ ਸਾਹਿਤ ਵਿਚ ਆੱਨਰਜ਼ ਦੀ ਪ੍ਰੀਖਿਆ ਪਾਸ ਕੀਤੀ । ਸੰਨ 1921 ਤਕ ਇਸ ਨੇ ਵਕਾਲਤ ਕੀਤੀ ਅਤੇ ਫ਼ਿਰ ਮਹਾਤਮਾ ਗਾਂਧੀ ਦੇ ਨਾ–ਮਿਲਵਰਤਨ ਅੰਦੋਲਨ ਸ਼ੁਰੂ ਕਰਨ ਤੇ ਵਕਾਲਤ ਛੱਡ ਕੇ ਉਨ੍ਹਾਂ ਦਾ ਸਾਥ ਦਿੱਤਾ ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਿਚ ਇਸ ਦਾ ਉੱਘਾ ਸਥਾਨ ਸੀ ਅਤੇ ਇਸੇ ਯੋਗਦਾਨ ਸਦਕਾ 1920 ਈ. ਵਿਚ ਇਹ ਆਲ–ਇੰਡੀਆ ਕਾਂਗਰਸ ਕਮੇਟੀ ਦਾ ਮੈਂਬਰ ਚੁਣਿਆ ਗਿਆ । ਆਪਣੇ ਲੰਬੇ ਰਾਜਨੀਤਕ ਜੀਵਨ–ਪੰਧ ਦੌਰਾਨ ਇਸ ਨੇ ਇਹ ਮੈਂਬਰਸ਼ਿਪ ਨਹੀਂ ਛੱਡੀ । ਸਿਵਲ ਨਾਫੁਰਮਾਨੀ ਅੰਦੋਲਨ ਸਮੇਂ ਕਾਂਗਰਸ ਸੰਸਥਾ ਨੂੰ ਗ਼ੈਰਕਾਨੂੰਨੀ ਕਰਾਰ ਦਿੱਤਾ ਗਿਆ ਅਤੇ ਲਾਲਾ ਦੁਨੀ ਚੰਦ ਨੂੰ ਕਾਂਗਰਸ ਕਾਰਜਕਾਰੀ ਕਮੇਟੀ ਦਾ ਮੈਂਬਰ ਹੋਣ ਕਾਰਨ ਛੇ ਮਹੀਨੇ ਦੀ ਕੈਦ ਸੁਣਾਈ ਗਈ। ਸੰਨ 1935 ਵਿਚ ਪੱਕੇ ਚੁਣੇ ਪ੍ਰਧਾਨ ਡਾ. ਸਤਪਾਲ ਦੀ ਗ਼ੈਰਹਾਜ਼ਰੀ ਵਿਚ ਇਸ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਵੀ ਇਸ ਨੇ ਬਗ਼ੈਰ ਕਿਸੇ ਉੱਚੇ ਅਹੁਦੇ ਦੇ ਦੇਸ਼ ਦੀ ਭਲਾਈ ਲਈ ਕੰਮ ਕੀਤੇ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3050, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-25-01-10-44, ਹਵਾਲੇ/ਟਿੱਪਣੀਆਂ: ਹ. ਪੁ. –ਐ. ਫ੍ਰੀ. ਫਾ. ਪੰ. : 92
ਵਿਚਾਰ / ਸੁਝਾਅ
Please Login First