ਮਾਝੀ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਮਾਝੀ : ‘ਮਾਝੇ’ ਇਲਾਕੇ ਦੀ ਬੋਲੀ/ਉਪਭਾਸ਼ਾ ਨੂੰ ‘ਮਾਝੀ’ ਕਿਹਾ ਜਾਂਦਾ ਹੈ। ਭੂਗੋਲਿਕ ਤੌਰ ਤੇ ਹਿੰਦ-ਪਾਕ ਦੇ ਜੁੜੇ ਪੰਜਾਬ ਦਾ ਵਿਚਕਾਰਲਾ ਇਲਾਕਾ ‘ਮਾਝਾ’ ਹੈ। ‘ਮਾਝਾ’ ਦਾ ਮੂਲ ਅਰਥ ਮੱਧ ਦਾ ਜਾਂ ਵਿਚਕਾਰ ਦਾ ਹੈ ਜਾਂ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਰਾਵੀ ਅਤੇ ਬਿਆਸ ਦੋ ਦਰਿਆਵਾਂ ਦੇ ਵਿਚਕਾਰਲੀ ਧਰਤੀ ਜਾਂ ਇਲਾਕਾ ‘ਮਾਝਾ’ ਆਖਿਆ ਜਾਣ ਲੱਗਾ। ਇਸ ਖੇਤਰ ਵਿੱਚ ਵੱਸਦੇ ਲੋਕਾਂ ਦੀ ਬੋਲੀ ਨੂੰ ਮਾਝੀ ਕਿਹਾ ਜਾਂਦਾ ਹੈ।
ਮਾਝੀ ਭਾਰਤੀ ਪੰਜਾਬ ਦੇ ਪੂਰਾ ਜ਼ਿਲ੍ਹਾ ਅੰਮ੍ਰਿਤਸਰ, ਜ਼ਿਲ੍ਹਾ ਗੁਰਦਾਸਪੁਰ ਦੀਆਂ ਦੋ ਤਹਿਸੀਲਾਂ ਬਟਾਲਾ ਅਤੇ ਗੁਰਦਾਸਪੁਰ ਵਿੱਚ ਬੋਲੀ ਜਾਂਦੀ ਹੈ। ਇਸ ਤੋਂ ਇਲਾਵਾ ਬਿਆਸ ਦਰਿਆ ਦੇ ਦੁਆਬੇ ਵਾਲੇ ਪਾਸੇ ਲੱਗਦੇ ਖੇਤਰਾਂ ਵਿੱਚ ਵੀ ਮਾਝੀ ਬੋਲੀ ਜਾਂਦੀ ਹੈ। ਇਸੇ ਤਰ੍ਹਾਂ ਪਾਕਿਸਤਾਨ ਵਿੱਚ ਪੂਰਾ ਜ਼ਿਲ੍ਹਾ ਲਾਹੌਰ ਮਾਝੀ ਬੋਲਦਾ ਹੈ। ਪਾਕਿਸਤਾਨ ਵਿੱਚ ਰਾਵੀ ਦਰਿਆ ਤੋਂ ਪਾਰ ਜ਼ਿਲ੍ਹਾ ਸਿਆਲਕੋਟ ਅਤੇ ਗੁਜਰਾਂਵਾਲਾ ਭਾਵੇਂ ਮਾਝੀ ਦਾ ਹਿੱਸਾ ਨਹੀਂ ਗਿਣੇ ਜਾਂਦੇ ਹਨ, ਪਰ ਇਹਨਾਂ ਦੀ ਬੋਲੀ ਮਾਝੀ ਨਾਲ ਮਿਲਦੀ ਹੈ। ਜਿਉਂ-ਜਿਉਂ ਪੱਛਮ ਵੱਲ ਜਾਈਏ, ਲਹਿੰਦੀ ਰਲਦੀ ਜਾਂਦੀ ਹੈ।
ਮਾਝੀ ਟਕਸਾਲੀ/ਮਿਆਰੀ ਪੰਜਾਬੀ ਦੀ ਆਧਾਰ ਬੋਲੀ ਹੈ ਅਤੇ ਸਾਹਿਤਿਕ ਪੰਜਾਬੀ ਦਾ ਬੋਲ-ਚਾਲ ਦਾ ਰੂਪ ਵੀ ਮਾਝੀ ਹੀ ਹੈ। ਇਸ ਦੀਆਂ ਨਵੇਕਲੀਆਂ ਵਿਸ਼ੇਸ਼ਤਾਵਾਂ ਹਨ। ਐਚ. ਐਸ. ਗਿੱਲ ਅਤੇ ਗਲੀਸਨ (A Refe-rence Grammar of Punjabi, 1969) ਨੇ ਲਿਖਿਆ ਹੈ ਕਿ ਮਾਝੀ ਵਿੱਚ 10 ਸ੍ਵਰ, 29 ਵਿਅੰਜਨ ਅਤੇ 2 ਅਰਧ-ਸ੍ਵਰ ਹਨ। ਪਰ ਇਹਨਾਂ ਧੁਨੀਆਂ ਦੀ ਵਰਤੋਂ ਵਿਉਂਤ ਵਿੱਚ ਬਾਕੀ ਪੰਜਾਬੀ ਉਪਭਾਸ਼ਾਵਾਂ ਨਾਲੋਂ ਕਈ ਸਥਿਤੀਆਂ ਵਿੱਚ ਫ਼ਰਕ ਹੈ।
ਸੁਰ ਦੀ ਵਰਤੋਂ ਮਾਝੀ ਵਿੱਚ, ਪੰਜਾਬੀ ਦੀਆਂ ਸਾਰੀਆਂ ਉਪਭਾਸ਼ਾਵਾਂ ਨਾਲੋਂ ਡੋਗਰੀ ਨੂੰ ਛੱਡ ਕੇ ਜ਼ਿਆਦਾ ਹੁੰਦੀ ਹੈ। ਪੰਜਾਬੀ ਦੀਆਂ ਦੋਵੇਂ ਸੁਰਾਂ (ਉੱਚੀ ਸੁਰ ਤੇ ਨੀਵੀਂ ਸੁਰ) ਮਾਝੀ ਵਿੱਚ ਬੜੀ ਵਿਆਪਕਤਾ ਨਾਲ ਵਰਤੀਆਂ ਜਾਂਦੀਆਂ ਹਨ।
ਉਲਟ-ਜੀਭੀ (Retroflex) /ਲ਼/ ਪੂਰਬੀ ਪੰਜਾਬੀ ਦੀ ਵਿਸ਼ੇਸ਼ ਧੁਨੀ ਹੈ, ਜਿਹੜੀ ਲਹਿੰਦੀ ਵਿੱਚ ਨਹੀਂ ਮਿਲਦੀ। ਭਾਵੇਂ ਇਸ ਧੁਨੀ ਨੂੰ ਅੰਕਿਤ ਕਰਨ ਲਈ ਗੁਰਮੁਖੀ ਲਿਪੀ ਵਿੱਚ ਕੋਈ ਪਹਿਲਾਂ ਚਿੰਨ੍ਹ ਨਹੀਂ ਪਰ ਪੂਰਬੀ ਪੰਜਾਬੀ ਖ਼ਾਸ ਕਰ ਕੇ ਮਾਝੀ ਵਿੱਚ ਇਹ ਧੁਨੀ ਅਰਥ-ਪੂਰਨ ਹੈ ਕਿਉਂਕਿ ਕਈਆਂ ਸ਼ਬਦਾਂ ਵਿੱਚ /ਲ/ ਦੀ ਥਾਂ /ਲ਼/ ਵਰਤਿਆਂ ਅਰਥਾਂ ਵਿੱਚ ਫ਼ਰਕ ਪੈ ਜਾਂਦਾ ਹੈ, ਜਿਵੇਂ ਬੋਲੀ ਤੇ ਬੋਲ਼ੀ, ਗੋਲੀ ਤੇ ਗੋਲ਼ੀ, ਤਲ ਤੇ ਤਲ਼, ਪਲ ਤੇ ਪਲ਼, ਬਾਲ ਤੇ ਬਾਲ਼ ਆਦਿ ਵਿੱਚ।
/ਹ/ ਦੀ ਧੁਨੀ ਮਾਝੀ ਵਿੱਚ ਕੇਵਲ ਸ਼ਬਦਾਂ ਦੇ ਅਰੰਭ ਵਿੱਚ ਉਚਾਰੀ ਜਾਂਦੀ ਹੈ। ਸ਼ਬਦਾਂ ਦੇ ਵਿਚਕਾਰ ਤੇ ਅੰਤ ਵਿੱਚ ਆਉਣ ਵਾਲਾ /ਹ/ ਸੁਰ ਵਿੱਚ ਬਦਲ ਜਾਂਦਾ ਹੈ। ਜਿਵੇਂ ‘ਸੁਹਾਗਾ’ ਦਾ ਮਾਝੀ ਉਚਾਰਨ ‘ਸੁਅ੍ਹਾਗਾ’ ਅਤੇ ‘ਪਹਾੜ’ ਦਾ ‘ਪਅ੍ਹਾੜ’ ਹੀ ਹੈ।
ਮਾਝੀ ਉਚਾਰਨ ਵਿੱਚ ਹ੍ਰਸਵ ਸ੍ਵਰ ਸ਼ਬਦਾਂ ਦੇ ਅੰਤ ਵਿੱਚ ਨਹੀਂ ਆਉਂਦੇ। ਭਾਵੇਂ ਕਿਤੇ-ਕਿਤੇ ਸ਼ਬਦਾਂ ਦੇ ਅੰਤ ਵਿੱਚ ਹ੍ਰਸਵ ਸ੍ਵਰ (ਸਿਆਰੀ ਜਾਂ ਔਂਕੜ) ਅੰਕਿਤ ਕੀਤੇ ਜਾਂਦੇ ਹਨ, ਪਰ ਇਹ ਉਚਾਰੇ ਨਹੀਂ ਜਾਂਦੇ। ਜਿਵੇਂ ‘ਆਦਿ’ ਅਤੇ ‘ਅਤਿ’ ਦਾ ਮਾਝੀ ਵਿੱਚ ਉਚਾਰਨ ‘ਆਦ’ ਅਤੇ ‘ਅੱਤ’ ਹੈ।
ਨਾਦੀ, ਮਹਾਂਪ੍ਰਾਣ ਵਿਅੰਜਨ /ਘ, ਝ, ਢ, ਧ, ਭ/ਮਾਝੀ ਵਿੱਚ ਸ਼ਬਦਾਂ ਦੇ ਅਰੰਭ ਅਤੇ ਅੰਤ ਵਿੱਚ ਬਿਲਕੁਲ ਨਹੀਂ ਉਚਾਰੇ ਜਾਂਦੇ। ਇਹਨਾਂ ਵਿੱਚੋਂ ਜਦੋਂ ਕੋਈ ਵਿਅੰਜਨ ਸ਼ਬਦਾਂ ਦੇ ਵਿਚਕਾਰ ਆਵੇ ਅਤੇ ਉਸ ਤੋਂ ਪਿੱਛੋਂ ਕੋਈ ਦੀਰਘ ਸ੍ਵਰ ਆਵੇ ਤਾਂ ਇਹਨਾਂ ਧੁਨੀਆਂ ਦਾ ਉਚਾਰਨ ਲਗਪਗ ਘੋਸ਼ ਮਹਾਂਪ੍ਰਾਣ ਜਾਂ ਨਾਦੀ ਮਹਾਂਪ੍ਰਾਣ ਹੀ ਹੁੰਦਾ ਹੈ, ਜਿਵੇਂ ਸ਼ਬਦ ‘ਸੰਭਾਲ’ ਵਿੱਚ /ਭ/, ‘ਸੰਘਾੜਾ’ ਵਿੱਚ /ਘ/ ਅਤੇ ‘ਸੰਧੂਰ’ ਵਿੱਚ /ਧ/ ਦਾ ਉਚਾਰਨ ਘੋਸ਼ ਮਹਾਂਪ੍ਰਾਣ ਹੀ ਜਾਪਦਾ ਹੈ, ਸੁਰਾਤਮਕ ਨਹੀਂ।
ਮਾਝੀ ਦੀਆਂ ਕੁਝ ਆਪਣੀਆਂ ਵਿਆਕਰਨਿਕ ਵਿਸ਼ੇਸ਼ਤਾਵਾਂ ਹਨ:
ਇੱਕ ਵਿਸ਼ੇਸ਼ ਲੱਛਣ ਲਿੰਗ-ਵਚਨ ਨਾਲ ਸੰਬੰਧਿਤ ਹੈ। ਮਾਝੀ ਦਾ ਵਿਸ਼ੇਸ਼ਣ ਲਿੰਗ-ਵਚਨ ਅਨੁਸਾਰ ਹੁੰਦਾ ਹੈ। ‘ਕਾਲਾ ਘੋੜਾ’, ‘ਕਾਲੇ ਘੋੜੇ’, ‘ਕਾਲੀ ਘੋੜੀ’, ‘ਕਾਲੀਆਂ ਘੋੜੀਆਂ’ ਵਿੱਚ ਵਿਸ਼ੇਸ਼ਣ ‘ਕਾਲਾ’ ਦਾ ਰੂਪ ਨਾਂਵ ਦੇ ਰੂਪ ਅਨੁਸਾਰ ਬਦਲਦਾ ਹੈ।
ਮਾਝੀ ਕਾਫ਼ੀ ਹੱਦ ਤੱਕ ਵਿਜੋਗਾਤਮਿਕ ਭਾਸ਼ਾ ਹੈ, ਪਰ ਇਸ ਵਿੱਚ ਸੰਜੋਗਾਤਮਿਕਤਾ ਦੇ ਅਜੇ ਕਈ ਲੱਛਣ ਬਾਕੀ ਹਨ। ਸੰਬੰਧਕਾਂ ਦੀ ਥਾਂ ਕਈਆਂ ਸਥਿਤੀਆਂ ਵਿੱਚ ਅਜੇ ਕਾਰਕੀ ਪਿਛੇਤਰ ਵਰਤੇ ਜਾਂਦੇ ਹਨ, ਜਿਵੇਂ ‘ਹੱਥੀਂ ਕੀਤਾ’ (ਹੱਥਾਂ ਨਾਲ ਕੀਤਾ), ‘ਅੱਖੀਂ ਡਿੱਠਾ’ (ਅੱਖਾਂ ਨਾਲ ਡਿੱਠਾ), ‘ਗੱਡੀਓਂ ਲੱਥਾ’ (ਗੱਡੀ ਤੋਂ ਉਤਰਿਆ) ਆਦਿ।
ਮਾਝੀ ਵਿੱਚ ਅੱਜ-ਕੱਲ੍ਹ ਚਾਰ ਪੜਨਾਵੀਂ ਪਿਛੇਤਰ ਵਰਤੇ ਜਾਂਦੇ ਹਨ, ਜਿਵੇਂ :
ਕੀ ਆਖਿਆ ਈ? ਅਰਥਾਤ ਤੂੰ ਕੀ ਆਖਿਆ ਹੈ?
ਕੀ ਆਖਿਆ ਜੇ? ਅਰਥਾਤ ਤੁਸੀਂ ਕੀ ਆਖਿਆ ਹੈ?
ਕੀ ਆਖਿਆ ਸੁ? ਅਰਥਾਤ ਉਸ ਨੇ ਕੀ ਆਖਿਆ ਹੈ?
ਕੀ ਆਖਿਆ ਨੇ? ਅਰਥਾਤ ਉਹਨਾਂ ਕੀ ਆਖਿਆ ਹੈ?
ਮਾਝੀ ਦੀਆਂ ਕੁਝ ਸਹਾਇਕ ਕਿਰਿਆਵਾਂ ਟਕਸਾਲੀ ਪੰਜਾਬੀ ਨਾਲੋਂ ਅੰਤਰ ਵਾਲੀਆਂ ਹਨ। ‘ਹੈ’ ਦੀ ਥਾਂ ‘ਏ’ ਬੋਲਿਆ ਜਾਂਦਾ ਹੈ, ਜਿਵੇਂ ‘ਉਹ ਬੈਠਾ ਏ।’ ‘ਹਨ’ ਦੀ ਥਾਂ ‘ਨੇ’ ਵਰਤਿਆ ਜਾਂਦਾ ਹੈ - ‘ਉਹ ਬੈਠੇ ਨੇ।’ ਇਸੇ ਤਰ੍ਹਾਂ ‘ਸਨ’ ਦਾ ਮਾਝੀ ਰੂਪ ‘ਸਣ’ ਹੈ - ‘ਉਹ ਬੈਠੇ ਸਣ’।
ਭੂਤ ਦੀ ਸਹਾਇਕ ਕਿਰਿਆ ਦੇ ਮਾਝੀ ਵਿੱਚ, ਪੁਰਖ- ਵਚਨ ਦੇ ਆਧਾਰ ਤੇ ਪੰਜ ਰੂਪਾਂ ਦੀ ਵਰਤੋਂ ਕੀਤੀ ਜਾਂਦੀ ਹੈ :
‘ਮੈਂ ਬੈਠਾ ਸਾਂ’, ‘ਅਸੀਂ ਬੈਠੇ ਸਾਂ’, ‘ਤੂੰ ਬੈਠਾ ਸੈਂ’
‘ਤੁਸੀਂ ਬੈਠੇ ਸਉ’, ‘ਉਹ ਬੈਠਾ ਸੀ’, ‘ਉਹ ਬੈਠੇ ਸਣ’। ਪਹਿਲੇ ਪੁਰਖ ਦੇ ਇੱਕਵਚਨ ਅਤੇ ਬਹੁਵਚਨ ਦੋਹਾਂ ਲਈ ‘ਸਾਂ’ ਵਰਤਿਆ ਜਾਂਦਾ ਹੈ, ਬਾਕੀ ਹਾਲਾਤਾਂ ਵਿੱਚ ਇੱਕਵਚਨ ਬਹੁਵਚਨ ਦੀ ਸਹਾਇਕ ਕਿਰਿਆ ਵੱਖ-ਵੱਖ ਹੈ।
ਲੇਖਕ : ਗੁਰਪਾਲ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 22729, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਮਾਝੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਮਾਝੀ 1 [ਨਿਇ] ਮਾਝਾ ਖੇਤਰ ਦੀ ਭਾਸ਼ਾ [ਵਿਸ਼ੇ] ਮਾਝੇ ਨਾਲ਼ ਸੰਬੰਧਿਤ 2 [ਨਾਂਪੁ] ਮੱਝਾਂ ਚਾਰਨ ਵਾਲ਼ਾ , ਮਾਹੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 22717, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਮਾਝੀ ਸਰੋਤ :
ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਮਾਝੀ: ਵੇਖੋ ‘ਉਪਭਾਸ਼ਾ’
ਉਪਭਾਸ਼ਾ/ਉਪਭਾਖਾ : ਉਪਭਾਸ਼ਾ ਜਾਂ ਉਪਭਾਖਾ ਕਿਸੇ ਵਡੇਰੀ ਤੇ ਪ੍ਰਚੱਲਿਤ ਭਾਸ਼ਾ ਦੇ ਇਕ ਸੀਮਿਤ ਹਿੱਸੇ ਵਿਚ ਬੋਲੇ ਜਾਣ ਵਾਲੇ ਇਲਾਕਾਈ ਰੂਪ ਨੂੰ ਕਹਿੰਦੇ ਹਨ। ਉਪਭਾਸ਼ਾ ਵਿਚ ਇਕ ਵਡੇਰੀ ਭਾਸ਼ਾ ਵਾਲੇ ਸਾਰੇ ਗੁਣ ਮੌਜੂਦ ਹੁੰਦੇ ਹਨ ਤੇ ਉਹ ਸਮਾਂ ਪਾ ਕੇ ਅਤੇ ਹਾਲਾਤ ਦੇ ਅਨੁਕੂਲ ਹੋਣ ਨਾਲ ਉਪਭਾਸ਼ਾ ਦੀ ਥਾਂ ਖੁਦ ਭਾਸ਼ਾ ਦਾ ਰੂਪ ਧਾਰ ਸਕਦੀ ਹੈ।
ਇਹ ਗੱਲ ਮੰਨੀ ਗਈ ਹੈ ਕਿ ਨਾ ਤਾਂ ਸਾਰੇ ਮਨੁੱਖਾਂ, ਕਬੀਲਿਆਂ, ਸਮਾਜਕ ਗੁੱਟਾਂ ਦਾ ਉਚਾਰਣ ਢੰਗ ਤੇ ਸ਼ਬਦਾਵਲੀ ਇਕੋ ਹੈ ਤੇ ਨਾ ਹੀ ਵੱਖ ਵੱਖ ਭੂਗੋਲਿਕ ਸਥਿਤੀਆਂ ਅੰਦਰ ਪੈਦਾ ਹੋਈਆਂ ਉਚਾਰਣ ਵਿਸ਼ੇਸ਼ਤਾਵਾਂ ਇਕੋ ਜਿਹੀਆਂ ਹਨ। ਇਸੇ ਲਈ ਕਹਿੰਦੇ ਹਨ ਕਿ ਹਰ ਬਾਰ੍ਹਾਂ ਕੋਹਾਂ ਤੇ ਬੋਲੀ ਬਦਲ ਜਾਂਦੀ ਹੈ। ਇਸ ਤਰ੍ਹਾਂ ਇਹ ਸਮਾਜਕ ਤੇ ਇਲਾਕਾਈ ਭੇਦ ਉਪਭਾਸ਼ਾ ਨੂੰ ਜਨਮ ਦਿੰਦੇ ਹਨ।
ਇੱਥੇ ਇਕ ਹੋਰ ਗੱਲ ਵੀ ਸਪਸ਼ਟ ਕਰਨੀ ਜ਼ਰੂਰੀ ਹੈ ਕਿ ਬਾਰ੍ਹਾਂ ਕੋਹਾਂ ਵਿਚ ਬੋਲੀ ਇਕ–ਦਮ ਨਹੀਂ ਬਦਲ ਜਾਂਦੀ, ਕੇਵਲ ਉਚਾਰਣ ਢੰਗ ਤੇ ਸ਼ਬਦਾਵਲੀ ਵਿਚ ਥੋੜ੍ਹਾ ਜਿਹਾ ਫ਼ਰਕ ਪੈ ਜਾਂਦਾ ਹੈ। ਦਰਿਆ ਦੇ ਇਕ ਕੰਢੇ ਤੇ ਵਸਣ ਵਾਲਿਆਂ ਦੀ ਬੋਲੀ ਦੂਜੇ ਕੰਢੇ ਤੇ ਵਸਣ ਵਾਲਿਆਂ ਨਾਲੋਂ ਕੁਝ ਵੱਖ ਹੋਵੇਗੀ। ਇਹ ਵੱਖਰੇਵਾਂ ਪ੍ਰਾਚੀਨ ਕਾਲ ਵਿਚ ਹੋਰ ਵੀ ਜ਼ਿਆਦਾ ਹੋ ਜਾਂਦਾ ਸੀ ਜਦ ਦਰਿਆ ਵਿਚ ਹੜ੍ਹ ਆ ਜਾਣ ਦੇ ਕਾਰਣ ਦੋਹਾਂ ਕੰਢਿਆਂ ਤੇ ਵਸਣ ਵਾਲਿਆਂ ਦਾ ਮੇਲ ਜੋਲ ਮਹੀਨਿਆਂ ਬੱਧੀ ਬੰਦ ਹੋ ਜਾਂਦਾ ਸੀ।
ਅੱਜ ਲੋਕਾਂ ਦੇ ਮੇਲ ਜੋਲ ਵੱਧ ਜਾਣ ਨਾਲ ਬੋਲੀਆਂ ਦੇ ਇਲਾਕਾਈ ਰੂਪਾਂ ਵਿਚ ਵਖਰੇਵੇਂ ਭਾਵੇਂ ਘਟ ਰਹੇ ਹਨ, ਫਿਰ ਵੀ ਇਕ–ਦਮ ਮਿਟ ਨਹੀਂ ਗਏ। ਜਿਵੇਂ ਭੋਜਪੁਰੀ, ਬੁੰਧੇਲਖੰਡੀ, ਅਵਧੀ, ਰਾਜਸਥਾਨੀ, ਖੜੀ ਬੋਲੀ, ਹਰਿਆਣਵੀ ਆਦਿ ਹਿੰਦੀ ਦੀਆਂ ਉਪਭਾਸ਼ਾਵਾਂ ਹਨ, ਠੀਕ ਇਸੇ ਤਰ੍ਹਾਂ ਪੰਜਾਬੀ ਦੀਆਂ ਵੀ ਉਪਭਾਸ਼ਾਵਾਂ ਹਨ ਅਤੇ ਉਹ ਹਿੰਦੁਸਤਾਨੀ ਤੇ ਪਾਕਿਸਤਾਨੀ ਪੰਜਾਬ ਵਿਚ ਫੈਲੀਆਂ ਹੋਈਆਂ ਹਨ। ਸੰਖਿਪਤ ਵੇਰਵਾ ਇਸ ਪ੍ਰਕਾਰ ਹੈ:
ਮਾਝੀ ਅਥਵਾ ਕੇਂਦਰੀ : ਇਹ ਸਾਂਝੇ ਪੰਜਾਬ ਦੇ ਐਨ ਕੇਂਦਰੀ ਇਲਾਕੇ ਵਿਚ ਬੋਲੀ ਜਾਂਦੀ ਹੈ ਤੇ ਇਸੇ ਲਈ ਇਸ ਨੂੰ ਪੰਜਾਬ ਦੀ ਟਕਸਾਲੀ ਭਾਸ਼ਾ ਦੇ ਤੌਰ ਤੇ ਪ੍ਰਵਾਨ ਕੀਤਾ ਗਿਆ ਹੈ। ਗੁਜਰਾਂਵਾਲਾ, ਲਾਹੌਰ, ਅੰਮ੍ਰਿਤਸਰ ਤੇ ਗੁਰਦਾਸਪੁਰ ਦੇ ਪੂਰੇ ਜਿਲ੍ਹੇ ਅਤੇ ਸ਼ੇਖੂਪੁਰਾ ਤੇ ਸਿਆਲਕੋਟ ਅਥਵਾ ਗੁਜਰਾਤ ਦੇ ਕੁਝ ਇਲਾਕੇ ਇਸ ਦੇ ਘੇਰੇ ਵਿਚ ਆਉਂਦੇ ਹਨ। ਇਸ ਦਾ ਠੇਠ ਮੁਹਾਵਰਾ ਅੰਮ੍ਰਿਤਸਰ ਦੇ ਆਲੇ ਦੁਆਲੇ ਦਾ ਹੈ। ਮਾਝੀ ਨੂੰ ਜੇ ਲਹਿੰਦੀ ਦਾ ਸੋਧਿਆ ਰੂਪ ਕਿਹਾ ਜਾਏ ਤਾਂ ਅਯੋਗ ਨਹੀਂ ਹੋਵੇਗਾ ਜਿਵੇਂ ਪਿਉ, ਘਿਉ, ਪੁਤ੍ਰ, ਭਾਊ ਆਦਿ ਕਈ ਸ਼ਬਦ ਇਕੋ ਤਰ੍ਹਾਂ ਵਰਤੇ ਜਾਂਦੇ ਹਨ। ਹਾਂ ਕ੍ਰਿਆ ਰੂਪ ਵਿਚ ਚੋਖੀ ਤਬਦੀਲੀ ਆਈ ਹੈ ਜਿਵੇਂ ‘ਮਰੇਂਦਾ’ ਦੀ ਥਾਂ ‘ਮਾਰਦਾ’ ਅਤੇ ‘ਜਾਸਾਂ’ ਦੀ ਥਾਂ ‘ਜਾਵਾਂਗਾ’, ‘ਆਵਾਂਗਾ’ ਵਰਤਦੇ ਹਨ। ਅੱਜਕਲ੍ਹ ਪੰਜਾਬੀ ਦੀਆਂ ਲਗਭਗ ਸਭ ਪੁਸਤਕਾਂ ਵਿਚ ਇਹੀ ਉਪਭਾਸ਼ਾ ਵਰਤੀ ਜਾਂਦੀ ਹੈ। ਫਿਰ ਦੀ ‘ਆਰਾਮ’ ਨੂੰ ‘ਰਮਨ’, ‘ਪੰਚ’ ਨੂੰ ‘ਪੈਂਚ’,‘ਸਿੰਘ’ ਨੂੰ ‘ਸਿੰਹਾਂ’ ਆਦਿ ਇਸ ਦੇ ਖ਼ਾਸ ਇਲਾਕਾਈ ਭੇਦ ਹਨ। ਮੁਲਤਾਨੀ ਤੋਂ ਬਾਅਦ ਇਸ ਨੂੰ ਪੰਜਾਬ ਦੀ ਸਭ ਤੋਂ ਪੁਰਾਤਨ ਉਪਭਾਸ਼ਾ ਮੰਨਿਆ ਜਾਂਦਾ ਹੈ। ਪੁਰਾਤਨ ਪੁਸਤਕਾਂ ਵਿਚ ਇਸ ਦਾ ਨਾਂ ਲਾਹੌਰੀ ਵੀ ਦਿੱਤਾ ਹੈ।
ਦੁਆਬੀ : ਕੇਂਦਰੀ ਪੰਜਾਬ ਦੇ ਪੂਰਬ ਵੱਲ ਦੁਆਬਾ ਹੈ। ਦੁਆਬੇ ਦੇ ਅਰਥ ਹਨ ‘ਦੋ ਪਾਣੀ’ ਅਤੇ ‘ਦੁਆਬਾ’ ਦਾ ਅਰਥ ਹੈ ਦੋ ਦਰਿਆਵਾਂ ਦੇ ਵਿਚਕਾਰ ਦਾ ਇਲਾਕਾ। ਉਂਜ ਤਾਂ ਪੰਜਾਬ ਵਿਚ ਪੰਜ ਦੁਆਬੇ ਹਨ ਪਰ ਸਤਲੁਜ ਤੇ ਬਿਆਸ ਦੇ ਵਿਚਕਾਰ ਦਾ ਇਲਾਕਾ ਖ਼ਾਸ ‘ਦੁਆਬੇ’ ਦੇ ਨਾਂ ਨਾਲ ਪ੍ਰਸਿੱਧ ਹੈ। ਇਸ ਦੀ ਬੋਲੀ ਨੂੰ ਦੁਆਬੀ ਕਹਿੰਦੇ ਹਨ। ਜਲੰਧਰ, ਹੁਸ਼ਿਆਰਪੁਰ ਤੇ ਕਪੂਰਥਲਾ ਦੇ ਜ਼ਿਲ੍ਹੇ ਇਸ ਵਿਚ ਆਉਂਦੇ ਹਨ। ਦੁਆਬਾ ਨਿਵਾਸੀ ਉਂਜ ਤਾਂ ਕੇਂਦਰੀ ਬੋਲੀ ਹੀ ਬੋਲਦੇ ਹਨ ਪਰ ‘ਵ’ ਦੀ ਥਾਂ ‘ਬ’, ‘ਸ਼’ ਦੀ ਥਾਂ ‘ਛ’ ਜਾਂ ‘ਬ’ ਦੀ ਥਾਂ ‘ਵ’ ਵਰਤ ਕੇ ਇਹ ਬੋਲੀ ਦਾ ਰੰਗ ਰੂਪ ਬਦਲ ਦਿੰਦੇ ਹਨ ਜਿਵੇਂ ‘ਵਾਹਿਗੁਰੂ’ ਨੂੰ ‘ਬਾਹਗੁਰੂ’, ‘ਬੰਡ’ ਤੇ ‘ਵਟ’ ਨੂੰ ‘ਬਟ’ ਬੋਲਣਗੇ। ਇਸੇ ਤਰ੍ਹਾਂ ‘ਬਰਮਾ’ ਨੂੰ ‘ਵਰਮਾ’ ਅਤੇ ‘ਬੜੀ ਖੁਸ਼ੀ’ ਅਤੇ ‘ਬ੍ਰਿਸ਼ਭਾਨ’ ਨੂੰ ‘ਬ੍ਰਿਛਭਾਨ’ ਬਣਾ ਦੇਣਗੇ। ਕੇਂਦਰੀ ਤੇ ਦੁਆਬੀ ਉਪਭਾਸ਼ਾਵਾਂ ਹੁਣ ਤੇਜ਼ੀ ਨਾਲ ਇਕ–ਮਿਕ ਹੋ ਰਹੀਆਂ ਹਨ।
ਮਲਵਈ : ਦੁਆਬੀ ਨਾਲ ਮਿਲਦੀ ਜੁਲਦੀ ਇਹ ਉਪਭਾਸ਼ਾ ਸਤਲੁਜ ਪਾਰ ਦੀ ਬੋਲੀ ਹੈ। ਫ਼ੀਰੋਜ਼ਪੁਰਾ, ਫਰੀਦਕੋਟ, ਲੁਧਿਆਣਾ, ਪਟਿਆਲਾ, ਬਠਿੰਡਾ ਦੇ ਪੂਰੇ ਜ਼ਿਲ੍ਹੇ ਅਤੇ ਸੰਗਰੂਰ ਦਾ ਚੋਖਾ ਇਲਾਕਾ ਇਸ ਵਿਚ ਸ਼ਾਮਲ ਹੈ। ‘ਵ’ ਤੇ ‘ਬ’ ਦੀ ਵਰਤੋਂ ਇੱਥੇ ਵੀ ਵਰਤੋਂ ਇੱਥੇ ਵੀ ਦੁਆਬੇ ਜਿਹੀ ਹੈ। ਕੁਝ ਹੋਰ ਵੱਖਰੇਵੇਂ ਇਸ ਤਰ੍ਹਾਂ ਹਨ। ‘ਤੁਹਾਨੂੰ’ ਦੀ ਥਾਂ ‘ਥੁਆਨੂੰ’, ‘ਤੁਹਾਡੀ’ ਦੀ ਥਾਂ ‘ਥੋਡੀ’ ਬੋਲਦੇ ਹਨ। ਇਸ ਤਰ੍ਹਾਂ ਜਿੱਥੇ ‘ਾਂ’ ਜਾਂ ‘ਈਂ’ ਦੀ ਆਵਾਜ਼ ਹੋਵੇ ਉੱਥੇ ‘ਮ’ ਬੋਲਦੇ ਹਨ ਜਿਵੇਂ ‘ਲਿਆਵਾਂ’ ਨੂੰ ‘ਲਿਆਮਾ’ ਜਾਂ ‘ਤੀਵੀਂ’ ਨੂੰ ‘ਤੀਮੀ’ ਤੇ ਭਾਈ ਨੂੰ ਬਾਈ। ਇਸੇ ਤਰ੍ਹਾਂ ‘ਕਿਵੇ ਕਰੀਏ’ ਨੂੰ ‘ਕਿਕਰ ਕਰਾਂ’ ਬੋਲਣਗੇ। ਬਠਿੰਡੇ ਦੇ ਇਰਦ ਗਿਰਦ ਦੀ ਬੋਲੀ ਨੂੰ ‘ਭਟਿਆਣੀ’ ਵੀ ਕਹਿੰਦੇ ਹਨ।
ਡੋਗਰੀ : ਡੂਗਰ ਦ ਅਰਬ ਹੈ ‘ਪਹਾੜ’। ਇਹ ਬੋਲੀ ਪੰਜਾਬ ਦੇ ਨਾਲ ਦੇ ਪਹਾੜੀ ਇਲਾਕਿਆਂ ਵਿਚ ਵਰਤੀ ਜਾਂਦੀ ਹੈ। ਕੁਲੂ, ਕਾਂਗੜਾ, ਸ਼ਿਮਲਾ, ਜੰਮੂ ਤੇ ਸਿਆਲਕੋਟ ਦੇ ਪਹਾੜੀ ਇਲਾਕੇ ਇਸ ਦੇ ਘੇਰੇ ਵਿਚ ਆਉਂਦੇ ਹਨ। ਇਹ ਪੋਠੋਹਾਰੀ ਨਾਲ ਮੇਲ ਖਾਂਦੀ ਹੈ। ‘ਮਿਘੀ’,‘ਤੁਘੀ’ ਇੱਥੇ ਵੀ ਵਰਤਦੇ ਹਨ। ਕ੍ਰਿਆ ਵਿਚ ‘ਦੇ’ ਦੀ ਵਰਤੋਂ ਵਾਧੂ ਕਰਦੇ ਹਨ ਜਿਵੇਂ ‘ਗਏ ਨੇ’ ਨੂੰ ‘ਗਏ ਦੇ ਨੇ’। ‘ਸੀ’ ਜਾਂ ‘ਸਾ’ ਦੀ ਥਾਂ ‘ਥ’ ਵਰਤਦੇ ਹਨ ਜਿਵੇਂ ‘ਕਹਿ ਛਡਿਆ ਸੀ’ ਨੂੰ ‘ਗਲਾਈ ਛੋੜਿਆ ਥਾ’ ਬੋਲਣਗੇ। ‘ਏ’ ਦੀ ਵਰਤੋਂ ਆਮ ਕਰਦੇ ਹਨ ਜਿਵੇਂ ‘ਸੋਹੀਏ ਬਾਪੂਏ ਦੀ’।
ਜਾਂਗਲੀ ਜਾਂ ਬਾਰੇ ਦੀ ਬੋਲੀ : ਕੇਂਦਰੀ ਇਲਾਕੇ ਨਾਲ ਪੱਛਮ ਵਲ ਲਗਦਾ ਇਲਾਕਾ ਬਾਰ ਦਾ ਹੈ। ਇਹ ਬਾਰ ਸ਼ੇਖੂਪਰੇ ਤੋਂ ਲੈ ਕੇ ਖ਼ਾਨੇਵਾਲ ਤੱਕ ਅਤੇ ਰਾਵੀ ਤੋਂ ਲੈ ਕੇ ਜਿਹਲਮ ਤਕ ਪਸਰੀ ਹੋਈ ਹੈ। ਇਸ ਸਾਰੇ ਇਲਾਕੇ ਦੀ ਝਾਂਗੀ ਕਹਿੰਦੇ ਹਨ। ਸ਼ੇਖੂਪੁਰੇ ਦਾ ਅੱਧਾ ਜ਼ਿਲ੍ਹਾਂ, ਮਿੰਟਗੁਮਰੀ, ਲਾਇਲਪੁਰ ਤੇ ਝੰਗ ਦੇ ਸਾਰੇ ਜ਼ਿਲ੍ਹੇ, ਮੁਲਤਾਨ ਦੀਆਂ ਤਿੰਨ ਤਹਿਸੀਲਾਂ, ਖ਼ਾਨੇਵਾਲ, ਕਬੀਰਵਾਲਾ ਤੇ ਮੈਲਸੀ ਵਿਹਾੜੀ ਅਤੇ ਜ਼ਿਲ੍ਹਾਂ ਸ਼ਾਹਪੁਰ (ਹੁਣ ਸਰਗੋਧਾ) ਦਾ ਬਹੁਤ ਸਾਰਾ ਇਲਾਕਾ ਇਸ ਵਿਚ ਸ਼ਾਮਲ ਹਨ। ‘ਹਿੱਕ’, ‘ਵੰਝਣਾ’ ਤੇ ‘ਮਰੇਸ’ ਆਦਿ ਬੋਲ ਇਸ ਦੇ ਪੋਠੋਹਾਰੀ ਨਾਲ ਮਿਲਦੇ ਹਨ ਅਤੇ ‘ਧਾਵਣਾ’, ‘ਧਾਤਾ’, ‘ਭਾਹ’, ਤੇ ‘ਚੌਡਸ’ ਆਦਿ ਮੁਲਤਾਨੀ ਨਾਲ। ਪਰ ਇਸ ਵਿਚ ‘ਮੈਂਡਾ’ ‘ਤੈਂਡਾ’ ਦੀ ਥਾਂ ‘ਮੇਰਾ’ ‘ਤੇਰਾ’ ਹੀ ਵਰਤਦੇ ਹਨ। ਝੰਗ ਦੇ ਸ਼ਹਿਰੀ ਲੋਕ, ‘ਮੈਰਾ’ ‘ਤੈਰਾ’ ਬੋਲਦੇ ਹਨ ਤੇ ਇਹੀ ਉਨ੍ਹਾਂ ਦੀ ਪਛਾਣ ਹੈ। ਇਹ ਉਪਬੋਲੀ ਕੇਂਦਰੀ ਨਾਲ ਚੋਖਾ ਮੇਲ ਖਾਂਦੀ ਹੈ। ਇਸ ਦੀ ਖ਼ਾਸ ਨਿਸ਼ਾਨੀ ਇਹ ਹੈ ਕਿ ਇਸ ਵਿਚ ਟਿਪੀ (ੰ) ਦੀ ਥਾਂ ਅਧਕ (ੱ) ਦੀ ਵਰਤੋਂ ਜ਼ਿਆਦਾ ਕੀਤੀ ਜਾਂਦੀ ਹੈ ਜਿਵੇਂ ‘ਕੰਧ’ ਨੂੰ, ‘ਕੱਧ’ ‘ਕੰਘੀ’ ਨੂੰ ‘ਕੱਘੀ’, ‘ਸੱਘ’ ਨੂੰ ‘ਸੰਘ’ ਤੇ ‘ਚੁੰਘਣਾ’ ਨੂੰ ‘ਚੁੱਘਣਾ’ ਕਹਿਣਗੇ। ਬਹੁਤ ਸਾਰੀਆਂ ਥਾਂਵਾਂ ਤੇ ਜਾਂ ਤੇ (ਿ) ਉਡਾ ਹੀ ਦਿੱਤੀ ਜਾਂਦੀ ਹੈ, ਨਹੀਂ ਤੇ ਇਸ ਦੀ ਥਾਂ (ਾ) ਵਰਤਿਆ ਜਾਂਦਾ ਹੈ ਜਿਵੇਂ ਸ਼ਹਿਰ ਨੂੰ ‘ਸ਼ਾਹਰ’ ਤੇ ‘ਗਹਿਣਾ’ ਨੂੰ ‘ਗਾਹਣਾ’, ‘ਰਹਿੰਦੇ’ ਨੂੰ ‘ਰਾਹੰਦੇ’ ਤੇ ‘ਲਾਹਿੰਦਾ’ ਨੂੰ ‘ਲਾਹੰਦਾ’ ਬੋਲਿਆ ਜਾਂਦਾ ਹੈ। ‘ਸੀ’ ਦੀ ਥਾਂ ‘ਆਹਾ’, ‘ਆਹੀ’ ਜਾਂ ‘ਹਾਈ’ ਵਰਤਦੇ ਹਨ, ਜਿਵੇਂ ‘ਇਕ ਦਿਲ ਆਹਾ ਸੋ ਰਾਂਝਣ ਲੀਤਾ ਖੇੜਿਆਂ ਨੂੰ ਕੇ ਦੇਸੀ’ (ਹੀਰ ਦਮੋਦਰ)। ਇਸ ਦੇ ਲੋਕ ਗੀਤਾਂ ਵਿਚ ਉਤਮ ਸਾਹਿੱਤ ਲੁਕਿਆ ਪਿਆ ਹੈ। ਦਮੋਦਰ ਨੇ ਆਪਣੇ ਕਿੱਸਾ ‘ਹੀਰ’ ਵਿਚ ਪ੍ਰਮੁੱਖ ਰੂਪ ਵਿਚ ਇਹੀ ਬੋਲੀ ਵਰਤੀ ਹੈ। ਜਿਹਲਮ ਦੇ ਪਾਰਲੇ ਇਲਾਕੇ ਤੇ ਖੁਸ਼ਾਬ ਦੀ ਬੋਲੀ ਨੂੰ ਬਲੋਚੀ ਕਹਿੰਦੇ ਹਨ,
ਇਹ ਜਾਂਗਲੀ ਉਪਭਾਖਾ ਦਾ ਛੋਟਾ ਰੂਪ ਹੈ। ਇਸ ਤਰ੍ਹਾਂ ਜ਼ਿਲ੍ਹਾ ਮੀਆਂਵਾਲੀ ਦੀ ਬੋਲੀ ਨੂੰ ਆਵਾਣਕਾਰੀ ਕਹਿੰਦੇ ਹਨ। ਇਹ ਪੋਠੋਹਾਰੀ ਤੇ ਜਾਂਗਲੀ ਬੋਲੀ ਦੀ ਮਿਸ਼ਰਿਤ ਹੈ। ਹੀਰ ਦਮੋਦਰ ਜਾਂਗਲੀ ਭਾਖਾ ਦਾ ਸਫਲ ਨਮੂਨਾ ਹੈ।
ਮੁਲਤਾਨੀ : ਪੁਰਾਤਨ ਪੰਜਾਬ ਦਾ ਬਹੁਤ ਸਾਹਿੱਤ ਮੁਲਤਾਨੀ ਵਿਚ ਪ੍ਰਾਪਤ ਹੈ। ਮੁਲਤਾਨੀ ਜ਼ਿਲ੍ਹਾ ਮੁਲਤਾਨ ਦੀਆਂ ਤਹਿਸੀਲਾਂ ਮੁਲਤਾਨ, ਸੁਜਾਬਾਦ ਤੇ ਲੋਧਰਾਂ ਅਤੇ ਮੁਜ਼ੱਫਰਗੜ੍ਹ ਦੇ ਜ਼ਿਲ੍ਹੇ ਵਿਚ ਬੋਲੀ ਜਾਂਦੀ ਹੈ। ਬਹਾਵਲਪੁਰ ਦੀ ਬੋਲੀ ਬਹੁਤੀ ਮੁਲਤਾਨੀ ਹੈ ਭਾਵੇਂ ਉਸ ਪੁਰ ਪੇਤਲਾ ਜਿਹਾ ਸਿੰਧੀ ਦਾ ਅਸਰ ਵੀ ਹੈ। ਕਈ ਇਸ ਨੂੰ ‘ਸਰਾਇਕੀ’ ਵੀ ਕਹਿੰਦੇ ਹਨ। ਇਸੇ ਤਰ੍ਹਾਂ ਡੇਰਾ ਗਾਜ਼ੀਖਾਨ ਦੀ ਬੋਲੀ ਵੀ ਮੁਲਤਾਨੀ ਹੀ ਕਹੀ ਜਾ ਸਕਦੀ ਹੈ ਭਾਵੇਂ ਇਸ ਨੂੰ ਡੇਰਾ ਜਾਤੀ ਕਹਿਕੇ ਵੱਖ ਕਰਨ ਦਾ ਯਤਨ ਕੀਤਾ ਗਿਆ ਹੈ। ਕ੍ਰਿਆ ਦਾ ਭਵਿੱਖ ਰੂਪ ਬਾਰ ਦੀ ਬੋਲੀ ਵਾਲਾ ਹੀ ਹੈ, ਭਾਵ ‘ਜਾਸੀ’ ‘ਖਾਸੀ’ ‘ਰਹਿਸੀ’ ਆਦਿ, ਪਰ ਭੂਤ ਵਿਚ ‘ਆਹਾ’ ਦੀ ਥਾਂ ‘ਹਾਈ’ ਸੁਣਿਆ ਜਾਏਗਾ। ਇਸੇ ਤਰ੍ਹਾਂ ‘ਚਲਣਾ’ ਨੂੰ ‘ਜੁਲਣਾ’, ਅਤੇ ‘ਮੈਂਡਾ’ ‘ਤੈਂਡਾ’, ‘ਘਿੰਨ’‘ਵੰਞ’ ਆਦਿ ਇਸ ਦੀ ਪਛਾਣ ਦੇ ਪ੍ਰਸਿੱਧ ਬੋਲ ਹਨ।
ਪੋਠੋਹਾਰੀ : ਇਹ ਬੋਲੀ ਰਾਵਲਪਿੰਡੀ, ਕੈਂਬਲਪੁਰ (ਅਟਕ), ਜਿਹਲਮ ਦੀ ਸੁਹਾਂ ਨਦੀ ਦੇ ਆਰ ਪਾਰ ਦੇ ਜੰਮੂ ਕਸ਼ਮੀਰ ਦੇ ਨਾਲ ਲਗਦੇ ਇਲਾਕੇ ਮੀਰਪੁਰ ਵਿਚ ਬੋਲੀ ਜਾਂਦੀ ਹੈ। ਪੁਰਾਣੇ ਸਮਿਆਂ ਵਿਚ ਇਹ ਇਲਾਕਾ ਵਿੱਦਿਆ ਦਾ ਕੇਂਦਰ ਰਿਹਾ ਹੈ। ਟੈਕਸਲਾ ਇੱਥੇ ਹੀ ਸਥਾਪਿਤ ਸੀ। ਵਿਚੋਂ ਕੁਝ ਸਮਾਂ ਪਛੜਿਆ ਰਹਿ ਕੇ ਨਵੀਨ ਯੁੱਗ ਵਿਚ ਇਸ ਇਲਾਕੇ ਨੇ ਚੋਖੇ ਸਾਹਿੱਤਕਾਰਾਂ ਨੂੰ ਜਨਮ ਦਿੱਤਾ ਹੈ। ‘ਮੈਂਡਾ’, ‘ਤੈਂਡਾ’ ਤੇ ‘ਘਿਨ’, ‘ਵੰਝ’ ਦੇ ਬੋਲ ਇਸ ਦੇ ਮੁਲਤਾਨੀ ਉਪਭਾਖਾ ਨਾਲ ਮਿਲਦੇ ਜੁਲਦੇ ਹਨ। ਇਸ ਉਪਬੋਲੀ ਵਿਚ ‘ਮਿਘੀ’, ‘ਤੁਘੀ’ ਦੇ ਨਾਲ (ੇ) ਦੀ ਥਾਂ (ੈ) ਦੀ ਵਧੇਰੇ ਵਰਤੋਂ ਹੁੰਦੀ ਹੈ ਜਿਵੇਂ ‘ਕਿਸਕੈ’, ‘ਕੈ ਪਿਆ ਕਰੇਨੈ’ ਆਦਿ। ਇਸ ਤਰ੍ਹਾਂ ‘ਕਿਥੇ’ ਨੂੰ ‘ਕੁਥੇ’ ਅਤੇ ‘ਸਾਡੇ’ ਦੀ ਥਾਂ ‘ਅਸਾਂ ਨੇ’ ਬੋਲਦੇ ਹਨ। ‘ੲ’ ਦੀ ਥਾਂ ‘ਹ’ ਅੱਖਰ ਦੀ ਵਰਤੋਂ ਵੀ ਆਮ ਕੀਤੀ ਜਾਦੀ ਹੈ, ਜਿਵੇਂ ‘ਇਸ’ ਦੀ ਥਾਂ ‘ਹਿਸ’ ਤੇ ‘ਇਹ’ ਦੀ ਥਾਂ ‘ਹਿਹ’। ਮੋਹਨ ਸਿੰਘ ਦਾ ਗੀਤ ‘ਹਿਕ ਢੋਕ ਸਾੜ੍ਹੀ ਦਰ ਅੱਛ ਢੋਲਾ’ ਇਸ ਉਪਭਾਖਾ ਦਾ ਚੰਗਾ ਨਮੂਨਾ ਹੈ।
ਪੁਆਧੀ : ਦਰਿਆ ਘੱਗਰ ਦੇ ਇਰਦ ਗਿਰਦ ਅੰਬਾਲਾ, ਪਟਿਆਲਾ ਤੇ ਸਰਸਾ–ਫ਼ਤਹਆਬਾਦ ਦੇ ਕੁਝ ਇਲਾਕੇ ਦੀ ਬੋਲੀ ਨੂੰ ਪੁਆਧੀ ਕਹਿੰਦੇ ਹਨ। ਇਹ ਮਲਵਈ ਨਾਲ ਚੋਖੀ ਮਿਲਦੀ ਹੈ। ਇਥੇ ‘ਸਾਨੂੰ’ ਦੀ ਥਾਂ ‘ਹਮਾਨੂੰ’,‘ਵਿਚ’ ਦੀ ਥਾਂ ‘ਬਿਚ ਮਾ’ ਤੇ ‘ਹੁਣ’ ਨੂੰ ‘ਇਬ’ ਬੋਲਦੇ ਹਨ। ‘ਆਇਆ ਸੀ’ ਦੀ ਥਾਂ ‘ਆਇਆ ਤੀ’ ਅਤੇ ‘ਗਿਆ ਸੀ’ ਦੀ ਥਾਂ ‘ਗਿਆ ਤੀ’ ਬੋਲਦੇ ਹਨ।
ਪੁਆਧੀ ਤੋਂ ਅੱਗੇ ਬਾਂਗਰੂ ਬੋਲੀ ਆ ਜਾਂਦੀ ਹੈ। ਇਸ ਲਈ ਬਾਂਗਰੂ ਦਾ ਅਸਰ ਵੀ ਥੋੜ੍ਹਾ ਬਹੁਤ ਪੁਆਧੀ ਪੁਰ ਪੈਂਦਾ ਹੈ। ਕਰਨਾਲ ਤੇ ਰੋਹਤਕ ਦੀ ਬੋਲੀ ਬਾਂਗਰੂ ਹੈ ਜਦ ਕਿ ਸਰਸਾ, ਹਿਸਾਰ, ਹਨੂਮਾਨਗੜ੍ਹ (ਬੀਕਾਨੇਰ) ਦੀ ਭਟਿਆਣੀ। ਇਨ੍ਹਾਂ ਦੋਹਾਂ ਬੋਲੀਆਂ ਪੁਰ ਹਿੰਦੀ ਦਾ ਅਸਰ ਜ਼ਰੂਰ ਹੈ ਪਰ ਇਨ੍ਹਾਂ ਦੀ ਰੂਹ ਪੰਜਾਬੀ ਹੀ ਹੈ। ਇੱਥੇ ‘ਅਸੀ ਇਹ ਨਹੀਂ ਹੋਣ ਦਿਆਂਗੇ’ ਨੂੰ ‘ਹਮ ਯਹ ਨਹੀਂ ਹੋਣ ਦੇਂ’ ਬੋਲਣਗੇ। ‘ਕਿਥੇ ਜਾਂਦੇ ਹੋ’ ਨੂੰ ‘ਕੱਠੇ ਜਾਉ ਸੋ’ ਬੋਲਣਗੇ।
ਪੋਠੋਹਾਰੀ, ਮੁਲਤਾਨੀ ਤੇ ਝਾਂਗੀ , ਤਿੰਨਾਂ ਉਪਬੋਲੀਆਂ ਨੂੰ ਮਿਲਾ ਕੇ ਲਹਿੰਦੀ ਜਾਂ ਲਹਿੰਦਾ ਦਾ ਨਾਂ ਵੀ ਦਿੱਤਾ ਜਾਂਦਾ ਹੈ। ਇਨ੍ਹਾਂ ਤਿੰਨਾਂ ਦੀ ਸ਼ਬਦਾਵਾਲੀ ਕਾਫ਼ੀ ਸਾਂਝੀ ਹੈ ਅਤੇ ਕ੍ਰਿਆ ਰੂਪ ਜਿਵੇਂ ‘ਜਾਸੀ’,‘ਖਾਸੀ’ ‘ਵੰਝਣਾ’, ਆਦਿ ਅਤੇ ਲਾਂ (ੇ) ਦੀ ਵਾਧੂ ਵਰਤੋਂ ਜਿਵੇਂ ‘ਕਰੇਂਦਾ’, ਮਰੇਂਦਾ’, ਆਦਿ ਇਕੋ ਜਿਹੇ ਵਰਤੇ ਜਾਂਦੇ ਹਨ। ਇਹ ਤਿੰਨੇ ਉਪਬੋਲੀਆਂ ਗੁਟ ਹਨ ਅਤੇ ਸੰਸਕ੍ਰਿਤ ਦੇ ਸਭ ਤੋਂ ਵੱਧ ਨੇੜੇ। ‘ਇਕ ਦੀ ਥਾਂ’ ‘ਹਿਕ’ ਵੀ ਇਸ ਸਾਰੇ ਇਲਾਕੇ ਵਿਚ ਇਕੋ ਜਿਹਾ ਵਰਤਿਆ ਜਾਂਦਾ ਹੈ।
ਉਨ੍ਹੀਵੀਂ ਸਦੀ ਈ. ਦੇ ਅੰਤ ਤਕ ਇਨ੍ਹਾਂ ਇਲਾਕਿਆਂ ਦੇ ਸਾਹਿੱਤਕਾਰ ਆਪਣੀਆਂ ਰਚਨਾਵਾਂ ਵਿਚ ਆਪਣੀ ਆਪਣੀ ਉਪਭਾਖਾ ਦੀ ਚੋਖੀ ਵਰਤੋਂ ਕਰਦੇ ਰਹੇ ਹਨ। ਪਰ ਵੀਹਵੀਂ ਸਦੀ ਈ. ਦੇ ਆਰੰਭ ਵਿਚ ਪੰਜਾਬੀ ਸਾਹਿੱਤ ਵਿਚ ਨਵੇਂ ਮੋੜ ਆਉਣ ਨਾਲ ਲਗਭਗ ਸਾਰੇ ਸਾਹਿੱਤਕਾਰ ਕੇਂਦਰੀ ਬੋਲੀ ਦੀ ਵਰਤੋਂ ਹੀ ਕਰਨ ਲਗ ਪਏ। ਉਨ੍ਹਾਂ ਦੀਆਂ ਰਚਨਾਵਾਂ ਵਿਚ ਸਥਾਨਕ ਭਾਖਾ ਦਾ ਪ੍ਰਭਾਵ ਨਾ ਮਾਤਰ ਹੀ ਰਹਿ ਗਿਆ ਹੈ।
[ਸਹਾ. ਗ੍ਰੰਥ––‘ਪੰਜਾਬੀ ਦੁਨੀਆਂ’, ‘ਉਪਭਾਖਾ ਅੰਕ’; ਪ੍ਰੋ. ਪ੍ਰੇਮ ਪ੍ਰਕਾਸ਼ ਸਿੰਘ: ‘ਪੰਜਾਬੀ ਸਾਹਿੱਤ ਦੀ ਉਤਪਤੀ ਤੇ ਵਿਕਾਸ’; ਡਾ. ਗੁਪਾਲ ਸਿੰਘ ਦਰਦੀ : ‘ਪੰਜਾਬੀ ਸਾਹਿੱਤ ਦਾ ਇਤਿਹਾਸ’]
ਲੇਖਕ : ਪ੍ਰਿੰ. ਗੁਰਦਿਤ ਸਿੰਘ ਪ੍ਰੇਮੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 19476, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-14, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First