ਮਲਵਈ ਗਿੱਧਾ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਮਲਵਈ ਗਿੱਧਾ : ਮਾਲਵੇ ਵਿੱਚ ਗਿੱਧਾ ਵਧੇਰੇ ਪ੍ਰਸਿੱਧ ਹੈ ਜੋ ਇੱਕ ਤਰ੍ਹਾਂ ਸਥਾਨਿਕ ਕਵੀਸ਼ਰਾਂ ਤੇ ਸ਼ਾਇਰਾਂ ਦੀਆਂ ਸ਼ੌਕੀਆ ਮੰਡਲੀਆਂ ਦੀ ਦੇਣ ਹੈ। ਮਰਦਾਂ ਦਾ ਇਹ ਗਿੱਧਾ ਟੋਲੀਆਂ ਬੰਨ੍ਹ ਕੇ ਪੈਂਦਾ ਹੈ, ਜੋ ਮੇਲੇ-ਮੁਸ਼ਾਹਦੇ ਜਾਂ ਵਿਆਹ-ਸ਼ਾਦੀ ਦੇ ਮੌਕੇ ਇਕੱਠੀਆਂ ਹੋਈਆਂ ਹੁੰਦੀਆਂ ਹਨ।
ਪੰਜਾਬ ਦੇ ਮਾਲਵਾ ਭੂ-ਖੇਤਰ ਵਿੱਚ ਵਿਆਹ-ਸ਼ਾਦੀ ਦੇ ਅਵਸਰ ’ਤੇ ਅਕਸਰ ਇਸਤਰੀ ਪੁਰਸ਼ਾਂ ਵੱਲੋਂ ਕਾਵਿ- ਸੰਵਾਦ ਰਚਾਉਣ ਦੇ ਪ੍ਰਮਾਣ ਮਿਲਦੇ ਹਨ, ਜਿਸ ਵਿੱਚ ਪੱਤਲਾਂ, ਹੇਅਰਿਆਂ ਅਤੇ ਸਿਠਣੀਆਂ ਆਦਿ ਦੇ ਦੇਣ ਸਮੇਂ, ਸੰਗ ਸ਼ਰਮ ਤਿਆਗ ਕੇ ਜਾਂਞੀ ਅਤੇ ਮੇਲੀ ਇੱਕ ਦੂਜੇ ਨੂੰ ਮੁਖਾਤਿਫ ਹੁੰਦੇ ਹਨ। ਇਹ ਟਾਕਰਾ ਅਕਸਰ ਵਿਆਹ ਦੀ ਪਹਿਲੀ ਰੋਟੀ ਸਮੇਂ ਹੁੰਦਾ ਹੈ (ਜਿਸ ਨੂੰ ਖੱਟੀ ਰੋਟੀ ਕਿਹਾ ਜਾਂਦਾ ਹੈ) ਇਸ ਰਸਮ ਸਮੇਂ ਕੋਈ ਔਰਤ ਅਚਾਨਕ ਉੱਠ ਕੇ ਕੁਝ ਕਾਵਿ ਸ਼ਬਦਾਂ ਨਾਲ ਜੰਞ ਦੀ ਰੋਟੀ ਬੰਨ੍ਹ ਦਿੰਦੀ ਹੈ, ਤਾਂ ਜੰਞ ਵਿੱਚੋਂ ਕੋਈ ਕਵੀਸ਼ਰ ਉੱਠ ਕੇ ਆਪਣੀ ਕਾਵਿ-ਰਚਨਾ ਰਾਹੀਂ ਰੋਟੀ ਖੋਲ੍ਹਦਾ ਹੈ। ਅਜਿਹੀ ਕਾਵਿ-ਰਚਨਾ ਨੂੰ ਪੱਤਲ-ਕਾਵਿ ਦਾ ਨਾਂ ਦਿੱਤਾ ਗਿਆ ਹੈ। ਕਈ ਵੇਰ ਇਸ ਪੱਤਲ-ਕਾਵਿ ਵਿੱਚ ਇੱਕ ਦੂਜੀ ਧਿਰ ਮਿਹਣੋ-ਮਿਹਣੀ ਹੋ ਕੇ ਕੁਝ ਕਾਮੁਕ ਜਿਹੇ ਵਾਕਾਂ ਦੀ ਖੁੱਲ੍ਹ ਵੀ ਲੈ ਲੈਂਦੀ ਹੈ ਅਤੇ ਇਹ ਦੁਵੱਲੀ ਸੰਵਾਦ ਕੜਾਕੇਦਾਰ ਸ਼ੈਲੀ ਵਾਲਾ ਬਣ ਜਾਂਦਾ ਹੈ।
ਮਾਲਵੇ ਦੇ ਪਿੰਡਾਂ ਵਿਚਲੇ ਇਹ ਸ਼ਾਇਰ ਹੀ ਕਈ ਵੇਰ ਜੰਞਾਂ ਵਿੱਚ ਜਾਣ ਦੇ ਨਾਲ-ਨਾਲ ਕਵੀਸ਼ਰੀ ਕਰਦੇ ਹੋਏ ਰੁਮਾਂਟਿਕ ਜਿਹੇ ਸੁਭਾਅ ਵਾਲੇ ਚੋਬਰ (ਗੱਭਰੂ/ਬੁੱਢੇ) ਕੱਠੇ ਹੋ ਕੇ ਕੋਈ ਨੱਚਣ ਗਾਉਣ ਵਾਲਾ ਟੋਲਾ ਬਣਾ ਲੈਂਦੇ ਹਨ। ਆਪਣੀ ਸਾਹਿਤਿਕ ਮੱਸ ਕਾਰਨ ਪਹਿਲਾਂ ਉਹ ਪਿੰਡ ਦੀ ਸੱਥ ਵਿੱਚ ਵਿਅਕਤੀ ਵਿਸ਼ੇਸ਼ ਵਜੋਂ ਚਰਚਾ ਦਾ ਕੇਂਦਰ ਬਣਦੇ ਹਨ, ਅਤੇ ਇਹੋ ਪ੍ਰੇਰਨਾ ਉਹਨਾਂ ਨੂੰ ਨੱਚਣ ਗਾਉਣ ਲਈ ਗਿੱਧੇ ਦੀ ਢਾਣੀ ਬਣਾਉਣ ਵਿੱਚ ਮਦਦ ਕਰਦੀ ਹੈ।
ਮਰਦਾਂ ਦੇ ਮਲਵਈ ਗਿੱਧੇ ਵਿੱਚ ਅਕਸਰ ਕਵੀਸ਼ਰ ਹੀ ਨਚਾਰਾਂ ਦੇ ਗੁਰੂ ਮੰਨੇ ਜਾਂਦੇ ਹਨ, ਕਿਉਂਕਿ ਮਲਵਈ ਗਿੱਧੇ ਦੀ ਪ੍ਰਮੁਖਤਾ ਗਿੱਧੇ ਵਿੱਚ ਪਾਈਆਂ ਜਾਣ ਵਾਲੀਆਂ ਬੋਲੀਆਂ ਨੂੰ ਦਿੱਤੀ ਜਾਂਦੀ ਹੈ। ਮਲਵਈ ਮਰਦਾਂ ਦੇ ਗਿੱਧੇ ਵਿੱਚ ਕੋਈ ਇੱਕ ਜਾਂ ਇੱਕ ਤੋਂ ਵਧੇਰੇ ਬੋਲੀਆਂ ਜੋੜਨ ਵਾਲੇ, ਢੋਲਕ ਵਾਲਾ, ਬੁਘਦੂ ਵਾਲਾ, ਚਿਮਟਿਆਂ ਵਾਲੇ ਅਤੇ ਇੱਕ ਜਾਂ ਇੱਕ ਤੋਂ ਵਧੇਰੇ ਗੜਵਾ ਵਜਾਉਣ ਵਾਲੇ ਹੋਣੇ ਲਾਜ਼ਮੀ ਸਮਝੇ ਜਾਂਦੇ ਹਨ। ਇਹਨਾਂ ਤੋਂ ਇਲਾਵਾ ਇੱਕ ਦੋ ਅਜਿਹੇ ਸਾਜ਼ੀ ਵੀ ਹੁੰਦੇ ਹਨ, ਜੋ ਸਾਜ਼ ਨੂੰ ਕੇਵਲ ਨਾ-ਮਾਤਰ ਵਜਾਉਂਦੇ ਹਨ, ਪਰ ਉਹ ਪਾਈ ਹੋਈ ਬੋਲੀ ਨੂੰ ਉੱਚੀ ਸੁਰ ਵਿੱਚ ਗਾਉਣ ਦਾ ਵਧੇਰੇ ਕਾਰਜ ਕਰਦੇ ਹਨ।
ਮਲਵਈ ਗਿੱਧੇ ਦੀ ਟੋਲੀ ਵਿੱਚ ਨਾਚਿਆਂ ਦੀ ਗਿਣਤੀ ਨਿਸ਼ਚਿਤ ਨਹੀਂ ਹੈ, ਪਰ ਇਹ ਗਿਣਤੀ 10 ਤੋਂ ਲੈ ਕੇ 15 ਤੱਕ ਹੋ ਸਕਦੀ ਹੈ। ਬੋਲੀ ਪਾਉਣ ਵਾਲੇ ਗੱਭਰੂਆਂ ਦੀ ਗਿਣਤੀ ਵੀ ਇੱਕ ਤੋਂ ਵਧੇਰੇ ਹੁੰਦੀ ਹੈ। ਅਜਿਹੇ ਬੋਲੀ ਪਾਉਣ ਵਾਲਿਆਂ ਨੂੰ ‘ਆਗੂ’ ਅਤੇ ਬੋਲੀ ਚੁੱਕ ਕੇ ਸਾਜ਼ ਵਜਾਉਣ ਅਤੇ ਨੱਚਣ ਵਾਲਿਆਂ ਨੂੰ ‘ਪਾਛੂ’ ਕਿਹਾ ਜਾਂਦਾ ਹੈ।
ਕਈ ਹਾਲਤਾਂ ਵਿੱਚ ਮੇਲੇ-ਮੁਸ਼ਾਹਦੇ ਪੁਰ ਇੱਕ ਟੋਲੀ ਦਾ ਦੂਜੀ ਟੋਲੀ ਨਾਲ ਟਾਕਰਾ ਵੀ ਹੋ ਜਾਂਦਾ ਹੈ। ਇਸ ਹਾਲਤ ਵਿੱਚ ਦੋਹਾਂ ਧਿਰਾਂ ਦੀਆਂ ਬੋਲੀਆਂ ਭਾਵੇਂ ਕਾਟਵੀਂ ਸੁਰ ਵਾਲੀਆਂ ਹੁੰਦੀਆਂ ਹਨ, ਪਰ ਦੁਵੱਲੀ ਟੋਲੀਆਂ ਦੇ ਸਾਜ਼ੀ ਪੂਰੀ ਲੈਅ ਅਤੇ ਤਾਲ ਨਾਲ ਸਾਜ਼ਾਂ ਦਾ ਸਾਥ ਦਿੰਦੇ ਹਨ ਅਤੇ ਪੂਰੇ ਸਹਿਯੋਗ ਨਾਲ ਟੁੱਟਦੀ ਬੋਲੀ ਤੋਂ ਤੋੜਾ ਚੁੱਕਦੇ ਹਨ।
ਮਲਵਈ ਗਿੱਧੇ ਦਾ ਸਮੁੱਚਾ ਚਲਨ ਲੜੀਦਾਰ ਬੋਲੀਆਂ ਵਾਲਾ ਹੈ, ਜੋ ਇੱਕ ਤੋਂ ਬਾਅਦ ਦੂਜੀ ਬੋਲੀ ਦੇ ਵੱਖਰਾ ਹੋਣ ’ਤੇ ਵੀ ਜੁੜਿਆ ਰਹਿੰਦਾ ਹੈ। ਬੋਲੀਕਾਰ ਸੱਜੇ ਜਾਂ ਖੱਬੇ ਹੱਥ ਦੀ ਤਲੀ ਕੰਨ ਪੁਰ ਧਰ ਕੇ ਅਤੇ ਸੱਖਣੀ ਬਾਂਹ ਸਿਰ ਤੋਂ ਉੱਚੀ ਚੁੱਕ ਕੇ ਪੂਰੇ ਤਾਣ ਨਾਲ ਬੋਲੀ ਪਾਉਂਦਾ ਹੈ। ਹਰ ਬੋਲੀ ਦਾ ਆਰੰਭ ਓ ਓ... ਦੀ ਲੰਮੀ ਹੇਕ ਨਾਲ ਸ਼ੁਰੂ ਹੁੰਦਾ ਹੈ, ਜੋ ਬੋਲੀ ਦੇ ਅੰਤਿਮ ਬੋਲਾਂ ਉੱਤੇ ਤੋੜੇ ’ਤੇ ਆ ਕੇ ਮੁੱਕਦਾ ਹੈ। ਸਮੁੱਚੀ ਬੋਲੀ ਨੂੰ ਬੋਲੀਕਾਰ ਇਕੱਲਾ ਹੀ ਬੋਲਦਾ ਹੈ। ਜਿਸ ਦੇ ਹੁੰਗਾਰੇ ਵਜੋਂ ਦੂਜੇ ਸਾਥੀ ਵੱਖੋ- ਵੱਖਰੇ ਢੰਗਾਂ ਨਾਲ ਹੁੰਗਾਰਾ ਦਿੰਦੇ ਹਨ, ਪਰ ਬੋਲੀਕਾਰ ਜਿਉਂ ਹੀ ਬੋਲੀ ਦੇ ਅੰਤਲੇ ਬੋਲ ਸਿਟਦਾ ਹੈ, ਨਾਲ ਦੀ ਨਾਲ ਉਸ ਦਾ ਉੱਚਾ ਉੱਠਿਆ ਹੱਥ ਵੀ ਜ਼ੋਰ ਦੇ ਝਟਕੇ ਨਾਲ ਥੱਲੇ ਡਿਗਦਾ ਹੈ ਅਤੇ ਬਾਕੀ ਦੇ ਸਾਥੀ ਬੋਲੀ ਨੂੰ ਦੁਹਰਾਉਂਦੇ ਹੋਏ ਗਾਉਣ ਲੱਗਦੇ ਹਨ।
ਤੋੜੇ ਦੇ ਡਿੱਗਦੇ ਹੀ ਢੋਲਕੀ ਵਾਲਾ ਸਾਜਿੰਦਾ ਢੋਲਕੀ ’ਤੇ ਥਾਪ ਦੇ ਕੇ ਬਾਕੀ ਦੇ ਸਾਜਿੰਦਿਆਂ ਨੂੰ ਅਰੰਭ ਕਰਨ ਦਾ ਸੰਕੇਤ ਦਿੰਦਾ ਹੈ। ਸਾਜਿੰਦੇ ਸਾਜ਼ ਵੀ ਵਜਾਉਂਦੇ ਹਨ ਅਤੇ ਬੋਲੀ ਦੀ ਆਖ਼ਰੀ ਸਤਰ ਨੂੰ ਤਿੰਨ ਤੋਂ ਪੰਜ ਵੇਰ ਬੋਲ ਕੇ ਦੁਹਰਾਉਂਦੇ ਵੀ ਹਨ। ਇਸ ਤੋੜੇ ਦੇ ਦੁਹਰਾਉਂਦੇ ਸਮੇਂ ਜਿਸ ਨਾਚੇ ਦਾ ਦਿਲ ਕਰੇ ਉਹ ਪਿੜ ਵਿੱਚ ਆ ਕੇ ਨੱਚਣ ਲੱਗਦਾ ਹੈ। ਇੱਥੇ ਇਹ ਗੱਲ ਵਰਣਨ ਯੋਗ ਹੈ ਕਿ ਮਰਦਾਂ ਦੇ ਗਿੱਧੇ ਵਿੱਚ ਨਾ ਤਾਂ ਅੱਡੀ ਧਮਕਾ ਕੇ ਨੱਚਿਆ ਜਾਂਦਾ ਹੈ ਅਤੇ ਨਾ ਹੀ ਇਸਤਰੀਆਂ ਦੇ ਗਿੱਧੇ ਵਾਂਗ ਤਾੜੀ ਮਾਰੀ ਜਾਂਦੀ ਹੈ। ਮਰਦਾਂ ਦੇ ਗਿੱਧੇ ਵਿੱਚ ਤਾੜੀ ਦਾ ਰੂਪ ਵੱਖਰੀ ਕਿਸਮ ਦਾ ਹੈ। ਇਸਤਰੀਆਂ ਦੇ ਗਿੱਧੇ ਵਿੱਚ ਜਿੱਥੇ ਬੋਲੀ ਵਿਚਲੇ ਭਾਵ ਦੀਆਂ ਮੁਦਰਾਵਾਂ ਦੇ ਅਨੁਸਾਰ ਨੱਚਿਆ ਜਾਂਦਾ ਹੈ, ਉੱਥੇ ਮਰਦਾਂ ਦੇ ਗਿੱਧੇ ਵਿੱਚ ਨਾਚੇ ਸਾਜ਼ ਵਜਾਉਂਦੇ ਹੋਏ ਬੜੀਆਂ ਸਿੱਧੀਆਂ ਸਾਦੀਆਂ ਮੁਦਰਾਵਾਂ ਵਿੱਚ ਨੱਚਦੇ ਹਨ। ਜਿਵੇਂ ਤਾੜੀ ਮਾਰਦਿਆਂ ਮੋਢਿਆਂ ਨੂੰ ਹਿਲਾਉਣਾ, ਪੱਬਾਂ ਭਾਰ ਹੋ ਕੇ ਨਾਚ ਮੁਦਰਾ ਵਿੱਚ ਸਾਜ਼ ਵਜਾਉਣ ਅਤੇ ਲੱਕ ਤੋਂ ਉਪਰਲੇ ਸਰੀਰ ਨੂੰ ਨਾਚ ਅਦਾ ਵਿੱਚ ਹਿਲਾਉਂਦੇ ਹੋਏ ਹਥਲੇ ਸਾਜ਼ ਨੂੰ ਵਜਾਉਣਾ। ਇਉਂ ਮਰਦਾਂ ਦਾ ਮਲਵਈ ਗਿੱਧਾ ਨਾਚ ਘੱਟ ਅਤੇ ਨਾਚ-ਗੀਤ ਵਧੇਰੇ ਕਿਹਾ ਜਾ ਸਕਦਾ ਹੈ।
ਗਿੱਧੇ ਦੀ ਸ਼ੁਰੂਆਤ ਸਮੇਂ ਬੋਲੀ ਪਾਉਣ ਵਾਲਾ ਨਚਾਰ ਪ੍ਰਭੂ ਨਮਿਤ ਬੋਲੀ ਸ਼ੁਰੂ ਕਰਦਾ ਹੈ। ਬਾਕੀ ਸਾਥੀ ਉਹ ਦੇ ਬੋਲ ਦੇ ਅੰਤ ਉੱਤੇ ਸਾਥ ਦਿੰਦੇ ਹਨ। ਇਸ ਨੂੰ ਗਿੱਧੇ ਦਾ ਮੰਗਲਾਚਰਨ ਕਿਹਾ ਜਾਂਦਾ ਹੈ। ਅੰਤ ’ਤੇ ਸਾਰੇ ਨਚਾਰ ਆਸੇ-ਪਾਸੇ ਖਲੋਤੇ ਦਰਸ਼ਕਾਂ ਨੂੰ ਨਮਸਕਾਰ ਕਰਦੇ ਹਨ ਅਤੇ ਅਗਲੀਆਂ ਬੋਲੀਆਂ ਦੀ ਲੜੀ ਸ਼ੁਰੂ ਕਰਦੇ ਹਨ।
ਮਲਵਈ ਗਿੱਧੇ ਦੀ ਓਸ ਟੋਲੀ ਦੀ ਵਧੇਰੇ ਚੜ੍ਹਤ ਸਮਝੀ ਜਾਂਦੀ ਹੈ, ਜਿਸ ਦੇ ਸਾਥੀਆਂ ਨੂੰ ਨਵੀਆਂ ਅਤੇ ਵਧੇਰੇ ਬੋਲੀਆਂ ਯਾਦ ਹੋਣ। ਬੋਲੀਆਂ ਜੋੜਨ ਵਾਲਿਆਂ ਵਿੱਚ ਗੁਰੂ ਸ਼ਿਸ਼ ਪਰੰਪਰਾ ਵੀ ਹੁੰਦੀ ਹੈ।
ਗਿੱਧੇ ਦੀ ਸਮਾਪਤੀ ਵੇਲੇ ਵਿਸ਼ੇਸ਼ ਤਰ੍ਹਾਂ ਦੀਆਂ ਬੋਲੀਆਂ ਪਾਈਆਂ ਜਾਂਦੀਆਂ ਹਨ, ਜਿਨ੍ਹਾਂ ਵਿੱਚ ਭੁੱਲ-ਚੁੱਕ ਦੀ ਭੁੱਲ ਬਖ਼ਸ਼ਾਈ ਜਾਂਦੀ ਹੈ ਅਤੇ ਅਗਲੀ ਵੇਰ ਫਿਰ ਮਿਲਣ ਦੀ ਕਾਮਨਾ ਕੀਤੀ ਜਾਂਦੀ ਹੈ। ਕਈ ਬੋਲੀਆਂ ਪਾਉਣ ਵਾਲਿਆਂ ਨੇ ਢਾਣੀ ਦਾ ਅਤਾ ਪਤਾ ਦੱਸਣ ਵਾਲੀ ਬੋਲੀ ਵੀ ਜੋੜੀ ਹੁੰਦੀ ਹੈ, ਜਿਸ ਨੂੰ ਗਾ ਕੇ ਸੁਣਾਇਆ ਜਾਂਦਾ ਹੈ।
ਗਿੱਧੇ ਵਿੱਚ ਸ਼ਾਮਲ ਵਿਅਕਤੀ ਜ਼ਰੂਰੀ ਨਹੀਂ ਗੱਭਰੂ ਉਮਰ ਦੇ ਹੀ ਹੋਣ; ਪੰਜਾਬ ਵਿੱਚ ਮਲਵਈ ਗਿੱਧੇ ਦੀਆਂ ਟੋਲੀਆਂ ਵਿੱਚ ਕਈ ਵਡੇਰੀ ਉਮਰ ਦੇ ਵਿਅਕਤੀ ਵੀ ਸ਼ਾਮਲ ਹਨ। ਗਿੱਧੇ ਵਿੱਚ ਨੱਚਣ ਵਾਲੇ ਵਿਅਕਤੀ ਲਈ ਰੁਮਾਂਟਿਕ, ਪ੍ਰਤਿਭਾਵਾਨ, ਨਿਸ਼ੰਗ ਸੁਭਾਅ ਅਤੇ ਕਲਾ ਦਾ ਰਸੀਆ ਹੋਣਾ ਜ਼ਰੂਰੀ ਸਮਝਿਆ ਜਾਂਦਾ ਹੈ।
ਟੋਲੀ ਵਿੱਚ ਗੁਰੂ ਸ਼ਿਸ਼ ਪਰੰਪਰਾ ਦਾ ਵਿਸ਼ੇਸ਼ ਯੋਗਦਾਨ ਹੈ ਪਰ ਮਲਵਈ ਗਿੱਧੇ ਦੀ ਕਿਸੇ ਇੱਕ ਟੋਲੀ ਵਿੱਚ ਗੁਰੂ ਵੀ ਹੁੰਦਾ ਹੈ ਅਤੇ ਉਸ ਦੇ ਇੱਕ ਜਾਂ ਇੱਕ ਤੋਂ ਵਧੇਰੇ ਚੇਲੇ ਵੀ ਹੁੰਦੇ ਹਨ। ਪਹਿਲੇ ਸਮਿਆਂ ਵਿੱਚ ਮਲਵਈ ਗਿੱਧੇ ਦੀਆਂ ਇਹ ਟੋਲੀਆਂ ਪਿੰਡਾਂ ਦੇ ਮੇਲੇ-ਮੁਸ਼ਾਹਦਿਆਂ ਜਾਂ ਕਿਸੇ ਵਿਸ਼ੇਸ਼ ਇਕੱਠ ਤੱਕ ਹੀ ਸੀਮਿਤ ਰਹਿੰਦੀਆਂ ਸਨ। ਪਰ ਸਮੇਂ ਦੇ ਬਦਲਾਓ ਅਤੇ ਲੋਕ-ਨਾਚਾਂ ਵਿੱਚ ਰੁਚੀ ਵਧਣ ਕਾਰਨ ਮਲਵਈ ਲੋਕ-ਗਿੱਧੇ ਦੀ ਰਸਾਈ ਸ਼ਹਿਰਾਂ ਤੱਕ ਹੋ ਗਈ ਹੈ। ਇਸ ਲਈ ਕਈ ਵਿਵਹਾਰਿਕ ਸਿਖਲਾਈ ਵਾਲੇ ਟੋਲੇ ਵੀ ਹੋਂਦ ਵਿੱਚ ਆਏ ਹਨ, ਜਿਨ੍ਹਾਂ ਦੀਆਂ ਪ੍ਰਸਤੁਤੀਆਂ ਦਾ ਮਿਆਰ ਮਰਦਾਂ ਦੇ ਮਲਵਈ ਗਿੱਧੇ ਨੂੰ ਬੇਹੱਦ ਹਰਮਨਪਿਆਰਾ ਬਣਾਉਂਦਾ ਹੈ।
ਲੇਖਕ : ਕਿਰਪਾਲ ਕਜ਼ਾਕ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 12003, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਮਲਵਈ ਗਿੱਧਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਮਲਵਈ ਗਿੱਧਾ (ਨਾਂ,ਪੁ) ਮਾਲਵਾ ਖਿੱਤੇ ਵਿੱਚ ਪ੍ਰਚੱਲਿਤ ਸਾਜ਼ਾਂ ਨਾਲ ਬੋਲੀਆਂ ਪਾ ਕੇ ਨੱਚਿਆ ਜਾਣ ਵਾਲਾ ਮਰਦਾਂ ਦਾ ਨਾਚ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11997, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First