ਮਹਾਕਾਲ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਮਹਾਕਾਲ : ਸ਼ਿਵ ਦੇ ਅਨੇਕ ਰੂਪਾਂ ਵਿਚੋਂ ਇਕ ਭਿਆਨਕ ਰੂਪ ਜਿਸ ਨੂੰ ‘ ਪ੍ਰਲਯੰਕਰ’ ਵੀ ਕਿਹਾ ਜਾਂਦਾ ਹੈ । ‘ ਸ਼ਿਵ ਪੁਰਾਣ ’ ( ਸ਼ਤਰੁਦ੍ਰ-ਸੰਹਿਤਾ ) ਵਿਚ ਵਿਸ਼ਣੂ ਦੀ ਅਵਤਾਰ ਪਰੰਪਰਾ ਦੇ ਸਮਾਨਾਂਤਰ ਸ਼ਿਵ ਦੇ ਵੀ ਦਸ ਅਵਤਾਰ ਕਲਪਿਤ ਕੀਤੇ ਗਏ ਹਨ ਜਿਨ੍ਹਾਂ ਵਿਚ ਪਹਿਲਾ ਅਤੇ ਸਰਵ ਪ੍ਰਮੁਖ ਅਵਤਾਰ ‘ ਮਹਾਕਾਲ’ ਹੈ । ‘ ਮਹਾਕਾਲ’ ਇਸ ਦਾ ਨਾਂ ਇਸ ਕਰਕੇ ਹੈ ਕਿ ਇਸ ਨੇ ਕਾਲ ( ਮ੍ਰਿਤੂ ) ਉਤੇ ਵੀ ਜਿਤ ਪ੍ਰਾਪਤ ਕੀਤੀ ਹੈ । ਸ਼ਿਵ ਦੇ ਦਸਾਂ ਅਵਤਾਰਾਂ ਦੀਆਂ ਦਸ ਸ਼ਕਤੀਆਂ ਵੀ ਦਸੀਆਂ ਗਈਆਂ ਹਨ । ਮਹਾਕਾਲ ਦੀ ਸ਼ਕਤੀ ਦਾ ਨਾਂ ‘ ਮਹਾਕਾਲੀ ’ ਹੈ । ਇਸ ਨੂੰ ਕਾਲੀ , ਕਾਲਿਕਾ ਆਦਿ ਨਾਂਵਾਂ ਨਾਲ ਵੀ ਯਾਦ ਕੀਤਾ ਜਾਂਦਾ ਹੈ ।

ਮਹਾਕਾਲ ਅਤੇ ਮਹਾਕਾਲੀ ਭਗਤਾਂ ਨੂੰ ਭਗਤੀ ਅਤੇ ਮੁਕਤੀ ਪ੍ਰਦਾਨ ਕਰਨ ਵਾਲੇ ਹਨ । ਇਨ੍ਹਾਂ ਦੋਹਾਂ ਦੇ ਰੂਪ ਬੜੇ ਕਠੋਰ ਅਤੇ ਭਿਆਨਕ ਹਨ । ਇਹ ਸ਼ਿਵ ਦੇ ਕਪਾਲਿਨ ਰੂਪ ਨਾਲ ਬਹੁਤ ਸਮਾਨਤਾ ਰਖਦੇ ਹਨ । ਇਨ੍ਹਾਂ ਦੇ ਦੰਦ ਬਾਹਰ ਨੂੰ ਨਿਕਲੇ ਹੋਏ ਹਨ ਅਤੇ ਹਰ ਪੱਖੋਂ ਡਰਾਉਣੇ ਹਨ । ਗਲੇ ਵਿਚ ਨਰ-ਮੁੰਡ-ਮਾਲਾ ਹੈ । ਹਰ ਵਕਤ ਬਸਤ੍ਰਹੀਨ ਰਹਿੰਦੇ ਹਨ । ਸ਼ਮਸ਼ਾਨ ਇਨ੍ਹਾਂ ਦਾ ਨਿਵਾਸ-ਸਥਾਨ ਹੈ । ਸ਼ਵ- ਆਸਨ ( ਮੁਰਦੇ ਉਤੇ ਬੈਠਣਾ ) ਇਨ੍ਹਾਂ ਲਈ ਬਹੁਤ ਸੁਖਾਵਾਂ ਹੈ । ਸ਼ਰੀਰ ਉਤੇ ਸ਼ਮਸ਼ਾਨ ਦੀ ਸੁਆਹ ਮਲਦੇ ਹਨ ।

ਮਹਾਕਾਲ ਦਾ ਪ੍ਰਸਿੱਧ ਮੰਦਿਰ ਉਜੈਨ ਵਿਚ ਹੈ । ਇਸ ਦੀ ਗਿਣਤੀ ਸ਼ਿਵ ਦੇ 12 ਜੋਤਿਰਲਿੰਗਾਂ ਵਿਚ ਵੀ ਕੀਤੀ ਜਾਂਦੀ ਹੈ । ‘ ਦਸਮ-ਗ੍ਰੰਥ ’ ਵਿਚ ਚਿਤਰਿਆ ਮਹਾਕਾਲ ਦਾ ਰੂਪ ਪੌਰਾਣਿਕ ਮਹਾਕਾਲ ਦੇ ਨਾਲ ਬਹੁਤ ਸਮਾਨਤਾ ਰਖਦਾ ਹੈ । ‘ ਬਚਿਤ੍ਰ-ਨਾਟਕ’ ਵਿਚ ਚਰਿਤ-ਨਾਇਕ ਵਲੋਂ ਪੂਰਵ ਜਨਮ ਵਿਚ ਮਹਾਕਾਲ ਕਾਲਿਕਾ ਦੀ ਆਰਾਧਨਾ ਕੀਤੀ ਮੰਨੀ ਗਈ ਹੈ— ਤਹ ਹਮ ਅਧਿਕ ਤਪਸਿਆ ਸਾਧੀ ਮਹਾਕਾਲ ਕਾਲਕਾ ਆਰਾਧੀ ( ਅ.5/2 ) । ‘ ਚਰਿਤ੍ਰੋਪਾਖਿਆਨ ’ ( ਚਰਿਤ੍ਰ ਨੰ.266 ) ਵਿਚ ਮਹਾਕਾਲ ਦੀ ਦੀਖਿਆ ਸ਼ਰਾਬ ਅਤੇ ਭੰਗ ਨਾਲ ਪ੍ਰਾਪਤ ਕੀਤੀ ਜਾਂਦੀ ਦਸੀ ਗਈ ਹੈ— ਇਹ ਛਲ ਸੌ ਮਿਸਰਹਿ ਛਲਾ ਪਾਹਨ ਦਏ ਬਹਾਇ ਮਹਾਕਾਲ ਕੋ ਸਿਖੑਯ ਕਰਿ ਮਦਰਾ ਭਾਂਗ ਪਿਵਾਇ 125


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4465, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.