ਪਾਸ਼ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਪਾਸ਼ (1950–1988): ਪਾਸ਼ ਪੰਜਾਬੀ ਵਿੱਚ ਨਕਸਲਵਾੜੀ ਲਹਿਰ ਦਾ ਪ੍ਰਮੁਖ ਅਤੇ ਪ੍ਰਤਿਨਿਧ ਕਵੀ ਹੀ ਨਹੀਂ ਸੀ, ਸਗੋਂ ਉਹ ਸਮਿਆਂ ਦਾ ਸਮਰੱਥ ਅਤੇ ਪ੍ਰਤਿਨਿਧ ਸ਼ਾਇਰ ਵੀ ਸੀ। ਪਾਸ਼ (ਸਾਹਿਤਿਕ ਹਲਕਿਆਂ ਵਿੱਚ ਉਸ ਦਾ ਇਹ ਨਾਂ ਸੀ ਪਰ ਉਸ ਦਾ ਅਸਲ ਨਾਂ ਅਵਤਾਰ ਸਿੰਘ ਸੰਧੂ ਸੀ) ਦਾ ਜਨਮ ਪਿੰਡ ਤਲਵੰਡੀ ਸਲੇਮ, ਤਹਿਸੀਲ ਨਕੋਦਰ, ਜ਼ਿਲ੍ਹਾ ਜਲੰਧਰ ਵਿੱਚ 9 ਸਤੰਬਰ 1950 ਨੂੰ ਹੋਇਆ। ਪਾਸ਼ ਇੱਕ ਮੱਧ-ਵਰਗੀ ਕਿਰਸਾਣੀ ਪਰਿਵਾਰ ਨਾਲ ਸੰਬੰਧ ਰੱਖਦਾ ਸੀ। ਪਾਸ਼ ਦੇ ਪਿਤਾ ਸ. ਸੋਹਨ ਸਿੰਘ ਸੰਧੂ ਭਾਰਤੀ ਫ਼ੌਜ ਦੇ ਸਿਗਨਲ ਕੋਰ ਵਿੱਚ ਮੇਜਰ ਦੇ ਪਦ ਤੋਂ ਰਿਟਾਇਰ ਹੋਏ ਸਨ। ਪਾਸ਼ ਹੋਰੀਂ ਦੋ ਭਰਾ ਅਤੇ ਦੋ ਭੈਣਾਂ ਸਨ। ਪਿਤਾ ਦੇ ਪਰਿਵਾਰ ਤੋਂ ਦੂਰ ਰਹਿਣ ਕਾਰਨ ਅਤੇ ਮਾਂ ਦੇ ਅਨਪੜ੍ਹ ਹੋਣ ਕਰ ਕੇ ਬੱਚਿਆਂ ਦੀ ਪੜ੍ਹਾਈ ’ਤੇ ਬਹੁਤ ਅਸਰ ਪਿਆ। ਬੱਚੇ ਪ੍ਰਤਿਭਾਸ਼ਾਲੀ ਹੋਣ ਦੇ ਬਾਵਜੂਦ ਉੱਚ ਸਿੱਖਿਆ ਪ੍ਰਾਪਤ ਨਾ ਕਰ ਸਕੇ। ਪਾਸ਼ ਨੇ 1964 ਵਿੱਚ ਸਰਕਾਰੀ ਹਾਈ ਸਕੂਲ, ਖੀਵਾ ਤੋਂ ਮਿਡਲ ਪਾਸ ਕੀਤੀ ਅਤੇ ਜੂਨੀਅਰ ਟੈਕਨੀਕਲ ਸਕੂਲ ਕਪੂਰਥਲਾ ਵਿੱਚ ਦਾਖ਼ਲਾ ਲੈ ਲਿਆ। 1967 ਵਿੱਚ ਉਸ ਨੇ ਕਪੂਰਥਲੇ ਵਾਲਾ ਡਿਪਲੋਮਾ ਵਿੱਚੇ ਹੀ ਛੱਡ ਦਿੱਤਾ ਅਤੇ ਜੈਨ ਹਾਈ ਸਕੂਲ ਜਲੰਧਰ ਛਾਉਣੀ ਤੋਂ ਨੌਂਵੀਂ ਪਾਸ ਕੀਤੀ। 1967 ਵਿੱਚ ਪੜ੍ਹਾਈ ਛੱਡ ਕੇ ਬਾਰਡਰ ਸਕਿਊਰਟੀ ਫੋਰਸ ਵਿੱਚ ਭਰਤੀ ਹੋ ਗਿਆ। ਪਰ ਉਸ ਦੇ ਸਿਰਜਣਾ ਪੱਖੀ ਦਿਮਾਗ਼ ਨੂੰ ਇਹ ਰਾਸ ਨਾ ਆਈ ਅਤੇ ਤਿੰਨ ਮਹੀਨਿਆਂ ਪਿੱਛੋਂ ਉਸ ਨੇ ਨੌਕਰੀ ਛੱਡ ਦਿੱਤੀ ਅਤੇ ਪਿੰਡ ਵਾਪਸ ਆ ਗਿਆ। ਇਹ ਸਮਾਂ ਉਸ ਦੇ ਜੀਵਨ ਵਿੱਚ ਇੱਕ ਵੱਡੇ ਪਰਿਵਰਤਨ ਦਾ ਸਮਾਂ ਸੀ। ਉਸ ਦੀ ਤੀਖਣ ਬੁੱਧੀ ਅਤੇ ਸੰਵੇਦਨਸ਼ੀਲ ਮਨ ਨੇ ਉਸ ਨੂੰ ਪਰਿਵਾਰ ਦੇ ਸੀਮਿਤ ਚੌਖਟੇ ਵਿੱਚੋਂ ਬਾਹਰ ਲੈ ਆਂਦਾ। ਉਸ ਨੇ ਸਾਹਿਤਿਕ ਅਤੇ ਸਿਆਸੀ ਰੁਝੇਵਿਆਂ ਵਿੱਚ ਭਾਗ ਲੈਣ ਦਾ ਨਿਸ਼ਚਾ ਕਰ ਲਿਆ। 15 ਸਾਲ ਦੀ ਛੋਟੀ ਉਮਰ ਵਿੱਚ ਹੀ ਉਸ ਨੇ ਪਹਿਲੀ ਕਵਿਤਾ ਲਿਖੀ। ਇਸ ਉਮਰ ਵਿੱਚ ਹੀ ਉਸ ਨੇ ਕਮਿਊਨਿਸਟ ਅੰਦੋਲਨ ਵਿੱਚ ਭਾਗ ਲੈਣਾ ਸ਼ੁਰੂ ਕੀਤਾ ਅਤੇ ਕਾਮਰੇਡ ਚੈਨ ਸਿੰਘ ਦੇ ਪ੍ਰਭਾਵ ਰਾਹੀਂ ਪਾਸ਼ ਨੌਜਵਾਨ ਸਭਾ ਦੇ ਨੇੜੇ ਆ ਗਿਆ। ਪੜ੍ਹਾਈ ਵਿੱਚ ਉਸ ਦੀ ਦਿਲਚਸਪੀ ਘਟਦੀ ਗਈ ਅਤੇ ਸਾਹਿਤਿਕ ਤੇ ਸਿਆਸੀ ਚੇਤਨਾ ਵਧਦੀ ਗਈ ਜਿਸ ਕਾਰਨ ਘਰੇਲੂ ਸਮੱਸਿਆਵਾਂ ਦਾ ਸਾਮ੍ਹਣਾ ਵੀ ਕਰਨਾ ਪਿਆ।

     1967 ਵਿੱਚ ਪਾਸ਼ ਨਕਸਲਵਾੜੀ ਲਹਿਰ ਦੇ ਪ੍ਰਭਾਵ ਹੇਠ ਆ ਗਿਆ। ਇਸ ਲਹਿਰ ਨੇ ਪਾਸ਼ ਦੀ ਰਚਨਾ ਦੀ ਸ਼ਕਤੀ ਨੂੰ ਪ੍ਰਚੰਡ ਕੀਤਾ ਅਤੇ ਸਾਹਿਤਿਕ ਹਲਕਿਆਂ ਵਿੱਚ ਇੱਕ ਕਵੀ ਦੇ ਰੂਪ ਵਿੱਚ ਉਸ ਨੂੰ ਨਵੀਂ ਪਛਾਣ ਦੇਣੀ ਸ਼ੁਰੂ ਕੀਤੀ। ਇਸ ਸਮੇਂ ਦੌਰਾਨ ਪਾਸ਼ ਨੇ ਗੰਭੀਰ ਅਧਿਐਨ ਕੀਤਾ। ਉਸ ਦੀ ਰੁਚੀ ਸਾਹਿਤ, ਕਲਾ ਅਤੇ ਰਾਜਨੀਤੀ ਦੇ ਨਾਲ-ਨਾਲ ਦਰਸ਼ਨ ਅਤੇ ਵਿਗਿਆਨ ਵਿੱਚ ਵੀ ਸੀ, ਜਿਸ ਨੂੰ ਉਸ ਨੇ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਦੇ ਮਾਧਿਅਮ ਰਾਹੀਂ ਪੂਰਾ ਕੀਤਾ। ਇਸ ਦੌਰ ਵਿੱਚ ਉਸ ਨੇ ਕਵਿਤਾ ਨੂੰ ਹਥਿਆਰ ਦੇ ਰੂਪ ਵਿੱਚ ਇਨਕਲਾਬੀ ਪਰਿਵਰਤਨ ਦਾ ਸਾਧਨ ਬਣਾਇਆ। 10 ਮਈ, 1970 ਵਿੱਚ ਪਾਸ਼ ਨੂੰ ਨਕੋਦਰ ਦੇ ਇੱਕ ਭੱਠਾ ਮਾਲਕ ਦੇ ਝੂਠੇ ਕਤਲ ਕੇਸ ਵਿੱਚ ਗਰਿਫ਼ਤਾਰ ਕਰ ਲਿਆ ਗਿਆ। ਜੇਲ੍ਹ ਜੀਵਨ ਦੀ ਇਕੱਲਤਾ ਨੇ ਉਸ ਨੂੰ ਜ਼ਿੰਦਗੀ ਬਾਰੇ ਗੰਭੀਰਤਾ ਨਾਲ ਸੋਚਣ ਦੀ ਆਦਤ ਪਾ ਦਿੱਤੀ। ਉਸ ਦੇ ਸੰਵੇਦਨਸ਼ੀਲ ਮਨ ਵਿੱਚ ਇਹ ਵਿਚਾਰ ਘਰ ਕਰ ਗਿਆ ਕਿ ਹਥਿਆਰਬੰਦ ਇਨਕਲਾਬ ਤੋਂ ਬਿਨਾਂ ਸਮਾਜ ਵਿੱਚ ਤਬਦੀਲੀ ਨਹੀਂ ਲਿਆਂਦੀ ਜਾ ਸਕਦੀ। 1970 ਵਿੱਚ ਉਸ ਦੀ ਪਹਿਲੀ ਕਾਵਿ-ਪੁਸਤਕ ਲੋਹ ਕਥਾ ਛਪ ਕੇ ਸਾਮ੍ਹਣੇ ਆਈ, ਜਿਸ ਵਿੱਚ ਉਸ ਨੇ ਉੱਚੀ ਸੁਰ ਵਿੱਚ ਹਥਿਆਰਬੰਦ ਇਨਕਲਾਬੀ ਪਰਿਵਰਤਨ ਦੇ ਵਿਚਾਰਾਂ ਨੂੰ ਤਰਜੀਹ ਦਿੱਤੀ।

     ਸਤੰਬਰ 1971 ਵਿੱਚ ਪਾਸ਼ ਇਸ ਕੇਸ ਵਿੱਚੋਂ ਬਰੀ ਹੋਣ ਪਿੱਛੋਂ ਰਿਹਾਅ ਹੋ ਗਿਆ ਅਤੇ ਉਸ ਨੇ ਨਕਸਲਵਾੜੀ ਲਹਿਰ ਨਾਲ ਸੰਬੰਧਿਤ ਸਾਹਿਤਿਕ ਮੋਰਚੇ ਨੂੰ ਸਾਂਭ ਲਿਆ। 1972 ਵਿੱਚ ਪਾਸ਼ ਨੇ ਸਿਆੜ ਪਤ੍ਰਿਕਾ ਕੱਢੀ। ਜਿਸ ਵਿੱਚ ਉਸ ਨੇ ਲੋਕ-ਭਾਸ਼ਾ ਵਿੱਚ ਲੋਕ-ਕਾਵਿ ਰੂਪਾਂ ਦੇ ਮਾਧਿਅਮ ਰਾਹੀਂ ਲੋਕਾਂ ਦੀਆਂ ਗੱਲਾਂ/ਸਮੱਸਿਆਵਾਂ ਨੂੰ ਪੇਸ਼ ਕਰਨ ਲਈ ਨਿੱਜੀ ਹੰਭਲਾ ਮਾਰਿਆ। 1973 ਵਿੱਚ ਉਸ ਨੇ ਪੰਜਾਬੀ ਸਾਹਿਤ ਸੱਭਿਆਚਾਰ ਮੰਚ ਦੀ ਸਥਾਪਨਾ ਕੀਤੀ। 1972 ਨੂੰ ਵਾਪਰੇ ਮੋਗਾ ਕਾਂਡ ਵਿੱਚ ਪਾਸ਼ ਨੂੰ ਦੁਬਾਰਾ ਗਰਿਫ਼ਤਾਰ ਕਰ ਲਿਆ ਗਿਆ। 1973 ਵਿੱਚ ਸਿਆੜ ਪਤ੍ਰਿਕਾ ਬੰਦ ਹੋ ਗਈ।

     1974 ਦਾ ਸਾਲ ਪਾਸ਼ ਦੀ ਜ਼ਿੰਦਗੀ ਵਿੱਚ ਸਾਹਿਤਿਕ ਪ੍ਰਵਾਨਗੀ ਦਾ ਸਾਲ ਸੀ। ਇਸ ਸਾਲ ਉਸ ਦਾ ਕਾਵਿ- ਸੰਗ੍ਰਹਿ ਉੱਡਦੇ ਬਾਜ਼ਾਂ ਮਗਰ ਛਪ ਕੇ ਆਇਆ। ਜਿਸਨੇ ਪ੍ਰਗਤੀਸ਼ੀਲ ਲਹਿਰ, ਪ੍ਰਯੋਗਵਾਦੀ ਲਹਿਰ ਅਤੇ ਆਧੁਨਿਕਤਾਵਾਦੀ ਲਹਿਰ ਦੀਆਂ ਮੱਧ-ਸ਼੍ਰੇਣਿਕ ਰੁਚੀਆਂ ਨੂੰ ਮੁੱਢੋਂ ਰੱਦ ਕਰ ਕੇ ਪੰਜਾਬੀ ਵਿੱਚ ਨਕਸਲਵਾੜੀ ਸਾਹਿਤ ਦਾ ਪਛਾਣ ਚਿੰਨ੍ਹ ਗੱਡ ਦਿੱਤਾ। ਉਸ ਦੀ ਕਵਿਤਾ ਨੇ ਕਿਰਸਾਣੀ ਅਤੇ ਨਿਮਨ ਵਰਗ ਦੀ ਤਰਸਯੋਗ ਹਾਲਤ ਦੇ ਕਾਰਨਾਂ ਦੀ ਤਲਾਸ਼ ਕੀਤੀ ਅਤੇ ਹਥਿਆਰਬੰਦ ਸੰਘਰਸ਼ ਰਾਹੀਂ ਇਨਕਲਾਬੀ ਪਰਿਵਰਤਨ ਦੀ ਵਜਾਹਦ ਕੀਤੀ। ਸਾਹਿਤਿਕ ਹਲਕਿਆਂ ਵਿੱਚ ਲੋਹ ਕਥਾ ਇੱਕ ਵਿਸਫ਼ੋਟ ਸੀ। 1974 ਵਿੱਚ ਹੀ ਉਸ ਨੇ ਹੇਮ ਜਯੋਤੀ ਪੱਤ੍ਰਿਕਾ ਨੂੰ ਸੰਪਾਦਿਤ ਕਰਨਾ ਸ਼ੁਰੂ ਕੀਤਾ। ਦੇਸ ਪ੍ਰਦੇਸ ਪਤ੍ਰਿਕਾ ਲੰਦਨ ਦਾ ਪੱਤਰ ਪ੍ਰੇਰਕ ਬਣਿਆ। ਐਥਲੀਟ ਮਿਲਖਾ ਸਿੰਘ ਦੀ ਸ੍ਵੈਜੀਵਨੀ ਦਾ ਫਲਾਇੰਗ ਸਿੱਖ ਵੀ ਪਾਸ਼ ਨੇ ਲਿਖ ਕੇ ਦਿੱਤੀ।

     ਪਾਸ਼ ਨੂੰ ਡਾਇਰੀ ਲਿਖਣ ਦੀ ਆਦਤ ਵੀ ਸੀ। ਉਸ ਨੇ ਡਾਇਰੀ ਕੇਵਲ ਨਿੱਜੀ ਜੀਵਨ ਦੀਆਂ ਘਟਨਾਵਾਂ ਨੂੰ ਪੇਸ਼ ਕਰਨ ਲਈ ਨਹੀਂ ਲਿਖੀ, ਸਗੋਂ ਉਸ ਨੇ ਸਿਧਾਂਤਿਕ ਵਿਚਾਰ ਵੀ ਡਾਇਰੀ ਵਿੱਚ ਪੇਸ਼ ਕੀਤੇ, ਜਿਹੜੇ ਮਰਨ ਤੋਂ ਬਾਅਦ ਪੁਸਤਕ ਰੂਪ ਵਿੱਚ ਛਪੇ।

     1975 ਵਿੱਚ ਦੇਸ਼ ਵਿੱਚ ਐਮਰਜੈਂਸੀ ਲੱਗ ਗਈ। ਸਾਹਿਤਿਕ ਅਤੇ ਰਾਜਸੀ ਮੰਚ ’ਤੇ ਸਰਕਾਰ ਖਿਲਾਫ਼ ਸ਼ਰੇਆਮ ਬੋਲਣ ’ਤੇ ਪਾਬੰਦੀ ਲਾ ਦਿੱਤੀ ਗਈ। ਨਕਸਲਵਾੜੀ ਲਹਿਰ ਬਿਖਰ ਗਈ। 1976 ਵਿੱਚ ਪਾਸ਼ ਨੇ ਆਪਣੀ ਅੱਧ-ਵਿਚਕਾਰ ਛੱਡੀ ਪੜ੍ਹਾਈ ਨੂੰ ਦੁਬਾਰਾ ਸ਼ੁਰੂ ਕੀਤਾ। ਮੈਟ੍ਰਿਕ ਅਤੇ ਗਿਆਨੀ ਪਾਸ ਕੀਤੀ। 1978 ਵਿੱਚ ਜੇ.ਬੀ.ਟੀ. ਪਾਸ ਕੀਤੀ ਅਤੇ ਇਸੇ ਸਾਲ ਉਸ ਦੀ ਮਹੱਤਵਪੂਰਨ ਕਾਵਿ-ਪੁਸਤਕ ਸਾਡੇ ਸਮਿਆਂ ਵਿੱਚ ਪ੍ਰਕਾਸ਼ਿਤ ਹੋਈ। ਇਸ ਕਾਵਿ-ਸੰਗ੍ਰਹਿ ਵਿੱਚ ਪਾਸ਼ ਨੇ ਆਪਣੀ ਅਲੱਗ ਪਛਾਣ ਬਣਾਈ। ਇਹ ਕਵੀ ਦੀ ਅਸਲ ਪਛਾਣ ਸੀ। ਇਹ ਪਛਾਣ ਸਮਾਜ ਨੂੰ ਨਾ ਬਦਲ ਸਕਣ ਦਾ ਅਸਲ ਸੱਚ ਸੀ। ਇਹ ਮਨੁੱਖਤਾ ਨੂੰ ਵੇਖਣ ਦਾ ਨਵਾਂ ਦਰਸ਼ਨ ਸੀ।

     1979 ਵਿੱਚ ਪੰਜਾਬ ਸੰਕਟ ਦੇ ਬੀਜ ਬੀਜੇ ਗਏ। ਪਾਸ਼ ਦੀ ਬੇਬਾਕ ਤੇ ਨਿਡਰ ਸ਼ਖ਼ਸੀਅਤ ਨੇ ਅਜਿਹੇ ਸਮੇਂ ‘ਧਰਮ ਦੀਕਸ਼ਾ ਲਈ ਬਿਨੇ-ਪੱਤਰ’ ਜਿਹੀ ਸ਼ਕਤੀਸ਼ਾਲੀ ਕਵਿਤਾ ਲਿਖੀ।

     1984 ਵਿੱਚ ਦਿੱਲੀ ਅਤੇ ਭਾਰਤ ਦੇ ਹੋਰ ਥਾਈਂ ਹੋਏ ਸਿੱਖ ਵਿਰੋਧੀ ਦੰਗਿਆਂ ਦੇ ਖਿਲਾਫ਼ ਉਸ ਨੇ ‘ਬੇਦਖ਼ਲੀ ਲਈ ਬਿਨੇ-ਪੱਤਰ’ ਨਾਂ ਦੀ ਕਵਿਤਾ ਲਿਖ ਕੇ ਰਾਜ ਦੀ ਹਿੰਸਾ ਨੂੰ ਨੰਗਿਆਂ ਕੀਤਾ। 1986 ਵਿੱਚ ਉਸ ਦੇ ਜੀਵਨ ਖ਼ਤਰੇ ਨੂੰ ਭਾਂਪ ਕੇ ਉਸ ਦੇ ਦੋਸਤਾਂ ਨੇ ਉਸ ਨੂੰ ਵਿਦੇਸ਼ ਬੁਲਾ ਲਿਆ। ਪਾਸ਼ ਆਪਣੇ ਪਰਿਵਾਰ ਸਮੇਤ ਇੰਗਲੈਂਡ ਕੈਲੀਫੋਰਨੀਆ ਪਹੁੰਚ ਗਿਆ। ਅਮਰੀਕਾ ਵਿੱਚ ਉਸ ਨੇ ਐਂਟੀ-47 ਫਰੰਟ ਨਾਂ ਦਾ ਪਰਚਾ ਕੱਢਿਆ ਜਿਸ ਵਿੱਚ ਧਾਰਮਿਕ ਕੱਟੜਤਾ ’ਤੇ ਭਾਰੀ ਚੋਟ ਕੀਤੀ। 1988 ਵਿੱਚ ਉਹ ਵੀਜ਼ਾ ਲੈਣ ਲਈ ਭਾਰਤ ਆਇਆ, ਪਰ ਵਾਪਸ ਜਾਣ ਤੋਂ ਪਹਿਲਾਂ 23 ਮਾਰਚ 1988 ਨੂੰ ਆਪਣੇ ਮਿੱਤਰ ਹੰਸ ਰਾਜ ਸਮੇਤ ਖ਼ਾਲਿਸਤਾਨੀਆਂ ਹੱਥੋਂ 37 ਸਾਲ ਦੀ ਉਮਰ ਵਿੱਚ ਕਤਲ ਕਰ ਦਿੱਤਾ ਗਿਆ। ਪਰ ਆਪਣੀ ਬੁਲੰਦ ਅਵਾਜ਼ ਕਰ ਕੇ ਉਹ ਆਪਣੇ ਸਮੇਂ ਦਾ ਕਾਵਿ-ਨਾਇਕ ਬਣ ਗਿਆ।

     ਪਾਸ਼ ਦੀਆਂ ਮੌਲਿਕ ਤੇ ਸੰਪਾਦਿਤ ਰਚਨਾਵਾਂ ਵਿੱਚੋਂ ਲੋਹ ਕਥਾ (1970), ਉੱਡਦੇ ਬਾਜ਼ਾਂ ਮਗਰ (1974), ਸਾਡੇ ਸਮਿਆਂ ਵਿੱਚ (1978), ਉਸ ਦੇ ਮੌਲਿਕ ਕਾਵਿ- ਸੰਗ੍ਰਹਿ ਅਤੇ ਖਿਲਰੇ ਹੋਏ ਵਰਕੇ (1989), ਆਪਣੇ ਨਾਲ ਗੱਲਾਂ-ਪਾਸ਼ ਦੀ ਡਾਇਰੀ (1991) ਅਤੇ ਪਾਸ਼ ਦੀਆਂ ਚਿੱਠੀਆਂ (1991) ਉਸ ਦੀਆਂ ਸੰਪਾਦਿਤ ਪੁਸਤਕਾਂ ਹਨ।

     ਪਾਸ਼ ਨਕਸਲਬਾੜੀ ਕਵੀ ਸੀ ਜਿਹੜਾ ਉਸ ਨੂੰ ਬਾਕੀ ਕਾਵਿ-ਧਾਰਾਵਾਂ ਨਾਲੋਂ ਵੱਖ ਕਰਦਾ ਹੈ ਅਤੇ ਉਸ ਦੀ ਪਛਾਣ ਬਣਾਉਂਦਾ ਹੈ। ਇਹ ਲਹਿਰ ਹਥਿਆਰਬੰਦ ਕ੍ਰਾਂਤੀ ਨੂੰ ਆਪਣੇ ਵਿਚਾਰਾਂ ਦਾ ਮੁੱਖ-ਮੁੱਦਾ ਬਣਾਉਂਦੀ ਹੈ। ਇਹ ਲਹਿਰ ਜ਼ਮੀਨ ਹੱਲ ਵਾਹੁਣ ਵਾਲੇ ਦੀ ਦੇ ਸੰਕਲਪ ਨੂੰ ਲੋਕਾਂ ਵਿੱਚ ਜਾਗ੍ਰਿਤੀ ਪੈਦਾ ਕਰਨ ਦਾ ਵਿਚਾਰ ਬਣਾਉਂਦੀ ਹੈ। ਇਹ ਜਗੀਰਦਾਰਾਂ ਅਤੇ ਸਰਮਾਏਦਾਰੀ ਦੀ ਇਜਾਰੇ- ਦਾਰੀ ਨੂੰ ਤੋੜਨ ਦਾ ਪ੍ਰਣ ਕਰਦੀ ਹੈ। ਇਹ ਲਹਿਰ ਜਾਤ, ਰੰਗ, ਨਸਲ ਤੋਂ ਪਰ੍ਹੇ ਰਹਿ ਕੇ ਵਰਗ ਸੰਘਰਸ਼ ਦੇ ਵਿਚਾਰ ਉੱਤੇ ਬਲ ਦਿੰਦੀ ਹੈ। ਇਸ ਪਛਾਣ ਦੇ ਅੰਤਰਗਤ ਪਾਸ਼ ਆਪਣੀ ਕਵਿਤਾ ਦੀ ਪੇਸ਼ਕਾਰੀ ਕਰਦਾ ਹੈ। ਪਾਸ਼ ਇਸ ਨਵੇਂ ਸੱਚ ਨੂੰ ਸਮਾਜ ਵਿੱਚ ਸਥਾਪਿਤ ਕਰਨ ਲਈ ਲੋਕ ਯੁੱਧ ਦੇ ਅੰਤਰਗਤ ਕ੍ਰਾਂਤੀਕਾਰੀ ਸੰਕਲਪ ਨੂੰ ਅਪਣਾਉਂਦਾ ਹੈ।


ਲੇਖਕ : ਗੁਰਇਕਬਾਲ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 11984, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ


sukhnam Singh, ( 2018/01/17 05:1741)

ਬੋਤ ਸੋਹਣਾ........ ਜੇ ਸਾਹਿਤਵਾਦ ਦੀਆਂ ਕਿਤਾਬਾਂ ਵੀ ਅਪਲੋਡ ਕਰਦੋ ਮਦਦ ਹੋਜੁ


Revti Thakur, ( 2022/06/20 02:5102)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.