ਮਾਫ਼ੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਮਾਫ਼ੀ [ਨਾਂਇ] ਮਾਫ਼ ਕਰਨ ਦਾ ਭਾਵ, ਖਿਮਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3887, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਮਾਫ਼ੀ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Apology_ਮਾਫ਼ੀ: ਮਾਫ਼ੀ ਕਸੂਰਵਾਰ ਦੇ ਅਪਰਾਧ ਦੀ ਸਫ਼ਾਈ ਪੇਸ਼ ਕਰਨ ਵਿਚ ਅਪਰਾਧ ਨੂੰ ਖ਼ਤਮ ਕਰਨ ਲਈ ਹੱਥਿਆਰ ਦੇ ਤੌਰ ਤੇ ਨਹੀਂ ਵਰਤੀ ਜਾ ਸਕਦੀ, ਨ ਹੀ ਇਸ ਨੂੰ ਅਪਰਾਧਾਂ ਲਈ ਅਕਸੀਰ ਸਮਝਿਆ ਜਾ ਸਕਦਾ ਹੈ। ਇਸ ਦਾ ਮਨਸ਼ਾ ਵਾਸਤਵਿਕ ਪਛਤਾਵੇ ਦੀ ਸ਼ਹਾਦਤ ਹੋਣਾ ਹੈ (ਐਮ. ਵਾਈ ਸ਼ਰੀਫ਼ ਬਨਾਮ ਆਨਰੇਬਲ ਜਜਿਜ਼ ਔਫ਼ ਦਾ ਨਾਗਪੁਰ ਹਾਈਕੋਰਟ - ਏ ਆਈ ਆਰ 1955 ਐਸ ਸੀ 19)। ਨਿਆਂ ਦੀ ਅਦਾਲਤ ਵਿਚ ਮਾਫ਼ੀ ਤਦ ਹੀ ਕੋਈ ਲਾਹਾ ਦੇ ਸਕਦੀ ਹੈ ਜੇ ਉਹ ਕੀਤੇ ਦੁਸ਼ਕਰਮ ਜਾਂ ਪਹੁੰਚਾਈ ਹਾਨੀ ਲਈ ਵਾਸਤਵਿਕ ਪਛਤਾਵੇ ਦੀ ਸ਼ਹਾਦਤ ਦੇ ਤੌਰ ਤੇ ਚਿਤਵੀ ਗਈ ਹੋਵੇ ਅਤੇ ਦੁਸ਼ਕਰਮ ਕਰਨ ਵਾਲਾ ਵਿਅਕਤੀ ਉਸ ਲਈ ਅਜਿਹੀ ਤਲਾਫ਼ੀ ਕਰਨ ਨੂੰ ਤਿਆਰ ਹੋਵੇ ਜੋ ਉਸ ਦੇ ਵਸ ਵਿਚ ਹੋਵੇ। ਇਸ ਤਰ੍ਹਾਂ ਦਾ ਅਸਰ ਪੈਦਾ ਕਰਨ ਲਈ ਜ਼ਰੂਰੀ ਹੈ ਕਿ ਮਾਫੀ ਸਭ ਤੋਂ ਪਹਿਲੇ ਉਪਲਬਧ ਮੌਕੇ ਤੇ ਮੰਗੀ ਜਾਵੇ ਅਤੇ ਕੇਸ ਦੇ ਅੰਤ ਤਕ ਉਡੀਕਿਆ ਨਾ ਜਾਵੇ। ਜੇ ਇਹ ਮਾਨਸਿਕ ਅਵਸਥਾ ਅਪੀਲ ਦੀ ਸਟੇਜ ਤੇ ਜਾਗਦੀ ਹੈ ਤਾਂ ਵੀ ਮਾਫ਼ੀ ਬਿਨਾ ਕਿਸੇ ਸ਼ਰਤ ਅਤੇ ਰੱਖ ਰਖਾ ਦੇ ਬਹਿਸ ਸ਼ੁਰੂ ਹੋਣ ਤੋਂ ਪਹਿਲਾਂ ਅਤੇ ਉਸ ਘੜੀ ਦੀ ਉਡੀਕ ਕੀਤੇ ਬਿਨਾਂ ਮੰਗੀ ਜਾਣੀ ਜ਼ਰੂਰੀ ਹੈ। ਜਦੋਂ ਮਾਫ਼ੀ ਮੰਗਣ ਵਾਲੇ ਨੂੰ ਮਲੂਮ ਹੋ ਜਾਵੇ ਕਿ ਉਸ ਦਾ ਕੇਸ ਕਮਜ਼ੋਰ ਹੈ ਅਤੇ ਜੱਜ ਨੇ ਆਪਣੀ ਸੋਚ ਦਾ ਸੰਕੇਤ ਦੇ ਦਿੱਤਾ ਹੋਵੇ। ਇਸ ਤਰ੍ਹਾਂ ਦੀ ਉਡੀਕ ਦੇ ਫਲਸਰੂਪ ਮਾਫ਼ੀ ਵਿਚ ਉਹ ਸ਼ੋਭਾ Grace ਨਹੀਂ ਰਹਿ ਜਾਂਦੀ ਅਤੇ ਇਹ ਕੀਤੇ ਦੁਸ਼ਕਰਮ ਲਈ ਮੁਕੰਮਲ ਅਤੇ ਸਪਸ਼ਟ ਇਕਬਾਲ ਬਣਦਾ ਹੈ ਜੋ ਕਿ ਇਸ ਦੀ ਮਨਸ਼ਾ ਹੋਣੀ ਚਾਹੀਦੀ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3657, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਮਾਫ਼ੀ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Pardon_ਮਾਫ਼ੀ: ਕਿਸੇ ਕੀਤੇ ਅਪਰਾਧ ਲਈ ਮਿਲੀ ਸਜ਼ਾ ਭੁਗਤਣ ਤੋਂ ਰਾਜ ਦੇ ਮੁੱਖੀ ਦੁਆਰਾ ਦਿੱਤਾ ਗਿਆ ਛੁਟਕਾਰਾ।
ਭਾਰਤੀ ਸੰਵਿਧਾਨ ਦੇ ਅਨੁਛੇਦ 72 ਅਤੇ 161 ਇਹ ਇਖ਼ਤਿਆਰ ਕ੍ਰਮਵਾਰ ਰਾਸ਼ਟਰਪਤੀ ਅਤੇ ਰਾਜਪਾਲਾਂ ਨੂੰ ਦਿੱਤਾ ਗਿਆ ਹੇ। ਲੇਕਿਨ ਰਾਸ਼ਟਰਪਤੀ ਅਤੇ ਕਿਸੇ ਰਾਜਪਾਲ ਨੂੰ ਪ੍ਰਾਪਤ ਇਖ਼ਤਿਆਰ ਵਿਚ ਫ਼ਰਕ ਇਹ ਹੈ ਕਿ ਕੋਰਟ ਮਾਰਸ਼ਲ ਅਧੀਨ ਦਿੱਤੇ ਗਏ ਦੰਡ-ਹੁਕਮ ਨੂੰ ਮਾਫ਼ ਕਰਨ ਦਾ ਇਖ਼ਤਿਆਰ ਕੇਵਲ ਰਾਸ਼ਟਰਪਤੀ ਨੂੰ ਹੈ। ਮੌਤ ਦਾ ਦੰਡ-ਹੁਕਮ ਮਾਫ਼ ਕਰਨ ਦਾ ਇਖ਼ਤਿਆਰ ਵੀ ਕੇਵਲ ਰਾਸ਼ਟਰਪਤੀ ਨੂੰ ਹਾਸਲ ਹੈ।
ਰਾਸ਼ਟਰਪਤੀ ਅਤੇ ਰਾਜਪਾਲ ਦਾ ਇਹ ਇਖ਼ਤਿਆਰ ਉਨ੍ਹਾਂ ਮਾਮਲਿਆਂ ਨਾਲ ਸਬੰਧਤ ਅਪਰਾਧਾਂ ਬਾਰੇ ਹੈ ਜੋ ਕ੍ਰਮਵਾਰ ਸੰਘ ਅਤੇ ਰਾਜਾਂ ਦੀ ਕਾਰਜਪਾਲਕ ਖੇਤਰ ਦੀ ਸੀਮਾ ਅੰਦਰ ਆਉਂਦੇ ਹੋਣ ।
ਜ਼ਾਬਤਾ ਫ਼ੌਜਦਾਰੀ ਸੰਘਤਾ , 1973 ਦੀਆਂ ਧਾਰਾਵਾਂ 432, 433 ਅਧੀਨ ਰਾਜਪਾਲ ਕੁਝ ਹਾਲਾਤ ਅਧੀਨ ਮੌਤ ਦੇ ਦੰਡ ਹੁਕਮ ਨੂੰ ਮੁਅਤਲ ਕਰ ਸਕਦਾ ਹੈ, ਉਸ ਵਿਚ ਛੋਟਾਂ ਦੇ ਸਕਦਾ ਹੈ ਜਾਂ ਨਰਮਾ ਸਕਦਾ ਹੈ। ਮਾਫ਼ੀ ਨਾਲ ਅਪਰਾਧੀ ਨੂੰ ਦਿੱਤਾ ਗਿਆ ਦੰਡ-ਹੁਕਮ ਅਤੇ ਦੋਸ਼ ਸਿੱਧੀ ਦੋਹਾਂ ਦਾ ਅੰਤ ਹੋ ਜਾਂਦਾ ਹੈ ਅਤੇ ਅਪਰਾਧੀ ਉਸ ਦੇ ਫਲਸਰੂਪ ਕਿਸੇ ਸਜ਼ਾ ਜਾਂ ਨਿਰਯੋਗਤਾ ਦਾ ਸ਼ਿਕਾਰ ਨਹੀਂ ਰਹਿ ਜਾਂਦਾ।
ਮਾਫ਼ੀ ਉਨ੍ਹਾਂ ਸ਼ਾਹੀ ਅਧਿਕਾਰਾਂ ਵਿਚੋਂ ਇਕ ਹੈ ਪ੍ਰਾਚੀਨ ਕਾਲ ਤੋਂ ਜਿਨ੍ਹਾਂ ਦੇ ਪ੍ਰਭਤਾ ਵਿਚ ਨਿਹਿਤ ਹੋਣ ਨੂੰ ਮਾਨਤਾ ਦਿੱਤੀ ਜਾਂਦੀ ਹੈ। ਪ੍ਰਭਤਾਧਾਰੀ ਇਕ ਵਿਅਕਤੀ ਵੀ ਹੋ ਸਕਦਾ ਹੈ ਅਤੇ ਪ੍ਰਭਤਾ ਦਾ ਵਿਅਕਤੀਆਂ ਦੇ ਸਮੂਹ ਵਿਚ ਹੋਣਾ ਵੀ ਸੰਭਵ ਹੈ। ਮਾਫ਼ੀ ਦੇਣਾ ਪ੍ਰਭਤਾ ਦਾ ਲਛਣ ਹੈ। ਕੇ.ਐਮ.ਨਾਨਾਵਤੀ ਬਨਾਮ ਬੰਬੇ ਰਾਜ (ਏ ਆਈ ਆਰ 1961 ਐਸ ਸੀ 112) ਅਨੁਸਾਰ ਸਰਵ ਉਚ ਅਦਾਲਤ ਵਿਚ ਕੇਸ ਦੇ ਚਲਦੇ ਹੋਣ ਦੇ ਦੌਰਾਨ ਵੀ ਗਵਰਨਰ ਆਪਣੀ ਰਹਿਮ ਅਧਿਕਾਰਤਾ ਦੀ ਵਰਤੋਂ ਵਿਚ ਕਿਸੇ ਵੀ ਸਮੇਂ ਮਾਫ਼ੀ ਦੇ ਸਕਦਾ ਹੈ। ਜਦੋਂ ਇਸ ਤਰ੍ਹਾਂ ਦੀ ਮਾਫ਼ੀ ਮੁਲਜ਼ਮ ਨੂੰ ਅਦਾਲਤ ਦੁਆਰਾ ਸਿੱਧ-ਦੋਸ਼ ਕੀਤੇ ਜਾਣ ਉਪਰੰਤ ਦਿੱਤੀ ਜਾਂਦੀ ਹੈ ਤਾਂ ਉਸ ਦਾ ਅਸਰ ਇਹ ਹੁੰਦਾ ਹੈ ਕਿ ਸਿੱਧ ਦੋਸ਼ ਵਿਅਕਤੀ ਸਜ਼ਾ ਤੋਂ ਪੂਰੇ ਤੌਰ ਤੇ ਮੁਕਤ ਹੋ ਜਾਂਦਾ ਹੈ, ਅਤੇ ਫ਼ੌਜਦਾਰੀ ਅਪਰਾਧ ਵਿੱਚ ਸਿਧ-ਦੋਸ਼ ਹੋਣ ਦੇ ਆਧਾਰ ਤੇ ਉਹ ਕਿਸੇ ਗਲੋਂ ਨਾਕਾਬਲ ਨਹੀਂ ਰਹਿ ਜਾਂਦਾ। ਇਹ ਇਖ਼ਤਿਆਰ ਕਾਰਜਪਾਲਕਾ ਦੇ ਮੁੱਖੀ ਨੂੰ ਪ੍ਰਾਪਤ ਕਰਵਾਇਆ ਗਿਆ ਹੈ ਕਿਉਂ ਕਿ ਨਿਆਂ ਪਾਲਕਾ ਨੂੰ ਇਸ ਕਿਸਮ ਦੀ ਰਹਿਮ ਅਧਿਕਾਰਤਾ ਹਾਸਲ ਨਹੀਂ ਹੈ। ਲੇਕਿਨ ਜਦੋਂ ਕੇਸ ਸਰਵ ਉੱਚ ਅਦਾਲਤ ਦੇ ਵਿਚਾਰ ਅਧੀਨ ਹੋਵੇ ਉਦੋਂ ਗਵਰਨਰ ਦੰਡ-ਹੁਕਮ ਮੁਅਤਲ ਨਹੀਂ ਕਰ ਸਕਦਾ। ਲੇਕਿਨ ਗਵਰਨਰ ਦੇ ਉਸ ਹੁਕਮ ਤੇ ਨਿਆਂ ਪਾਲਕਾਂ ਨਜ਼ਰਸਾਨੀ ਕਰ ਸਕਦੀ ਹੈ।
2. ਜਦੋਂ ਕੋਈ ਮੁਲਜ਼ਮ ਉਨ੍ਹਾਂ ਕੰਮਾਂ ਦਾ ਖੁਲਕੇ ਅਤੇ ਪੂਰੇ ਤੌਰ ਤੇ ਇਕਬਾਲ ਕਰ ਲੈਂਦਾ ਹੈ ਜੋ ਉਸ ਨੇ ਅਤੇ ਉਸ ਦੇ ਸਾਥੀਆਂ ਨੇ ਕੋਈ ਅਪਰਾਧ ਕਰਦਿਆਂ ਕੀਤੇ ਹੋਣ ਤਾਂ ਉਸ ਨੂੰ ਮਾਫ਼ੀ ਦੇ ਕੇ ਵਾਅਦਾ- ਮਾਫ਼ ਗਵਾਹ ਬਣਾ ਲਿਆ ਜਾਂਦਾ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3657, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First