ਬੁੱਲ੍ਹੇਸ਼ਾਹ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਬੁੱਲ੍ਹੇਸ਼ਾਹ ( 1680– 1758 ) : ਪੰਜਾਬ ਦਾ ਇੱਕ ਪ੍ਰਸਿੱਧ ਸੂਫ਼ੀ ਦਰਵੇਸ਼ ਅਤੇ ਪੰਜਾਬੀ ਦਾ ਇੱਕ ਮਹਾਨ ਸੂਫ਼ੀ ਕਵੀ ਹੈ । ਉਸ ਨੇ ਪੰਜਾਬੀ ਵਿੱਚ ਬਹੁਤ ਸਾਰੀ ਕਵਿਤਾ ਦੀ ਰਚਨਾ ਕੀਤੀ , ਖ਼ਾਸ ਤੌਰ ’ ਤੇ ਉਸ ਦੀਆਂ ਲਿਖੀਆਂ ‘ ਕਾਫ਼ੀਆਂ’ ਬਹੁਤ ਪ੍ਰਸਿੱਧ ਹਨ ਤੇ ਅਕਸਰ ਸੂਫ਼ੀਆਂ ਦੀਆਂ ਮਹਿਫ਼ਲਾਂ ਵਿੱਚ ਕੱਵਾਲਾਂ ਦੁਆਰਾ ਗਾਈਆਂ ਜਾਂਦੀਆਂ ਹਨ । ਬੁੱਲ੍ਹੇਸ਼ਾਹ ਦਾ ਅਸਲੀ ਨਾਂ ਅਬਦੁੱਲਾ ਸੀ । ਉਸ ਦੇ ਪਿਤਾ ਦਾ ਨਾਂ ਸਖ਼ੀ ਮੁਹੰਮਦ ਦਰਵੇਸ਼ ਸੀ । ਬੁੱਲ੍ਹੇਸ਼ਾਹ ਦਾ ਜਨਮ 1680 ਵਿੱਚ ਜ਼ਿਲ੍ਹਾ ਲਾਹੌਰ ਦੇ ਸ਼ਹਿਰ ਕਸੂਰ ਨੇੜੇ ਪਿੰਡ ਪਾਂਡੋਕੇ ਵਿੱਚ ਹੋਇਆ ( ਜੋ ਹੁਣ ਪਾਕਿਸਤਾਨ ਵਿੱਚ ਹੈ ) । ਬੁੱਲ੍ਹੇਸ਼ਾਹ ਦਾ ਪਿਤਾ ਪਿੰਡ ਦੀ ਮਸਜਿਦ ਵਿੱਚ ਨਮਾਜ਼ ਪੜ੍ਹਾਇਆ ਕਰਦਾ ਸੀ ਅਤੇ ਇਸ ਦੇ ਨਾਲ-ਨਾਲ ਪਿੰਡ ਦੇ ਬੱਚਿਆਂ ਨੂੰ ਅਰਬੀ , ਉਰਦੂ ਅਤੇ ਫ਼ਾਰਸੀ ਆਦਿ ਭਾਸ਼ਾਵਾਂ ਦੀ ਸਿੱਖਿਆ ਵੀ ਦਿੰਦਾ ਸੀ ।

        ਬੁੱਲ੍ਹੇਸ਼ਾਹ ਨੇ ਮੁਢਲੀ ਵਿੱਦਿਆ ਆਪਣੇ ਪਿਤਾ ਪਾਸੋਂ ਹੀ ਪ੍ਰਾਪਤ ਕੀਤੀ । ਛੋਟੀ ਉਮਰੇ ਪੜ੍ਹਾਈ ਦੇ ਨਾਲ-ਨਾਲ ਉਸ ਨੇ ਡੰਗਰ ਚਾਰਨ ਦਾ ਕੰਮ ਵੀ ਕੀਤਾ । ਵੱਡਾ ਹੋਇਆ ਤਾਂ ਉਚੇਰੀ ਵਿੱਦਿਆ ਲਈ ਪਿੰਡ ਛੱਡ ਕੇ ਕਸੂਰ ਸ਼ਹਿਰ ਚਲਾ ਗਿਆ । ਕਸੂਰ ਜਾ ਕੇ ਬੁੱਲ੍ਹੇਸ਼ਾਹ ਹਜ਼ਰਤ ਗ਼ੁਲਾਮ ਮੁਰਤਜ਼ਾ ਦਾ ਸ਼ਗਿਰਦ ਬਣ ਗਿਆ ਜੋ ਅਰਬੀ ਫ਼ਾਰਸੀ ਦਾ ਉੱਚ-ਕੋਟੀ ਦਾ ਵਿਦਵਾਨ ਸੀ । ਇੱਥੇ ਰਹਿ ਕੇ ਬੁੱਲ੍ਹੇਸ਼ਾਹ ਨੇ ਬਹੁਤ ਉਚੇਰੀ ਵਿੱਦਿਆ ਹਾਸਲ ਕੀਤੀ । ਬੁੱਲ੍ਹੇਸ਼ਾਹ ਇੱਕ ਵਿਦਵਾਨ ਪੁਰਖ ਸੀ ਜਿਸ ਨੂੰ ਪੰਜਾਬੀ ਭਾਸ਼ਾ ਤੇ ਸਾਹਿਤ ਦੇ ਨਾਲ-ਨਾਲ ਅਰਬੀ , ਫ਼ਾਰਸੀ ਭਾਸ਼ਾਵਾਂ , ਭਾਰਤੀ ਤੇ ਇਸਲਾਮੀ ਦਰਸ਼ਨ , ਰਹੱਸਵਾਦ , ਇਤਿਹਾਸ ਅਤੇ ਮਿਥਿਹਾਸ ਬਾਰੇ ਵਿਸ਼ਾਲ ਜਾਣਕਾਰੀ ਸੀ ।

        ਬੁੱਲ੍ਹੇਸ਼ਾਹ ਫ਼ੱਕਰ ਕਿਸਮ ਦਾ ਦਰਵੇਸ਼ ਬੰਦਾ ਸੀ ਅਤੇ ਉਸ ਦੀਆਂ ਰੁਚੀਆਂ ਅਧਿਆਤਮਿਕ ਸਨ ਪਰੰਤੂ ਜਿਵੇਂ ਵਾਰਿਸ ਸ਼ਾਹ ਨੇ ਕਿਹਾ ਹੈ :

ਬਿਨਾ ਮੁਰਸ਼ਦਾਂ ਰਾਹ ਨਾ ਹੱਥ ਆਉਂਦੇ ,

                  ਦੁੱਧ ਬਾਝ ਨਾ ਰਿਝਦੀ ਖੀਰ ਮੀਆਂ ।

        ਠੀਕ ਇਸੇ ਤਰ੍ਹਾਂ ਬੁੱਲ੍ਹੇਸ਼ਾਹ ਨੂੰ ਵੀ ਇੱਕ ਅਜਿਹੇ ਕਾਮਲ ਮੁਰਸ਼ਦ ( ਮੁਕੰਮਲ ਗੁਰੂ ) ਦੀ ਲੋੜ ਮਹਿਸੂਸ ਹੋਈ ਜੋ ਉਸ ਨੂੰ ਇਸ ਦੁਨੀਆ ਅਤੇ ਇਸ ਨੂੰ ਬਣਾਉਣ ਵਾਲੇ ਰੱਬ ਦੇ ਗੁੱਝੇ ਭੇਦਾਂ ( ਰਹੱਸਾਂ ) ਬਾਰੇ ਸਮਝਾ ਸਕੇ ਅਤੇ ਉਸ ਰੱਬ ਨੂੰ ਪ੍ਰਾਪਤ ਕਰਨ ਦਾ ਗੁਰ ਵੀ ਦੱਸ ਦੇਵੇ । ਸੋ ਬੁੱਲ੍ਹੇਸ਼ਾਹ ਨੇ ਮੁਰਸ਼ਦ ਦੀ ਢੂੰਡ-ਭਾਲ ਸ਼ੁਰੂ ਕਰ ਦਿੱਤੀ । ਪਤਾ ਚੱਲਿਆ ਕਿ ਲਾਹੌਰ ਵਿਖੇ ਇੱਕ ਸ਼ਾਹ ਇਨਾਇਤ ਕਾਦਰੀ ਹੈ ਜੋ ਬਹੁਤ ਪਹੁੰਚਿਆ ਹੋਇਆ ਬਜ਼ੁਰਗ ਹੈ । ਬੁੱਲ੍ਹੇਸ਼ਾਹ ਉਹਨਾਂ ਦੀ ਖ਼ਿਦਮਤ ਵਿੱਚ ਜਾ ਹਾਜ਼ਰ ਹੋਇਆ । ਸ਼ਾਹ ਇਨਾਇਤ ਉਸ ਵੇਲੇ ਗੰਢਿਆਂ ਦੀ ਪਨੀਰੀ ਨੂੰ ਇੱਕ ਬੰਨਿਓਂ ਪੁੱਟ ਕੇ ਦੂਜੇ ਪਾਸੇ ਲਾ ਰਿਹਾ ਸੀ । ਬੁੱਲ੍ਹੇਸ਼ਾਹ ਨੂੰ ਵੇਖ ਕੇ ਸ਼ਾਹ ਨੇ ਪੁੱਛਿਆ , ‘ ਜੁਆਨਾ! ਕਿਸ ਕੰਮ ਲਈ ਆਇਆ ਏਂ , ਤੈਨੂੰ ਸਾਥੋਂ ਕੀ ਤਲਬ ਏ ? ’ ਬੁੱਲ੍ਹੇਸ਼ਾਹ ਨੇ ਇੱਕ ਸੱਚੇ ਜਿਗਿਆਸੂ ਵਾਂਗ ਬੇਨਤੀ ਕੀਤੀ , ਕਿਹਾ , “ ਸ਼ਾਹ ਜੀ , ਮੈਂ ਰੱਬ ਦਾ ਰਾਹ ਪੁੱਛਣ ਆਇਆ ਹਾਂ , ਰੱਬ ਨੂੰ ਕਿਵੇਂ ਪਾਈਦਾ ਹੈ ? ’ ਸ਼ਾਹ ਇਨਾਇਤ ਮੁਸਕਰਾ ਕੇ ਬੋਲਿਆ , ‘ ਬੁੱਲ੍ਹਿਆ , ਰੱਬ ਦਾ ਕੀ ਪਾਉਣਾ , ਏਧਰੋਂ ਪੁੱਟਣਾ ਤੇ ਓਧਰ ਲਾਉਣਾ । ’ ਸ਼ਾਹ ਦਾ ਭਾਵ ਸਪਸ਼ਟ ਸੀ ਕਿ ਆਪਣੇ ਮਨ ਨੂੰ ਦੁਨੀਆਦਾਰੀ ਦੇ ਝਮੇਲਿਆਂ ਤੋਂ ਹਟਾ ਕੇ ਰੱਬ ਵਾਲੇ ਪਾਸੇ ਲਾਉਣ ਨਾਲ ਹੀ ਰੱਬ ਦੀ ਪ੍ਰਾਪਤੀ ਹੋ ਸਕਦੀ ਹੈ । ਇਸ ਰਮਜ਼ ( ਸੰਕੇਤ ) ਨੇ ਬੁੱਲ੍ਹੇਸ਼ਾਹ ਦੇ ਦਿਲ ਉੱਤੇ ਡੂੰਘਾ ਅਸਰ ਕੀਤਾ । ਬੁੱਲ੍ਹੇਸ਼ਾਹ , ਸ਼ਾਹ ਇਨਾਇਤ ਦੇ ਚਰਨੀਂ ਡਿੱਗ ਪਿਆ ਅਤੇ ਉਹਨਾਂ ਨੂੰ ਆਪਣਾ ਮੁਰਸ਼ਦ ਧਾਰਨ ਕਰ ਲਿਆ । ਸ਼ਾਹ ਇਨਾਇਤ ਸੂਫ਼ੀਆਂ ਦੇ ਕਾਦਰੀ ਫ਼ਿਰਕੇ ਨਾਲ ਸੰਬੰਧ ਰੱਖਦਾ ਸੀ । ਪੰਜਾਬ ਵਿੱਚ ਇਸ ਕਾਦਰੀ ਫ਼ਿਰਕੇ ਦਾ ਸਭ ਤੋਂ ਪ੍ਰਸਿੱਧ ਅਤੇ ਮਹਾਨ ਬਜ਼ੁਰਗ ਸਾਈਂ ਮੀਆਂ ਮੀਰ ਸੀ । ਸ਼ਾਹ ਇਨਾਇਤ ਤੇ ਮੀਆਂ ਮੀਰ ਦਾ ਨੇੜੇ ਦਾ ਸੰਬੰਧ ਦੱਸਿਆ ਜਾਂਦਾ ਹੈ । ਕਾਦਰੀ ਦਾ ਮੁਰੀਦ ਹੋਣ ਕਰ ਕੇ ਬੁੱਲ੍ਹੇਸ਼ਾਹ ਵੀ ਕਾਦਰੀ ਸੂਫ਼ੀ ਸੀ ।

        ਬੁੱਲ੍ਹੇਸ਼ਾਹ ਦਾ ਸੰਬੰਧ ਸੱਯਦ ਘਰਾਣੇ ਨਾਲ ਸੀ ਜੋ ਆਪਣੇ-ਆਪ ਨੂੰ ਦੂਜਿਆਂ ਤੋਂ ਉੱਤਮ ਸਮਝਦਾ ਸੀ । ਬੁੱਲ੍ਹੇਸ਼ਾਹ ਦਾ ਮੁਰਸ਼ਦ ਅਰਾਈਂ ਜਾਤ ਨਾਲ ਸੰਬੰਧ ਰੱਖਦਾ ਸੀ । ਜਦੋਂ ਬੁੱਲ੍ਹੇਸ਼ਾਹ ਦੇ ਘਰ ਦਿਆਂ ਅਤੇ ਰਿਸ਼ਤੇਦਾਰਾਂ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਇਸ ਨੇ ਇੱਕ ਅਰਾਈਂ ਨੂੰ ਆਪਣਾ ਮੁਰਸ਼ਦ ਧਾਰਨ ਕੀਤਾ ਹੈ ਤਾਂ ਉਹਨਾਂ ਨੇ ਬੁੱਲ੍ਹੇਸ਼ਾਹ ਨੂੰ ਸਮਝਾਇਆ ਕਿ ਛੋਟੀ ਜਾਤ ਦੇ ਬੰਦੇ ਨੂੰ ਆਪਣਾ ਮੁਰਸ਼ਦ ਨਾ ਬਣਾਵੇ ਪਰੰਤੂ ਬੁੱਲ੍ਹੇਸ਼ਾਹ ਅਰੰਭ ਤੋਂ ਹੀ ਹਰ ਤਰ੍ਹਾਂ ਦੇ ਧਾਰਮਿਕ ਅਤੇ ਜਾਤ-ਪਾਤ ਦੇ ਭੇਦ-ਭਾਵ ਦੇ ਵਿਰੁੱਧ ਸੀ ਇਸ ਲਈ ਉਸ ਨੇ ਕਿਸੇ ਦੀ ਪਰਵਾਹ ਨਾ ਕੀਤੀ ਅਤੇ ਸਾਰੀ ਉਮਰ ਸ਼ਾਹ ਇਨਾਇਤ ਦਾ ਹੀ ਮੁਰੀਦ ( ਚੇਲਾ ) ਬਣਿਆ ਰਿਹਾ । ਬੁੱਲ੍ਹੇਸ਼ਾਹ ਨੂੰ ਇਸ ਗੱਲ ਦਾ ਭਲੀ-ਭਾਂਤ ਗਿਆਨ ਸੀ ਕਿ ਇਸਲਾਮ ਧਰਮ ਵਿੱਚ ਜਾਤ ਪਾਤ ਨਾਂ ਦੀ ਕੋਈ ਚੀਜ਼ ਨਹੀਂ ਹੈ । ਬੁੱਲ੍ਹੇਸ਼ਾਹ ਨੂੰ ਆਪਣੇ ਮੁਰਸ਼ਦ ਵਿੱਚ ਅਪਾਰ ਸ਼ਰਧਾ ਸੀ , ਉਹ ਉਸੇ ਨੂੰ ਆਪਣਾ ਰਹਿਬਰ ਅਤੇ ਸੰਸਾਰ ਰੂਪੀ ਸਾਗਰ ਤੋਂ ਪਾਰ ਲੰਘਾਉਣ ਵਾਲਾ ਮੰਨਦਾ ਹੈ :

                  ਮੇਰਾ ਮੁਰਸ਼ਦ ਸ਼ਾਹ ਇਨਾਇਤ , ਓਹੋ ਲੰਘਾਏ ਪਾਰ ।

        ਆਪਣੇ ਮੁਰਸ਼ਦ ਦੇ ਇੰਤਕਾਲ ਤੋਂ ਬਾਅਦ ਬੁੱਲ੍ਹੇਸ਼ਾਹ 30 ਸਾਲ ਤੱਕ ਉਸ ਦੀ ਗੱਦੀ ’ ਤੇ ਬੈਠਾ ਲੋਕਾਂ ਨੂੰ ਰੂਹਾਨੀ ਸਿੱਖਿਆ ਦਿੰਦਾ ਰਿਹਾ । ਸ਼ਾਹ ਇਨਾਇਤ ਦੇ ਨਾਲ-ਨਾਲ ਬੁੱਲ੍ਹੇਸ਼ਾਹ ਹਜ਼ਰਤ ਮੁਹੰਮਦ ਨੂੰ ਵੀ ਆਪਣਾ ਖ਼ਾਸ ਹੀਲਾ ਅਤੇ ਰਾਹ ਦਿਸੇਰਾ ਮੰਨਦਾ ਹੈ ।

        ਬੁੱਲ੍ਹੇਸ਼ਾਹ ਅਠਾਰਵੀਂ ਸਦੀ ਦਾ ਪ੍ਰਮੁਖ ਸੂਫ਼ੀ ਕਵੀ ਹੋਇਆ ਹੈ । ਪੰਜਾਬੀ ਵਿੱਚ ਉਸ ਨੇ ਜੋ ਕਲਾਮ ਰਚਿਆ ਉਸ ਵਿੱਚ ਉਸ ਦੀਆਂ 156 ਕਾਫ਼ੀਆਂ , 49 ਦੋਹੜੇ , 40 ਗੰਢਾਂ , 3 ਸੀਹਰਫੀਆਂ , ਇੱਕ ਅਠਵਾਰਾ ਅਤੇ ਇੱਕ ਬਾਰਾਂਮਾਹ ਸ਼ਾਮਲ ਹੈ । ਬੁੱਲ੍ਹੇਸ਼ਾਹ ਦੀ ਇਹ ਸਾਰੀ ਕਵਿਤਾ ਫ਼ਕੀਰ ਮੁਹੰਮਦ ਫ਼ਕੀਰ ਦੁਆਰਾ ਫ਼ਾਰਸੀ ਅੱਖਰਾਂ ਵਿੱਚ ਸੰਪਾਦਿਤ ਪੁਸਤਕ ਕੁੱਲੀਆਤ-ਏ-ਬੁੱਲ੍ਹੇਸ਼ਾਹ ਅਤੇ ਗੁਰਦੇਵ ਸਿੰਘ ਦੁਆਰਾ ਸੰਪਾਦਿਤ ਕਲਾਮ ਬੁੱਲ੍ਹੇਸ਼ਾਹ   ਵਿੱਚ ਉਪਲਬਧ ਹੈ ।

        ਬੁੱਲ੍ਹੇਸ਼ਾਹ ਦੀ ਕਾਵਿ-ਰਚਨਾ ਵਿੱਚ ਕਾਫ਼ੀਆਂ ਦੀ ਗਿਣਤੀ ਵਧੇਰੇ ਹੈ ਅਤੇ ਉਸ ਦੀ ਪ੍ਰਸਿੱਧੀ ਦਾ ਕਾਰਨ ਵੀ ਉਸ ਦੀਆਂ ਕਾਫ਼ੀਆਂ ਹੀ ਹਨ । ਬੁੱਲ੍ਹੇਸ਼ਾਹ ਦੀਆਂ ਕਾਫ਼ੀਆਂ ਵਿੱਚ ਰਹੱਸਵਾਦੀ ਵਿਚਾਰ ਪੇਸ਼ ਹੋਏ ਹਨ ਅਤੇ ਬਾਕੀ ਰਚਨਾ ਵਿੱਚ ਬਿਰਹਾ ਦੀਆਂ ਭਾਵਨਾਵਾਂ ਦੀ ਪੇਸ਼ਕਾਰੀ ਹੈ । ਉਸ ਦੀ ਸਮੁੱਚੀ ਰਚਨਾ ਵਿੱਚ ਪੇਸ਼ ਹੋਏ ਵਿਚਾਰ ਸੰਖੇਪ ਵਿੱਚ ਇਸ ਤਰ੍ਹਾਂ ਹਨ :

        ਬੁੱਲ੍ਹੇਸ਼ਾਹ ਅਨੁਸਾਰ ਰੱਬ/ਅੱਲਾ/ਪਰਮਾਤਮਾ ਇੱਕ ਹੈ ਜਿਸ ਨੇ ਇਹ ਸਾਰੀ ਦੁਨੀਆ ਅਤੇ ਸਾਰੇ ਮਨੁੱਖ ਬਣਾਏ ਹਨ । ਉਸ ਰੱਬ ਨਾਲ ਇਸ਼ਕ ਜਾਂ ਪ੍ਰੇਮ ਉਸ ਦੇ ਵਿਚਾਰਾਂ ਦਾ ਕੇਂਦਰੀ ਧੁਰਾ ਹੈ । ਬੁੱਲ੍ਹੇਸ਼ਾਹ ਅਨੁਸਾਰ ਸੱਚੇ ਦਿਲ ਨਾਲ ਰੱਬ ਨੂੰ ਯਾਦ ਕਰਨਾ ਅਤੇ ਉਸ ਦੇ ਬੰਦਿਆਂ ਨੂੰ ਪਿਆਰ ਕਰਨਾ ਹੀ ਰੱਬ ਨਾਲ ਇਸ਼ਕ ਕਰਨਾ ਹੈ ਅਤੇ ਇਹੀ ਰੱਬ ਦੀ ਦਰਗਾਹ ਵਿੱਚ ਪਰਵਾਨ ਹੈ । ਆਪਣੇ ਦਿਲ ਨੂੰ ਰੱਬ ਨਾਲ ਜੋੜਨਾ ਹੀ ਉਸ ਦੀ ਸੱਚੀ ਇਬਾਦਤ ਜਾਂ ਭਗਤੀ ਹੈ । ਉਹ ਅਜਿਹੇ ਕਰਮ ਕਾਂਡਾਂ ਨੂੰ ਪਸੰਦ ਨਹੀਂ ਕਰਦਾ ਜੋ ਕੇਵਲ ਲੋਕਾਂ ਨੂੰ ਵਿਖਾਉਣ ਲਈ ਕੀਤੇ ਜਾਂਦੇ ਹਨ । ਉਸ ਅਨੁਸਾਰ ਦੂਜੇ ਮਨੁੱਖਾਂ ਨਾਲ ਪਿਆਰ ਤੇ ਹਮਦਰਦੀ ਹੀ ਮਨੁੱਖ ਦਾ ਅਸਲ ਕਰਤੱਵ ਹੈ ।

        ਬੁੱਲ੍ਹੇਸ਼ਾਹ ਆਖਦਾ ਹੈ ਕਿ ਇਹ ਸੰਸਾਰ ਨਾਸ਼ਵਾਨ ਹੈ , ਮਨੁੱਖ ਨੇ ਸਦਾ ਇਸ ਸੰਸਾਰ ਵਿੱਚ ਨਹੀਂ ਰਹਿਣਾ । ਇਹ ਜੀਵਨ ਬੰਦੇ ਨੂੰ ਇੱਕ ਵਾਰ ਹੀ ਮਿਲਦਾ ਹੈ ਜਿਸ ਨੂੰ ਰੱਬ ਦੇ ਮਾਰਗ ’ ਤੇ ਚੱਲਕੇ ਸਫਲ ਬਣਾਇਆ ਜਾ ਸਕਦਾ ਹੈ । ਇਸ ਲਈ ਮਨੁੱਖ ਨੂੰ ਸੰਭਲ ਕੇ ਇਸ ਸੰਸਾਰ ਵਿੱਚ ਵਿਚਰਨਾ ਚਾਹੀਦਾ ਹੈ । ਕੁਰਾਨ ਸ਼ਰੀਫ਼ ਵਿੱਚ ਰੱਬ ਆਖਦਾ ਹੈ ਕਿ ਮੈਂ ਮਨੁੱਖ ਦੀ ਸ਼ਾਹ ਰਗ ਤੋਂ ਵੀ ਜ਼ਿਆਦਾ ਉਸ ਦੇ ਨੇੜੇ ਹਾਂ । ਬੁੱਲ੍ਹੇਸ਼ਾਹ ਅਨੁਸਾਰ ਵੀ ਰੱਬ ਹਰ ਥਾਂ ਹੈ , ਸੰਸਾਰ ਦੇ ਕਣ-ਕਣ ਵਿੱਚ ਉਹ ਵੱਸਿਆ ਹੋਇਆ ਹੈ , ਉਸ ਨੂੰ ਪ੍ਰਾਪਤ ਕਰਨ ਲਈ ਕਿਤੇ ਬਾਹਰ ਭਟਕਣ ਦੀ ਲੋੜ ਨਹੀਂ , ਬੱਸ ਆਪਣੇ ਦਿਲ ਨੂੰ ਉਸ ਨਾਲ ਜੋੜੋ । ਤੁਹਾਨੂੰ ਹਰ ਚੀਜ਼ ਵਿੱਚੋਂ ਉਸ ਦੇ ਦਰਸ਼ਨ ਹੋ ਸਕਦੇ ਹਨ ।

        ਜਦੋਂ ਮਨੁੱਖ ਸੱਚੇ ਦਿਲੋਂ ਰੱਬ ਨੂੰ ਯਾਦ ਕਰਦਾ ਹੈ , ਉਸ ਨਾਲ ਇਸ਼ਕ ਕਰਦਾ ਹੈ ਅਤੇ ਉਸ ਨੂੰ ਆਪਣੇ ਦਿਲ ਵਿੱਚ ਵਸਾਉਂਦਾ ਹੈ ਤਾਂ ਮਨੁੱਖ ਦਾ ਆਪਾ ਖ਼ਤਮ ਹੋ ਜਾਂਦਾ ਹੈ । ਬੰਦੇ ਨੂੰ ਆਪਣੇ ਅੰਦਰ ਤੇ ਬਾਹਰ ਰੱਬ ਹੀ ਨਜ਼ਰ ਆਉਂਦਾ ਹੈ , ਉਸ ਦੀ ‘ ਮੈਂ ਨਹੀਂ ਰਹਿੰਦੀ ਕੇਵਲ ਤੂੰ ( ਰੱਬ ) ਹੀ ਤੂੰ ਰਹਿ ਜਾਂਦਾ ਹੈ । ਬੁੱਲ੍ਹੇਸ਼ਾਹ ਆਖਦਾ ਹੈ :

                  ਰਾਂਝਾ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈ ।

        ਬੁੱਲ੍ਹੇਸ਼ਾਹ ਦੀਆਂ ਨਜ਼ਰਾਂ ਵਿੱਚ ਸਾਰੇ ਮਨੁੱਖ ਇੱਕੋ ਜਿਹੇ ਹਨ ਕਿਉਂਕਿ ਸਭ ਰੱਬ ਦੇ ਪੈਦਾ ਕੀਤੇ ਹੋਏ ਹਨ । ਉਸ ਅਨੁਸਾਰ ਧਰਮਾਂ ਦਾ ਵਖਰੇਵਾਂ ਮਨੁੱਖਾਂ ਦਾ ਵਖਰੇਵਾਂ ਨਹੀਂ , ਇਸ ਲਈ ਸਭ ਨੂੰ ਮਿਲ ਕੇ ਪਿਆਰ ਨਾਲ ਰਹਿਣਾ ਚਾਹੀਦਾ ਹੈ । ਮਨੁੱਖਾਂ ਨੂੰ ਹਰ ਤਰ੍ਹਾਂ ਦੇ ਧਾਰਮਿਕ ਭੇਦ-ਭਾਵ ਨੂੰ ਛੱਡ ਦੇਣਾ ਚਾਹੀਦਾ ਹੈ । ਉਹ ਅਜਿਹੇ ਲੋਕਾਂ ਦਾ ਸਖ਼ਤ ਵਿਰੋਧ ਕਰਦਾ ਹੈ ਜੋ ਧਰਮ ਦੇ ਨਾਂ ’ ਤੇ ਲੋਕਾਂ ਵਿੱਚ ਨਫ਼ਰਤ ਪੈਦਾ ਕਰਦੇ ਹਨ ਅਤੇ ਧਰਮ ਦੇ ਮਨਚਾਹੇ ਅਰਥ ਕੱਢ ਕੇ ਭੋਲੇ-ਭਾਲੇ ਲੋਕਾਂ ਨੂੰ ਗੁਮਰਾਹ ਕਰਦੇ ਹਨ । ਧਾਰਮਿਕ ਸਹਿਣਸ਼ੀਲਤਾ , ਉਦਾਰਤਾ , ਮਨੁੱਖੀ ਭਾਈਚਾਰੇ ਅਤੇ ਰਵਾਦਾਰੀ ਦਾ ਸੰਦੇਸ਼ ਬੁੱਲ੍ਹੇਸ਼ਾਹ ਨੇ ਆਪਣੇ ਕਲਾਮ ਵਿੱਚ ਥਾਂ-ਥਾਂ ਦਿੱਤਾ ਹੈ ।

        ਕਲਾ-ਪੱਖ ਤੋਂ ਬੁੱਲ੍ਹੇਸ਼ਾਹ ਦੀ ਸਾਰੀ ਰਚਨਾ ਉੱਤਮ ਹੈ । ਲੈਅ ਅਤੇ ਰਵਾਨੀ ਉਸ ਦੇ ਸਾਰੇ ਕਲਾਮ ਵਿੱਚ ਮੌਜੂਦ ਹੈ । ਉਸ ਦੀਆਂ ਕਾਫ਼ੀਆਂ ਨੂੰ ਅਸਾਨੀ ਨਾਲ ਸੰਗੀਤ ਸਹਿਤ ਗਾਇਆ ਜਾ ਸਕਦਾ ਹੈ । ਬੁੱਲ੍ਹੇਸ਼ਾਹ ਨੇ ਆਪਣੀ ਕਵਿਤਾ ਨੂੰ ਜਨ-ਜੀਵਨ ਦੇ ਬਹੁਤ ਨੇੜੇ ਰੱਖਿਆ ਹੈ । ਆਪਣੇ ਵਿਚਾਰਾਂ ਨੂੰ ਸਮਝਾਉਣ ਲਈ ਉਸ ਨੇ ਘਰੇਲੂ ਜੀਵਨ ਵਿੱਚੋਂ ਚਿੰਨ੍ਹ ਤੇ ਪ੍ਰਤੀਕ ਲਏ ਹਨ । ਬੁੱਲ੍ਹੇਸ਼ਾਹ ਰੱਬ ਲਈ ਸ਼ਹੁ , ਪੀਆ , ਵਰ , ਮਾਹੀ , ਰਾਂਝਾ ਆਦਿ ਅਤੇ ਆਪਣੇ ਲਈ ਜਾਂ ਜੀਵਾਤਮਾ ਲਈ ਹੀਰ , ਬਰਦੀ , ਕਮਲੀ ਆਦਿ ਪ੍ਰਤੀਕ ਵਰਤਦਾ ਹੈ । ਇਹਨਾਂ ਚਿੰਨ੍ਹਾਂ ਪ੍ਰਤੀਕਾਂ ਕਰ ਕੇ ਅਤੇ ਪੰਜਾਬ ਦੇ ਪੇਂਡੂ ਦ੍ਰਿਸ਼ਾਂ ਦੀਆਂ ਉਦਾਹਰਨਾਂ , ਜਿਵੇਂ ਖੂਹ ’ ਤੇ ਪਾਣੀ ਭਰਦੀਆਂ ਮੁਟਿਆਰਾਂ ਅਤੇ ਚਰਖੇ ਕੱਤਦੀਆਂ ਇਸਤਰੀਆਂ ਆਦਿ , ਕਰ ਕੇ ਉਸ ਦੀ ਕਵਿਤਾ ਵਿੱਚੋਂ ਪੰਜਾਬੀਅਤ ਦਾ ਰੰਗ ਝਲਕਦਾ ਸਾਫ਼ ਨਜ਼ਰ ਆਉਂਦਾ ਹੈ । ਬੁੱਲ੍ਹੇਸ਼ਾਹ ਦੇ ਕਲਾਮ ਦੀ ਭਾਸ਼ਾ ਆਮ ਲੋਕਾਂ ਦੇ ਪੱਧਰ ਦੀ ਹੈ ਅਤੇ ਅਸਾਨੀ ਨਾਲ ਸਮਝ ਆ ਸਕਦੀ ਹੈ । ਪੰਜਾਬੀ ਦੇ ਇਸ ਸੂਫ਼ੀ ਕਵੀ ਦਾ ਇੰਤਕਾਲ 1758 ਵਿੱਚ ਕਸੂਰ ਵਿਖੇ ਹੋਇਆ ਅਤੇ ਉੱਥੇ ਹੀ ਇਸ ਦਾ ਮਜ਼ਾਰ ਹੈ । ਪਰੰਤੂ ਉਚੇਰੇ ਮਨੁੱਖੀ ਆਦਰਸ਼ਾਂ ਦਾ ਧਾਰਨੀ ਹੋਣ ਕਰ ਕੇ ਅੱਜ ਵੀ ਬੁੱਲ੍ਹੇਸ਼ਾਹ ਅਤੇ ਉਸ ਦਾ ਕਲਾਮ ਅਮਰ ਹੈ ।


ਲੇਖਕ : ਰਾਸ਼ਿਦ ਰਸ਼ੀਦ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 4716, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.