ਬਵੰਜਾ/ਬਾਵਨ ਕਵੀ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਬਵੰਜਾ/ਬਾਵਨ ਕਵੀ: ਇਸ ਤੋਂ ਭਾਵ ਹੈ ਕਿ ਉਹ 52 ਕਵੀ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿਚ ਰਹਿੰਦੇ ਸਨ। ਗੁਰੂ ਜੀ ਦੇ ਮਨ ਵਿਚ ਇਹ ਖ਼ਿਆਲ ਪੈਦਾ ਹੋਇਆ ਕਿ ਨਵ-ਸਿਰਜਿਤ ਖ਼ਾਲਸੇ ਦੇ ਗਿਆਨ-ਵਰਧਨ ਲਈ ਸੰਸਕ੍ਰਿਤ ਵਿਚ ਉਪਲਬਧ ਗ੍ਰੰਥਾਂ ਦਾ ਪੰਜਾਬੀ ਵਿਚ ਉਲਥਾ ਕਰਵਾਇਆ ਜਾਏ। ਇਸ ਸੰਬੰਧ ਵਿਚ ਸੰਨ 1776 ਈ. (1833 ਬਿ.) ਵਿਚ ਬਾਬਾ ਸਰੂਪ ਦਾਸ ਭੱਲਾ ਦੁਆਰਾ ਰਚੇਮਹਿਮਾ ਪ੍ਰਕਾਸ਼ ’ ਵਿਚ ਇਕ ਸਾਖੀ ਦਰਜ ਹੈ—ਆਗੇ ਸਾਖੀ ਬੇਦ ਬਿਦਿਆ ਪ੍ਰਕਾਸ ਕਰਣ ਕੀ ਅਰੁ ਬਚਿਤ੍ਰ ਨਾਟਕ ਕੀ ਬਾਨੀ ਕੀ ਸੰਗਿਆ ਕੀ ਨਿਰੂਪਨ ਹੋਇਗੀ

ੋਹਰਾ :

ੇਦ ਬਿਦਿਆ ਪ੍ਰਕਾਸ ਕੋ ਸੰਕਲਪ ਧਰਿਓ ਮਨ ਦਿਆਲ

ੰਡਤ ਪੁਰਾਨ ਇਕਤ੍ਰ ਕਰ ਭਾਖਾ ਰਚੀ ਬਿਸਾਲ1

ੌਪਈ :

ਆਗਿਆ ਕੀਨੀ ਸਤਗੁਰੁ ਦਿਆਲ

ਬਿਦਿਆਵਾਨ ਪੰਡਤ ਲੇਹੁ ਭਾਲ

ਜੋ ਜਿਸ ਬਿਦਿਆ ਗਿਆਤਾ ਹੋਈ

ਵਹੀ ਪੁਰਾਨ ਸੰਗ ਲਿਆਵੇ ਸੋਈ2

ਦੇਸ ਦੇਸ ਕੋ ਸਿਖ ਚਲਾਏ

ਪੰਡਤ ਪੁਰਾਨ ਸੰਗਤਿ ਲਿਆਏ

ਬਾਨਾਰਸ ਆਦਿ ਜੋ ਬਿਦਿਆ ਠੌਰ

ਪੰਡਤ ਸਭ ਵਿਦਿਆ ਸਿਰਮੌਰ3

ਸਤਗੁਰੁ ਕੇ ਆਇ ਇਕਤ੍ਰ ਸਭ ਭਏ

ਬਹੁ ਆਦਰ ਸਤਗੁਰੁ ਜੋ ਦਏ...

ਗੁਰਮੁਖੀ ਲਿਖਾਰੀ ਨਿਕਟ ਬੁਲਾਏ

ਤਾਕੇ ਸਭ ਬਿਧ ਦਈ ਬੁਝਾਏ

ਕਰ ਭਾਖਾ ਲਿਖੋ ਗੁਰਮੁਖੀ ਭਾਈ

ਮੁਨਿ ਮੋਕੋ ਦੇਹੁ ਕਥਾ ਸੁਨਾਈ5

ਦੋਹਰਾ :

ਨਨੂਆ ਬੈਰਾਗੀ ਸਿਆਮ ਕਬ ਬ੍ਰਹਮ ਭਾਟ ਜੋ ਆਹਾ

ਨਿਹਚਲ ਫਕੀਰ ਗੁਰ ਬਡੇ ਗੁਨਸ ਗੁਨ ਤਾਹਾ6

ੌਪਈ :

ਅਵਰ ਕੇਤਕ ਤਿਨ ਨਾਮ ਜਾਨੋ

ਲਿਖੇ ਸਗਲ ਪੁਨਿ ਕਰੇ ਬਖਾਨੋ

ਚਾਰ ਬੇਦ ਦਸ ਅਸਟ ਪੁਰਾਨਾ

ਛੇ ਸਾਸਤ੍ਰ ਸਿੰਮੑਤ ਆਨਾ7

ਚੌਬੀਸ ਅਵਤਾਰ ਕੋ ਭਾਖਾ ਕੀਨਾ

ਚਾਰ ਸੌ ਚਾਰ ਚਲਿਤ੍ਰ ਨਵੀਨਾ

ਭਾਖਾ ਬਨਾਈ ਪ੍ਰਭ ਸ੍ਰਵਨ ਕਰਾਈ

ਭਏ ਪਰਸਨ ਸਤਗੁਰ ਮਨ ਭਾਈ8

ਸਭ ਸਹੰਸਕ੍ਰਿਤ ਭਾਖਾ ਕਰੀ

ਬਿਦਿਆ ਸਾਗਰ ਗ੍ਰਿੰਥ ਪਰ ਚੜੀ

ਬਿਦਿਆ ਸਾਗਰ ਭਏ ਤਿਆਰ

ਕਛ ਸੋਭਾ ਅੰਤ ਨਾ ਪਾਰਾਵਾਰ9

ਸਤਿਗੁਰ ਸ੍ਰੀ ਮੁਖ ਕਹਿਓ ਬਿਖਾਨਾ

ਮੈ ਭਾਖਾ ਰਚੀ ਪੜੇ ਸੁਗਮ ਸੁਜਾਨਾ

ਪੜਤੇ ਸੰਸਕ੍ਰਿਤ ਮਨ ਉਕਤਾਈ

ਭਾਖਾ ਪੜਤੇ ਚਿਤ ਲਗਾਈ10

ਉਪਰੋਕਤ ਸੰਦਰਭ ਤੋਂ ਸਪੱਸ਼ਟ ਹੈ ਕਿ ਗੁਰੂ ਜੀ ਨੇ ਸੰਸਕ੍ਰਿਤ ਗ੍ਰੰਥਾਂ ਦੇ ਪੰਜਾਬੀ/ਹਿੰਦੀ ਵਿਚ ਰੂਪਾਂਤਰ ਤਿਆਰ ਕਰਵਾਉਣ ਲਈ ਯਤਨ-ਪੂਰਵਕ ਵਿਦਿਆ ਕੇਂਦਰਾਂ ਤੋਂ ਵਿਦਵਾਨ ਬੁਲਵਾਏ। ਇਸ ਸਾਖੀ ਵਿਚ ਕਵੀ ਨੇ ਕੇਵਲ ਨਨੂਆ ਬੈਰਾਗੀ , ਸਿਆਮ ਕਵੀ, ਬ੍ਰਹਮ ਭਾਟ, ਨਿਹਚਲ ਫ਼ਕੀਰ ਨਾਂ ਦੇ ਚਾਰ ਵਿਦਵਾਨਾਂ/ਕਵੀਆਂ ਦੇ ਨਾਂ ਦਿੱਤੇ ਹਨ। ਨਾਲੇ ਇਹ ਵੀ ਦਸਿਆ ਹੈ ਕਿ ਹੋਰ ਵੀ ਅਨੇਕ ਵਿਦਵਾਨ/ਕਵੀ ਮੌਜੂਦ ਸਨ ਜਿਨ੍ਹਾਂ ਦੇ ਨਾਂ ਉਸ ਨੂੰ ਪਤਾ ਨਹੀਂ। ਇਹ ਸਾਰੀ ਸਾਮਗ੍ਰੀ ‘ਵਿਦਿਆ ਸਾਗਰ’ ਨਾਂ ਦੇ ਗ੍ਰੰਥ ਵਿਚ ਚੜ੍ਹਾਈ ਗਈ

ਭਾਈ ਸੰਤੋਖ ਸਿੰਘ ਨੇ ਸੰਨ 1843 ਈ. (1900 ਬਿ.) ਵਿਚ ਮੁਕੰਮਲ ਕੀਤੇ ‘ਗੁਰ ਪ੍ਰਤਾਪ ਸੂਰਜ ’ ਗ੍ਰੰਥ (ਰਿਤੂ 3/ਅੰਸੂ 51) ਵਿਚ ਗੁਰੂ ਦਰਬਾਰ ਦੇ ਕਵੀਆਂ ਦੀ ਗਿਣਤੀ 52 ਦਸੀ ਹੈ :

            ਹੁਤੇ ਬਵੰਜਾ ਕਵਿ ਗੁਰ ਪਾਸ

ਸਭਿ ਹੀ ਬਾਨੀ ਕਰਹਿ ਪ੍ਰਕਾਸ47

ਸਤਿਗੁਰ ਸਭੀ ਇਕਤ੍ਰ ਕਰਿਵਾਵੈਂ

ਪਤ੍ਰੇ ਦੀਰਘ ਪਰ ਲਿਵਾਵੈ

ਨਾਮ ਗ੍ਰੰਥ ਕੋ ਵਿਦਿਆ ਸਾਗਰ

ਰਾਖਨ ਕੀਨੋ ਸ੍ਰੀ ਪ੍ਰਭੁ ਨਾਗਰ48

ਇਸ ਤੋਂ ਇਲਾਵਾ ਭਾਈ ਸੰਤੋਖ ਸਿੰਘ ਨੇ ਇਹ ਵੀ ਮੰਨਿਆ ਹੈ ਕਿ ਬਵੰਜਾ ਕਵੀ ਤਾਂ ਸਦਾ ਗੁਰੂ-ਦਰਬਾਰ ਵਿਚ ਰਹਿੰਦੇ ਸਨ। ਉਨ੍ਹਾਂ ਤੋਂ ਇਲਾਵਾ ਗੁਰੂ-ਜਸ ਕਰਨ ਲਈ ਕਈ ਹੋਰ ਆਉਂਦੇ ਜਾਉਂਦੇ ਵੀ ਰਹੇ ਹਨ—ਬਾਵਨ ਕਵੀ ਹਜੂਰ ਗੁਰ ਰਹਿਤ ਸਦਾ ਹੀ ਪਾਸ ਆਵਹਿੰ ਜਾਹਿੰ ਅਨੇਕ ਹੀ ਕਹਿ ਜਸ ਲੈ ਧਨ ਰਾਸ (ਰੁਤ 3/ਅਧਿ.51)

ਭਾਈ ਸੰਤੋਖ ਸਿੰਘ ਤੋਂ ਬਾਦ ਦੇ ਲੇਖਕਾਂ ਨੇ ਕਵੀਆਂ ਦੀ 52 ਸੰਖਿਆ ਹੀ ਸਵੀਕਾਰੀ ਹੈ। ਮਹਾਨ- ਕੋਸ਼ਕਾਰ ਨੇ ਇਨ੍ਹਾਂ ਦੇ ਨਾਂ ਇਸ ਪ੍ਰਕਾਰ ਦਿੱਤੇ ਹਨ—(1) ਉਦੇ ਰਾਯ, (2) ਅਣੀਰਾਯ, (3) ਅਮ੍ਰਿਤ ਰਾਯ, (4) ਅੱਲੂ , (5) ਆਸਾ ਸਿੰਘ, (6) ਆਲਿਮ , (7) ਈਸ਼੍ਵਰਦਾਸ, (8) ਸੁਖਦੇਵ , (9) ਸੁੱਖਾ ਸਿੰਘ , (10) ਸੁਖੀਆ , (11) ਸੁਦਾਮਾ, (12) ਸੈਨਾਪਤਿ , (13) ਸ਼ੑਯਾਮ, (14) ਹੀਰ , (15) ਹੁਸੈਨ ਅਲੀ, (16) ਹੰਸ ਰਾਮ , (17) ਕੱਲੂ , (18) ਕੁਰਵੇਸ਼, (19) ਖ਼ਾਨਚੰਦ, (20) ਗੁਣੀਆ, (21) ਗੁਰਦਾਸ, (22) ਗੋਪਾਲ , (23) ਚੰਦਨ , (24) ਚੰਦਾ , (25) ਜਮਾਲ, (26) ਟਹਕਨ, (27) ਧਰਮ ਸਿੰਘ, (28) ਧੰਨਾ ਸਿੰਘ, (29) ਧਿਆਨ ਸਿੰਘ, (30) ਨਾਨੂ, (31) ਨਿਸਚਲਦਾਸ, (32) ਨਿਹਾਲ ਸਿੰਘ, (33) ਨੰਦਾ ਸਿੰਘ, (34) ਨੰਦ ਲਾਲ , (35) ਪਿੰਡੀ ਦਾਸ , (36) ਬੱਲਭ, (37) ਬਲੂ , (38) ਬਿਧੀਚੰਦ, (39) ਬੁਲੰਦ, (40) ਬ੍ਰਿਖ, (41) ਬ੍ਰਿਜਲਾਲ, (42) ਮਥੁਰਾ , (43) ਮਦਨ ਸਿੰਘ, (44) ਮਦਨ ਗਿਰਿ, (45) ਮੱਲੂ , (46) ਮਾਨਦਾਸ, (47) ਮਾਲਾ ਸਿੰਘ, (48) ਮੰਗਲ , (49) ਰਾਮ ਸਿੰਘ , (50) ਰਾਵਲ, (51) ਰੋਸ਼ਨ ਸਿੰਘ, (52) ਲੱਖਾ

ਉਕਤ ਕਵੀਆਂ ਵਿਚੋਂ ਕੁਝ ਦੀਆਂ ਰਚਨਾਵਾਂ ਜਿਨ੍ਹਾਂ ਦੇ ਉਤਾਰੇ ਖ਼ੁਦ ਕਵੀਆਂ ਪਾਸ ਜਾਂ ਉਨ੍ਹਾਂ ਦੇ ਪ੍ਰੇਮੀਆਂ ਪਾਸ ਸੰਭਾਲੇ ਹੋਏ ਸਨ, ਉਹ ਹੁਣ ਪੋਥੀਆਂ ਦੇ ਰੂਪ ਵਿਚ ਉਪਲਬਧ ਹਨ। ‘ਵਿਦਿਆ ਸਾਗਰ’ ਵਿਚ ਕਿਹੜੀ ਕਿਹੜੀ ਰਚਨਾ ਸ਼ਾਮਲ ਕੀਤੀ ਗਈ ਸੀ , ਇਸ ਬਾਰੇ ਹੁਣ ਕੋਈ ਜਾਣਕਾਰੀ ਉਪਲਬਧ ਨਹੀਂ ਹੈ।

ਪਿਆਰਾ ਸਿੰਘ ਪਦਮ ਨੇ ਆਪਣੀ ਪੁਸਤਕ ‘ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਰਤਨ ’ ਵਿਚ ਉਨ੍ਹਾਂ ਕਵੀਆਂ ਨੂੰ ਵੀ ਸੂਚੀ ਵਿਚ ਸ਼ਾਮਲ ਕਰ ਲਿਆ ਹੈ ਜੋ ਰਬ-ਸਬਬੀ ਜਾਂ ਕਦੇਂ ਕਦਾਈ ਗੁਰੂ-ਦਰਬਾਰ ਵਿਚ ਆਉਂਦੇ ਜਾਂਦੇ ਰਹਿੰਦੇ ਸਨ। ਉਨ੍ਹਾਂ ਨੂੰ ਮਿਲਾ ਕੇ ਕਵੀਆਂ ਦੀ ਕੁਲ ਗਿਣਤੀ 76 ਦਸੀ ਗਈ ਹੈ।

ਉਕਤ ਕਵੀਆਂ ਵਿਚੋਂ ਕੁਝ ਦੀਆਂ ਉਪਲਬਧ ਰਚਨਾਵਾਂ ਦਾ ਵੇਰਵਾ ਇਸ ਪ੍ਰਕਾਰ ਹੈ :

(1)    ਭਾਈ ਨੰਦ ਲਾਲ ਗੋਯਾਜ਼ਿੰਦਗੀਨਾਮਹ , ਗੰਜਨਾਮਹ , ਜੋਤਿ ਵਿਕਾਸ , ਤੌਸੰਫ਼ੋਸਨਾ, ਦਸਤੂਰਲ ਇਨਸ਼ਾ, ਦੀਵਾਨ ਗੋਯਾ, ਅਰਜ਼ੁਲ ਅਲਫ਼ਾਜ਼ ਆਦਿ (ਫ਼ਾਰਸੀ ਵਿਚ)।

(2)    ਅੰਮ੍ਰਿਤ ਰਾਇ— ਚਿਤ੍ਰ ਬਿਲਾਸ, ਰਸ ਰਤਨਾਕਰ, ਸਭਾ ਪਰਵ (ਮਹਾਭਾਰਤ)।

(3)    ਹੰਸ ਰਾਮ — ਕਰਣ ਪਰਵ (ਮਹਾਭਾਰਤ)।

(4)    ਕੁਰਵੇਸ਼ — ਦ੍ਰੇਣੋ ਪਰਵ (ਮਹਾਭਾਰਤ)।

(5)    ਮੰਗਲ— ਸ਼ਲੑਯ ਪਰਵ (ਮਹਾਭਾਰਤ)।

(6)    ਸੈਨਾਪਤਿ— ਸ੍ਰੀ ਗੁਰ ਸ਼ੋਭਾ

(7)    ਚੰਦਨ — ਫੁਟਕਲ ਕਵਿਤਾ।

(8)    ਅਣੀ ਰਾਇ— ਜੰਗਨਾਮਾ ਗੁਰੂ ਗੋਬਿੰਦ ਸਿੰਘ ਜੀ

(9)    ਆਲਮ— ਫੁਟਕਲ ਕਬਿਤ-ਸਵੈਯੇ।

(10)  ਧਰਮ ਸਿੰਘ — ਹਿਤੋਪਦੇਸ਼

(11)   ਟਹਿਕਨ— ਜੈਮਨੀਯ ਅਸ਼੍ਵਮੇਧ ਅਤੇ ਰਤਨਦਾਮ।

(12)  ਗੁਰਦਾਸ— ਵਾਰ ਖ਼ਾਲਸੇ ਕੀ।

(13)      ਰਾਮ— ਕਵਿ ਤਰੰਗ (ਖ਼ੈਰੁਲ ਤਜਾਰਬ ਦਾ ਕਾਵਿ ਅਨੁਵਾਦ)।

ਰਾਮ ਅਤੇ ਸ਼ਿਆਮ ਨਾਂ ‘ਦਸਮ ਗ੍ਰੰਥ ’ ਵਿਚ ਸੰਕਲਿਤ ਬਾਣੀਆਂ ਵਿਚ ਵੀ ਆਏ ਹਨ। ਦਸਮ ਗ੍ਰੰਥ ਸੰਬੰਧੀ ਪੂਰਬ ਪੱਖ ਵਾਲੇ ਵਿਦਵਾਨ ਇਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੀਆਂ ਕਵੀ-ਛਾਪਾਂ ਕਹਿੰਦੇ ਹਨ ਅਤੇ ਉਤਰ ਪੱਖ ਵਾਲੇ ਇਨ੍ਹਾਂ ਨੂੰ ਸੁਤੰਤਰ ਕਵੀ ਸਿੱਧ ਕਰਦੇ ਹਨ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1693, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.