ਪੰਜਾਬੀ ਯੂਨੀਵਰਸਿਟੀ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਪੰਜਾਬੀ ਯੂਨੀਵਰਸਿਟੀ : ਪੰਜਾਬੀ ਭਾਸ਼ਾ , ਸਾਹਿਤ ਅਤੇ ਸਭਿਆਚਾਰ ਦੇ ਵਿਕਾਸ ਸੰਬੰਧੀ ਚਲਾਏ ਗਏ ਅੰਦੋਲਨਾਂ ਦੇ ਫਲਸਰੂਪ ਇਹ ਯੂਨੀਵਰਸਿਟੀ ਹੋਂਦ ਵਿਚ ਆਈ । ਸੰਸਾਰ ਵਿਚ ਵਖ ਵਖ ਯੂਨੀਵਰਸਿਟੀਆਂ ਧਰਮਾਂ , ਸ਼ਹਿਰਾਂ ਜਾਂ ਸੂਬਿਆਂ ਦੇ ਨਾਂ’ ਤੇ ਜਾਂ ਉਨ੍ਹਾਂ ਦੇ ਮੋਢੀਆਂ ਅਤੇ ਲੀਡਰਾਂ ਦੇ ਨਾਂ’ ਤੇ ਸਥਾਪਿਤ ਕੀਤੀਆ ਜਾਂਦੀਆਂ ਹਨ । ਪਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਇਜ਼ਰਾਈਲ ਦੀ ਹਿਬ੍ਰਿਊ ਯੂਨੀਵਰਸਿਟੀ ਤੋਂ ਬਾਦ ਵਿਸ਼ਵ ਦੀ ਦੂਜੀ ਯੂਨੀਵਰਸਿਟੀ ਹੈ ਜਿਸ ਦਾ ਨਾਂ ਭਾਸ਼ਾ ਦੇ ਨਾਂ’ ਤੇ ਰਖਿਆ ਗਿਆ ਹੈ । ਯੂਨੀਵਰਸਿਟੀ ਐਕਟ ਅਨੁਸਾਰ ਇਸ ਨੂੰ ਸਥਾਪਿਤ ਕਰਨ ਦਾ ਮੰਤਵ ਪੰਜਾਬੀ ਭਾਸ਼ਾ ਦਾ ਸਰਬ ਪੱਖੀ ਵਿਕਾਸ ਕਰਨਾ ਹੈ । ਇਸ ਸੰਬੰਧ ਵਿਚ ਐਕਟ ਦੀਆਂ ਹੇਠਾਂ ਲਿਖੀਆਂ ਦੋ ਧਾਰਾਵਾਂ ਵਿਸ਼ੇਸ਼ ਧਿਆਨਯੋਗ ਹਨ :

ਧਾਰਾ 4 ( 2 ) ‘ ‘ ਪੰਜਾਬੀ ਅਧਿਐਨ ਨੂੰ ਤਰੱਕੀ ਦੇਣਾ , ਪੰਜਾਬੀ ਸਾਹਿਤ ਦੀ ਖੋਜ ਲਈ ਵਿਵਸਥਾ ਕਰਨਾ , ਪੰਜਾਬੀ ਭਾਸ਼ਾ ਦੇ ਵਿਕਾਸ ਲਈ ਉਪਾਅ ਕਰਨੇ ਅਤੇ ਜਿਤਨੇ ਵਿਸ਼ਿਆਂ ਲਈ ਵੀ ਸੰਭਵ ਹੋ ਸਕੇ , ਇਸ ਨੂੰ ਪ੍ਰਗਤੀਸ਼ੀਲ ਰੂਪ ਵਿਚ ਸਿੱਖਿਆ-ਦੀਖਿਆ ਅਤੇ ਪ੍ਰੀਖਿਆ ਦੇ ਮਾਧਿਅਮ ਵਜੋਂ ਅਪਨਾਉਣਾ । ’ ’

ਧਾਰਾ 4 ( 16 ) : ‘ ‘ ਪੰਜਾਬੀ ਭਾਸ਼ਾ ਜਾਂ ਹੋਰ ਭਾਸ਼ਾਵਾਂ ਵਿਚ ਕਿਤਾਬਾਂ , ਜਰਨਲ , ਰਸਾਲੇ ਅਤੇ ਹੋਰ ਸਾਮਗ੍ਰੀ ਤਿਆਰ ਕਰਨਾ , ਉਨ੍ਹਾਂ ਦਾ ਅਨੁਵਾਦ ਅਤੇ ਪ੍ਰਕਾਸ਼ਨ ਕਰਨਾ ਅਤੇ ਅਜਿਹੀਆਂ ਕਿਤਾਬਾਂ , ਜਨਰਲ , ਰਸਾਲੇ ਅਤੇ ਹੋਰ ਸਾਮਗ੍ਰੀ ਤਿਆਰ ਕਰਨਾ , ਉਨ੍ਹਾਂ ਦੇ ਅਨੁਵਾਦ ਅਤੇ ਪ੍ਰਕਾਸ਼ਨ ਵਿਚ ਹੋਰ ਸੰਸਥਾਵਾਂ ਅਤੇ ਵਿਅਕਤੀਆਂ ਦੀ ਸਹਾਇਤਾ ਕਰਨਾ । ’ ’

ਇਨ੍ਹਾਂ ਮੰਤਵਾਂ ਦੀ ਪੂਰਤੀ ਲਈ 5 ਅਗਸਤ 1960 ਈ. ਨੂੰ ਪੰਜਾਬ ਸਰਕਾਰ ਨੇ ਇਕ 13 ਮੈਂਬਰੀ ਕਮਿਸ਼ਨ ਮਹਾਰਾਜਾ ਯਾਦਵਿੰਦਰ ਸਿੰਘ ਦੀ ਚੇਅਰਮੈਨਸ਼ਿਪ ਅਧੀਨ ਕਾਇਮ ਕੀਤਾ । ਇਸ ਕਮਿਸ਼ਨ ਦਾ ਮੁਖ ਕੰਮ ਯੂਨੀਵਰਸਿਟੀ ਦਾ ਕਾਰਜ-ਖੇਤਰ , ਮੰਤਵ , ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਮਾਧਿਅਮ ਨੂੰ ਲਾਗੂ ਕਰਨ ਲਈ ਰੂਪ-ਰੇਖਾ ਅਤੇ ਸੀਮਾ ਨਿਸ਼ਚਿਤ ਕਰਨਾ ਅਤੇ ਯੂਨੀਵਰਸਿਟੀ ਦੀ ਸਥਾਪਨਾ ਲਈ ਆਰਥਿਕ ਮਸਲਿਆਂ ਨੂੰ ਹਲ ਕਰਨਾ ਸੀ । ਇਸ ਕਮਿਸ਼ਨ ਨੇ 13 ਫਰਵਰੀ 1961 ਈ. ਨੂੰ ਆਪਣੀ ਰਿਪੋਰਟ ਪੇਸ਼ ਕੀਤੀ ਜਿਸ ਦੇ ਆਧਾਰ’ ਤੇ ਪੰਜਾਬ ਸਰਕਾਰ ਦੁਆਰਾ ਪੰਜਾਬੀ ਯੂਨੀਵਰਸਿਟੀ ਐਕਟ ਪਾਸ ਕੀਤਾ ਗਿਆ । ਇਸ ਐਕਟ ਨੂੰ 30 ਅਪ੍ਰੈਲ 1962 ਈ. ਨੂੰ ਲਾਗੂ ਕੀਤਾ ਗਿਆ ਅਤੇ ਯੂਨੀਵਰਸਿਟੀ ਬਣਾਉਣ ਲਈ ਥਾਂ ਵਾਸਤੇ ਪਟਿਆਲਾ ਸ਼ਹਿਰ ਨੂੰ ਚੁਣਿਆ ਗਿਆ । 24 ਜੂਨ 1962 ਈ. ਨੂੰ ਰਾਜਿੰਦਰਾ ਜਿਮਖ਼ਾਨਾ ਮੈਦਾਨ ਵਿਚ ਪੰਜਾਬੀ ਯੂਨੀਵਰਸਿਟੀ ਦਾ ਉਦਘਾਟਨੀ ਸਮਾਰੋਹ ਰਾਸ਼ਟਰਪਤੀ ਡਾ. ਸਰਵਪਲੀ ਰਾਧਾਕ੍ਰਿਸ਼ਨਨ ਦੁਆਰਾ ਕੀਤਾ ਗਿਆ । ਗਵਰਨਰ ਪੰਜਾਬ ਅਤੇ ਯੂਨੀਵਰਸਿਟੀ ਦੇ ਚਾਂਸਲਰ ਸ੍ਰੀ ਐਨ.ਵੀ.ਗਾਡਗਿਲ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਯੂਨੀਵਰਸਿਟੀ ਦਾ ਮੁੱਖ ਮੰਤਵ ਹੋਰ ਵਿਦਵਾਨ ਅਤੇ ਭੱਦਰ ਪੁਰਸ਼ ਪੈਦਾ ਕਰਨਾ ਨਹੀਂ , ਸਗੋਂ ਸੰਤੁਲਨ ਮਨ ਵਾਲੇ ਸ਼ਹਿਰੀ ਪੈਦਾ ਕਰਨੇ ਹਨ ਜੋ ਸਮਾਜ ਨੂੰ ਪੇਸ਼ ਆਉਂਦੀਆਂ ਸਭ ਸਮਸਿਆਵਾਂ ਪ੍ਰਤਿ ਸਹੀ ਦ੍ਰਿਸ਼ਟੀਕੋਣ ਦਾ ਵਿਕਾਸ ਕਰ ਸਕਣ । ਉਦੋਂ ਦੇ ਮੁੱਖ ਮੰਤਰੀ ਪੰਜਾਬ ਸ੍ਰ. ਪ੍ਰਤਾਪ ਸਿੰਘ ਕੈਰੋਂ ਨੇ ਆਪਣੇ ਭਾਸ਼ਣ ਵਿਚ ਕਿਹਾ— ‘ ‘ ਮਾਣਯੋਗ ਰਾਸ਼ਟਰਪਤੀ ਜੀ , ਪੰਜਾਬੀ ਬੋਲੀ ਬੜੇ ਝੱਖੜਾਂ , ਤੂਫ਼ਾਨਾਂ ਤੇ ਮੁਸੀਬਤਾਂ ਵਿਚੋਂ ਨਿਕਲੀ ਹੈ । ਇਸ ਨੇ ਤਲਵਾਰਾਂ , ਖੰਡਿਆਂ , ਤੀਰਾਂ ਤੇ ਨੇਜ਼ਿਆਂ ਦੇ ਗੀਤ ਗਾਏ ਨੇ । ਜੰਗਲਾਂ , ਬੇਲਿਆਂ ਤੇ ਮਾਰੂਥਲਾਂ ਵਿਚ ਰੁਮਾਂਸਕ ਢੋਲੇ ਗਾਏ ਹਨ । ਇਸ ਨੇ ਸੂਰਮਿਆਂ , ਯੋਧਿਆਂ ਤੇ ਸ਼ਹੀਦਾਂ ਦੀਆਂ ਅਣਖੀ ਵਾਰਾਂ ਦੀਆਂ ਗੂੰਜਾਂ ਪਾਈਆਂ ਨੇ ਤੇ ਇਸ ਬੋਲੀ ਨੇ ਭਗਤ ਬਾਣੀ , ਗੁਰੂ ਬਾਣੀ ਤੇ ਪ੍ਰਭੁ ਭਗਤੀ ਦਾ ਰਾਗ ਵੀ ਅਲਾਪਿਆ ਹੈ । ਅਜ ਇਹ ਗਿਆਨ ਮੰਦਰ ਅਰਥਾਤ ਯੂਨੀਵਰਸਿਟੀ ਵਿਚ ਆ ਬਿਰਾਜੀ ਹੈ । ਇਹ ਯੂਨੀਵਰਸਿਟੀ ਕੇਂਦਰੀ ਸਰਕਾਰ ਦੇ ਕਾਇਮ ਕੀਤੇ ਅਸੂਲਾਂ ’ ਤੇ ਚਲੇਗੀ । ਹਿੰਦੂ-ਸਿੱਖ ਏਕਤਾ ਇਸ ਦਾ ਮੁੱਖ ਮੰਤਵ ਹੈ । ਮੈਂ ਅਜ ਦੇ ਇਤਿਹਾਸਿਕ ਦਿਨ ’ ਤੇ ਕੁੱਲ ਪੰਜਾਬੀਆਂ ਨੂੰ ਹਾਰਦਿਕ ਵਧਾਈ ਦਿੰਦਾ ਹਾਂ । ’ ’

ਯੂਨੀਵਰਸਿਟੀ ਦੇ ਆਰੰਭ ਵੇਲੇ ਆਰਟਸ ਅਤੇ ਸਮਾਜ ਵਿਗਿਆਨ ਦੀਆਂ 7 ਫੈਕਲਟੀਜ਼ ਕ੍ਰਮਵਾਰ ਵਿਗਿਆਨ , ਵਣਜ ਪ੍ਰਬੰਧ ਅਤੇ ਵਪਾਰ , ਭਾਸ਼ਾਵਾਂ , ਸਿੱਖਿਆ , ਡਾਕਟਰੀ ਅਤੇ ਤਕਨਾਲੋਜੀ ਸਨ । ਪੋਸਟ ਗਰੈਜੂਏਟ ਪੱਧਰ ’ ਤੇ ਅੰਗ੍ਰੇਜ਼ੀ , ਪੰਜਾਬੀ , ਅਰਥ ਸ਼ਾਸਤ੍ਰ , ਭੌਤਿਕ ਵਿਗਿਆਨ , ਗਣਿਤ , ਦੋ ਗ਼ੈਰ ਅਧਿਆਪਕ ਵਿਭਾਗ— ਪੰਜਾਬ ਇਤਿਹਾਸ ਅਧਿਐਨ ਅਤੇ ਅਨੁਵਾਦ ਵਿਭਾਗ— ਸਥਾਪਿਤ ਕੀਤੇ ਗਏ । ਯੂਨੀਵਰਸਿਟੀ ਦੇ ਅਧਿਕਾਰ ਖੇਤਰ ਵਿਚ 3 ਆਰਟਸ ਅਤੇ 6 ਵਿਵਸਾਇਕ ਕਾਲਜ ਸਨ । ਡਾ. ਭਾਈ ਜੋਧ ਸਿੰਘ ਨੂੰ ਇਸ ਦਾ ਵਾਈਸ- ਚਾਂਸਲਰ ਅਤੇ ਪ੍ਰੋ. ਹਰਬੰਸ ਸਿੰਘ ਨੂੰ ਰਜਿਸਟ੍ਰਾਰ ਨਿਯੁਕਤ ਕੀਤਾ ਗਿਆ ।

ਯੂਨੀਵਰਸਿਟੀ ਸਥਾਪਿਤ ਕਰਨ ਲਈ ਮੌਜੂਦਾ ਥਾਂ ਮਹਾਰਾਜਾ ਪਟਿਆਲਾ ਦੀ ਅਗਵਾਈ ਅਧੀਨ ਸਥਾਪਿਤ ਕਮੇਟੀ ਦੀ ਰਿਪੋਰਟ ਦੇ ਆਧਾਰ’ ਤੇ 27 ਮਾਰਚ 1963 ਨੂੰ ਚੁਣੀ ਗਈ । ਮੌਜੂਦਾ ਕੈਂਪਸ ਦੀ ਉਸਾਰੀ 29 ਫਰਵਰੀ 1964 ਈ. ਨੂੰ ਸ਼ੁਰੂ ਕਰਨ ਉਪਰੰਤ 21 ਜੁਲਾਈ 1965 ਈ. ਨੂੰ ਵਾਈਸ ਚਾਂਸਲਰ ਕ੍ਰਿਪਾਲ ਸਿੰਘ ਨਾਰੰਗ ਨੇ ਅਕਾਦਮਿਕ ਸਰਗਰਮੀਆਂ ਦੀ ਸ਼ੁਰੂਆਤ ਹੋਸਟਲ ਨੰਬਰ 4 ਦੀ ਮੌਜੂਦਾ ਮੈੱਸ ਵਿਚ ਕੀਤੀ ਅਤੇ ਯੂਨੀਵਰਸਿਟੀ ਪਰਿਸਰ ਵਿਚ ਕੰਮ ਸ਼ੁਰੂ ਹੋ ਗਿਆ । ਯੂਨੀਵਰਸਿਟੀ ਦੀ ਸਥਾਪਨਾ ਦੇ ਮੁੱਖ ਉਦੇਸ਼ ਅਨੁਸਾਰ ਪੰਜਾਬੀ ਭਾਸ਼ਾ , ਸਭਿਆਚਾਰ ਅਤੇ ਸਾਹਿਤ ਦੇ ਵਿਕਾਸ ਲਈ ਸਿਖਿਆ ਦਾ ਮਾਧਿਅਮ ਸੈਨੇਟ ਰਾਹੀਂ ਪੰਜਾਬੀ ਨੂੰ ਬਣਾਇਆ ਗਿਆ । ਪਹਿਲਾਂ ਇਸ ਯੂਨੀਵਰਸਿਟੀ ਦਾ ਸਰੂਪ ‘ ਰੈਜ਼ੀਡੈਨਸ਼ਲ’ ਵਾਲਾ ਸੀ , ਪਰ ਬਾਦ ਵਿਚ ਇਸ ਨਾਲ ਮਾਲਵਾ ਖੇਤਰ ਦੇ ਬਹੁਤ ਸਾਰੇ ਕਾਲਜ ਸੰਬੰਧਿਤ ਕਰ ਦਿੱਤੇ ਗਏ । ਸਮੇਂ ਦੀ ਚਾਲ ਅਨੁਸਾਰ ਪੰਜਾਬੀ ਯੂਨੀਵਰਸਿਟੀ ਅਧੀਨ ਹੁਣ 71 ਕਾਲਜ , ਤਲਵੰਡੀ ਸਾਬੋ , ਬਠਿੰਡਾ , ਮਲੇਰਕੋਟਲਾ ਆਦਿ ਥਾਂਵਾਂ’ ਤੇ ਰਿਜਨਲ ਸੈਂਟਰ , ਡਾ. ਨੋਰਾ ਰਿਚਰਡ ਦੀ ਯਾਦ ਨੂੰ ਸਮਰਪਿਤ ਅੰਦਰੇਟਾ ਸੈਂਟਰ , ਦੇਹਰਾਦੂਨ ਵਿਖੇ ਸਿੱਖ ਧਰਮ ਦੇ ਵਿਕਾਸ ਲਈ ਸੈਂਟਰ ਅਤੇ ਨਿਰੁਕਤ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਾਜੈਕਟ , ਵਿਦੇਸ਼ਾਂ ਵਿਚ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਇਸਪੇਨੋਲਾ , ਨਿਊਯਾਰਕ ( ਅਮਰੀਕਾ ) ਅਤੇ ਕੁਵੈਤ ਵਿਖੇ ਸੈਂਟਰ ਸਥਾਪਿਤ ਹਨ ।

ਪੰਜਾਬੀ ਯੂਨੀਵਰਸਿਟੀ ਦੀ ਲਾਇਬ੍ਰੇਰੀ ਅਹਿਮ ਸੰਸਥਾ ਹੈ ਜਿਸ ਵਿਚ ਅਧਿਆਪਨ ਅਤੇ ਖੋਜ ਦੀਆਂ ਭਿੰਨ ਭਿੰਨ ਗਤਿਵਿਧੀਆਂ ਚਲ ਰਹੀਆਂ ਹਨ । ਪੰਜਾਬੀ ਰੈਫਰੈਂਸ ਲਾਇਬ੍ਰੇਰੀ ਇਸ ਦਾ ਅਨਿਖੜਵਾਂ ਅੰਗ ਹੈ । ਅਮਰੀਕਾ ਦੀ ਹਾਰਵਰਡ ਯੂਨੀਵਰਸਿਟੀ ਤੋਂ ਬਾਦ ਇਹ ਸੰਸਾਰ ਦੀ ਦੂਜੀ ਯੂਨੀਵਰਸਿਟੀ ਹੈ ਜਿਥੇ ਸੰਸਾਰ ਦੇ ਪ੍ਰਮੁਖ ਧਰਮਾਂ— ਸਿੱਖ , ਇਸਲਾਮ , ਹਿੰਦੂਮਤ , ਬੌਧਮਤ ਅਤੇ ਈਸਾਈ ਮਤ— ਦੇ ਤੁਲਨਾਤਮਕ ਅਧਿਐਨ ਦਾ ਵਿਭਾਗ ਹੈ । ਇਸ ਵਿਭਾਗ ਦੀ ਸਭ ਤੋਂ ਮਹੱਤਵਪੂਰਣ ਦੇਣ Encylopaedia of Sikhism ਹੈ । ਪੰਜਾਬੀ ਦੇ ਵਿਕਾਸ ਲਈ ਇਸ ਯੂਨੀਵਰਸਿਟੀ ਵਿਚ ‘ ਪੰਜਾਬੀ ਭਾਸ਼ਾ ਵਿਕਾਸ ਵਿਭਾਗ’ ਕਾਇਮ ਕੀਤਾ ਗਿਆ । ਇਸ ਵਿਭਾਗ ਵਲੋਂ ਮੌਲਿਕ ਅਤੇ ਅਨੁਵਾਦਿਕ ਸੈਂਕੜੇ ਪੁਸਤਕਾਂ ਛਾਪੀਆਂ ਗਈਆਂ ਹਨ । ‘ ਪੰਜਾਬੀ ਸਾਹਿਤ ਦਾ ਸਰੋਤ ਮੂਲਕ ਇਤਿਹਾਸ’ ਇਸ ਵਿਭਾਗ ਦੀ ਮਹੱਤਵ- ਪੂਰਣ ਪ੍ਰਕਾਸ਼ਨਾ ਹੈ । ਪੰਜਾਬੀ ਸਾਹਿਤ ਅਧਿਐਨ ਵਿਭਾਗ ਦੁਆਰਾ ਪੰਜਾਬੀ ਦੇ ਵਿਕਾਸ ਲਈ ਅਨੇਕ ਯੋਜਨਾਵਾਂ ਉਤੇ ਕੰਮ ਕੀਤਾ ਜਾ ਰਿਹਾ ਹੈ । ਗੁਰੂ ਗ੍ਰੰਥ ਸਾਹਿਬ ਦੇ ਅਧਿਐਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਦੀ ਸਥਾਪਨਾ ਕੀਤੀ ਗਈ ਸੀ ਜਿਸ ਵਲੋਂ ‘ ਆਦਿ ਗ੍ਰੰਥ : ਸ਼ਬਦ ਅਨੁਕ੍ਰਮਣਿਕਾ’ , ‘ ਗੁਰੂ ਗ੍ਰੰਥ ਵਿਸ਼ਵਕੋਸ਼ ’ , ‘ ਗਰੂ ਗ੍ਰੰਥ : ਸ਼ਬਦਾਰਥ ਕੋਸ਼ ’ , ‘ ਨਿਰੁਕਤ ਸ੍ਰੀ ਗੁਰੂ ਗ੍ਰੰਥ ਸਾਹਿਬ’ ਆਦਿ ਹਵਾਲਾ ਗ੍ਰੰਥ ਪ੍ਰਕਾਸ਼ਿਤ ਹੋਏ ਹਨ ।

ਯੂਨੀਵਰਸਿਟੀ ਦੁਆਰਾ 1966 ਵਿਚ ਸਥਾਪਿਤ ਪ੍ਰਕਾਸ਼ਨ ਬਿਊਰੋ ਹੁਣ ਤਕ 1500 ਪੁਸਤਕਾਂ ਪ੍ਰਕਾਸ਼ਿਤ ਕਰ ਚੁੱਕਾ ਹੈ । ਆਧੁਨਿਕ ਮੀਡੀਆ ਸੈਂਟਰ , ਅਜਾਇਬਘਰ , ਆਰਟ ਗੈਲਰੀ , ਪੰਜਾਬੀ ਭਵਨ , ਵਾਰਿਸ ਭਵਨ , ਯੂਨੀਵਰਸਿਟੀ ਦੇ ਪ੍ਰਮੁਖ ਸਭਿਆਚਾਰਿਕ ਕੇਂਦਰ ਹਨ ।

ਖੇਡਾਂ ਦੇ ਖੇਤਰ’ ਚ ਯੂਨੀਵਰਸਿਟੀ ਕੋਲ ਵਿਸ਼ਾਲ ਜਿਮਨੇਜ਼ੀਅਮ ਅਤੇ ਇਨਡੋਰ ਖੇਡਾਂ ਲਈ ਵੱਡੇ ਹਾਲ ਤੋਂ ਇਲਾਵਾ ‘ ਵੈਲੋਡਰਮ’ ਹੈ । ਸਾਇੰਸ ਫੈਕਲਟੀ ਦੇ ਮੈਂਬਰਾਂ ਨੇ ਯੂਨੀਵਰਸਿਟੀ ਦੇ ਮਾਧਿਅਮ ਪਰਿਵਰਤਨ ਵਿਚ ਮਹੱਤਵ- ਪੂਰਣ ਯੋਗਦਾਨ ਪਾਇਆ ਹੈ । ਪੰਜਾਬੀ ਯੂਨੀਵਰਸਿਟੀ ਦੇਸ਼ ਦੀ ਪਹਿਲੀ ਯੂਨੀਵਰਸਿਟੀ ਹੈ ਜਿਸ ਵਿਚ ਤਾਰਾ ਵਿਗਿਆਨ ਅਤੇ ਪੁਲਾੜ ਵਿਗਿਆਨ ਵਿਭਾਗ ਦੇ ਕੈਂਪਸ ਵਿਚ ਰਡਾਰ ਕੰਮ ਕਰ ਰਹੇ ਹਨ ।

ਸੰਨ 1968 ਈ. ਵਿਚ ਸਥਾਪਿਤ ਕੀਤੇ ਗਏ ਪੱਤਰ ਵਿਹਾਰ ਸਿੱਖਿਆ ਵਿਭਾਗ ਵਿਚ ਖੇਤਰੀ ਭਾਸ਼ਾ ਨੂੰ ਸਿੱਖਿਆ ਦਾ ਮਾਧਿਅਮ ਬਣਾਇਆ ਗਿਆ ਹੈ । ਇਸ ਵਿਭਾਗ ਰਾਹੀਂ ਸੰਨ 1975 ਈ. ਤੋਂ ਅਜ ਤਕ ਫ਼ਾਰਸੀ , ਉਰਦੂ , ਜਰਮਨ , ਫਰੈਂਚ , ਚੀਨੀ , ਤਿੱਬਤੀ ਆਦਿ ਭਾਸ਼ਾਵਾਂ ਦੇ ਕੋਰਸ ਰੋਮਨ ਲਿਪੀ ਰਾਹੀਂ ਕਰਵਾਏ ਜਾਂਦੇ ਹਨ । ਪੱਤਰ ਵਿਹਾਰ ਵਿਭਾਗ ਵਿਚ ਹਰ ਸਾਲ 7 ਤੋਂ 10 ਹਜ਼ਾਰ ਤਕ ਵਿਦਿਆਰਥੀ ਦਾਖ਼ਲਾ ਲੈਂਦੇ ਹਨ । ਸਪੀਚ ਅਤੇ ਡਰਾਮੇ ਦੇ ਖੇਤਰ ਵਿਚ ਪੰਜਾਬੀ ਯੂਨੀਵਰਸਿਟੀ , ਉੱਤਰੀ ਭਾਰਤ ਦੀ ਪਹਿਲੀ ਯੂਨੀਵਰਸਿਟੀ ਹੈ ਜਿਥੇ ਸਪੀਚ ਅਤੇ ਡਰਾਮੇ ਦਾ ਵਿਭਾਗ ਖੋਲ੍ਹਿਆ ਗਿਆ ਹੈ । ਗੁਰਮਤਿ ਸੰਗੀਤ ਦੀ ਸਿਖਿਆ ਲਈ ਵੀ ਵਖਰਾ ਵਿਭਾਗ ਸਥਾਪਿਤ ਕੀਤਾ ਗਿਆ ਹੈ ।

ਪੰਜਾਬੀ ਯੂਨੀਵਰਸਿਟੀ ਨੇ ਪੰਜਾਬ ਦੇ ਵਿਦਿਅਕ , ਸਭਿਆਚਾਰਿਕ ਅਤੇ ਸਾਹਿਤਿਕ ਖੇਤਰ ਵਿਚ ਨਵੀਂ ਸੇਧ ਦਿੱਤੀ ਹੈ । ਇਸ ਨੇ ਪੰਜਾਬੀ ਦੇ ਅਨੇਕਾਂ ਵਿਦਵਾਨਾਂ ਜਿਵੇਂ ਭਾਈ ਜੋਧ ਸਿੰਘ , ਪ੍ਰੋ. ਗੁਲਵੰਤ ਸਿੰਘ , ਡਾ. ਹਰਚਰਨ ਸਿੰਘ , ਡਾ. ਰਤਨ ਸਿੰਘ ਜੱਗੀ , ਡਾ. ਦਲੀਪ ਕੌਰ ਟਿਵਾਣਾ , ਗਿਆਨੀ ਲਾਲ ਸਿੰਘ , ਡਾ. ਅਤਰ ਸਿੰਘ ਆਦਿ ਤੋਂ ਸਹਿਯੋਗ ਹਾਸਲ ਕੀਤਾ ਹੈ । ਆਪਣੇ ਆਸ਼ੇ ਦੀ ਪੂਰਤੀ ਲਈ ਇਹ ਸੰਸਥਾ ਪੂਰੀ ਤਰ੍ਹਾਂ ਯਤਨਸ਼ੀਲ ਹੈ ।  


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3718, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.