ਮਲੇਰਕੋਟਲਾ ਰਿਆਸਤ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਲੇਰਕੋਟਲਾ ਰਿਆਸਤ: ਪੰਜਾਬ ਦੀ ਇਕੋ ਇਕ ਮੁਸਲਿਮ ਰਿਆਸਤ ਜੋ ਆਜ਼ਾਦੀ ਤੋਂ ਬਾਦ ਪਹਿਲਾਂ ਪੈਪਸੂ ਵਿਚ ਅਤੇ ਫਿਰ ਪੰਜਾਬ ਵਿਚ ਸਮੋ ਦਿੱਤੀ ਗਈ। ਇਸ ਰਿਆਸਤ ਦੇ ਨਵਾਬ ਖ਼ਾਨਦਾਨ ਦਾ ਪੁਰਖਾ ਸਦਰੁੱਦੀਨ ਸ਼ੇਰਵਾਨੀ ਅਫ਼ਗ਼ਾਨ ਸੀ , ਜੋ ਸੰਨ 1434 ਈ. ਵਿਚ ਖ਼ੁਰਾਸਾਨ ਦੇ ਦਾਗਬੰਦ ਇਲਾਕੇ ਵਿਚ ਪੈਦਾ ਹੋਇਆ। ਉਸ ਨੇ ਪੰਜਾਬ ਦੀ ਧਰਤੀ ਉਤੇ ‘ਭੁਮਸੀ’ ਨਾਂ ਦੇ ਸਥਾਨ ਉਤੇ ਆ ਕੇ ਡੇਰਾ ਲਗਾ ਲਿਆ। ਇਕ ਵਾਰ ਸੁਲਤਾਨ ਬਹਿਲੋਲ ਲੋਧੀ, ਆਪਣੇ ਵਜ਼ੀਰ ਹਾਮਿਦ ਖ਼ਾਨ ਨਾਲ ਭੁਮਸੀ ਨਾਂ ਦੇ ਸਥਾਨ ਕੋਲੋਂ ਲੰਘਦੇ ਸਮੇਂ, ਸ਼ੇਖ ਸਦਰੁੱਦੀਨ ਕੋਲ ਕੁਝ ਸਮੇਂ ਲਈ ਠਹਿਰਿਆ ਅਤੇ ਦੁਆ ਮੰਗੀ ਕਿ ਉਸ ਨੂੰ ਦਿੱਲੀ ਉਤੇ ਜਿਤ ਪ੍ਰਾਪਤ ਹੋਏ। ਜਿਤ ਦਾ ਵਰਦਾਨ ਲੈ ਕੇ ਜਦੋਂ ਬਹਿਲੋਲ ਲੋਧੀ ਨੇ ਦਿੱਲੀ ਨੂੰ ਕਾਬੂ ਕਰ ਲਿਆ ਤਾਂ ਉਸ ਨੇ ਸੰਨ 1454 ਈ. ਵਿਚ ਆਪਣੀ ਪੁੱਤਰੀ ਤਾਜ ਮੁੱਰਸਾ ਬੇਗਮ ਦਾ ਵਿਆਹ ਸ਼ੇਖ ਸਦਰੁੱਦੀਨ ਨਾਲ ਕਰ ਦਿੱਤਾ। ਦਾਜ ਵਜੋਂ ਉਸ ਨੇ 68 ਪਿੰਡਾਂ ਦੀ ਜਾਗੀਰ ਸ਼ੇਖ ਦੇ ਨਾਂ ਲਗਵਾ ਦਿੱਤੀ। ਸੰਨ 1515 ਈ. ਵਿਚ ਉਸ ਦਾ ਦੇਹਾਂਤ ਹੋ ਗਿਆ।

‘ਮਲੇਰਕੋਟਲਾ’ ਨਾਂ ਦੋ ਸ਼ਬਦਾਂ ਦੇ ਜੋੜ ਨਾਲ ਬਣਿਆ ਹੈ। ‘ਮਹਲੇਰ’ ਨਾਂ ਦਾ ਪਿੰਡ ਰਾਜਪੂਤ ਚੌਧਰੀ ਮਹਲੇਰ ਸਿੰਘ ਦਾ ਵਸਾਇਆ ਹੋਇਆ ਸੀ। ਇਸ ਦੇ ਬਰਬਾਦ ਹੋ ਜਾਣ ਤੋਂ ਬਾਦ ਪੁਰਾਣੇ ਥੇਹ ’ਤੇ ਇਸ ਨੂੰ ਨਵੇਂ ਸਿਰਿਓਂ ਵਸਾਇਆ ਗਿਆ ਅਤੇ ਉਸ ਦਾ ਨਾਂ ‘ਮਲੇਰ’ ਪ੍ਰਚਲਿਤ ਹੋਇਆ। ਇਸ ਪਿੰਡ ਦੇ ਨਾਲ ਹੀ ਸੰਨ 1657 ਈ. ਵਿਚ ਨਵਾਬ ਬੈਜ਼ੀਦਖ਼ਾਨ ਨੇ ‘ਕੋਟਲਾ ’ ਨਾਂ ਦੀ ਆਬਾਦੀ ਬਣਾਈ। ਇਹ ਦੋਵੇਂ ਨਾਂ ਮਿਲ ਕੇ ‘ਮਲੇਰਕੋਟਲਾ’ ਬਣਿਆ। ਸੰਨ 1672 ਈ. ਵਿਚ ਨਵਾਬ ਸ਼ੇਰ ਮੁਹੰਮਦ ਖ਼ਾਨ ਰਿਆਸਤ ਦਾ ਨਵਾਬ ਬਣਿਆ ਅਤੇ ਆਲੇ-ਦੁਆਲੇ ਦੇ ਇਲਾਕੇ ਜਿਤ ਕੇ ਰਿਆਸਤ ਦੇ ਸੀਮਾ-ਖੇਤਰ ਨੂੰ ਵਧਾਇਆ। ਇਸ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਵਿਰੁੱਧ ਲਾਹੌਰ ਅਤੇ ਸਰਹਿੰਦ ਦੇ ਸੂਬਿਆਂ ਦੁਆਰਾ ਕੀਤੀਆਂ ਸੈਨਿਕ ਮੁਹਿੰਮਾਂ ਵਿਚ ਮੁਗ਼ਲਾਂ ਦਾ ਸਾਥ ਦਿੱਤਾ। ਪਰ ਗੁਰੂ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿਚ ਚਿਣਨ ਦੀ ਸਜ਼ਾ ਦੇ ਵਿਰੁੱਧ ਇਸ ਨੇ ਆਵਾਜ਼ ਉਠਾਈ ਭਾਵੇਂ ਸਰਹਿੰਦ ਦੇ ਸੂਬੇ ਉਤੇ ਇਸ ਗੱਲ ਦਾ ਕੋਈ ਅਸਰ ਨ ਹੋਇਆ, ਪਰ ਸਿੱਖ ਜਗਤ ਨੇ ਸਦਾ ਉਸ ਪ੍ਰਤਿ ਆਦਰ ਦੀ ਭਾਵਨਾ ਪ੍ਰਗਟ ਕੀਤੀ।

ਸੰਨ 1759 ਈ. ਵਿਚ ਭੀਖਨ ਖ਼ਾਨ ਰਿਆਸਤ ਦਾ ਨਵਾਬ ਬਣਿਆ। ਉਸ ਦੇ ਅਹਿਦ ਵਿਚ ਫਰਵਰੀ, 1762 ਈ. ਵਿਚ ਕੁਪਰ ਹੀੜਾ ਪਿੰਡ ਕੋਲ ਵੱਡਾ ਘੱਲੂਘਾਰਾ ਵਾਪਰਿਆ। ਇਸ ਨਵਾਬ ਨੇ 15000 ਸੈਨਿਕਾਂ ਨਾਲ ਅਹਿਮਦ ਸ਼ਾਹ ਦੁਰਾਨੀ ਦੀ ਸਹਾਇਤਾ ਕੀਤੀ। ਇਸ ਲੜਾਈ ਵਿਚ ਹਜ਼ਾਰਾਂ ਸਿੱਖ ਮਾਰੇ ਗਏ। ਫਿਰ ਬਰਨਾਲੇ ਉਤੇ ਹਮਲਾ ਕਰਨ ਵੇਲੇ ਵੀ ਇਸ ਨੇ ਦੁਰਾਨੀ ਦੀ ਸਹਾਇਤਾ ਕੀਤੀ ਅਤੇ ਬਾਬਾ ਆਲਾ ਸਿੰਘ ਨੂੰ ਪਕੜ ਲਿਆਉਂਦਾ।

ਸੰਨ 1763 ਈ. ਵਿਚ ਬਹਾਦਰ ਖ਼ਾਨ ਨਵਾਬ ਬਣਿਆ। ਉਸ ਉਤੇ ਪਟਿਆਲਾ-ਪਤਿ ਰਾਜਾ ਅਮਰ ਸਿੰਘ , ਸ. ਜੱਸਾ ਸਿੰਘ ਆਹਲੂਵਾਲੀਆਂ ਅਤੇ ਕਈ ਹੋਰ ਸਰਦਾਰਾਂ ਨੇ ਮਿਲ ਕੇ ਹਮਲਾ ਕੀਤਾ। ਨਵਾਬ ਮਾਰਿਆ ਗਿਆ ਅਤੇ ਪਾਇਲ , ਈਸੜੂ ਅਤੇ ਸ਼ੇਰਪੁਰ ਦੇ ਇਲਾਕੇ ਪਟਿਆਲਾ ਰਿਆਸਤ ਨਾਲ ਮਿਲਾ ਲਏ ਗਏ। ਸੰਨ 1845-56 ਈ. ਵਿਚ ਅੰਗ੍ਰੇਜ਼ਾਂ ਅਤੇ ਸਿੱਖਾਂ ਵਿਚਾਲੇ ਹੋਈਆਂ ਲੜਾਈਆਂ ਵਿਚ ਵੀ ਉਸ ਨੇ ਅੰਗ੍ਰੇਜ਼ਾਂ ਨੂੰ ਸੈਨਿਕ ਸਹਾਇਤਾ ਦਿੱਤੀ ਅਤੇ ਸੈਨਾ ਲਈ ਰਸਦ ਪਾਣੀ ਦਾ ਪ੍ਰਬੰਧ ਵੀ ਕਰਦਾ ਰਿਹਾ।

ਸੰਨ 1871 ਈ. ਵਿਚ ਨਾਬਾਲਗ਼ ਇਬਰਾਹੀਮ ਅਲੀ ਖ਼ਾਨ ਰਿਆਸਤ ਦਾ ਨਵਾਬ ਬਣਿਆ। ਇਸ ਦੇ ਰਾਜ- ਕਾਲ ਵਿਚ ਲੁਧਿਆਣੇ ਦੇ ਡਿਪਟੀ ਕਮਿਸ਼ਨਰ ਨੇ 17 ਅਤੇ 18 ਜੂਨ 1972 ਨੂੰ 66 ਕੂਕਿਆਂ (ਨਾਮਧਾਰੀ ਸਿੰਘਾਂ) ਨੂੰ ਤੋਪਾਂ ਨਾਲ ਭੁੰਨ ਦਿੱਤਾ। ਇਸ ਤਰ੍ਹਾਂ ਸਹਿਜ ਹੀ ਵੇਖਿਆ ਜਾ ਸਕਦਾ ਹੈ ਕਿ ਸਾਹਿਬਜ਼ਾਦਿਆਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਨ ਤੋਂ ਇਲਾਵਾ ਇਸ ਰਿਆਸਤ ਦੀ ਪਹੁੰਚ ਸਿੱਖਾਂ ਪ੍ਰਤਿ ਅਸੁਖਾਵੀਂ ਹੀ ਰਹੀ ਸੀ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2288, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ

"1972 ਨੂੰ 66 ਕੂਕਿਆਂ ( ਨਾਮਧਾਰੀ ਸਿੰਘਾਂ ) ਨੂੰ ਤੋਪਾਂ ਨਾਲ ਭੁੰਨ ਦਿੱਤਾ " ਇਥੇ ਸੰਨ 1972 ਦੀ ਥਾਂ 1872 ਲਿਖਣਾ ਚਾਹੀਦਾ ਸੀ। ਇਹ ਟਾਇਪ ਗਲਤੀ ਨੂੰ ਸੁਧਾਰਨ ਦੀ ਲੋੜ ਹੈ।


Gursewak Singh Dhaula, ( 2020/05/22 06:2316)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.