ਮਸੰਦ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮਸੰਦ [ਨਾਂਪੁ] ਗੁਰੂ ਸਾਹਿਬਾਨ ਵੱਲੋਂ ਥਾਪਿਆ ਗੱਦੀਦਾਰ ਜੋ ਸੰਗਤ ਵੱਲੋਂ ਆਈ ਭੇਟਾ ਲੈ ਕੇ ਅੱਗੇ ਗੁਰੂ ਸਾਹਿਬ ਤੱਕ ਪਹੁੰਚਾਉਣ ਦਾ ਕੰਮ ਕਰਦਾ ਸੀ; (ਬਾਅਦ ਵਿੱਚ) ਸਿੱਖ ਜਗਤ ਵਿੱਚ ਤਨਖ਼ਾਹੀਏ ਵਾਗੂੰ ਨਫ਼ਰਤ ਦਾ ਪਾਤਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7334, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਮਸੰਦ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਮਸੰਦ: ਇਹ ਸ਼ਬਦ ਅਰਬੀ ਦੇ ‘ਮਸਨਦ’ ਸ਼ਬਦ ਦਾ ਤਦਭਵ ਰੂਪ ਹੈ। ਸਿੱਖ ਜਗਤ ਵਿਚ ਇਸ ਦਾ ਅਰਥ ਹੈ ‘ਗੱਦੀ ਉਤੇ ਬੈਠਣ ਵਾਲਾ’। ਗੁਰੂ ਰਾਮਦਾਸ ਜੀ ਦੇ ਵੇਲੇ ਤੋਂ ਸਿੱਖਾਂ ਤੋਂ ਦਸਵੰਧ ਅਤੇ ਕਾਰ-ਭੇਟ ਉਗਰਾਹੁਣ ਦੀ ਜ਼ਿੰਮੇਵਾਰੀ ਜਿਨ੍ਹਾਂ ਮੁੱਖੀ ਸਿੱਖਾਂ ਨੂੰ ਸੌਂਪੀ ਜਾਂਦੀ ਸੀ , ਉਨ੍ਹਾਂ ਨੂੰ ‘ਮਸੰਦ’ ਕਿਹਾ ਜਾਂਦਾ ਸੀ। ਇਹ ਇਕ ਪ੍ਰਕਾਰ ਨਾਲ ਗੁਰੂ ਅਮਰਦਾਸ ਜੀ ਦੁਆਰਾ ਚਲਾਈ ਮੰਜੀ ਪ੍ਰਥਾ ਦਾ ਹੀ ਵਿਕਸਿਤ ਰੂਪ ਸੀ। ‘ਦਬਿਸਤਾਨਿ-ਮਜ਼ਾਹਬ’ ਦੇ ਕਰਤਾ ਮੋਹਸਿਨ ਫ਼ਾਨੀ ਅਨੁਸਾਰ ਇਹ ਲੋਕ ਆਪਣੇ ਨਿੱਤ ਦੇ ਕਾਰ -ਵਪਾਰ ਦੇ ਨਾਲ ਨਾਲ ਗੁਰੂ ਘਰ ਲਈ ਉਗਰਾਹੀ ਵੀ ਕਰਦੇ ਹੁੰਦੇ ਸਨ। ਇਸ ਤਰ੍ਹਾਂ ਇਕੱਠੀ ਕੀਤੀ ਸਾਰੀ ਸਾਮਗ੍ਰੀ ਜਾਂ ਧਨ ਹਰ ਵਿਸਾਖੀ ਦੇ ਮੌਕੇ ਗੁਰੂ-ਦਰਬਾਰ ਵਿਚ ਲੈ ਕੇ ਹਾਜ਼ਰ ਹੁੰਦੇ ਸਨ। ਇਨ੍ਹਾਂ ਨੂੰ ‘ਰਾਮਦਾਸ’ ਵੀ ਕਿਹਾ ਜਾਂਦਾ ਸੀ। ਕੁਝ ਵਿਦਵਾਨ ‘ਮਸੰਦ ਪਰੰਪਰਾ ’ ਦਾ ਸੰਚਾਲਨ ਗੁਰੂ ਅਰਜਨ ਦੇਵ ਜੀ ਤੋਂ ਮੰਨਦੇ ਹਨ। ਇਹ ਲੋਕ ਸੰਗਤਾਂ ਜਾਂ ਧਰਮਸਾਲਾਂ ਵਿਚ ਸਿੱਖੀ ਦਾ ਪ੍ਰਚਾਰ ਕਰਦੇ ਸਨ। ਦੂਰ- ਦੁਰਾਡੇ ਦੀਆਂ ਸੰਗਤਾਂ ਨੂੰ ਮੁੱਖ ਧਾਰਾ ਨਾਲ ਜੋੜੀ ਰਖਦੇ ਸਨ। ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਵਿਚ ਇਨ੍ਹਾਂ ਵਲੋਂ ਨਿਭਾਈ ਭੂਮਿਕਾ ਦਾ ਵਿਸ਼ੇਸ਼ ਮਹੱਤਵ ਹੈ। ਇਨ੍ਹਾਂ ਪਾਸ ਸੇਵਾ ਕਰਨ ਵਾਲਿਆਂ ਨੂੰ ‘ਮੇਲੀ ’ ਕਿਹਾ ਜਾਂਦਾ ਸੀ।

ਹੌਲੀ ਹੌਲੀ ਮਸੰਦਾਂ ਵਿਚ ਕੁਰੀਤੀਆਂ ਦੇ ਨਾਲ ਨਾਲ ਹਉਮੈ ਦਾ ਵਿਸਤਾਰ ਹੋ ਗਿਆ ਅਤੇ ਉਹ ਇਹ ਸਮਝਣ ਲਗ ਗਏ ਕਿ ਗੁਰਿਆਈ ਦੀ ਵਿਵਸਥਾ ਉਨ੍ਹਾਂ ਦੁਆਰਾ ਹੀ ਚਲ ਰਹੀ ਹੈ। ਫਲਸਰੂਪ ਉਨ੍ਹਾਂ ਦੇ ਆਪ- ਹੁਦਰੇਪਨ ਨੂੰ ਠਲ੍ਹ ਪਾਉਣ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਸੰਨ 1698 ਈ. (1755 ਬਿ.) ਵਿਚ ਦੁਰਾਚਾਰੀ ਮਸੰਦਾਂ ਨੂੰ ਕਠੋਰ ਦੰਡ ਦੇ ਕੇ ਇਸ ਪ੍ਰਥਾ ਨੂੰ ਖ਼ਤਮ ਕੀਤਾ। ਇਸ ਘਟਨਾ ਤੋਂ ਬਾਦ ਦਸਵੰਧ ਅਤੇ ਕਾਰ-ਭੇਟ ਸਿੱਧੀ ਗੁਰੂ-ਦਰਬਾਰ ਵਿਚ ਭੇਜੀ ਜਾਣ ਲਗੀ। ‘ਗੁਰ ਸੋਭਾ ’ ਵਿਚ ਸੈਨਾਪਤਿ ਨੇ ਸਪੱਸ਼ਟ ਲਿਖਿਆ ਹੈ ਕਿ ਅੰਮ੍ਰਿਤ ਸੰਚਾਰ ਦੇ ਅਵਸਰ ਉਤੇ ਗੁਰੂ ਜੀ ਦੀ ਖ਼ਾਸ ਹਦਾਇਤ ਸੀ— ਤਜ ਮਸੰਦ ਪ੍ਰਭੁ ਏਕ ਜਪ ਯਹ ਬਿਬੇਕ ਤਹਿ ਦੀਨ ‘ਰਾਮਕਲੀ ਵਾਰ ਪਾਤਸ਼ਾਹੀ ਦਸਵੀਂ ਕੀ’ ਦੇ ਰਚੈਤਾ ਭਾਈ ਗੁਰਦਾਸ ਸਿੰਘ ਨੇ ਸਪੱਸ਼ਟ ਲਿਖਿਆ ਹੈ—ਪੀਵਹ ਪਾਹੁਲ ਖੰਡੇ ਧਾਰ ਹੁਇ ਜਨਮ ਸੁਹੇਲਾ ਗੁਰ ਸੰਗਤਿ ਕੀਨੀ ਖ਼ਾਲਸਾ ਮਨਮੁਖੀ ਦੁਹੇਲਾ

ਗੁਰੂ ਗੋਬਿੰਦ ਸਿੰਘ ਜੀ ਨੇ ‘ਸਵੈਯੇ’ ਪ੍ਰਕਰਣ ਵਿਚ ਇਨ੍ਹਾਂ ਦੇ ਕੁਕਰਮਾਂ ਦਾ ਚੰਗੀ ਤਰ੍ਹਾਂ ਪਾਜ ਉਘਾੜਿਆ ਹੈ— ਜੋ ਕਰਿ ਸੇਵ ਮਸੰਦਨ ਕੀ ਕਹੈ ਆਨਿ ਪ੍ਰਸਾਦਿ ਸਬੈ ਮੋਹਿ ਦੀਜੈ ਜੋ ਕਛੁ ਮਾਲ ਤਵਾਲਯ ਸੋ ਅਬਹੀ ਉਠਿ ਭੇਟ ਹਮਾਰੀ ਹੀ ਕੀਜੈ ਮੇਰੋ ਧੑਯਾਨ ਧਰੋ ਨਿਸਿ ਬਾਸੁਰ ਭੂਲ ਕੈ ਅਉਰ ਕੋ ਨਾਮੁ ਲੀਜੈ ਦੀਨੇ ਕੇ ਨਾਮੁ ਸੁਨੈ ਭਜਿ ਰਾਤਹਿ ਬਿਨਾ ਨਹਿ ਨੈਕੁ ਪ੍ਰਸੀਜੈ29 ਆਖਨ ਭੀਤਰਿ ਤੇਲ ਕੌ ਡਾਰ ਸੁ ਲੋਗਨ ਨੀਰੁ ਬਹਾਇ ਦਿਖਾਵੈ ਜੋ ਧਨਵਾਨੁ ਲਖੈ ਨਿਜ ਸੇਵਕ ਤਾਹੀ ਪਰੋਸਿ ਪ੍ਰਸਾਦਿ ਜਿਮਾਵੈ ਜੋ ਧਨ ਹੀਨ ਲਖੈ ਤਿਹ ਦੇਤ ਮਾਗਨ ਜਾਤ ਮੁਖੋ ਦਿਖਾਵੈ ਲੂਟਤ ਹੈ ਪਸੁ ਲੋਗਨ ਕੋ ਕਬਹੂੰ ਪ੍ਰਮੇਸੁਰ ਕੇ ਗੁਨ ਗਾਵੈ30


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7108, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First