ਨਾਮਕਰਣ ਸੰਸਕਾਰ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਨਾਮਕਰਣ ਸੰਸਕਾਰ: ਇਹ ਇਕ ਧਾਰਮਿਕ ਰੀਤ ਹੈ ਜਿਸ ਅਨੁਸਾਰ ਨਵੇਂ ਜਨਮੇ ਬੱਚੇ ਦਾ ਨਾਂ ਰਖਿਆ ਜਾਂਦਾ ਹੈ। ਇਹ ਸੰਸਕਾਰ ਗੁਰਦੁਆਰੇ ਜਾਂ ਘਰ ਵਿਚ ਕਿਸੇ ਥਾਂ ਵੀ ਸੰਪੰਨ ਕੀਤਾ ਜਾ ਸਕਦਾ ਹੈ, ਬਸ ਸ਼ਰਤ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਜ਼ਰੂਰ ਹੋਏ ਕਿਉਂਕਿ ਅਜਿਹਾ ਕਰਨ ਨਾਲ ਗੁਰੂ ਸਾਹਿਬ ਦੀ ਸਰਪ੍ਰਸਤੀ ਪ੍ਰਾਪਤ ਹੁੰਦੀ ਹੈ ਅਤੇ ਸਾਰਾ ਕਾਰਜ ਗੁਰਮਤਿ-ਅਨੁਪ੍ਰਾਣਿਤ ਹੁੰਦਾ ਹੈ। ਇਸ ਦੀ ਵਿਧੀ ਬਾਰੇ ਭਾਨੀ ਕਾਨ੍ਹ ਸਿੰਘ ਨੇ ‘ਗੁਰਮਤ ਮਾਰਤੰਡ ’ ਵਿਚ ਲਿਖਿਆ ਹੈ— ‘‘ਸਿੱਖ ਧਰਮ ਵਿਚ ਜਨਮ ਤੋਂ 40 ਦਿਨ ਅੰਦਰ ਨਾਉਂ ਰਖਣ ਦੀ ਮਰਯਾਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਜਪੁ ਦੀਆਂ ਪੰਜ ਪੌੜੀਆ ਦਾ ਪਾਠ ਨਿਰਮਲ ਜਲ ਵਿਚ ਖੰਡਾ ਫੇਰਦੇ ਹੋਏ ਕਰਕੇ ਬੱਚੇ ਨੂੰ ਪੰਜ ਬੂੰਦਾਂ ਪਿਆ ਕੇ ‘ਹੁਕਮ ’ ਦੇ ਸ਼ਬਦ ਦਾ ਆਦਿ ਅੱਖਰ ਲੈ ਕੇ ਨਾਮ ਰਖਿਆ ਜਾਂਦਾ ਹੈ, ਕਨੑਯਾ ਦੇ ਨਾਮ ਪਿਛੇ ਕੌਰਿ, ਸਹਜਧਾਰੀ ਦੇ ਨਾਮ ਦੇ ਅੰਤ ਦਾਸ , ਰਾਮ, ਪ੍ਰਕਾਸ਼, ਦੇਵ ਆਦਿ ਸ਼ਬਦ ਅਤੇ ਕੇਸਧਾਰੀ ਦੇ ਨਾਮ ਦੇ ਨਾਲ ‘ਸਿੰਘ ’ ਹੋਣਾ ਜ਼ਰੂਰੀ ਹੈ।’’ ਭਾਈ ਕਾਨ੍ਹ ਸਿੰਘ ਨੇ ਇਸ ਸੰਬੰਧ ਵਿਚ ਇਕ ਛੋਟ ਇਹ ਦਿੱਤੀ ਹੈ ਕਿ ਜੇ ਕਿਸੇ ਥਾਂ ਗੁਰੂ ਗ੍ਰੰਥ ਸਾਹਿਬ ਨ ਹੋਵੇ, ਤਦ ਪਾਠ ਦੇ ਗੁਟਕੇ ਤੋਂ ਨਾਮ ਦਾ ਅੱਖਰ ਲਿਆ ਜਾਂਦਾ ਹੈ।

ਜੇ ਕਿਸੇ ਬੱਚੇ ਦੇ ਨਾਮ ਰਖਣ ਦੀ ਉਪਰੋਕਤ ਗੁਰਮਤਿ ਮਰਯਾਦਾ ਨੂੰ ਨ ਅਪਣਾਇਆ ਗਿਆ ਹੋਵੇ, ਤਾਂ ਅੰਮ੍ਰਿਤ ਪਾਨ ਕਰਨ ਵੇਲੇ ਦੋਬਾਰਾ ਨਾਂ ਰਖਿਆ ਜਾਂਦਾ ਹੈ। ਕਈ ਵਾਰ ਕਿਸੇ ਗੁਰੂ-ਧਾਮ ਉਤੇ ਇਕੋ ਸਮੇਂ ਕਈ ਬੱਚਿਆ ਦੇ ਨਾਂ ਰਖਣੇ ਹੁੰਦੇ ਹਨ, ਉਦੋਂ ‘ਹੁਕਮ’ ਵਿਚੋਂ ਤਰਤੀਬ ਨਾਲ ਅਗਲੇ ਅੱਖਰ ਲੈ ਕੇ ਨਾਮ ਰਖੇ ਜਾਂਦੇ ਹਨ। ਨਾਮ ਰਖਣ ਵੇਲੇ ਬੱਚੇ ਦੇ ਮਾਤਾ ਪਿਤਾ ਜਾਂ ਸੰਬੰਧੀ ਆਪਸ ਵਿਚ ਸਲਾਹ ਕਰਕੇ ਨਾਮ ਰਖ ਲੈਂਦੇ ਹਨ। ਕਈ ਵਾਰ ਉਸ ਵੇਲੇ ਮੌਜੂਦ ਕਿਸੇ ਪ੍ਰਮੁਖ ਧਰਮ-ਸਾਧਕ ਤੋਂ ਨਾਮ ਬਾਰੇ ਸੁਝਾਵ ਲਿਆ ਜਾਂਦਾ ਹੈ। ਪਰ ਜਦੋਂ ਨਾਂ ਬਾਰੇ ਫ਼ੈਸਲਾ ਹੋ ਜਾਏ ਅਤੇ ਜੈਕਾਰਾ ਛਡਿਆ ਜਾ ਚੁਕਾ ਹੋਵੇ, ਤਾਂ ਫਿਰ ਉਹ ਬਦਲਿਆ ਨਹੀਂ ਜਾਂਦਾ। ਨਾਮ ਦੇ ਸਰੂਪ ਅਤੇ ਆਕਾਰ ਬਾਰੇ ਅਕਸਰ ਮਾਨਸਿਕਤਾ ਬਦਲਦੀ ਵੇਖੀ ਗਈ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 40325, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.