ਭਾਸ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਭਾਸ: ਸੰਸਕ੍ਰਿਤ ਸਾਹਿਤ ਵਿੱਚ ਭਾਸ ਦਾ ਨਾਂ ਬਹੁਤ ਹੀ ਆਦਰ ਨਾਲ ਲਿਆ ਜਾਂਦਾ ਹੈ। ਭਾਸ ਨੇ ਸਵਪਨਵਾ ਸਵਦੱਤਾ ਵਰਗੇ 13 ਨਾਟਕਾਂ ਰਾਹੀਂ ਸੰਸਕ੍ਰਿਤ ਸਾਹਿਤ ਨੂੰ ਬਹੁਤ ਹੀ ਅਮੁੱਲ ਦਾਤ ਦਿੱਤੀ ਹੈ। ਕਾਲੀਦਾਸ ਨੇ ਆਪਣੇ ਨਾਟਕ ਮਾਲਵਿਕਾ ਅਗਨੀਮਿੱਤਰ ਵਿੱਚ ਭਾਸ ਦੀ ਪ੍ਰਸੰਸਾ ਕੀਤੀ ਹੈ। ਇਸ ਤੋਂ ਇਹ ਪਤਾ ਚੱਲਦਾ ਹੈ ਕਿ ਕਾਲੀਦਾਸ ਦੇ ਸਮੇਂ ਵਿੱਚ ਵੀ ਭਾਸ ਸੰਸਕ੍ਰਿਤ ਸਾਹਿਤ ਵਿੱਚ ਇੱਕ ਸਫਲ ਨਾਟਕਕਾਰ ਦੇ ਰੂਪ ਵਿੱਚ ਪ੍ਰਸਿੱਧ ਹੋ ਚੁੱਕਿਆ ਸੀ। ਭਾਸ ਦੇ ਜੀਵਨ ਬਾਰੇ ਕੁਝ ਖ਼ਾਸ ਜਾਣਕਾਰੀ ਪ੍ਰਾਪਤ ਨਹੀਂ ਹੁੰਦੀ। ਉਸ ਦੇ ਬਾਰੇ ਇਹੋ ਕਿਹਾ ਜਾਂਦਾ ਹੈ ਕਿ ਭਾਸ ਵੈਸ਼ਨੂੰ ਅਤੇ ਬ੍ਰਾਹਮਣ ਧਰਮ ਦਾ ਸਮਰਥਕ ਸੀ। ਉਹ ਨਾਰੀ ਜਾਤੀ ਦਾ ਬਹੁਤ ਹੀ ਆਦਰ ਕਰਦਾ ਸੀ। ਉਸ ਦੇ ਜੀਵਨ ਬਾਰੇ ਕੁਝ ਦੰਤ-ਕਥਾਵਾਂ ਪ੍ਰਚਲਿਤ ਹਨ। ਇੱਕ ਦੰਤ-ਕਥਾ ਅਨੁਸਾਰ ਉਸ ਦਾ ਨਾਂ ਘਟਕਰਪਰ ਸੀ ਅਤੇ ਜਾਤ ਦਾ ਧੋਬੀ ਸੀ। ਇੱਕ ਹੋਰ ਦੰਤ-ਕਥਾ ਅਨੁਸਾਰ ਇੱਕ ਵਾਰ ਭਾਸ ਅਤੇ ਵਿਆਸ ਵਿੱਚ ਆਪਣੇ-ਆਪ ਨੂੰ ਇੱਕ ਦੂਜੇ ਤੋਂ ਉੱਚਾ ਸਿੱਧ ਕਰਨ ਲਈ ਝਗੜਾ ਹੋ ਗਿਆ। ਦੋਨਾਂ ਨੇ ਆਪਣੇ-ਆਪਣੇ ਕਾਵਿ-ਸੰਗ੍ਰਹਿ ਨੂੰ ਅੱਗ ਦੀ ਭੇਟ ਕਰ ਦਿੱਤਾ। ਕਹਿੰਦੇ ਹਨ ਕਿ ਭਾਸ ਦੇ ਨਾਟਕ ਸਵਪਨਵਾਸਵਦੱਤਾ ਨੂੰ ਅੱਗ ਨਹੀਂ ਜਲਾ ਸਕੀ। ਕਹਿਣ ਦਾ ਭਾਵ ਇਹ ਕਿ ਭਾਸ ਦਾ ਸਵਪਨਵਾਸਵਦੱਤਾ ਨਾਟਕ ਨਾਟਕਲਾ ਦੀ ਦ੍ਰਿਸ਼ਟੀ ਤੋਂ ਸਰਬੋਤਮ ਨਾਟਕ ਹੈ। ਭਾਸ ਦੇ ਜਨਮ ਸਥਾਨ ਬਾਰੇ ਬਹੁਤ ਘੱਟ ਇਤਿਹਾਸਿਕ ਵੇਰਵੇ ਪ੍ਰਾਪਤ ਹੁੰਦੇ ਹਨ। ਸਵਪਨਵਾਸਵਦੱਤਾ ਅਤੇ ਬਾਲਚਰਿਤ ਦੇ ਭਰਵਾਕ ਤੋਂ ਪਤਾ ਚੱਲਦਾ ਹੈ ਕਿ ਭਾਸ ਉੱਤਰ ਭਾਰਤ ਦਾ ਰਹਿਣ ਵਾਲਾ ਸੀ। ਉਸ ਦੇ ਨਾਟਕਾਂ ਵਿੱਚ ਉਜੈਨੀ ਅਤੇ ਮਗਧ ਦੇਸ਼ ਦੇ ਵਰਣਨ ਦੇ ਆਧਾਰ ਤੇ ਕਿਹਾ ਜਾ ਸਕਦਾ ਹੈ ਕਿ ਉਜੈਨੀ ਅਤੇ ਮਗਧ ਵਿੱਚੋਂ ਇੱਕ ਭੂਮੀ ਭਾਸ ਦੀ ਜਨਮ ਭੂਮੀ ਅਤੇ ਦੂਜੀ ਪ੍ਰਵਾਸ ਭੂਮੀ ਹੈ। ਨਾਟਕਾਂ ਵਿੱਚ ਪ੍ਰਾਪਤ ਵੇਰਵਿਆਂ ਤੋਂ ਇਹ ਸਿੱਧ ਹੁੰਦਾ ਹੈ ਕਿ ਭਾਸ ਚੰਦਰਪੁਗਤ ਮੋਰੀਆ ਦੀ ਰਾਜ ਸਭਾ ਵਿੱਚ ਵਜ਼ੀਰ ਕਵੀ ਸੀ।
ਸੰਸਕ੍ਰਿਤ ਸਾਹਿਤ ਦੇ ਪ੍ਰਾਚੀਨ ਨਾਟਕਕਾਰਾਂ ਦੀ ਤਰ੍ਹਾਂ ਸਾਨੂੰ ਭਾਸ ਦੀਆਂ ਰਚਨਾਵਾਂ ਵਿੱਚ ਉਸ ਦੇ ਸਮੇਂ ਬਾਰੇ ਕੋਈ ਠੋਸ ਪ੍ਰਮਾਣ ਨਹੀਂ ਮਿਲਦਾ। ਕਾਲੀਦਾਸ ਅਤੇ ਬਾਣਭੱਟ ਦੁਆਰਾ ਉਸ ਦਾ ਉਲੇਖ ਕੀਤੇ ਜਾਣ ਤੋਂ ਇਹ ਪਤਾ ਚੱਲਦਾ ਹੈ ਕਿ ਭਾਸ ਇਹਨਾਂ ਦਾ ਪੂਰਵ ਵਰਤੀ ਤੇ ਬਾਲਮੀਕੀ ਦਾ ਸਮਕਾਲੀ ਸੀ। ਕੁਝ ਵਿਦਵਾਨਾਂ ਨੇ ਇਹਨਾਂ ਤੱਥਾਂ ਦੇ ਆਧਾਰ ਤੇ ਹੀ ਭਾਸ ਦਾ ਸਮਾਂ ਦੂਜੀ ਜਾਂ ਚੌਥੀ ਸਦੀ ਨਿਸ਼ਚਿਤ ਕਰਨ ਦਾ ਯਤਨ ਕੀਤਾ ਹੈ। ਕੌਟਿਲਯ ਦੁਆਰਾ ਆਪਣੇ ਅਰਥ-ਸ਼ਾਸਤਰ ਵਿੱਚ ਭਾਸ ਦੇ ਨਾਟਕ ਪ੍ਰਤਿਗਿਆਯੋਗੰਧਰਾਇਣ ਦਾ ਸ਼ਲੋਕ ਦਿੱਤਾ ਜਾਣਾ ਇਹ ਸਿੱਧ ਕਰਦਾ ਹੈ ਕਿ ਕੌਟਿਲਯ ਤੋਂ ਪਹਿਲਾਂ ਭਾਸ ਸੰਸਕ੍ਰਿਤ ਸਾਹਿਤ ਵਿੱਚ ਆਪਣਾ ਸਨਮਾਨਿਤ ਸਥਾਨ ਪ੍ਰਾਪਤ ਕਰ ਚੁੱਕਿਆ ਸੀ। ਭਾਸ ਨੇ ਨਾਟਕਾਂ ਦਾ ਰਾਮਾਇਣ, ਮਹਾਂਭਾਰਤ, ਪੁਰਾਣ ਆਦਿ ਪ੍ਰਾਚੀਨ ਗ੍ਰੰਥਾਂ ਤੇ ਆਧਾਰਿਤ ਹੋਣ ਕਾਰਨ ਭਾਸ ਦਾ ਸਮਾਂ ਛੇਵੀਂ ਸਦੀ ਈਸਵੀ ਪੂਰਵ ਦੇ ਕਰੀਬ ਦਾ ਮੰਨਿਆ ਜਾਂਦਾ ਹੈ। ਪ੍ਰਤਿਮਾ ਨਾਟਕ ਵਿੱਚ ਵਰਣਿਤ ਰਾਜਵੰਸ਼ ਅਤੇ ਨੰਦਵੰਸ਼ ਇੱਕ-ਦੂਜੇ ਦੇ ਸਮਕਾਲੀ ਸਨ। ਇਸ ਤੱਥ ਤੋਂ ਇਹ ਪੁਸ਼ਟੀ ਹੁੰਦੀ ਹੈ ਕਿ ਨਾਟਕਕਾਰ ਭਾਸ ਪੰਜਵੀਂ ਸਦੀ ਈਸਵੀ ਪੂਰਵ ਤੋਂ ਬਹੁਤ ਹੀ ਪਿੱਛੇ ਸੀ। ਸ਼ੂਦਰਕ, ਅਸ਼ਵਘੋਸ਼ ਆਦਿ ਨਾਟਕਕਾਰਾਂ ਦੀਆਂ ਰਚਨਾਵਾਂ ਦੇ ਅਧਿਐਨ ਦੇ ਆਧਾਰ ਤੇ ਭਾਸ ਨੂੰ ਇਹਨਾਂ ਤੋਂ ਪਹਿਲਾਂ ਦਾ ਕਿਹਾ ਜਾਂਦਾ ਹੈ।
ਉਕਤ ਵਿਭਿੰਨ ਅੰਦਰੂਨੀ ਅਤੇ ਬਾਹਰੀ ਪ੍ਰਮਾਣਾਂ ਦੇ ਆਧਾਰ ਤੇ ਭਾਸ ਦਾ ਸਮਾਂ ਈਸਾ ਪੂਰਵ ਚੌਥੀ-ਪੰਜਵੀਂ ਸਦੀ ਨਿਸ਼ਚਿਤ ਕਰਨਾ ਹੀ ਉਚਿਤ ਪ੍ਰਤੀਤ ਹੁੰਦਾ ਹੈ।
ਭਾਸ ਦਾ ਨਾਂ ਤੇ ਪ੍ਰਸਿੱਧੀ ਪ੍ਰਾਪਤ ਕਰਨ ਵਾਲੇ 13 ਨਾਟਕ ਹੀ ਪ੍ਰਾਪਤ ਹੁੰਦੇ ਹਨ। ਇਹਨਾਂ ਨਾਟਕਾਂ ਵਿੱਚ ਭਾਸ ਦੀ ਅਦਭੁਤ ਨਾਟਕਲਾ ਦ੍ਰਿਸ਼ਟੀਗੋਚਰ ਹੁੰਦੀ ਹੈ। ਭਾਸ ਦੇ ਪ੍ਰਤਿਮਾ, ਅਭਿਸ਼ੇਕ ਆਦਿ 13 ਨਾਟਕਾਂ ਵਿੱਚੋਂ ਅੱਠ ਤਾਂ ਪੂਰੇ ਨਾਟਕ ਹਨ ਅਤੇ ਪੰਜ ਇਕਾਂਗੀ ਹਨ।
ਪ੍ਰਤਿਮਾ ਨਾਟਕ ਵਿੱਚ ਰਾਮ ਦੇ ਜੰਗਲ ਵਿੱਚ ਜਾਣ, ਦਸਰਥ ਦੀ ਮੌਤ ਅਤੇ ਰਾਮ ਦੇ ਰਾਜ ਤਿਲਕ ਹੋਣ ਦੀਆਂ ਘਟਨਾਵਾਂ ਦਾ ਵਰਣਨ ਹੈ। ਦਸਰਥ ਦੀ ਪ੍ਰਤਿਮਾ ਦੇ ਆਧਾਰ ਤੇ ਹੀ ਇਸ ਨਾਟਕ ਦਾ ਨਾਂ ਪ੍ਰਤਿਮਾ ਰੱਖਿਆ ਗਿਆ ਹੈ।
ਅਭਿਸ਼ੇਕ ਨਾਟਕ ਦੇ ਛੇ ਅੰਕ ਹਨ। ਇਸ ਵਿੱਚ ਹਨੂਮਾਨ ਦੁਆਰਾ ਸੀਤਾ ਕੋਲ ਰਾਮ ਦੇ ਸੰਦੇਸ਼ ਪਹੁੰਚਾਉਣ ਦਾ, ਰਾਮ ਦੁਆਰਾ ਲੰਕਾ ਤੇ ਜਿੱਤ ਪ੍ਰਾਪਤ ਕਰਨ ਦਾ ਅਤੇ ਰਾਮ ਦੇ ਰਾਜ ਤਿਲਕ ਹੋਣ ਦਾ ਵਰਣਨ ਹੈ।
ਪੰਚਰਾਤਰ ਨਾਟਕ ਤਿੰਨ ਅੰਕਾਂ ਦਾ ਛੋਟਾ ਜਿਹਾ ਸਮਵਕਾਰ ਹੈ, ਇਸ ਵਿੱਚ ਦਰੋਣ ਦੁਆਰਾ ਪੰਜ ਰਾਤਾਂ ਵਿੱਚ ਪਾਂਡਵਾਂ ਨੂੰ ਲੱਭ ਲੈਣ ਤੇ ਦੁਰਯੋਧਨ ਦੁਆਰਾ ਆਪਣੀ ਪ੍ਰਤਿੱਗਿਆ ਅਨੁਸਾਰ ਪਾਂਡਵਾਂ ਨੂੰ ਅੱਧਾ ਰਾਜ ਵਾਪਸ ਕਰ ਦੇਣ ਦਾ ਵਰਣਨ ਹੈ।
ਮਧਿਅਮਵਿਆਯੋਗ ਇੱਕ ਅੰਕ ਦਾ ਵਿਆਯੋਗ ਹੈ। ਇਸ ਵਿੱਚ ਮਧਿਅਮ ਪਾਂਡਵ ਭੀਮ ਦੁਆਰਾ ਮਧਿਅਮ ਬ੍ਰਾਹਮਣ ਪੁੱਤਰ ਦੀ ਰਾਕਸ਼ਸ਼ ਘਟੋਤਕੱਚ ਤੋਂ ਰੱਖਿਆ ਕਰਨ ਦਾ ਅਤੇ ਹਿਡਿੰਮਬਾ ਨੂੰ ਮਿਲਣਾ ਵਰਣਿਤ ਹੈ। ਦੂਤਘਟੋਤਕੱਚ ਇੱਕ ਇਕਾਂਗੀ ਹੈ। ਅਭਿਮਨਯੂ ਦੀ ਮੌਤ ਤੋਂ ਬਾਅਦ ਕ੍ਰਿਸ਼ਨ ਦੁਆਰਾ ਘਟੋਤਕੱਚ ਨੂੰ ਦੁਰਯੋਧਨ ਦੇ ਕੋਲ ਦੂਤ ਰੂਪ ਵਿੱਚ ਭੇਜੇ ਜਾਣ ਦਾ ਵਰਣਨ ਹੈ।
ਉਰੂਭੰਗ ਇੱਕ ਇਕਾਂਗੀ ਹੈ। ਇਸ ਨਾਟਕ ਵਿੱਚ ਦੁਰਯੋਧਨ ਅਤੇ ਭੀਮ ਦੇ ਗਦਾਯੁੱਧ ਸਮੇਂ ਦੁਰਯੋਧਨ ਦੀ ਮੌਤ ਦਾ ਬਹੁਤ ਹੀ ਦੁੱਖ ਭਰਿਆ ਵਰਣਨ ਹੈ।
ਕਰਣਭਾਰ ਇਕਾਂਗੀ ਵਿੱਚ ਕਰਣ ਦੇ ਸ਼ਾਪਗ੍ਰਸਤ ਹੋਣ ਦਾ ਅਤੇ ਕਰਣ ਦੁਆਰਾ ਇੰਦਰ ਨੂੰ ਆਪਣੇ ਕਵਚ ਕੁੰਡਲ ਦੇਣ ਦਾ ਵਰਣਨ ਹੈ।
ਦੂਤਵਾਕ ਇੱਕ ਅੰਕ ਦਾ ਵਿਆਯੋਗ ਹੈ। ਇਸ ਨਾਟਕ ਵਿੱਚ ਕ੍ਰਿਸ਼ਨ ਦਾ ਦੂਤ ਰੂਪ ਵਿੱਚ ਦੁਰਯੋਧਨ ਕੋਲ ਪਾਂਡਵਾਂ ਦੇ ਸੰਧੀ ਪ੍ਰਸਤਾਵ ਦਾ ਸੰਦੇਸ਼ ਲੈ ਕੇ ਜਾਣ ਦਾ ਅਤੇ ਨਗਰ ਵਾਪਸ ਆਉਣ ਦਾ ਵਰਣਨ ਹੈ।
ਬਾਲਚਰਿਤ ਨਾਟਕ ਦੇ ਸੱਤ ਅੰਕਾਂ ਵਿੱਚ ਕ੍ਰਿਸ਼ਨ ਦੇ ਜਨਮ ਤੋਂ ਲੈ ਕੇ ਕੰਸ ਦੀ ਮੌਤ ਤੱਕ ਦੀਆਂ ਕਥਾਵਾਂ ਦਾ ਬਹੁਤ ਹੀ ਸੁੰਦਰ ਵਰਣਨ ਹੈ।
ਅਵਿਮਾਰਕ ਨਾਟਕ ਦੇ ਛੇ ਅੰਕਾਂ ਵਿੱਚ ਰਾਜਾ ਕੁੰਤੀਭੋਜ ਦੀ ਪੁੱਤਰੀ ਕੁਰੰਗੀ ਅਤੇ ਸੋਵੀਰਰਾਜ ਦੇ ਪੁੱਤਰ ਅਵੀਮਾਰਕ ਦੇ ਪ੍ਰੇਮ ਅਤੇ ਵਿਆਹ ਦਾ ਬਹੁਤ ਹੀ ਰੋਚਕ ਵਰਣਨ ਕੀਤਾ ਗਿਆ ਹੈ।
ਚਾਰੁਦੱਤ ਨਾਟਕ ਦੇ ਚਾਰ ਅੰਕਾਂ ਵਿੱਚ ਗ਼ਰੀਬ ਪਰੰਤੂ ਗੁਣਵਾਨ ਚਾਰੁਦੱਤ ਅਤੇ ਵੇਸ਼ਿਆ ਵਸੰਤਸੇਨਾ ਦੇ ਆਦਰਸ਼ ਪ੍ਰੇਮ ਨੂੰ ਵਰਣਿਤ ਕੀਤਾ ਗਿਆ ਹੈ।
ਪ੍ਰਤਿਗਿਆਯੋਗੰਧਰਾਇਣ ਨਾਟਕ ਦੇ ਛੇ ਅੰਕਾਂ ਵਿੱਚ ਮੰਤਰੀ ਯੋਗੰਧਰਾਇਣ ਦੀ ਰਾਜਕੁਸ਼ਲਤਾ ਅਤੇ ਉਦਯਨ ਅਤੇ ਵਾਸਵਦੱਤਾ ਦੇ ਗੁਪਤ ਵਿਆਹ ਦਾ ਵਰਣਨ ਹੈ।
ਸੱਤ ਅੰਕਾਂ ਵਿੱਚ ਰਚਿਤ ਸਵਪਨਵਾਸਵਦੱਤਾ ਨਾਟਕ ਸੰਸਕ੍ਰਿਤ ਸਾਹਿਤ ਵਿੱਚ ਬਹੁਤ ਹੀ ਮਹੱਤਵਪੂਰਨ ਸਥਾਨ ਰੱਖਦਾ ਹੈ। ਇਸ ਵਿੱਚ ਉਦਯਨ ਅਤੇ ਵਾਸਵਦੱਤਾ ਦੇ ਪ੍ਰੇਮ ਦਾ ਅਤੇ ਪਦਮਾਵਤੀ ਨਾਲ ਉਦਯਨ ਦੇ ਵਿਆਹ ਹੋਣ ਦਾ ਵਰਣਨ ਮਿਲਦਾ ਹੈ।
ਭਾਸ ਦੇ ਨਾਟਕਾਂ ਦੀ ਭਾਸ਼ਾ ਦੀ ਆਪਣੀ ਹੀ ਇੱਕ ਵਿਸ਼ੇਸ਼ਤਾ ਹੈ। ਉਸ ਦੀ ਸ਼ੈਲੀ ਵਿੱਚ ਵਿਅੰਜਕਤਾ ਅਤੇ ਪ੍ਰਭਾਵਉਤਪਤੀ ਦਾ ਸੁਚੱਜਾ ਸੁਮੇਲ ਪ੍ਰਾਪਤ ਹੁੰਦਾ ਹੈ। ਲੰਬੇ ਲੰਬੇ ਸਮਾਸਾਂ ਦੇ ਪ੍ਰਯੋਗ ਤੋਂ ਕਾਵਿ ਨੂੰ ਬਚਾਇਆ ਗਿਆ ਹੈ। ਛੋਟੇ-ਛੋਟੇ ਵਾਕਾਂ ਵਿੱਚ ਗੰਭੀਰ ਗੱਲ ਨੂੰ ਕਹਿਣਾ ਭਾਸ ਦੀ ਕਾਵਿ-ਕੁਸ਼ਲਤਾ ਨੂੰ ਪ੍ਰਗਟ ਕਰਦਾ ਹੈ। ਕਥਾ-ਵਸਤੂ ਦੀ ਦ੍ਰਿਸ਼ਟੀ ਤੋਂ ਭਾਸ ਦੇ ਨਾਟਕਾਂ ਨੂੰ ਸੰਸਕ੍ਰਿਤ ਸਾਹਿਤ ਵਿੱਚ ਉੱਚਤਮ ਸਥਾਨ ਪ੍ਰਾਪਤ ਹੈ। ਭਾਸ ਸਰਲ ਭਾਸ਼ਾ ਦਾ ਧਨੀ ਸੀ। ਭਾਵਾਂ ਦੀ ਉਚਿਤ ਅਭਿਵਿਅੰਜਨਾ, ਗੰਭੀਰਤਾ ਆਦਿ ਉਸ ਦੀ ਸ਼ੈਲੀ ਦੇ ਵਿਸ਼ੇਸ਼ ਗੁਣ ਹਨ। ਸਥਿਤੀ ਅਤੇ ਪਾਤਰ ਅਨੁਸਾਰ ਵਿਚਾਰਾਂ ਦਾ ਆਦਾਨ-ਪ੍ਰਦਾਨ ਭਾਸ ਦੇ ਨਾਟਕਾਂ ਦੀ ਮੁੱਖ ਵਿਸ਼ੇਸ਼ਤਾ ਹੈ। ਨਾਟਕਾਂ ਵਿੱਚ ਅਲੰਕਾਰਾਂ ਦਾ ਉਚਿਤ ਪ੍ਰਯੋਗ ਭਾਸ ਦੀ ਨਾਟਕੁਸ਼ਲਤਾ ਦਾ ਪ੍ਰਮਾਣ ਹੈ। ਮਹਾਂਭਾਰਤ ਆਦਿ ਪ੍ਰਾਚੀਨ ਗ੍ਰੰਥਾਂ ਤੇ ਆਧਾਰਿਤ ਹੋਣ ਕਰ ਕੇ ਇਸ ਦੇ ਨਾਟਕਾਂ ਦਾ ਮੁੱਖ ਰਸ ਵੀਰ ਹੈ। ਵਾਕਸੰਘਟਨਾ ਦੀ ਵਿਸ਼ੇਸ਼ਤਾ ਵਿੱਚ ਨਾਟਕਕਾਰ ਨੇ ਬਹੁਤ ਸਫਲਤਾ ਪ੍ਰਾਪਤ ਕੀਤੀ ਹੈ। ਪਾਤਰਾਂ ਦੇ ਚਰਿੱਤਰ ਨੂੰ ਪੇਸ਼ ਕਰਨ ਵਿੱਚ ਭਾਸ ਏਨਾ ਨਿਪੁੰਨ ਸੀ ਕਿ ਪਾਤਰਾਂ ਦੇ ਕਾਲਪਨਿਕ ਹੋਣ ਦਾ ਅੰਦਾਜ਼ਾ ਤੱਕ ਨਹੀਂ ਲਗਾਇਆ ਜਾ ਸਕਦਾ। ਭਾਸ ਦੀ ਵਰਣਨ ਕਲਾ ਪਰਿਪੱਕਤਾ ਅਤੇ ਨਿਰਾਲੇਪਣ ਦੀ ਧਾਰਨੀ ਹੈ। ਸਵਪਨਵਾਸਵਦੱਤਾ ਵਿੱਚ ਭਾਸ ਦੁਆਰਾ ਕੀਤਾ ਗਿਆ ਤਪੋਵਨ ਦਾ ਵਰਣਨ ਕਾਲੀਦਾਸ ਦੇ ਅਭਿਗਿਆਨਸ਼ਕੁੰਤਲਮ ਦੇ ਤਪੋਵਨ ਦੀ ਯਾਦ ਦਿਵਾਉਂਦਾ ਹੈ। ਇਸ ਤਰ੍ਹਾਂ ਭਾਸ ਦੀ ਭਾਸ਼ਾ ਸ਼ੈਲੀ ਦਾ ਪ੍ਰਮਾਣ ਪਰਵਰਤੀ ਕਵੀਆਂ ਅਤੇ ਨਾਟਕਕਾਰਾਂ ਦੇ ਕਾਵਿ ਵਿੱਚ ਪ੍ਰਤੱਖ ਰੂਪ ਵਿੱਚ ਦੇਖਿਆ ਜਾ ਸਕਦਾ ਹੈ।
ਭਾਸ ਦੇ ਨਾਟਕਾਂ ਵਿੱਚ ਮਨੁੱਖੀ ਜੀਵਨ ਦੇ ਵਿਭਿੰਨ ਰੂਪਾਂ ਦੀ ਜਾਚ-ਪੜਤਾਲ ਕਰਨ ਦਾ ਭਰਪੂਰ ਮੌਕਾ ਪ੍ਰਾਪਤ ਹੁੰਦਾ ਹੈ। ਪੁਰਾਣ, ਇਤਿਹਾਸ, ਮਹਾਂਭਾਰਤ ਅਤੇ ਲੋਕ ਪ੍ਰਚਲਿਤ ਕਥਾਵਾਂ ਤੇ ਆਧਾਰਿਤ ਹੋਣ ਕਰ ਕੇ ਭਾਸ ਦੇ ਨਾਟਕਾਂ ਦਾ ਖੇਤਰ ਬਹੁਤ ਹੀ ਵਿਆਪਕ ਹੈ ਜਿਸ ਕਾਰਨ ਉਸ ਦੇ ਨਾਟਕਾਂ ਵਿੱਚ ਵਿਭਿੰਨਤਾ ਅਤੇ ਸਰਬੋਤਮ ਪ੍ਰਤਿਭਾ ਦੀ ਝਲਕ ਵਿਸ਼ੇਸ਼ ਰੂਪ ਵਿੱਚ ਦਿਖਾਈ ਦਿੰਦੀ ਹੈ। ਭਾਸ ਦੇ ਨਾਟਕਾਂ ਦੀ ਮੁੱਖ ਵਿਸ਼ੇਸ਼ਤਾ ਹੈ ਕਿ ਉਸ ਦੇ ਸਾਰੇ ਨਾਟਕ ਬਹੁਤ ਹੀ ਸੌਖੇ ਢੰਗ ਨਾਲ ਰੰਗ ਮੰਚ ਤੇ ਖੇਡੇ ਜਾ ਸਕਦੇ ਹਨ। ਅਭਿਨੈ ਯੋਗਤਾ ਇਸ ਦੇ ਨਾਟਕਾਂ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਹੈ। ਭਿੰਨ-ਭਿੰਨ ਅਵਸਥਾਵਾਂ ਵਿੱਚ ਭਿੰਨ-ਭਿੰਨ ਭਾਵਾਂ ਨੂੰ ਵਰਣਿਤ ਕਰਨ ਵਿੱਚ ਭਾਸ ਇੱਕ ਕੁਸ਼ਲ ਨਾਟਕਕਾਰ ਹੈ। ਸੰਵਾਦ ਕਲਾ ਦੀ ਭਾਸ ਨੂੰ ਵਿਸ਼ੇਸ਼ ਜਾਣਕਾਰੀ ਸੀ। ਮਨੁੱਖ ਦੇ ਅੰਦਰਲੇ ਭਾਵਾਂ ਨੂੰ ਸੌਖੇ ਢੰਗ ਨਾਲ ਸਰਲ ਭਾਸ਼ਾ ਵਿੱਚ ਸਪਸ਼ਟ ਕਰਨ ਲਈ ਭਾਸ ਬਹੁਤ ਹੀ ਨਿਪੁੰਨ ਸੀ। ਉਸ ਦੇ ਨਾਟਕ ਬਹੁਤ ਹੀ ਸਰਲ ਅਤੇ ਲੋਕ ਜੀਵਨ ਦੇ ਨੇੜੇ ਹਨ।
ਲੇਖਕ : ਦੀਪਸ਼ਿਖਾ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 2641, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First