ਪੰਜਾਬੀ ਨਾਵਲ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਪੰਜਾਬੀ ਨਾਵਲ : ਪੰਜਾਬੀ ਵਿੱਚ ਨਾਵਲ ਦੀ ਸ਼ੁਰੂਆਤ ਉਨ੍ਹੀਵੀਂ ਸਦੀ ਦੇ ਦੂਜੇ ਅੱਧ ਵਿੱਚ ਹੋਈ । ਅੰਗਰੇਜ਼ਾਂ ਨੇ 1849 ਵਿੱਚ ਪੰਜਾਬ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਤੇ ਇੱਥੇ ਆਪਣੀਆਂ ਪ੍ਰਸ਼ਾਸਨਿਕ ਲੋੜਾਂ ਦੀ ਪੂਰਤੀ ਲਈ ਪੱਛਮੀ ਭਾਂਤ ਦੀ ਵਿੱਦਿਆ ਪ੍ਰਣਾਲੀ ਸ਼ੁਰੂ ਕੀਤੀ ਤੇ ਈਸਾਈ ਮਿਸ਼ਨਰੀਆਂ ਨੂੰ ਸਥਾਪਿਤ ਕੀਤੀਆਂ । ਇੱਕ ਪਾਸੇ ਈਸਾਈ ਮਿਸ਼ਨਰੀਆਂ ਨੇ ਆਪਣੇ ਧਰਮ ਪ੍ਰਚਾਰ ਲਈ ਨਾਵਲ ਜਿਹੇ ਰੂਪ ਦੀ ਵਰਤੋਂ ਕਰਨੀ ਸ਼ੁਰੂ ਕੀਤੀ ਤੇ ਦੂਜੇ ਪਾਸੇ ਉੱਚ ਵਿੱਦਿਆ ਦੇ ਕੋਰਸਾਂ ਵਿੱਚ ਅੰਗਰੇਜ਼ੀ ਨਾਵਲ ਪੜ੍ਹਾਏ ਜਾਣ ਲੱਗੇ । ਪਹਿਲਾਂ ਪਹਿਲ ਮਿਸ਼ਨਰੀਆਂ ਨੇ ਆਪਣੇ ਮਨੋਰਥ ਦੀ ਪੂਰਤੀ ਹਿਤ ਜੌਨ ਬਨੀਅਨ ਦੇ ਅੰਗਰੇਜ਼ੀ ਨਾਵਲ Pilgrim' s Progress ਦਾ ਪੰਜਾਬੀ ਤਰਜਮਾ ਮਸੀਹੀ ਮੁਸਾਫ਼ਿਰ ਦੀ ਯਾਤਰਾ ਦੇ ਨਾਂ ਨਾਲ ਛਪਵਾਇਆ । ਪੰਜਾਬੀ ਵਿੱਚ ਹੀ ਇੱਕ ਹੋਰ ਨਾਵਲ ਜਯੋਤਿਰੁਦਯ ( 1876 ) ਛਪਿਆ ਮਿਲਦਾ ਹੈ ਜਿਸ ਬਾਰੇ ਅਨੁਮਾਨ ਹੈ ਕਿ ਇਹ ਕਿਸੇ ਮਿਸ਼ਨਰੀ ਦੁਆਰਾ ਪਹਿਲਾਂ ਬੰਗਾਲੀ ਵਿੱਚ ਲਿਖਿਆ ਗਿਆ ਹੋਵੇਗਾ ਜਿਸ ਦਾ ਕਿ ਇਹ ਪੰਜਾਬੀ ਤਰਜਮਾ ਜਾਪਦਾ ਹੈ । ਪੰਜਾਬੀ ਦਾ ਪਹਿਲਾ ਨਾਵਲ ਸੁੰਦਰੀ ( 1898 ) ਨੂੰ ਮੰਨਿਆ ਜਾਂਦਾ ਹੈ ਜਿਸ ਦੀ ਰਚਨਾ ਭਾਈ ਵੀਰ ਸਿੰਘ ਨੇ ਕੀਤੀ । ਦਿਲਚਸਪ ਤੱਥ ਇਹ ਹੈ ਕਿ ਇਸ ਦੀ ਭੂਮਿਕਾ ਵਿੱਚ ਭਾਈ ਵੀਰ ਸਿੰਘ ਨੇ ਇਸ ਨੂੰ ਨਾਵਲ ਮੰਨਣ ਦੀ ਬਜਾਏ ਸਿੱਖ ਇਤਿਹਾਸ ਦੇ ਸੱਚੇ ਸਮਾਚਾਰਾਂ ਦਾ ਸੰਗ੍ਰਹਿ ਕਿਹਾ ਹੈ । ਇਸ ਤੋਂ ਜੋ ਧਾਰਨਾ ਬਣਦੀ ਹੈ ਉਸ ਮੁਤਾਬਕ ਭਾਈ ਵੀਰ ਸਿੰਘ ਦਾ ਜ਼ੋਰ ਇਸ ਗੱਲ ਤੇ ਹੈ ਕਿ ਇਹ ਕੋਈ ਮਨੋਰੰਜਨ ਪ੍ਰਦਾਨ ਕਰਨ ਵਾਲੀ ਰਚਨਾ ਨਹੀਂ ਜਿਹਾ ਕਿ ਅੰਗਰੇਜ਼ੀ ਨਾਵਲ ਨੂੰ ਮੰਨਿਆ ਜਾਂਦਾ ਸੀ ਸਗੋਂ ਉਪਦੇਸ਼ਾਤਮਿਕ ਰਚਨਾ ਹੈ ਜਿਸ ਦਾ ਮਕਸਦ ਪਾਠਕ ਨੂੰ ਸਿੱਖ ਇਤਿਹਾਸ ਦੇ ਗੌਰਵਮਈ ਵਿਰਸੇ ਤੋਂ ਜਾਣੂ ਕਰਵਾ ਕੇ ਸਿੱਖੀ ਨਾਲ ਜੋੜਨਾ ਹੈ । ਇਸ ਤਰ੍ਹਾਂ ਪੰਜਾਬੀ ਵਿੱਚ ਨਾਵਲ ਦਾ ਜਨਮ ਯੂਰਪ ਵਿੱਚ ਨਾਵਲ ਦੇ ਜਨਮ ਨਾਲੋਂ ਬਿਲਕੁਲ ਵੱਖਰੇ ਹਾਲਾਤ ਵਿੱਚ ਤੇ ਵੱਖਰੇ ਮਨੋਰਥ ਨਾਲ ਹੋਇਆ । ਭਾਈ ਵੀਰ ਸਿੰਘ ਤੋਂ ਬਾਅਦ ਭਾਈ ਮੋਹਨ ਸਿੰਘ ਵੈਦ ਤੇ ਸ.ਸ. ਚਰਨ ਸਿੰਘ ਸ਼ਹੀਦ ਨੇ ਨਾਵਲਾਂ ਦੀ ਰਚਨਾ ਕੀਤੀ । ਇਹਨਾਂ ਨੇ ਪੰਜਾਬੀ ਨਾਵਲ ਵਿੱਚ ਇਤਿਹਾਸ ਵਿੱਚ ਵਾਪਰੀਆਂ ਘਟਨਾਵਾਂ ਦੇ ਸਮਾਚਾਰ ਦੀ ਥਾਂ ਸਮਕਾਲੀ ਜੀਵਨ ਦੇ ਚਿਤਰਨ ਨਾਲ ਜੋੜਿਆ । ਇਸ ਪੱਖੋਂ ਇਹਨਾਂ ਦੇ ਨਾਵਲ ਰੁਮਾਂਸ ਤੋਂ ਯਥਾਰਥ ਦੇ ਚਿਤਰਨ ਵੱਲ ਪੰਜਾਬੀ ਨਾਵਲ ਦੀ ਯਾਤਰਾ ਨੂੰ ਦਰਸਾਉਂਦੇ ਹਨ ।

        ਇਸ ਉਪਰੰਤ ਪੰਜਾਬੀ ਵਿੱਚ ਗੁਰਬਖ਼ਸ਼ ਸਿੰਘ ਪ੍ਰੀਤਲੜੀ ਤੇ ਨਾਨਕ ਸਿੰਘ ਨੇ ਨਾਵਲ ਰਚਨਾ ਦੇ ਖੇਤਰ ਵਿੱਚ ਪੈਰ ਪਾਇਆ । ਪ੍ਰੀਤਲੜੀ ਨੇ ਅਣਵਿਆਹੀ ਮਾਂ ( 1922 ) , ਨਾਨਕ ਸਿੰਘ ਨੇ ਆਪਣੇ ਮੁਢਲੇ ਨਾਵਲਾਂ ਮਿੱਠਾ ਮਹੁਰਾ ( 1930 ) , ਆਦਿ ਨਾਲ ਪੰਜਾਬੀ ਵਿੱਚ ਆਦਰਸ਼ ਜੀਵਨ ਤੇ ਵਿਅਕਤੀਗਤ ਸੁਧਾਰ ਦੇ ਆਸ਼ੇ ਨਾਲ ਜੀਵਨ ਦੇ ਮਨਫ਼ੀ ਪੱਖਾਂ ਦਾ ਚਿਤਰਨ ਕਰਨਾ ਸ਼ੁਰੂ ਕੀਤਾ । ਇਸ ਉਪਰੰਤ ਨਾਨਕ ਸਿੰਘ ਨੇ ਪਵਿੱਤਰ ਪਾਪੀ ਤੇ ਚਿੱਟਾ ਲਹ{ ਜਿਹੇ ਨਾਵਲਾਂ ਦੀ ਰਚਨਾ ਨਾਲ ਵਧੇਰੇ ਪ੍ਰੋੜ੍ਹਤਾ ਦਾ ਸਬੂਤ ਦਿੱਤਾ ਤੇ ਪੰਜਾਬੀ ਨਾਵਲ ਨੂੰ ਨਵੀਆਂ ਸੰਭਾਵਨਾਵਾਂ ਨਾਲ ਜੋੜਿਆ । ਇਸ ਦਰਮਿਆਨ ਮਾਸਟਰ ਤਾਰਾ ਸਿੰਘ ਪ੍ਰੇਮ ਲਗਨ , ਜੋਸ਼ੁਆ ਫ਼ਜ਼ਲ ਦੀਨ ਪ੍ਰਭਾ ਆਦਿ ਨੇ ਪੰਜਾਬੀ ਵਿੱਚ ਨਾਵਲ ਰਚਨਾ ਨੂੰ ਨਿਰੰਤਰਤਾ ਬਖ਼ਸ਼ੀ ਤੇ ਸਮਾਜਿਕ- ਰਾਜਸੀ ਮਨੋਰਥਾਂ ਨਾਲ ਨਾਵਲ ਨੂੰ ਜੋੜੀ ਰੱਖਿਆ । ਪੰਜਾਬੀ ਨਾਟਕ ਦਾ ਅਗਲਾ ਅਧਿਆਇ ਸੰਤ ਸਿੰਘ ਸੇਖੋਂ ਦੇ ਨਾਵਲ ਲਹੂ ਮਿੱਟੀ ( 1946 ) ਤੇ ਸੁਰਿੰਦਰ ਸਿੰਘ ਨਰੂਲਾ ਦੇ ਨਾਵਲ ਪਿਓ ਪੁੱਤਰ ( 1947 ) ਨਾਲ ਖੁੱਲ੍ਹਦਾ ਹੈ । ਉਹਨਾਂ ਨੇ ਅੰਗਰੇਜ਼ੀ ਨਾਵਲ ਦੀ ਮੁੱਖਧਾਰਾ ਦੀ ਯਥਾਰਥ- ਵਾਦੀ ਰਚਨਾ ਵਿਧੀ ਦੇ ਅਨੁਰੂਪ ਨਾਵਲ ਲਿਖੇ । ਸੇਖੋਂ ਨੇ ਜੇ ਪੰਜਾਬ ਦੇ ਪੇਂਡੂ ਲੋਕੇਲ ਨੂੰ ਆਧਾਰ ਬਣਾ ਕੇ ਕਿਰਸਾਣੀ ਜੀਵਨ ਸਥਿਤੀ ਤੇ ਇਸ ਵਿਚਲੇ ਅੰਤਰ ਵਿਰੋਧਾਂ , ਜੀਵਨ ਗਤੀ ਤੇ ਇਸ ਵਿੱਚ ਨਿਹਿਤ ਲਾਜ਼ਮੀ ਤ੍ਰਾਸਦੀ ਨੂੰ ਪੇਸ਼ ਕੀਤਾ ਤਾਂ ਨਰੂਲਾ ਨੇ ਸ਼ਹਿਰ ਦੇ ਜੀਵਨ ਵਿੱਚ ਹੋ ਰਹੇ ਰੂਪਾਂਤਰਾਂ ਦਾ ਪ੍ਰਕਿਰਤੀਵਾਦੀ ਬਿਰਤਾਂਤ ਉਸਾਰਿਆ । ਨਰੂਲਾ ਦੇ ਨਾਵਲ ਵਿੱਚ ਪੰਜਾਬ ਵਿੱਚ ਰੂਪ ਧਾਰ ਰਹੇ ਸ਼ਹਿਰ ਦਾ ਅਕਸ ਉੱਭਰਦਾ ਹੈ । ਨਰੂਲਾ ਦੀ ਇਸ ਕਿਸਮ ਦੀ ਨਾਵਲਕਾਰੀ ਨੇ ਅੱਗੇ ਜਾ ਕੇ ਸ਼ਹਿਰੀ ਲੋਕੇਲ ਉੱਤੇ ਜੀਵੀ ਜਾ ਰਹੀ ਜ਼ਿੰਦਗੀ ਵਿੱਚ ਇਕੱਲੇਕਾਰੇ ਵਿਅਕਤੀ ਦੇ ਮਨੋ ਸੰਸਾਰ ਦੀ ਪੇਸ਼ਕਾਰੀ ਨਾਲ ਪ੍ਰਤਿਬੱਧ ਨਾਵਲ ਦੀ ਨੀਂਹ ਰੱਖੀ । ਇਹਨਾਂ ਦੇ ਸਮਾਨਾਂਤਰ ਹੀ ਕਰਤਾਰ ਸਿੰਘ ਦੁੱਗਲ ਨੇ ਆਪਣੇ ਨਾਵਲਾਂ ਰਾਹੀਂ ਜੀਵਨ ਯਥਾਰਥ ਦੇ ਨਵੇਂ ਪਸਾਰਾਂ ਨੂੰ ਪ੍ਰਗਟ ਕਰਨਾ ਸ਼ੁਰੂ ਕੀਤਾ । ਉਸ ਨੇ ਵਿਅਕਤੀ ਨੂੰ ਉਸ ਦੀਆਂ ਕਾਮੁਕ ਅਕਾਂਖਿਆਵਾਂ ਤੇ ਵਿਅਕਤੀਗਤ ਇੱਛਾਵਾਂ ਦੇ ਪ੍ਰਸੰਗ ਵਿੱਚ ਚਿਤਰਨਾ ਸ਼ੁਰੂ ਕੀਤਾ ਤਾਂ ਜਸਵੰਤ ਸਿੰਘ ਕੰਵਲ ਨੇ ਸਮੂਹਿਕ ਆਦਰਸ਼ ਦੀ ਪ੍ਰਾਪਤੀ ਲਈ ਵਿਅਕਤੀਗਤ ਪੱਧਰ ਤੇ ਸੂਰਬੀਰਤਾ ਨਾਲ ਸੰਘਰਸ਼ ਕਰਦੇ ਨਾਇਕ ਦੀ ਸਿਰਜਣਾ ਕੀਤੀ । ਪੰਜਾਬੀ ਨਾਵਲ ਯਥਾਰਥ ਦੀ ਮਨੋਰਥਮੂਲਕ ਤੇ ਆਦਰਸ਼ਮੂਲਕ ਸਿਰਜਣਾ ਤੋਂ ਓਦੋਂ ਪਾਸਾ ਵੱਟਦਾ ਹੈ ਜਦੋਂ ਪੰਜਾਬ ਦੀ ਵੰਡ ਸਮੇਂ ਤੇ ਇਸ ਤੋਂ ਬਾਅਦ ਅਜ਼ਾਦੀ ਤੇ ਸੰਪਰਦਾਇਕ ਸਾਂਝ ਦੇ ਆਦਰਸ਼ ਤਿੜਕਦੇ ਹਨ । ਅੰਗਰੇਜ਼ਾਂ ਦੇ ਚਲੇ ਜਾਣ ਤੋਂ ਬਾਅਦ ‘ ਸਭ ਅੱਛਾ’ ਹੋ ਜਾਣ ਦੇ ਸੁਪਨੇ ਅਤੇ ਅਜ਼ਾਦ ਫ਼ਿਜ਼ਾ ਦੀ ਮਿੱਥ ਦੇ ਤਿੜਕਣ ਤੋਂ ਬਾਅਦ ਪੰਜਾਬ ਦੀ ਚੇਤਨਾ ਵਿੱਚ ਇਹ ਬੋਧ ਪੈਦਾ ਹੁੰਦਾ ਹੈ ਕਿ ਬੰਦੇ ਦੇ ਬਹੁਤੇ ਮਸਲੇ ਇਸ ਲਈ ਜਿਉਂ ਦੇ ਤਿਉਂ ਹਨ ਕਿ ਹਾਕਮ ਦੇ ਬਦਲਣ ਦੇ ਬਾਵਜੂਦ ਹਕੂਮਤ ਨਹੀਂ ਬਦਲੀ ਹੈ । ਇਸ ਨਾਲ ਸਮਕਾਲੀਨ ਤੇ ਨੇੜੇ ਦਾ ਯਥਾਰਥ ਧਿਆਨ ਖਿੱਚਣ ਲੱਗਦਾ ਹੈ ਅਤੇ ਪੰਜਾਬੀ ਨਾਵਲਕਾਰੀ ਵਿਅਕਤੀਗਤ ਗੁਣ ਜਾਂ ਦੋਸ਼ ਨੂੰ ਸੁਖਾਂਤ ਜਾਂ ਦੁਖਾਂਤ ਦਾ ਕਾਰਨ ਮੰਨਣ ਦੀ ਬਜਾਏ ਵਿਵਸਥਾ ਦੀਆਂ ਬਰੀਕੀਆਂ ਤੇ ਪਰਤਾਂ ਨੂੰ ਪੇਸ਼ ਕਰਨ ਦੇ ਰਸਤੇ ਪੈ ਜਾਂਦੀ ਹੈ । ਪੰਜਾਬੀ ਬਿਰਤਾਂਤ ਵਿੱਚ ਅਜ਼ਾਦੀ ਤੋਂ ਬਾਅਦ ਹੋਂਦ ਵਿੱਚ ਆਈ ਵਿਵਸਥਾ ਦਾ ਆਲੋਚਨਾਤਮਿਕ ਬੋਧ ਉਤਪੰਨ ਹੋਣ ਲੱਗਦਾ ਹੈ । ਇਸ ਕਿਸਮ ਦੀ ਰਚਨਾਤਮਿਕ ਚੇਤਨਾ ਦਾ ਪ੍ਰਗਟਾਵਾ ਪਹਿਲਾਂ ਸੋਹਣ ਸਿੰਘ ਸੀਤਲ ਦੇ ਨਾਵਲਾਂ ਤੂਤਾਂ ਵਾਲਾ ਖੂਹ ਤੇ ਜੁਗ ਬਦਲ ਗਿਆ ਆਦਿ ਵਿੱਚ ਅਤੇ ਮਗਰੋਂ ਜਾ ਕੇ ਵਧੇਰੇ ਪ੍ਰੋੜ੍ਹ ਰੂਪ ਵਿੱਚ ਗੁਰਦਿਆਲ ਸਿੰਘ ਦੇ ਨਾਵਲਾਂ ਮੜ੍ਹੀ ਦਾ ਦੀਵਾ ਤੇ ਅਣਹੋਏ ਆਦਿ ਵਿੱਚ ਪ੍ਰਗਟ ਹੋਣਾ ਸ਼ੁਰੂ ਹੁੰਦਾ ਹੈ । ਇਹਨਾਂ ਨਵਾਲਕਾਰਾਂ ਨਾਲ ਪੰਜਾਬੀ ਵਿੱਚ ਪਹਿਲੀ ਵਾਰ ਪਿੰਡ ਦੀ ਕਿਰਸਾਣੀ ਤੋਂ ਇਲਾਵਾ ਹੋਰ ਕਿਰਤੀ ਲੋਕਾਈ ਜਾਂ ਵਧੇਰੇ ਸਪਸ਼ਟ ਸ਼ਬਦਾਂ ਵਿੱਚ ਕਥਿਤ ਨੀਵੀਆਂ ਜਾਤਾਂ ਦੇ ਪਾਤਰ ਬਿਰਤਾਂਤਕ ਫ਼ੋਕਸ ਵਿੱਚ ਆਉਣ ਲੱਗਦੇ ਹਨ । ਗੁਰਦਿਆਲ ਸਿੰਘ ਦੀ ਇਸ ਪਰੰਪਰਾ ਨੂੰ ਕਰਮਜੀਤ ਸਿੰਘ ਕੁੱਸਾ ਆਪਣੇ ਨਾਵਲਾਂ ਰਾਤ ਦੇ ਰਾਹੀ ਤੇ ਰੋਹੀ ਬੀਆਬਾਨ ਰਾਹੀਂ ਹੋਰ ਅੱਗੇ ਵਧਾਉਂਦਾ ਹੈ । ਇਸ ਦਰਮਿਆਨ ਗੁਰਦਿਆਲ ਸਿੰਘ ਦੀ ਨਾਵਲਕਾਰੀ ਦੇ ਸਮਾਨਾਂਤਰ ਸ਼ਹਿਰੀ ਵਾਤਾਵਰਨ ਵਿੱਚ ਜਿਊਂ ਰਹੀ ਮੱਧ ਸ਼੍ਰੇਣੀ ਨਾਲ ਸੰਬੰਧਿਤ ਪਾਤਰਾਂ ਦੇ ਮਨੋ-ਵਿਹਾਰ ਦੀ ਪੇਸ਼ਕਾਰੀ ਸੁਰਜੀਤ ਸਿੰਘ ਸੇਠੀ ਇੱਕ ਖਾਲੀ ਪਿਆਲਾ ਤੇ ਕਲ੍ਹ ਵੀ ਸੂਰਜ ਨਹੀਂ ਚੜ੍ਹੇਗਾ ਆਦਿ ਤੇ ਨਰਿੰਜਨ ਤਸਨੀਮ ਪਰਛਾਵੇਂ ਤੇ ਇੱਕ ਹੋਰ ਨਵਾਂ ਸਾਲ ਆਦਿ ਦੇ ਨਾਵਲਾਂ ਵਿੱਚ ਹੋਣ ਲੱਗਦੀ ਹੈ ਜਿਸ ਨੂੰ ਵਧੇਰੇ ਗਹਿਰਾਈ ਤੇ ਵਿਸਤਾਰ ਸੁਖਬੀਰ ਦੇ ਨਾਵਲ ਪਾਣੀ ਤੇ ਪੁਲ ਅਤੇ ਰਾਤ ਦਾ ਚਿਹਰਾ ਵਿੱਚ ਹਾਸਲ ਹੁੰਦੀ ਹੈ । ਇਸ ਦੇ ਨਾਲ ਹੀ ਅੰਮ੍ਰਿਤਾ ਪ੍ਰੀਤਮ ਦੇ ਨਾਵਲਾਂ ਨਾਲ ਸ਼ੁਰੂ ਹੋਈ ਪਰੰਪਰਾ ਵਿੱਚ ਦਲੀਪ ਕੌਰ ਟਿਵਾਣਾ ਇੱਕ ਮਹੱਤਵਪੂਰਨ ਹਸਤਾਖਰ ਦੇ ਤੌਰ ਤੇ ਉੱਭਰ ਕੇ ਸਾਮ੍ਹਣੇ ਆਉਂਦੀ ਹੇ । ਉਹ ਪਿਤਰਕੀ ਵਿਵਸਥਾ ਵਿੱਚ ਔਰਤ ਦੀ ਤ੍ਰਾਸਦੀ ਉੱਤੇ ਫ਼ੋਕਸ ਕਰਦੀ ਹੈ ਅਤੇ ਇੱਕ ਜ਼ਹੀਨ ਸੰਵੇਦਨਸ਼ੀਲ ਔਰਤ ਦਾ ਬਿੰਬ ਘੜਦੀ ਹੈ । ਇਸ ਦੇ ਨਾਲ ਹੀ ਅਜੀਤ ਕੌਰ ਆਪਣੇ ਨਾਵਲਾਂ ਵਿੱਚ ਸ਼ਹਿਰੀ ਪੜ੍ਹੀ ਲਿਖੀ ਅਤੇ ਆਪਣੀ ਸਰੀਰਕ ਤੇ ਮਾਨਸਿਕ ਹੋਂਦ ਨੂੰ ਜਤਾਉਣ ਵਾਲੀ ਔਰਤ ਦੇ ਮਸਲਿਆਂ ਤੇ ਸੰਕਟਾਂ ਨੂੰ ਉਭਾਰਦੀ ਹੈ । ਇਸਤਰੀ ਸਰੋਕਾਰਾਂ ਨੂੰ ਪੇਸ਼ ਕਰਨ ਵਾਲੀ ਇੱਕ ਹੋਰ ਨਾਵਲਕਾਰ ਬਲਜੀਤ ਕੌਰ ਬੱਲੀ ਹੈ ਜਿਸ ਨੇ ਆਪਣੇ ਨਾਵਲਾਂ ਵਿੱਚ ਔਰਤ ਦੀ ਨਿੱਜੀ ਚੋਣ ਅਤੇ ਉਸ ਦੇ ਸਮਾਜੀ ਪ੍ਰਤਿਫਲ ਦੇ ਆਪਸੀ ਦਵੰਦ ਨੂੰ ਪੇਸ਼ ਕੀਤਾ ਹੈ । ਇਸ ਉਪਰੰਤ ਵੀਹਵੀਂ ਸਦੀ ਦੇ ਨੌਂਵੇਂ ਦਹਾਕੇ ਵਿੱਚ ਪੰਜਾਬ ਦੀ ਸੰਕਟ ਸਥਿਤੀ ਪੰਜਾਬੀ ਨਾਵਲਕਾਰੀ ਦੇ ਰੁਖ ਨੂੰ ਮੋੜ ਦਿੰਦੀ ਹੈ । ਪੰਜਾਬੀ ਨਾਵਲਕਾਰ ਇਸ ਸੰਕਟ ਸਥਿਤੀ ਨੂੰ ਸਮਝਣ-ਸਮਝਾਉਣ ਦੀ ਪ੍ਰਕਿਰਿਆ ਵਿੱਚ ਅਜਿਹੇ ਨਾਵਲਾਂ ਦੀ ਰਚਨਾ ਕਰਦੇ ਹਨ ਜਿਨ੍ਹਾਂ ਵਿੱਚ ਸੰਕਟ ਸਥਿਤੀ ਦੇ ਵਸਤੂ ਵੇਰਵਿਆਂ ਨੂੰ ਪੱਤਰਕਾਰੀ ਦੇ ਪੱਧਰ ਤੇ ਪ੍ਰਗਟਾਇਆ ਗਿਆ ਹੈ ਤੇ ਜਾਂ ਫਿਰ ਉਸ ਸਥਿਤੀ ਬਾਰੇ ਵਿਭਿੰਨ ਵਿਚਾਰਧਾਰਾਈ ਪੁਜੀਸ਼ਨਾਂ ਤੋਂ ਬਹਿਸਾਂ ਨੂੰ ਪੇਸ਼ ਕੀਤਾ ਗਿਆ ਹੈ । ਇਸ ਕਿਸਮ ਦੀ ਨਾਵਲਕਾਰੀ ਵਿੱਚ ਨਿੰਦਰ ਗਿੱਲ , ਓਮ ਪ੍ਰਕਾਸ਼ ਗਾਸੋ , ਰਾਮ ਸਰੂਪ ਅਣਖੀ ਦੇ ਨਾਵਲ ਜ਼ਿਕਰਯੋਗ ਹਨ । ਇਸ ਸੰਕਟ ਸਥਿਤੀ ਦਾ ਵਧੇਰੇ ਗਹਿਰਾ ਤੇ ਗੰਭੀਰ ਚਿੱਤਰ ਸ਼ਾਹ ਚਮਨ , ਜਸਬੀਰ ਮੰਡ ਤੇ ਬਲਜਿੰਦਰ ਨਸਰਾਲੀ ਦੇ ਨਾਵਲਾਂ ਵਿੱਚ ਮਿਲਦਾ ਹੈ । ਪੰਜਾਬ ਦੀ ਰਾਜਨੀਤੀ ਦੇ ਦ੍ਰਿਸ਼ਟ ਪੱਧਰ ਤੋਂ ਇਸ ਸੰਕਟ ਸਥਿਤੀ ਦੇ ਨਕਸ਼ ਜਦੋਂ ਧੁੰਦਲੇ ਪੈਣ ਲੱਗਦੇ ਹਨ ਤਾਂ ਲਗਪਗ ਉਸੇ ਸਮੇਂ ਸੰਸਾਰ ਰਾਜਨੀਤੀ ਦੇ ਦ੍ਰਿਸ਼ ਵਿੱਚੋਂ ਸੋਵੀਅਤ ਯੂਨੀਅਨ ਵਿੱਚ ਸਮਾਜਵਾਦੀ ਨਿਜ਼ਾਮ ਦੇ ਢਹਿ-ਢੇਰੀ ਹੋਣ ਉਪਰੰਤ ਸਮਾਜਵਾਦੀ ਆਦਰਸ਼ ਉੱਤੇ ਪ੍ਰਸ਼ਨ ਚਿੰਨ੍ਹ ਲੱਗ ਜਾਂਦਾ ਹੈ ਤੇ ਵਿਸ਼ਵ ਵਿੱਚ ਇੱਕ ਧਰੁਵੀ ਕੇਂਦਰ ਦੀ ਸਥਾਪਨਾ ਨਾਲ ਸੰਸਾਰ ਆਰਥਿਕ ਪ੍ਰਬੰਧ ਵਿੱਚ ਵੱਡੀਆਂ ਤਬਦੀਲੀਆਂ ਵਾਪਰਦੀਆਂ ਹਨ । ਇਸ ਸਮੇਂ ਪੰਜਾਬੀ ਨਾਵਲਕਾਰੀ ਨਿਸ਼ਚਿਤ ਆਦਰਸ਼ਾਂ ਦੀ ਅਰਾਧਨਾ ਕਰਨ ਦੀ ਬਜਾਏ ਵਿਭਿੰਨ ਦਿਸ਼ਾਵਾਂ ਵੱਲ ਯਾਤਰਾ ਕਰਨ ਲੱਗਦੀ ਹੈ । ਇਸ ਵਿੱਚ ਰਾਮ ਸਰੂਪ ਅਣਖੀ ਵਰਗੇ ਨਾਵਲਕਾਰ ਦਾ ਉਭਾਰ ਹੁੰਦਾ ਹੈ ਜੋ ਆਪਣੇ ਨਾਵਲਾਂ ਵਿੱਚ ਮਾਲਵੇ ਦੇ ਉਪ-ਸੱਭਿਆਚਾਰ ਦੇ ਮਹਾਂਕਾਵਿਕ ਬਿਰਤਾਂਤ ਸਿਰਜਦਾ ਹੋਇਆ ਬਦਲ ਰਹੇ ਔਰਤ ਮਰਦ ਸੰਬੰਧਾਂ ਦੇ ਵਿਸਤ੍ਰਿਤ ਬਿਓਰੇ ਰਾਹੀਂ ਵਿਅਕਤੀਗਤ ਕਾਮਨਾ ਤੇ ਸਮੂਹਿਕ ਸੱਭਿਆਚਾਰਿਕ ਸਤ੍ਹਾ ਦੇ ਤਣਾਓ ਨੂੰ ਪੇਸ਼ ਕਰਦਾ ਹੈ । ਇਸ ਸਮੇਂ ਪੰਜਾਬੀ ਵਿੱਚ ਜਿਹੜੇ ਨਾਵਲਕਾਰ ਬੜੀ ਸਰਗਰਮੀ ਨਾਲ ਨਾਵਲ ਰਚਨਾ ਵਿੱਚ ਮਸਰੂਫ਼ ਹਨ ਉਹਨਾਂ ਵਿੱਚ ਬਲਦੇਵ ਸਿੰਘ , ਮਨਮੋਹਨ ਬਾਵਾ , ਇੰਦਰ ਸਿੰਘ ਖ਼ਾਮੋਸ਼ , ਜੋਗਿੰਦਰ ਸਿੰਘ ਕੈਰੋਂ , ਜੋਸ਼ , ਅਵਤਾਰ ਸਿੰਘ ਬਿਲਿੰਗ , ਅਮਰਜੀਤ ਸਿੰਘ , ਮਿੱਤਰ ਸੈਨ ਮੀਤ , ਨਛੱਤਰ , ਕੇਵਲ ਕਲੋਟੀ , ਸ਼ਾਹ ਚਮਨ , ਪਰਮਜੀਤ ਸਿੰਘ ਜੱਜ , ਬਲਜਿੰਦਰ ਨਸਰਾਲੀ , ਸਤਵਿੰਦਰ ਕੁੱਸਾ ਅਤੇ ਦਰਸ਼ਨ ਸਿੰਘ ਆਦਿ ਦਾ ਨਾਂ ਪ੍ਰਮੁਖ ਹੈ । ਇਹ ਨਾਵਲਕਾਰ ਕਿਸੇ ਇੱਕ ਰਚਨਾ ਸ਼ੈਲੀ ਦੇ ਅਨੁਸਾਰੀ ਨਹੀਂ ਹਨ ਅਤੇ ਨਾ ਹੀ ਕਿਸੇ ਇੱਕ ਕਿਸਮ ਦੇ ਜੀਵਨ ਅਨੁਭਵ ਵਿੱਚੋਂ ਵਿਸ਼ੇ ਦੀ ਚੋਣ ਕਰਦੇ ਹਨ । ਇਹਨਾਂ ਦੁਆਰਾ ਰਚਿਤ ਨਾਵਲਾਂ ਵਿੱਚ ਵਿਸ਼ੇ ਨਿਭਾਓ ਤੇ ਵਸਤੂ- ਦ੍ਰਿਸ਼ਟੀ ਦੇ ਪੱਖੋਂ ਵੰਨ-ਸਵੰਨਤਾ ਦੇਖਣ ਨੂੰ ਮਿਲਦੀ ਹੈ । ਪੰਜਾਬੀ ਨਾਵਲ ਦੀ ਰਚਨਾ ਪੱਛਮੀ ਪੰਜਾਬ ( ਪਾਕਿਸਤਾਨ ) ਵਿੱਚ ਵੀ ਹੋ ਰਹੀ ਹੈ ਅਤੇ ਵਿਦੇਸ਼ਾਂ ਵਿੱਚ ਵੀ । ਪੱਛਮੀ ਪੰਜਾਬ ਦੇ ਨਾਵਲਕਾਰਾਂ ਵਿੱਚ ਫ਼ਖ਼ਰ ਜ਼ਮਾਨ ਤੋਂ ਇਲਾਵਾ ਅਫ਼ਜ਼ਲ ਅਹਿਸਨ ਰੰਧਾਵਾ , ਸਲੀਮ ਖਾਂ ਗਿੰਮੀ , ਅਹਿਸਨ ਬਟਾਲਵੀ , ਕਹਿਕਸ਼ਾਂ ਮਲਿਕ ਤੇ ਰਜ਼ੀਆ ਨੂਰ ਮੁਹੰਮਦ ਆਦਿ ਨੇ ਨਾਵਲਾਂ ਦੀ ਰਚਨਾ ਕੀਤੀ ਹੈ । ਵਿਦੇਸ਼ੀ ਧਰਤੀਆਂ ਉੱਤੇ ਨਾਵਲ ਲਿਖ ਰਹੇ ਪ੍ਰਮੁਖ ਨਾਵਲਕਾਰਾਂ ਵਿੱਚ ਰਘੁਵੀਰ ਢੰਡ , ਸਵਰਨ ਚੰਦਨ , ਦਰਸ਼ਨ ਧੀਰ , ਹਰਜੀਤ ਅਟਵਾਲ , ਸਾਧੂ ਬਿਨਿੰਗ , ਜਰਨੈਲ ਸਿੰਘ ਸੇਖਾ , ਹਰਭਜਨ ਸਿੰਘ , ਮ.ਸ. ਨਕਸ਼ਦੀਪ , ਪਜਕੋਹਾ , ਇਕਬਾਲ ਰਾਮੂਵਾਲੀਆ , ਨਦੀਮ ਪਰਮਾਰ ਤੇ ਸ਼ਿਵਚਰਨ ਗਿੱਲ ਆਦਿ ਸ਼ਾਮਲ ਹਨ । ਇਹਨਾਂ ਨੇ ਆਪਣੇ ਨਾਵਲਾਂ ਵਿੱਚ ਪਰਦੇਸੀ ਧਰਤੀਆਂ ਉੱਤੇ ਆਪਣੀ ਹੋਂਦ ਦੀ ਸਥਾਪਤੀ ਲਈ ਸੰਘਰਸ਼ ਕਰਦੇ ਪੰਜਾਬੀ ਬੰਦੇ ਦੀ ਦਾਸਤਾਨ ਨੂੰ ਪੇਸ਼ ਕੀਤਾ ਹੈ । ਪੀੜ੍ਹੀ ਪਾੜੇ ਤੋਂ ਲੈ ਕੇ ਨਸਲਵਾਦੀ ਤਸ਼ੱਦਦ ਅਤੇ ਮਸ਼ੀਨ ਨਾਲ ਮਸ਼ੀਨ ਹੋ ਕੇ ਆਪਣੇ ਮਨੁੱਖੀ ਸਾਰ ਤੋਂ ਵਿਰਵੇ ਹੋ ਰਹੇ ਅਤੇ ਬੇਗਾਨੇ ਸੱਭਿਆਚਾਰ ਵਿੱਚ ਜਜ਼ਬ ਹੋਣ ਲਈ ਤਰਲੇ ਲੈ ਰਹੇ ਪਰ ਫਿਰ ਵੀ ਬੇਗਾਨੇ ਹੋਣ ਦੀ ਪੀੜ ਨੂੰ ਸਹਿੰਦੇ ਬੰਦੇ ਦੀ ਕਹਾਣੀ ਇਹਨਾਂ ਦੇ ਨਾਵਲਾਂ ਵਿੱਚ ਮਿਲਦੀ ਹੈ ।


ਲੇਖਕ : ਸੁਰਜੀਤ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 9395, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.