ਭਾਣਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਭਾਣਾ (ਨਾਂ,ਪੁ) ਰੱਬੀ ਹੁਕਮ; ਰੱਬ ਦੀ ਰਜ਼ਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3317, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਭਾਣਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਭਾਣਾ [ਨਾਂਪੁ] ਰੱਬ ਦੀ ਮਰਜ਼ੀ , ਰੱਬ ਦੀ ਰਜ਼ਾ , ਹੋਣੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3309, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਭਾਣਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਭਾਣਾ: ‘ਭਾਣਾ’ ਸ਼ਬਦ ਸੰਸਕ੍ਰਿਤ ਦੇ ‘ਭਾਵਨਾ’ ਤੋਂ ਬਣਿਆ ਪ੍ਰਤੀਤ ਹੁੰਦਾ ਹੈ। ਇਸ ਦਾ ਅਰਥ ਹੈ ਈਸ਼ਵਰੀ ਇੱਛਾ। ਭਾਈ ਕਾਨ੍ਹ ਸਿੰਘ ਨੇ ਇਸ ਦਾ ਅਰਥ ਕੀਤਾ ਹੈ: ਕਰਤਾਰ ਦਾ ਹੁਕਮ (ਭਾਵਨ), ਉਹ ਬਾਤ ਜੋ ਕਰਤਾਰ ਨੂੰ ਭਾਈ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਇਸ ਨੂੰ ‘ਕਰਤਾਰ ਦੀ ਰਜ਼ਾ ’ ਵੀ ਕਿਹਾ ਹੈ। ਇਸ ਤਰ੍ਹਾਂ ‘ਭਾਣਾ’ ਅਤੇ ‘ਰਜ਼ਾ’ ਈਸ਼ਵਰੀ ਇੱਛਾ ਲਈ ਵਰਤੇ ਜਾਣ ਕਰਕੇ ਸਮਾਨ-ਅਰਥਕ ਸ਼ਬਦ ਸਿੱਧ ਹੁੰਦੇ ਹਨ।

‘ਰਜ਼ਾ’ ਅਰਬੀ ਦਾ ਸ਼ਬਦ ਹੈ ਅਤੇ ‘ਲਗ਼ਾਤੇ ਫ਼ੀਰੋਜ਼ੀ’ ਅਨੁਸਾਰ ਇਸ ਦਾ ਅਰਥ ਹੈ ਖ਼ੁਸ਼ਨੂਦੀ, ਖ਼ੁਸ਼ੀ, ਰਜ਼ਾਮੰਦੀ। ਭਾਵੇਂ ਕੁਰਾਨਿਕ ਸਾਹਿਤ ਵਿਚ ਇਸ ਸ਼ਬਦ ਦੀ ਵਰਤੋਂ ਹੋਈ ਹੈ, ਪਰ ਸੂਫ਼ੀ ਸਾਧਕਾਂ ਨੇ ਆਪਣੇ ਈਸ਼ਵਰੀ ਪ੍ਰੇਮ ਨਾਲ ਇਸ ਨੂੰ ਬਹੁਤ ਸਿੰਜਿਆ ਹੈ। ਪ੍ਰੋ. ਗੁਰਬਚਨ ਸਿੰਘ ਤਾਲਿਬ (‘ਗੁਰੂ ਗ੍ਰੰਥ ਵਿਚ ਹੁਕਮ ਦਾ ਸੰਕਲਪ ’) ਨੇ ਸੂਫ਼ੀ ਵਿਚਾਰਧਾਰਾ ਵਿਚ ‘ਰਜ਼ਾ’ ਨੂੰ ਰੱਬੀ ਹੁਕਮ ਦੇ ਤਾਬੇ ਰਹਿਣ , ਮੰਨਣ, ਸਵੀਕਾਰ ਕਰਨ ਦੇ ਅਰਥਾਂ ਵਿਚ ਵਰਤਿਆ ਗਿਆ ਦਸਿਆ ਹੈ। ‘ਕਸ਼ਫੁਲ ਮਹਿਜੂਬ’ ਅਨੁਸਾਰ ਸੂਫ਼ੀ ਦੀਆਂ ਚੰਗੀਆਂ ਸਿਫ਼ਤਾਂ ਦੋ ਹਨ—ਰਜ਼ਾ ਅਤੇ ਸਬਰ। ‘ਰਜ਼ਾ’ ਤਪਸਿਆ ਤੋਂ ਵੀ ਉਪਰ ਹੈ, ਕਿਉਂਕਿ ਤਪਸਿਆ ਵਿਚ ਕਿਸੇ ਉਚੇਚੀ ਅਧਿਆਤਮਿਕ ਅਵਸਥਾ ਦੀ ਪ੍ਰਾਪਤੀ ਦੀ ਖ਼ਾਹਿਸ਼ ਹੁੰਦੀ ਹੈ, ਪਰ ਰਜ਼ਾ ਵਿਚ ਰਹਿਣ ਜਾਂ ਮੰਨਣ ਦੀ ਅਵਸਥਾ ਉਤੇ ਪੁਜ ਕੇ ਸਭ ਸੰਕਲਪ- ਵਿਕਲਪ ਮਿਟ ਜਾਂਦੇ ਹਨ।

ਜਦੋਂ ਸੂਫ਼ੀ ਸਾਧਕ ਪੰਜਾਬ ਅਤੇ ਭਾਰਤ ਦੇ ਹੋਰਨਾਂ ਇਲਾਕਿਆਂ ਵਿਚ ਆਏ ਤਾਂ ਉਨ੍ਹਾਂ ਨੇ ਮਜ਼ਹਬੀ ਕੱਟੜਪੁਣੇ ਤੋਂ ਉੱਚੇ ਉਠ ਕੇ ਆਪਣੇ ਧਰਮ ਦਾ ਪ੍ਰਚਾਰ ਕੀਤਾ ਅਤੇ ਮਾਨਵਤਾ ਨੂੰ ਨੈਤਿਕ ਅਤੇ ਸਦਾਚਾਰਿਕ ਸਿਖਿਆ ਜਾਂ ਉਪਦੇਸ਼ ਦਿੱਤੇ। ਉਨ੍ਹਾਂ ਨੇ ਸਭ ਪਾਸੇ ਪ੍ਰੇਮ-ਭਾਵ ਦਾ ਵਰਤਾਰਾ ਕੀਤਾ ਅਤੇ ਈਸ਼ਵਰੀ ਰਜ਼ਾ ਨੂੰ ਵਿਸ਼ੇਸ਼ ਮਹੱਤਵ ਦਿੱਤਾ। ਗੁਰੂ ਨਾਨਕ ਦੇਵ ਜੀ ਨੇ ਸੂਫ਼ੀਆਂ ਦੇ ਇਸ ਭਾਵ- ਭਿੰਨੇ ਸ਼ਬਦ ਨੂੰ ਆਪਣੇ ਜੀਵਨ-ਦਰਸ਼ਨ ਵਿਚ ਵਿਸ਼ੇਸ਼ ਸਥਾਨ ਅਤੇ ਪਰਿਭਾਸ਼ਿਕਤਾ ਪ੍ਰਦਾਨ ਕੀਤੀ।

ਸਪੱਸ਼ਟ ਹੈ ਕਿ ਗੁਰਬਾਣੀ ਵਿਚ ‘ਭਾਣਾ’ ਅਤੇ ‘ਰਜ਼ਾ’ ਸਮਾਨ-ਅਰਥਕ ਸ਼ਬਦਾਂ ਵਜੋਂ ਵਰਤੇ ਗਏ ਹਨ, ਜਿਵੇਂ—ਤੇਰਾ ਭਾਣਾ ਸਭੁ ਕਿਛੁ ਹੋਵੈ (ਗੁ.ਗ੍ਰੰ.356); ਜੋ ਕਿਛੁ ਵਰਤੈ ਸਭ ਤੇਰਾ ਭਾਣਾ (ਗੁ.ਗ੍ਰੰ.193); ਵਰਤੈ ਸਭ ਕਿਛੁ ਤੇਰਾ ਭਾਣਾ (ਗੁ.ਗ੍ਰੰ.98); ਕੀਤਾ ਕਰਣਾ ਸਰਬ ਰਜਾਇ (ਗੁ.ਗ੍ਰੰ.463); ਜੋ ਕਿਛੁ ਵਰਤੈ ਸਭ ਤੇਰੀ ਰਜਾਇ (ਗੁ.ਗ੍ਰੰ.1328); ਜੋ ਕਿਛੁ ਕੀਨੋ ਸੁ ਪ੍ਰਭੂ ਰਜਾਇ (ਗੁ.ਗ੍ਰੰ.1275)। ਕਈਆਂ ਪ੍ਰਸੰਗਾਂ ਵਿਚ ਤਾਂ ਇਹ ਦੋਵੇਂ ਸ਼ਬਦ ਇਕੋ ਤੁਕ ਵਿਚ ਸਮਾਨ ਅਰਥ ਵਿਚ ਵਰਤੇ ਮਿਲ ਜਾਂਦੇ ਹਨ—ਜੋ ਤੁਧੁ ਭਾਵੈ ਸੋ ਭਲਾ ਪਿਆਰੇ ਤੇਰੀ ਅਮਰੁ ਰਜਾਇ (ਗੁ.ਗ੍ਰੰ.432)। ਗੁਰਬਾਣੀ ਵਿਚ ਰੱਬੀ ਭਾਣੇ ਨੂੰ ਮੰਨਣ ਉਤੇ ਬਹੁਤ ਬਲ ਦਿੱਤਾ ਗਿਆ ਹੈ। ਇਸ ਨੂੰ ਮੰਨਣ ਨਾਲ ਵੀ ਮੁਕਤੀ ਸੰਭਵ ਹੈ (ਬੰਦਿ ਖਲਾਸੀ ਭਾਣੈ ਹੋਇ)। ਜੋ ਲੋਕ ਭਾਣੇ ਨੂੰ ਮੰਨ ਲੈਂਦੇ ਹਨ, ਜਾਂ ਭਾਣੇ ਦੇ ਰਸ ਦਾ ਸੁਆਦ ਮਾਣ ਲੈਂਦੇ ਹਨ, ਉਨ੍ਹਾਂ ਦੇ ਮਨ ਵਿਚੋਂ ਮਾਇਆ ਦਾ ਭਰਮ ਨਸ਼ਟ ਹੋ ਜਾਂਦਾ ਹੈ—ਜਿਨਾ ਭਾਣੇ ਕਾ ਰਸੁ ਆਇਆ ਤਿਨ ਵਿਚਹੁ ਭਰਮੁ ਚੁਕਾਇਆ (ਗੁ.ਗ੍ਰੰ.72)।

ਗੁਰੂ ਨਾਨਕ ਦੇਵ ਜੀ ਨੇ ਪਰਮਾਤਮਾ ਦੇ ਭਾਣੇ ਵਿਚ ਹੀ ਮਨੁੱਖ ਦੇ ਦੁਖ ਸੁਖ ਦੀ ਕਲਪਨਾ ਕੀਤੀ ਹੈ। ਉਸ ਦੇ ਭਾਣੇ ਨਾਲ ਹੀ ਮੁਕਤੀ ਅਤੇ ਭਵ-ਬੰਧਨ ਪ੍ਰਾਪਤ ਹੁੰਦੇ ਹਨ—ਭਾਣੇ ਤਖਤਿ ਵਡਾਈਆ ਭਾਣੈ ਭੀਖ ਉਦਾਸਿ ਜੀਉ... ਭਾਣੇ ਭਵਜਲ ਲੰਘੀਐ ਭਾਣੈ ਮੰਝਿ ਭਰੀਆਸਿ ਜੀਉ (ਗੁ.ਗ੍ਰੰ.762)।

ਗੁਰੂ ਅਰਜਨ ਦੇਵ ਜੀ ਨੇ ਵੀ ਇਸੇ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਪਰਮਾਤਮਾ ਦੇ ਭਾਣੇ ਨਾਲ ਹੀ ਆਵਾਗਵਣ ਵਿਚ ਪਈਦਾ ਹੈ ਅਤੇ ਭਾਣੇ ਰਾਹੀਂ ਹੀ ਉਹ ਬਖ਼ਸ਼ਿਸ਼ ਕਰਦਾ ਹੈ, ਭਾਣੇ ਨਾਲ ਹੀ ਦੁਖ-ਸੁਖ ਦਾ ਭੋਗ ਕਰਨਾ ਪੈਂਦਾ ਹੈ ਅਤੇ ਭਾਣੇ ਨਾਲ ਹੀ ਮਿਹਰ ਦੀ ਦ੍ਰਿਸ਼ਟੀ ਹੁੰਦੀ ਹੈ, ਭਾਣੇ ਨਾਲ ਹੀ ਪੰਜ-ਭੌਤਿਕ ਸ਼ਰੀਰ ਹੋਂਦ ਧਾਰਣ ਕਰਦਾ ਹੈ ਅਤੇ ਉਸ ਵਿਚ ਬ੍ਰਹਮ-ਜੋਤਿ ਦਾ ਪ੍ਰਕਾਸ਼ ਹੁੰਦਾ ਹੈ, ਭਾਣੇ ਨਾਲ ਹੀ ਨਰਕ-ਸਵਰਗ ਦੀ ਪ੍ਰਾਪਤੀ ਹੁੰਦੀ ਹੈ ਅਤੇ ਭਾਣੇ ਨਾਲ ਹੀ ਵਿਅਕਤੀ ਹਰਿ- ਭਗਤੀ ਵਿਚ ਲੀਨ ਹੁੰਦਾ ਹੈ—ਭਾਣੈ ਜੋਨਿ ਭਵਾਈਐ ਭਾਣੇ ਬਖਸ ਕਰੇਇ (ਗੁ.ਗ੍ਰੰ.963)। ਸਾਫ਼ ਹੈ ਕਿ ਗੁਰਬਾਣੀ ਵਿਚ ਭਾਣਾ (ਰਜ਼ਾ) ਈਸ਼ਵਰੀ ਇੱਛਾ ਦੀ ਭਾਵ-ਭੂਮੀ ਦਾ ਲਖਾਇਕ ਸ਼ਬਦ ਹੈ। ਪਰ ਕਈਆਂ ਥਾਂਵਾਂ ਉਤੇ ‘ਹੁਕਮ’ ਸ਼ਬਦ ਦੀ ਵਰਤੋਂ ਵੀ ‘ਭਾਣਾ’ ਜਾਂ ‘ਰਜ਼ਾ’ ਸ਼ਬਦਾਂ ਦੇ ਨਾਲ ਹੋਈ ਮਿਲਦੀ ਹੈ ਅਤੇ ਇਨ੍ਹਾਂ ਦੇ ਪਰਸਪਰ ਸੰਬੰਧਿਤ ਹੋਣ ਦੀ ਪੁਸ਼ਟੀ ਹੁੰਦੀ ਹੈ—ਘਟਿ ਘਟਿ ਬੈਸਿ ਨਿਰੰਤਰਿ ਰਹੀਐ ਚਾਲਹਿ ਸਤਿਗੁਰ ਭਾਏ ਸਹਜੇ ਆਏ ਹੁਕਮਿ ਸਿਧਾਏ ਨਾਨਕ ਸਦਾ ਰਜਾਏ (ਗੁ.ਗ੍ਰੰ.938)। ਇਸ ਲਈ ਇਥੇ ‘ਹੁਕਮ’ ਸ਼ਬਦ ਬਾਰੇ ਕੁਝ ਵਿਚਾਰ ਕਰ ਲੈਣਾ ਉਚਿਤ ਹੋਵੇਗਾ।

‘ਹੁਕਮ’ ਅਰਬੀ ਦਾ ਸ਼ਬਦ ਹੈ ਅਤੇ ਇਸ ਦਾ ਅਰਥ ਹੈ ਫ਼ੁਰਮਾਨ, ਆਗਿਆ, ਆਦੇਸ਼। ਪਰ ਗੁਰਬਾਣੀ ਵਿਚ ਵਰਤੇ ਇਸ ਸ਼ਬਦ ਦੇ ਵਿਦਵਾਨਾਂ ਨੇ ਅਰਥ ਕਰਦਿਆਂ ਇਸ ਨੂੰ ਈਸ਼ਵਰੀ-ਇੱਛਾ, ਸ੍ਰਿਸ਼ਟੀ-ਵਿਧਾਨ, ਦੈਵੀ- ਵਿਧਾਨ ਆਦਿ ਕਿਹਾ ਹੈ। ‘ਜਪੁਜੀ ’ ਵਿਚ ਹੁਕਮ ਕਹਿਆ ਜਾਈ ਅਨੁਸਾਰ ‘ਹੁਕਮ’ ਅਕਥਨੀਯ ਹੈ। ਸਗੋਂ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ਤਕ ਕਹਿ ਦਿੱਤਾ ਗਿਆ ਹੈ। ਇਸ ਤਰ੍ਹਾਂ ਗੁਰਬਾਣੀ ਵਿਚ ਕਈਆਂ ਥਾਂਵਾਂ ਉਤੇ ਭਾਣਾ, ਰਜ਼ਾ ਅਤੇ ਹੁਕਮ ਸਮਾਨ- ਅਰਥਕ ਰੂਪ ਵਿਚ ਵਰਤੇ ਮਹਿਸੂਸ ਹੁੰਦੇ ਹਨ। ਇਸ ਸੰਬੰਧ ਵਿਚ ਪ੍ਰੋ. ਗੁਰਬਚਨ ਸਿੰਘ ਤਾਲਿਬ ਦੀ ਧਾਰਣਾ ਹੈ ਕਿ ‘ਭਾਣਾ’ ਦਾ ਅਰਥ ਹੈ ਜੋ ਪ੍ਰਭੂ ਨੂੰ ਭਾਵੇ, ਅਰਥਾਤ , ਉਸ ਦੀ ਇੱਛਾ, ਜਿਸ ਦੇ ਮਰਮ, ਰਹੱਸ ਅਤੇ ਭੇਤ ਦਾ ਮਾਨਵੀ ਬੁੱਧੀ ਨੂੰ ਪਤਾ ਨਹੀਂ। ਇਹ ਸ਼ਬਦ ‘ਭਾਣਾ’ ਹੁਕਮ ਦੇ ਸੰਕਲਪ ਦੀ ਕੁਝ ਵਿਆਖਿਆ ਕਰਦਾ ਹੈ। ‘ਹੁਕਮ’ ਰੱਬੀ ਭਾਵਨਾ ਉਪਰ ਆਧਾਰਿਤ ਹੈ, ਅਰਥਾਤ, ਦੈਵੀ ਮਨ ਦਾ ਨਿਸਚਾ ਜਾਂ ਨਿਯਮ; ਭਾਣਾ ਉਸੇ ਕਲਪਨਾ ਦਾ ਇੱਛਾ ਦੇ ਰੂਪ ਵਿਚ ਪ੍ਰਗਟਾਉ ਹੈ।

ਪਰ ਇਕ ਹੋਰ ਵਿਦਵਾਨ ਨੇ ‘ਹੁਕਮ’ ਅਤੇ ‘ਰਜ਼ਾ’ (ਭਾਣਾ) ਦੇ ਅਰਥਗਤ ਭੇਦ ਨੂੰ ਸਪੱਸ਼ਟ ਕਰਦਿਆਂ ਦਸਿਆ ਹੈ ਕਿ ‘ਹੁਕਮ’ ਦੁਆਰਾ ਸ੍ਰਿਸ਼ਟੀ ਦੀ ਉਤਪੱਤੀ ਹੁੰਦੀ ਹੈ ਅਤੇ ਰਜ਼ਾ ਦੁਆਰਾ ਸਿਰਜੇ ਗਏ ਬ੍ਰਹਮੰਡ ਦੀ ਪਾਲਣਾ , ਜਾਂ ਸੰਭਾਲ ਹੁੰਦੀ ਹੈ। ਪਰ ਗੁਰੂ ਅਰਜਨ ਦੇਵ ਜੀ ਨੇ ਸੰਸਾਰ ਦੀ ਉਤਪੱਤੀ ਤੋਂ ਲੈ ਕੇ ਉਸ ਦੀ ਪਾਲਣਾ, ਸੰਭਾਲ ਅਤੇ ਵਿਨਾਸ਼ ਤਕ ਦੀ ਸਾਰੀ ਕਾਰਵਾਈ ਹੁਕਮ ਅਧੀਨ ਮੰਨੀ ਹੈ—ਹੁਕਮੇ ਜੁਗ ਮਹਿ ਆਇਆ ਚਲਣੁ ਹੁਕਮਿ ਸੰਜੋਗਿ ਜੀਉ ਹੁਕਮੇ ਪਰਪੰਚੁ ਪਸਰਿਆ ਹੁਕਮਿ ਕਰੇ ਰਸ ਭੋਗ ਜੀਉ (ਗੁ.ਗ੍ਰੰ.760)।

ਇਕ ਹੋਰ ਵਿਦਵਾਨ ਨੇ ਇਨ੍ਹਾਂ ਸ਼ਬਦਾਂ ਦੀ ਅਰਥ ਸੰਬੰਧੀ ਸੂਖਮਤਾ ਉਤੇ ਪ੍ਰਕਾਸ਼ ਪਾਉਂਦਿਆਂ ਕਿਹਾ ਹੈ ਕਿ ਭਾਣਾ ਮੰਨਣਾ ਅਤੇ ਰਜ਼ਾ ਵਿਚ ਰਹਿਣਾ ਅਸਲ ਵਿਚ ਹੁਕਮ ਮੰਨਣਾ ਹੀ ਹੈ। ਪਰ ਭਾਣਾ ਮੰਨਣ ਜਾਂ ਰਜ਼ਾ ਵਿਚ ਰਹਿਣ ਵਾਲੇ ਸਾਧਕ ਦੀ ਮਾਨਸਿਕ ਅਤੇ ਰੂਹਾਨੀ ਪ੍ਰਤਿਭਾ ਉਸ ਨੂੰ ਕੇਵਲ ‘ਹੁਕਮ’ ਤਕ ਸੀਮਿਤ ਨਹੀਂ ਰਹਿਣ ਦਿੰਦੀ, ਵਿਸ਼ਾਲਤਾ ਵਲ ਲੈ ਜਾਂਦੀ ਹੈ। ਪਰਮਾਤਮਾ ਦੀ ਆਗਿਆ ਭਾਵਨਾ ਤੋਂ ਨਿਰਲੇਪ ਹੋ ਕੇ ਇਕ ਨਿਰਜਿੰਦ ਵਸਤੂ ਵਾਂਗ ਮੰਨਣਾ ‘ਹੁਕਮ’ ਵਿਚ ਵਿਚਰਨਾ ਹੈ; ਪਰ ਜੇ ਸਾਧਕ ਆਗਿਆ ਚਾਹ ਨਾਲ ਅਤੇ ਪਿਆਰ ਨਾਲ ਮੰਨ ਰਿਹਾ ਹੋਵੇ, ਤਾਂ ਉਹ ਭਾਣੇ ਵਿਚ ਵਿਚਰ ਰਿਹਾ ਹੁੰਦਾ ਹੈ।

ਪਰੰਤੂ ਇਹ ਅੰਤਰ ਸਹੀ ਨਹੀਂ, ਕਿਉਂਕਿ ‘ਹੁਕਮ’, ‘ਭਾਣਾ’ ਜਾਂ ‘ਰਜ਼ਾ’ ਦਾ ਸੰਬੰਧ ਪਰਮਾਤਮਾ ਨਾਲ ਹੈ, ਮਨੁੱਖ ਨਾਲ ਨਹੀਂ; ਨ ਹੀ ਮਨੁੱਖ ਇਨ੍ਹਾਂ ਦੇ ਸਰੂਪ ਜਾਂ ਪ੍ਰਭਾਵ ਵਿਚ ਕੋਈ ਆਪਣਾ ਯੋਗਦਾਨ ਦੇ ਸਕਦਾ ਹੈ। ਇਥੇ ਮਨੁੱਖ ਦੀ ਚਾਹ ਜਾਂ ਆਪਣੇਪਨ ਦੀ ਭਾਵਨਾ ਦੀ ਹੋਂਦ ਦੀ ਗੱਲ ਹੀ ਨਹੀਂ ਹੈ। ਇਨ੍ਹਾਂ ਦੀ ਵਰਤੋਂ ਵਿਚ ਇਕੋ ਪਰਮ ਸ਼ਕਤੀ ਦੀ ਕਲਪਨਾ ਹੈ, ਉਸ ਵਿਚ ਕਿਸੇ ਪ੍ਰਕਾਰ ਦਾ ਕੋਈ ਬਦਲ ਕਰਨ ਦੀ ਸਮਰਥਾ ਮਨੁੱਖ ਵਿਚ ਨਹੀਂ ਹੈ। ਇਸ ਵਾਸਤੇ ਇਨ੍ਹਾਂ ਤਿੰਨਾਂ ਵਿਚ ਕੋਈ ਤਾਤਵਿਕ ਅੰਤਰ ਨਹੀਂ ਹੈ। ਸਗੋਂ ਪਰਸਪਰ ਨਿਰਭਰਤਾ ਹੈ। ‘ਹੁਕਮ’ ਤੋਂ ਪਹਿਲਾਂ ਇੱਛਾ ਦਾ ਹੋਣਾ ਲਾਜ਼ਮੀ ਹੈ, ਬਿਨਾ ਇੱਛਾ ‘ਹੁਕਮ’ ਦੇ ਉਪਜਣ ਦਾ ਕਾਰਣ ਹੀ ਨਹੀਂ ਰਹਿੰਦਾ। ਇਨ੍ਹਾਂ ਵਿਚ ਜੇ ਕੋਈ ਅੰਤਰ ਹੈ ਤਾਂ ਉਸ ਦਾ ਸੰਬੰਧ ਕੇਵਲ ਪ੍ਰਕਾਰਜ ਨਾਲ ਹੈ। ‘ਰਜ਼ਾ’ ਜਾਂ ‘ਭਾਣਾ’ ਪਰਮਾਤਮਾ ਦੀ ਇਕ ਸਹਿਜ ਬਿਰਤੀ ਹੈ। ਜਦੋਂ ਇਹ ਬਿਰਤੀ ਆਪਣੀ ਸਹਿਜ ਅਵਸਥਾ ਤੋਂ ਉਭਰ ਕੇ ਕੋਈ ਰੂਪ ਧਾਰਦੀ ਹੈ ਜਾਂ ਕ੍ਰਿਆਤਮਕ ਹੁੰਦੀ ਹੈ ਤਾਂ ‘ਹੁਕਮ’ ਬਣ ਜਾਂਦੀ ਹੈ।

ਜੇ ਫ਼ਲਸਫ਼ੇ ਦੇ ਪ੍ਰਸੰਗ ਵਿਚ ਇਨ੍ਹਾਂ ਦਾ ਸੰਬੰਧ ਜਾਂ ਅੰਤਰ ਦਸੀਏ ਤਾਂ ‘ਰਜ਼ਾ’ ਜਾਂ ‘ਭਾਣਾ’ ਦਾ ‘ਹੁਕਮ’ ਨਾਲ ਕਾਰਣ-ਕਾਰਜ ਦਾ ਸੰਬੰਧ ਹੈ, ਜਿਵੇਂ ਸੋਨਾ (ਕਾਰਣ) ਅਤੇ ‘ਗਹਿਣਾ ’ (ਕਾਰਜ), ਜਾਂ ਜਲ (ਕਾਰਣ) ਅਤੇ ਜਲ- ਤਰੰਗ (ਕਾਰਜ), ਜਾਂ ਮਿੱਟੀ (ਕਾਰਣ) ਅਤੇ ਘੜਾ (ਕਾਰਜ) ਵਿਚ ਕਿਸੇ ਪ੍ਰਕਾਰ ਦਾ ਕੋਈ ਤਾਤਵਿਕ ਅੰਤਰ ਨਹੀਂ ਹੈ, ਕੇਵਲ ਰੂਪ-ਆਕਾਰ ਦਾ ਅੰਤਰ ਹੈ, ਉਸੇ ਤਰ੍ਹਾਂ ‘ਰਜ਼ਾ’ ਜਾਂ ‘ਭਾਣਾ’ (ਕਾਰਣ) ਅਤੇ ‘ਹੁਕਮ’ (ਕਾਰਜ) ਵਿਚ ਵੀ ਕੋਈ ਬੁਨਿਆਦੀ ਅੰਤਰ ਨਹੀਂ। ਪਰ ਚੂੰਕਿ ਉਪਰੋਕਤ ਗਹਿਣੇ , ਜਲ-ਤਰੰਗ ਜਾਂ ਘੜੇ (ਕਾਰਜ) ਦਾ ਵਿਵਹਾਰਿਕ ਮਹੱਤਵ ਹੈ ਅਤੇ ਰੂਪ-ਆਕਾਰ ਰਾਹੀਂ ਅੰਤਰ ਭਾਸਦਾ ਹੈ, ਉਸੇ ਤਰ੍ਹਾਂ ‘ਹੁਕਮ’ (ਕਾਰਜ) ਦਾ ਵੀ ਰਜ਼ਾ ਜਾਂ ਭਾਣੇ (ਕਾਰਣ) ਤੋਂ ਵਿਵਹਾਰਿਕ ਤੌਰ ’ਤੇ ਅੰਤਰ ਹੈ। ਇਸ ਤਰ੍ਹਾਂ ‘ਹੁਕਮ’ ਪਰਮਾਤਮਾ ਦੀ ਰਜ਼ਾ ਜਾਂ ਭਾਣੇ ਨੂੰ ਕ੍ਰਿਆਤਮਕ ਰੂਪ ਜਾਂ ਰੂਪ-ਆਕਾਰ ਦੇਣ ਵਾਲਾ ਅਨੁਸ਼ਾਸਨਿਕ ਵਿਧਾਨ ਹੈ।

ਇਸ ਤੋਂ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਰੱਬ ਦੇ ਭਾਣੇ ਜਾਂ ਰਜ਼ਾ ਵਿਚ ਰਹਿਣਾ ਹੀ ਮਨੁੱਖ ਦਾ ਸਭ ਤੋਂ ਸ੍ਰੇਸ਼ਠ ਕਰਮ ਹੈ। ਇਹੀ ਉਸ ਨੂੰ ਪਰਮਾਤਮਾ ਨਾਲ ਅਦ੍ਵੈਤ ਅਵਸਥਾ ਦੀ ਪ੍ਰਾਪਤੀ ਕਰਾਉਂਦਾ ਹੈ। ਇਹੀ ਭਾਣਾ ਹੁਕਮ ਰਾਹੀਂ ਪ੍ਰਗਟ ਹੋ ਕੇ ਪਰਮਾਤਮਾ ਦੀ ਇੱਛਾ ਦਾ ਸਹਿਜ ਤੋਂ ਵਿਸ਼ੇਸ਼ ਵਲ ਦੀ ਯਾਤ੍ਰਾ ਦਾ ਬੋਧ ਕਰਾਉਂਦਾ ਹੈ—ਜੋ ਕਿਛੁ ਵਰਤੈ ਸਭ ਤੇਰਾ ਭਾਣਾ ਹੁਕਮੁ ਬੂਝੈ ਸੋ ਸਚਿ ਸਮਾਣਾ (ਗੁ.ਗ੍ਰੰ.193)।

ਗੁਰੂ ਅਮਰਦਾਸ ਜੀ ਨੇ ‘ਗੂਜਰੀ ਕੀ ਵਾਰ ’ ਵਿਚ ਭਾਣਾ ਮੰਨਣ ਜਾਂ ਭਾਣੇ ਵਿਚ ਰਹਿਣ ਨਾਲ ਹੋਣ ਵਾਲੀਆਂ ਪ੍ਰਾਪਤੀਆਂ ਦਾ ਵਿਵਰਣ ਦਿੰਦਿਆਂ ਲਿਖਿਆ ਹੈ—ਹਰਿ ਕੈ ਭਾਣੇ ਗੁਰੁ ਮਿਲੈ ਸੇਵਾ ਭਗਤਿ ਭਨੀਜੈ ਹਰਿ ਕੈ ਭਾਣੈ ਹਰਿ ਮਨਿ ਵਸੈ ਸਹਜੇ ਰਸੁ ਪੀਜੈ ਹਰਿ ਕੈ ਭਾਣੈ ਸੁਖੁ ਪਾਈਐ ਹਰਿ ਲਾਹਾ ਨਿਤ ਲੀਜੈ ਹਰਿ ਕੈ ਤਖਤਿ ਬਹਾਲੀਐ ਨਿਜ ਘਰਿ ਸਦਾ ਵਸੀਜੈ ਹਰਿ ਕਾ ਭਾਣਾ ਤਿਨੀ ਮੰਨਿਆ ਜਿਨਾ ਗੁਰੂ ਮਿਲੀਜੈ (ਗੁ.ਗ੍ਰੰ.515)। ਫਲਸਰੂਪ ਗੁਰਮਤਿ ਅਨੁਯਾਈ ਨੂੰ ਆਪਣੀ ਜੀਵਨ-ਜਾਚ ਵਿਚ ਭਾਣਾ ਮੰਨਣ ਦੀ ਬਿਰਤੀ ਨੂੰ ਪੂਰੀ ਤਰ੍ਹਾਂ ਵਿਕਸਿਤ ਕਰਨਾ ਚਾਹੀਦਾ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3027, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਭਾਣਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਭਾਣਾ (ਸੰ.। ਸੰਸਕ੍ਰਿਤ ਭਾਵਨਾ। ਪੰਜਾਬੀ ਭਾਣਾ) ੧. ਮਰਜ਼ੀ , ਇੱਛਾ , ਸੰਕਲਪ

੨. ਅਕਾਲ ਪੁਰਖ ਦੀ ਇੱਛਾ। ਸਾਈਂ ਦਾ ਹੁਕਮ , ਜੋ ਅਕਾਲ ਪੁਰਖ ਨੂੰ ਭਾਵੇ ਸੋ ਭਾਣਾ ਕਹੀਦਾ ਹੈ। ਰਜ਼ਾ

੩. ਮਹਾਂ ਪੁਰਖਾਂ ਦੀ -ਮਰਜ਼ੀ- ਨੂੰ ਬੀ ਭਾਣਾ ਲਿਖ੍ਯਾ ਹੈ। ਯਥਾ-‘ਸਤਿਗੁਰਿ ਭਾਣੈ ਆਪਣੈ ਬਹਿ ਪਰਵਾਰੁ ਸਦਾਇਆ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 3028, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no

ਭਾਣਾ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਭਾਣਾ : ਵੇਖੋ ‘ਹੁਕਮ’

ਹੁਕਮ :  ਗੁਰਬਾਣੀ ਵਿਚ ‘ਹੁਕਮ’ ਸ਼ਬਦ ਪਾਰਿਭਾਸ਼ਕ ਰੂਪ ਵਿਚ ਵਰਤਿਆ ਗਿਆ ਹੈ । ਗੁਰੂ ਨਾਨਕ ਸਾਹਿਬ ਨੇ ‘ਜਪੁਜੀ’ ਵਿਚ ਲਿਖਿਆ ਹੈ–‘ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲਿ।’ ਇਸ ਲਈ ‘ਹੁਕਮ’ ਦੇ ਨਾਲ ਨਾਲ ਰਜ਼ਾ ਜਾਂ ਭਾਣਾ ਸ਼ਬਦਾਂ ਦੀ ਵਰਤੋਂ ਕੀਤੀ ਮਿਲ ਜਾਂਦੀ ਹੈ। ਫਲਸਰੂਪ ਇਸ ਸੰਦਰਭ ਵਿਚ ਇਨ੍ਹਾਂ ਦੋ ਸ਼ਬਦਾਂ ਨੂੰ ਵਿਚਾਰਨਾ ਵੀ ਬੜਾ ਜ਼ਰੂਰੀ ਹੈ।

          ‘ਹੁਕਮ’ ਅਰਬੀ ਭਾਸ਼ਾ ਦਾ ਸ਼ਬਦ ਹੈ ਅਤੇ ਇਸ ਦਾ ਅਰਥ ਹੈ ‘ਫ਼ਰਮਾਨ’। ਕੁਰਾਨਿਕ ਸਾਹਿੱਤ ਵਿਚ ਇਸ ਦੀ ਵਰਤੋਂ ਸ਼ਾਹੀ ਅਥਵਾ ਇਲਾਹੀ ਆਦੇਸ਼ ਲਈ ਹੋਈ ਹੈ। ਇਹ ਸ਼ਬਦ ਇਸੇ ਭਾਵ–ਭੂਮੀ ਸਹਿਤ ਭਾਰਤੀ ਭਾਸ਼ਾਵਾਂ ਵਿਚ ਮੁਸਲਮਾਨਾਂ ਦੇ ਆਉਣ ਨਾਲ ਪ੍ਰਚੱਲਿਤ ਹੋਇਆ। ਮੱਧਯੁਗ ਦੇ ਧਰਮ–ਸਾਧਕਾਂ ਵਿਚੋਂ ਗੁਰੂ ਨਾਨਕ ਦੇਵ ਨੇ ਸਭ ਤੋਂ ਪਹਿਲਾਂ ਇਸ ਦੀ ਵਰਤੋਂ ਕੀਤੀ ਅਤੇ ਸ਼ਰਧਾ ਤੇ ਭਗਤੀ ਭਾਵਨਾ ਦੀ ਅੰਮ੍ਰਿਤ–ਧਾਰਾ ਨਾਲ ਸਿੰਜ ਕੇ ਇਸ ਨੂੰ ਇਕ ਬਿਲਕੁਲ ਨਵਾਂ ਅਤੇ ਮੌਲਿਕ ਅਰਥ ਪ੍ਰਦਾਨ ਕੀਤਾ ਅਤੇ ਇਸ ਤਰ੍ਹਾਂ ਗੁਰਬਾਣੀ ਦਾ ਇਹ ਇਕ ਪਰਿਭਾਸ਼ਕ ਸ਼ਬਦ ਬਣ ਗਿਆ।

          ਗੁਰਬਾਣੀ ਵਿਚ ਰੁਚੀ ਵਾਲੇ ਵਿਦਵਾਨਾਂ ਨੇ ਇਸ ਦੀ ਵੱਖਰੇ ਵੱਖਰੇ ਢੰਗ ਨਾਲ ਵਿਆਖਿਆ ਕੀਤੀ ਹੈ। ਕਿਸੇ ਨੇ ਇਸ ਨੂੰ ਸ੍ਰਿਸ਼ਟੀ ਵਿਧਾਨ (Universal Order) ਕਿਹਾ, ਤੇ ਕਿਸੇ ਨੇ ਈਸ਼ਵਰੀ ਇੱਛਾ (Divine Will) ਦਾ ਸੂਚਕ ਦੱਸਿਆ। ਇਸ ਤਰ੍ਹਾਂ ਪਰਮਾਤਮਾ ਦਾ ਸਮੁੱਚਾ ਵਿਧਾਨ (Over all Order of the Lord,) ਈਸ਼ਵਰੀ ਨਿਯਮ ਸਮੂਹ (A set of the laws of God), ਦੈਵੀ ਵਿਧਾਨ (Divine Order) ਨਿਰਦੇਸ਼ਕ ਸਿਧਾਂਤ ਅਤੇ ਨਿਯੰਤਰਿਕ ਨਿਯਮ (Guiding Principle and Controlling Law of Universe), ਈਸ਼ਵਰੀ ਸ਼ਕਤੀ, ਆਦਿ ਅਰਥ ਕੀਤੇ ਹਨ। ਅਸਲ ਵਿਚ, ‘ਹੁਕਮ’ ‘ਹੁਕਮੀ’ ਦਾ ਪ੍ਰਤੀਕ ਹੈ, ਦੋਹਾਂ ਦੀਆਂ ਵਿਸ਼ੇਸ਼ਤਾਵਾਂ ਇਕ–ਸਾਮਨ ਹਨ। ‘ਜਪੁਜੀ’ ਅਨੁਸਾਰ ਹੁਕਮ ਵਰਣਨ ਤੋਂ ਪਹੇ ਹੈ (‘ਹੁਕਮ ਨ ਕਹਿਆ ਜਾਈ’)। ਇਸ ਦੇ ਸਾਹਮਣੇ ਸਾਰਿਆਂ ਨੂੰ ਆਤਮ–ਸਮਰਪਣ ਕਰਨਾ ਪੈਂਦਾ ਹੈ ਅਤੇ ਜੋ ਅਜਿਹਾ ਕਰਦਾ ਹੈ ਉਹ ‘ਸਚਿਆਰ’ ਜਾਂ ‘ਸਦਾਚਾਰੀ’ ਦੀ ਅਵਸਥਾ ਨੂੰ ਪ੍ਰਾਪਤ ਹੁੰਦਾ ਹੈ।

          ‘ਹੁਕਮ ਦੇ ਨਾਲ ਨਾਲ ‘ਰਜ਼ਾ’ ਸ਼ਬਦ ਦੀ ਵਰਤੋਂ ਵੀ ਹੋਈ ਹੈ। ਇਹ ਵੀ ਅਰਬੀ ਦਾ ਸ਼ਬਦ ਹੈ ਅਤੇ ਇਸ ਦਾ ਅਰਥ ਹੈ ਪ੍ਰਸੰਨਤਾ, ਰਜ਼ਾਮੰਦੀ। ਸੂਫ਼ੀਆਂ ਦੀ ਸ਼ਬਦਾਵਲੀ ਵਿਚ ਈਸ਼ਵਰੀ ਹੁਕਮ ਨਾਲ ਮਨੁੱਖ ਉੱਪਰ ਤੰਗੀ ਜਾਂ ਉਦਾਰਤਾ ਸਹਿਤ ਜੋ ਵਾਰਿਦ ਹੋਵੇ (ਉਤਰੇ) ਜਾਂ ਪਰਮਾਤਮਾ ਵੱਲੋਂ ਜੋ ਪ੍ਰਾਪਤ ਹੋਵੇ ਉਸ ਉੱਤੇ ਰਾਜ਼ੀ ਹੋਣਾ ਅਤੇ ਉਸ ਵਿਚ ਪ੍ਰਸੰਨ ਰਹਿਣਾ ‘ਰਜ਼ਾ’ ਹੈ। ‘ਕਸ਼ਫੁੱਲ ਮਹਿਜੂਬ’ ਵਿਚ ਸੂਫ਼ੀ ਦੇ ਵਿਸ਼ੇਸ਼ ਗੁਣ ਦੱਸੇ ਗਏ ਹਨ–‘ਰਜ਼ਾ’ ਅਤੇ ‘ਸਬਰ’। ਉੱਥੇ ‘ਰਜ਼ਾ’ ਨੂੰ ਤਪੱਸਿਆਂ ਤੋਂ ਉੱਤਮ ਸਿੱਧ ਕੀਤਾ ਗਿਆ ਹੈ ਕਿਉਂਕਿ ਕਿ ‘ਤਪੱਸਿਆ’ ਸਕਾਮ(ਕਾਮਨਾ ਸਹਿਤ) ਹੁੰਦੀ ਹੈ, ਪਰ ‘ਰਜ਼ਾਂ’ ਨੂੰ ਮੰਨਣ ਨਾਲ ਸਾਰੀਆਂ ਇੱਛਾਵਾਂ ਆਪਣੇ ਆਪ ਪੂਰੀਆਂ ਹੋ ਜਾਂਦੀਆਂ ਹਨ। ਅਨੇਕ ਸੂਫ਼ੀ ਗ੍ਰੰਥਾਂ ਵਿਚ ‘ਰਜ਼ਾ’ ਦੇ ਮਹੱਤਵ ਦੀ ਸਥਾਪਨਾ ਹੋਈ ਹੈ। ਗੁਰੂ ਨਾਨਕ ਦੇਵ ਨੇ ਇਸ ਸ਼ਬਦ ਦੀ ਭਾਵ–ਗੰਭੀਰਤਾ ਤੋਂ ਪ੍ਰਭਾਵਤ ਹੋ ਕੇ ਪਹਿਲੀ ਵਾਰ ਇਸ ਦੀ ਵਰਤੋਂ ਆਪਣੀ ਬਾਣੀ ਵਿਚ ਕੀਤੀ ਹੈ।

          ‘ਭਾਣਾ’ ਸ਼ਬਦ ਵੀ ਗੁਰਬਾਣੀ ਵਿਚ ਆਮ ਵਰਤਿਆ ਗਿਆ ਹੈ, ਇਸ ਦਾ ਅਰਥ ਵੀ ਇਸ਼ਵਰੀ ਹੁਕਮ, ਪਰਮਾਤਮਾ ਦੀ ਇੱਛਾ ਜਾਂ ਮਰਜ਼ੀ ਕੀਤੀ ਜਾਂਦੀ ਹੈ। ਕੁਝ ਲੋਕ ਇਸ ਦੀ ਵਿਉਤਪੱਤੀ ਸੰਸਕ੍ਰਿਤ ਦੀ ‘ਭਣ੍’ ਧਾਤੂ ਤੋਂ ਮੰਨਦੇ ਹਨ ਜਿਸ ਦਾ ਅਰਥ ਹੁੰਦਾ ਹੈ ਕਹਿਣਾ, ਵਰਣਨ ਕਰਨਾ, ਪਰ ‘ਭਣ੍’ ਨਾਲੋਂ ਇਸ ਸ਼ਬਦ ਦੀ ਵਿਉਤਪੱਤੀ ਸੰਸਕ੍ਰਿਤ ਦੇ ਭਾਵਨਾ (ਅਰਥਾਤ ਇੱਛਾ) ਸ਼ਬਦ ਤੋਂ ਜ਼ਿਆਦਾ ਸੰਭਾਵਿਤ ਹੈ। ਸਿੱਖ ਧਰਮ ਗ੍ਰੰਥਾਂ ਅਤੇ ਗੁਰਬਾਣੀ ਦੇ ਵਿਆਖਿਆਤਮਕ ਸਾਹਿੱਤ ਵਿਚ ‘ਰਜ਼ਾ’ ਅਤੇ ‘ਭਾਣਾ’ ਦੋਵੇਂ ਗੁਰਬਾਣੀ ਵਿਚ ਸਮਾਨਾਰਥਕ ਰੂਪ ਵਿਚ ਵਰਤੇ ਗਏ ਹਨ। ਇਨ੍ਹਾਂ ਵਿਚ ਕੋਈ ਸਪਸ਼ਟ ਅਰਥਗਤ ਭੇਦ ਨਿਸ਼ਚਿਤ ਨਹੀਂ ਕੀਤਾ ਜਾ ਸਕਦਾ।

          ਅਸਲ ਵਿਚ ‘ਹੁਕਮ’, ‘ਰਜ਼ਾ’ ਅਤੇ ‘ਭਾਣਾ’–ਇਹ ਤਿੰਨੋਂ ਪਰਮਸੱਤਾ ਨਾਲ ਸੰਬੰਧਿਤ ਹਨ ਅਤੇ ਇਨ੍ਹਾਂ ਤਿੰਨਾਂ ਵਿਚ ਕੋਈ ਤਾਤਵਿਕ ਅੰਤਰ ਨਹੀਂ ਹੈ। ਹੁਕਮ ਦੇ ਪਿੱਛੇ ਈਸ਼ਵਰੀ ਇੱਛਾ ਮੌਜੂਦ ਹੈ। ਜੇ ਇੱਛਾ ਨਾ ਹੋਵੇ ਤਾਂ ‘ਹੁਕਮ’ ਦਾ ਉਪਾਦਨ ਕਾਰਣ ਹੀ ਖ਼ਤਮ ਹੋ ਜਾਂਦਾ ਹੈ। ਜੇ ਇਨ੍ਹਾਂ ਤਿੰਨਾਂ ਵਿਚ ਕੋਈ ਅੰਤਰ ਹੈ ਤਾਂ ਕੇਵਲ ਪ੍ਰਕ੍ਰਿਆ  (process) ਦਾ ਹੈ। ‘ਰਜ਼ਾ’ ਅਤੇ ‘ਭਾਣਾ’ ਪਰਮਾਤਮਾ ਦੀ ਸਹਿਜ ਵ੍ਰਿਤੀ ਹੈ। ਜਦ ਇਹ ਵ੍ਰਿਤੀ ਆਪਣੀ ਸਹਿਜ ਅਵਸਥਾ ਤੋਂ ਹਟ ਕੇ ਜਾਂ ਇਸ ਦੀ ਸੀਮਾ ਦਾ ਉਲੰਘਣ ਕਰਕੇ ਕੋਈ ਕ੍ਰਿਆਤਮਕ ਰੂਪ ਧਾਰਣ ਕਰਦੀ ਹੈ ਤਾਂ ਉਹ ‘ਹੁਕਮ’ ਬਣ ਜਾਂਦੀ ਹੈ। ਫਲਸਰੂਪ, ‘ਰਜ਼ਾ’ ਅਥਵਾ ‘ਭਾਣਾ’ ਦਾ ਦਾਰਸ਼ਨਿਕ ਸ਼ੈਲੀ ਵਿਚ ‘ਹੁਕਮ’ ਦੇ ਨਾਲ ਕਾਰਣ –ਕਾਰਜ ਸੰਬੰਧ ਹੈ। ਜਿਵੇਂ ਜਲ (ਕਾਰਣ ) ਅਤੇ ਜਲਤਰੰਗ (ਕਾਰਜ) ਵਿਚ ਕੋਈ ਤਾਤਵਿਕ ਅੰਤਰ ਨਹੀਂ ਹੈ, ਉਸੇ ਤਰ੍ਹਾਂ ‘ਰਜ਼ਾ’ ਜਾਂ ‘ਭਾਣਾ’ (ਕਾਰਣ) ਅਤੇ ‘ਹੁਕਮ’ (ਕਾਰਜ) ਵਿਚ ਕੋਈ ਅੰਤਰ ਨਹੀਂ ਹੈ। ਪਰ ਜਿਵੇਂ ਜਲ ਅਤੇ ਜਲ–ਤਰੰਗ ਵਿਚ ਵਿਵਹਾਰਕ ਰੂਪ ਵਿਚ ਅੰਤਰ ਹੈ ਉਸੇ ਤਰ੍ਹਾਂ ‘ਹੁਕਮ’ ਅਤੇ ‘ਰਾਜ਼ਾ’ ਜਾਂ ‘ਭਾਣਾ’ ਵਿਚ ਵਿਵਹਾਰਕ ਅੰਤਰ ਅਵੱਸ਼ ਹੈ। ਇਸ ਲਈ ਹੁਕਮ ਈਸ਼ਵਰੀ ਭਾਣਾ ਜਾਂ ਰਜ਼ਾ ਨੂੰ ਕ੍ਰਿਆਤਮਕ ਰੂਪ ਪ੍ਰਦਾਨ ਕਰਨ ਵਾਲਾ ਇਕ ਅਨੁਸ਼ਾਸਨਿਕ ਵਿਧਾਨ ਹੈ। ਸੰਖੇਪ ਵਿਚ ਕਿਹਾ ਜਾ ਸਕਦਾ ਹੈ ਕਿ ਗੁਰਬਾਣੀ ਅਨੁਸਾਰ ਹੁਕਮ, ਭਾਣਾ ਅਤੇ ਰਾਜ਼ਾ ਦੇ ਅਨੁਰੂਪ  ਜੀਵਨ ਬਿਤਾਉਣ ਦਾ ਵਿਸ਼ੇਸ਼ ਮਹੱਤਵ ਹੈ। ਇਸ ਨਾਲ ਨਿਰਮਲ ਭਉ (ਭੈ–ਭਾਵ) ਦਾ ਵਿਕਾਸ ਹੁੰਦਾ ਹੈ, ਹੰਕਾਰ ਦੀ ਭਾਵਨਾ ਨਸ਼ਟ ਹੁੰਦੀ ਹੈ। ਸਾਧਕ ਦੇ ਵਿਅਕਤਿਤਵ ਵਿਚ ਹਲੀਮੀ, ਨਿਮਰਤਾ ਆਦਿ ਵ੍ਰਿਤੀਆਂ ਦਾ ਸੰਚਾਰ ਹੁੰਦਾ ਹੈ ਅਤੇ ਉਹ ਪਰਮਾਤਮਾ ਦੀ ਸ਼ਰਣ ਵਿਚ ਜਾ ਕੇ ਪੂਰੀ ਤਰ੍ਹਾਂ ਆਤਮ–ਸਮਰਪਣ ਕਰ ਦਿੰਦਾ ਹੈ। ਇਨ੍ਹਾਂ ਤਿੰਨਾਂ ਸ਼ਬਦਾਂ ਦੀ ਵਰਤੋਂ ਗੁਰੂ ਨਾਨਕ ਦੇਵ ਦੀ ਬਾਣੀ ਵਿਚ ਹੋਈ ਹੈ ਜਿਵੇਂ “ਘਟਿ ਘਟਿ ਬੈਸਿ ਨਿਰੰਤਰਿ ਰਹੀਐ, ਚਾਲਹਿ ਸਤਿਗੁਰ ਭਾਏ। ਸਹਜੇ ਆਏ, ਹੁਕਮਿ ਸਿਧਾਏ ਨਾਨਕ ਸਦਾ ਰਜਾਏ।” (ਆ. ਗ੍ਰੰਥ, ਪੰਨਾ ੯੩੮)। ਹੁਕਮ ਤੋਂ ਹੀ ਸਾਰੀ ਸ਼ਿੑਸ਼ਟੀ ਦੀ ਉਤਪੱਤੀ ਮੰਨੀ ਗਈ ਹੈ। (‘ਹੁਕਮੀ ਹੋਵਨਿ ਆਕਾਰ’–ਜਪੁਜੀ) । ਬਾਕੀ ਗੁਰੂਆਂ ਨੇ ਵੀ ਇਸ ਸ਼ਬਦ ਦੀ ਖੁੱਲ੍ਹ ਕੇ ਵਰਤੋਂ ਕੀਤੀ ਹੈ। ਗੁਰੂ ਅਰਜਨ ਦੇਵ ਨੇ ਸੰਸਾਰ ਦੀ ਸਾਰੀ ਗਤਿ–ਵਿਧੀ ‘ਹੁਕਮ’ ਜਾਂ ‘ਭਾਣੇ’ ਦੇ ਅਧੀਨ ਦੱਸੀ ਹੈ, ਇੱਥੋਂ ਤਕ ਕਿ ਪਰਮਾਤਮਾ ਦਾ ਗੁਣਗਾਨ, ਜਪੁ, ਧਿਆਨ, ਬ੍ਰਹਮ–ਗਿਆਨ ਆਦਿ ਸਭ ਦੀ ਪ੍ਰਾਪਤੀ ਇਸੇ ਦੁਆਰਾ ਅਨੁਸ਼ਾਸਿਤ ਹੈ। ਉਨ੍ਹਾਂ ਨੇ ਹੋਰ ਵੀ ਕਿਹਾ ਹੈ–“ਜੋ ਕਿਛੁ ਵਰਤੈ ਸਭ ਤੇਰਾ ਭਾਣਾ, ਹੁਕਮੁ ਬੂਝੈ ਸੋ ਸਚਿ ਸਮਾਣਾ” (ਆ. ਗ੍ਰੰਥ , ਪੰਨਾ ੧੯੩) । ਇਸ ਲਈ ਗੁਰਬਾਣੀ ਵਿਚ ਬਾਰ ਬਾਰ ‘ਹੁਕਮ’, ‘ਰਜ਼ਾ’ ਜ਼ਾਂ ‘ਭਾਣਾ’ ਨੂੰ ਮੰਨਣ ਲਈ ਬਲ ਦਿੱਤਾ ਗਿਆ ਹੈ ਅਤੇ ਸਪਸ਼ਟ ਕਿਹਾ ਗਿਆ ਹੈ ਉਸੇ ਵਿਅਕਤੀ ਨੂੰ ਪਰਮਾਤਮਾ ਦੀ ਦਰਗਾਹ ਵਿਚ ਪ੍ਰਮਾਣਿਕਤਾ ਦਾ ਚਿੰਨ੍ਹ ਪ੍ਰਾਪਤ ਹੋ ਸਕਦਾ ਹੈ ਜੋ ਹੁਕਮ ਜਾਂ ਭਾਣੇ ਅਨੁਸਾਰ ਚਲਦਾ ਹੈ–‘ਹਰਿ ਕਾ ਭਾਣਾ ਮੰਨਹਿ ਸੇ ਜਨ ਪਰਵਾਣ’।

          [ਸਹਾ. ਗ੍ਰੰਥ–ਭਾਈ ਜੋਧ ਸਿੰਘ, ਪ੍ਰੋ: ਗੁਚਬਚਨ ਸਿੰਘ ਤਾਲਿਬ: ‘ਗੁਰੂ ਗ੍ਰੰਥ ਸਾਹਿਬ ਵਿਚ ਹੁਕਮ ਦਾ ਸੰਕਲਪ’; ਡਾ.ਗੁਰਸ਼ਰਨ–ਕੌਰ–ਜੱਗੀ: ‘ਗੁਰੂ ਨਾਨਕ ਬਾਣੀ ਦਾ ਸਿਧਾਂਤਿਕ ਵਿਸ਼ਲੇਸ਼ਣ]


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1906, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.