ਮੁਕਤੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮੁਕਤੀ [ਨਾਂਇ] ਜਨਮ-ਮਰਨ ਦੇ ਚੱਕਰ ਤੋਂ ਛੁਟਕਾਰਾ ਪਾਉਣ ਦਾ ਭਾਵ; ਛੁਟਕਾਰਾ, ਰਿਹਾਈ , ਖ਼ਲਾਸੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2946, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਮੁਕਤੀ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਮੁਕਤੀ: ਸੰਸਕ੍ਰਿਤ ਦੀ ਮੁਚੑ ਧਾਤੂ ਤੋਂ ਬਣੇ ‘ਮੁਕਤਿ’ ਸ਼ਬਦ ਦਾ ਅਰਥ ਹੈ ਛੁਟਕਾਰਾ, ਖ਼ਲਾਸੀ, ਰਿਹਾਈ। ਅਧਿ- ਆਤਮਿਕ ਦ੍ਰਿਸ਼ਟੀ ਤੋਂ ਇਸ ਤੋਂ ਭਾਵ ਹੈ ਮਾਇਆ ਦੇ ਪ੍ਰਭਾਵ ਜਾਂ ਬੰਧਨਾਂ ਤੋਂ ਖ਼ਲਾਸੀ ਜਾਂ ਦੁਖਾਂ ਕਲੇਸ਼ਾਂ ਦਾ ਅੰਤ। ਮਨੁੱਖ ਇਤਿਹਾਸ ਦੇ ਆਦਿ-ਕਾਲ ਤੋਂ ਚਾਰ ਪਦਾਰਥਾਂ—ਧਰਮ, ਅਰਥ, ਕਾਮ ਅਤੇ ਮੋਕਸ਼—ਵਿਚ ਮੋਕੑਸ਼ (ਮੁਕਤੀ) ਨੂੰ ਹੀ ਸਰਵੋਤਮ ਮੰਨਿਆ ਗਿਆ ਹੈ ਅਤੇ ਇਸ ਦੀ ਪ੍ਰਾਪਤੀ ਮਨੁੱਖ ਦਾ ਪਰਮ-ਪੁਰਸ਼ਾਰਥ ਸਮਝਿਆ ਗਿਆ ਹੈ।

ਭਾਵੇਂ ਮੁਕਤੀ ਦੇ ਸਰੂਪ ਸੰਬੰਧੀ ਵਖ ਵਖ ਦਾਰਸ਼ਨਿਕਾਂ ਵਿਚ ਕਾਫ਼ੀ ਮਤਭੇਦ ਹੈ, ਪਰ ਇਕ ਗੱਲ ’ਤੇ ਲਗਭਗ ਸਾਰੇ ਸਹਿਮਤ ਹਨ ਕਿ ਮੋਕੑਸ਼ ਜਾਂ ਮੁਕਤੀ ਉਹ ਸਥਿਤੀ ਹੈ ਜਦੋਂ ਮਨੁੱਖ ਤਿੰਨ ਪ੍ਰਕਾਰ ਦੇ ਦੁਖਾਂ—ਅਧਿਆਤਮਿਕ (ਦੈਹਿਕ), ਆਧਿਭੌਤਿਕ (ਭੌਤਿਕ), ਆਧਿਦੈਵਿਕ (ਦੈਵਿਕ)— ਤੋਂ ਛੁਟਕਾਰਾ ਪ੍ਰਾਪਤ ਕਰ ਲੈਂਦਾ ਹੈ ਜਾਂ ਸੰਸਾਰਿਕ ਪ੍ਰਪੰਚ ਤੋਂ ਖ਼ਲਾਸ ਹੋ ਜਾਂਦਾ ਹੈ। ਇਸ ਤਰ੍ਹਾਂ ਮੁਕਤੀ ਮਨੁੱਖ ਦੇ ਸੰਸਾਰਿਕ ਦੁਖਾਂ ਦਾ ਪੂਰਣ ਅਭਾਵ ਹੈ। ਆਸਤਿਕ ਦਰਸ਼ਨਾਂ ਵਾਲੇ ਇਸ ਨੂੰ ਦੁਖ ਦੇ ਖ਼ਤਮ ਹੋਣ ਉਪਰੰਤ ਪਰਮਾਤਮਾ ਵਿਚ ਲੀਨ ਹੋਣ ਦੀ ਅਵਸਥਾ ਕਹਿੰਦੇ ਹਨ। ਭਿੰਨ ਭਿੰਨ ਦਾਰਸ਼ਨਿਕਾਂ ਨੇ ਇਸ ਅਵਸਥਾ ਨੂੰ ਵਖਰੇ ਵਖਰੇ ਨਾਂ ਦਿੱਤੇ ਹਨ, ਜਿਵੇਂ ਮੋਕੑਸ਼, ਮੁਕਤੀ, ਨਿਰਵਾਣ, ਅਮਰਾਪਦ , ਤੁਰੀਆਵਸਥਾ , ਕੈਵਲੑਯ, ਅਪਵਰਗ, ਪਰਮਪਦ, ਪਰਮਗਤਿ, ਪੁਰਮ-ਸੁਖ ਆਦਿ। ਅਭਾਰਤੀ ਧਰਮਾਂ ਵਾਲਿਆਂ ਨੇ ਵੀ ਮੁਕਤੀ ਸੰਬੰਧੀ ਆਪਣੇ ਢੰਗ ਨਾਲ ਧਾਰਣਾਵਾਂ ਬਣਾਈਆਂ ਹਨ।

ਗੁਰਬਾਣੀ ਵਿਚ ਇਸ ਲਈ ਮੁਕਤਿ (ਸਾਚੈ ਸਬਦਿ ਮੁਕਤਿ ਗਤਿ ਪਾਏ), ਮੋਖ (ਮੰਨੈ ਪਾਵਹਿ ਮੋਖ ਦੁਆਰੁ), ਪਰਮਪਦ (ਹਉਮੈ ਜਾਇ ਪਰਮਪਦੁ ਪਾਈਐ), ਚੌਥਾਪਦ (ਤੀਨਿ ਸਮਾਵੈ ਚਉਥੈ ਵਾਸਾ), ਅਮਰਪਦ (ਨਿਜ ਘਰਿ ਵਾਸੁ ਅਮਰਪਦੁ ਪਾਵੈ), ਨਿਰਵਾਣਪਦ (ਸਬਦ ਜਪੈ ਘਰੁ ਪਾਈਐ ਨਿਰਵਾਣੀ ਪਦੁ ਨੀਤਿ), ਤੁਰੀਆਵਸਥਾ (ਤੁਰੀਆਵਸਥਾ ਗੁਰਮੁਖਿ ਪਾਈਐ ਸੰਤ ਸਭਾ ਕੀ ਓਟ ਗਹੀ), ਨਿਰਭਉਪਦ (ਬਾਜੇ ਬਾਝਹੁ ਸਿੰਙੀ ਵਾਜੈ ਤਉ ਨਿਰਭਉ ਪਦੁ ਪਾਈਐ), ਬੰਦਿਖਲਾਸੀ (ਬੰਦਿਖਲਾਸੀ ਭਾਣੈ ਹੋਇ), ਆਦਿ ਸ਼ਬਦ ਵਰਤੇ ਗਏ ਹਨ।

ਸ਼ੁਰੂ ਵਿਚ ਮੌਤ ਦੇ ਡਰ ਤੋਂ ਛੁਟਕਾਰਾ ਪ੍ਰਾਪਤ ਕਰਨ ਲਈ ਦੇਵਤਿਆਂ ਜਾਂ ਦੈਵੀ ਸ਼ਕਤੀਆਂ ਨੂੰ ਸਮਰਥ ਸਮਝਿਆ ਜਾਂਦਾ ਸੀ। ਦੇਵਤਿਆਂ ਨੂੰ ਪ੍ਰਸੰਨ ਕਰਨ ਲਈ ਅਨੇਕ ਤਰ੍ਹਾਂ ਦੀਆਂ ਉਪਾਸਨਾ-ਵਿਧੀਆਂ (ਕਰਮ-ਕਾਂਡ) ਪ੍ਰਚਲਿਤ ਹੋਈਆਂ। ਇਸ ਪਿਛੋਂ ਉਪਨਿਸ਼ਦਾਂ ਦਾ ਦੌਰ ਸ਼ੁਰੂ ਹੋਇਆ ਜਿਸ ਵਿਚ ਕਰਮ-ਕਾਂਡਾਂ ਦਾ ਸਥਾਨ ਗਿਆਨ ਨੇ ਲੈ ਲਿਆ। ਉਪਨਿਸ਼ਦਾਂ ਵਿਚ ਅਗਿਆਨ ਜਾਂ ਮਾਇਆ ਦੇ ਬੰਧਨ ਤੋਂ ਖ਼ਲਾਸੀ ਅਤੇ ਗਿਆਨ ਦੁਆਰਾ ਜੀਵ ਅਤੇ ਬ੍ਰਹਮ ਦੀ ਅਭੇਦਤਾ ਨੂੰ ‘ਮੁਕਤੀ’ ਕਿਹਾ ਗਿਆ ਹੈ। ਉਪਨਿਸ਼ਦਾਂ ਦੇ ਆਧਾਰ’ਤੇ ਵਿਕਸਿਤ ਹੋਏ ਅਦ੍ਵੈਤ-ਵੇਦਾਂਤ ਅਨੁਸਾਰ ਜੀਵਾਤਮਾ ਅਤੇ ਪਰਮਾਤਮਾ ਵਿਚ ਕੋਈ ਤਾਤਵਿਕ ਅੰਤਰ ਨਹੀਂ ਹੈ, ਪਰ ਭਰਮਵਸ ਦੋਹਾਂ ਦੀ ਵਖਰੀ ਵਖਰੀ ਹੋਂਦ ਸਮਝੀ ਜਾਂਦੀ ਹੈ। ਜਦੋਂ ਭਰਮ ਦਾ ਪਰਦਾ ਹਟ ਜਾਂਦਾ ਹੈ ਤਾਂ ਜੀਵਾਤਮਾ ਅਤੇ ਪਰਮਾਤਮਾ ਦੀ ਏਕਤਾ ਹੋ ਜਾਂਦੀ ਹੈ। ਇਹੀ ਮੁਕਤੀ ਹੈ। ਮੁਕਤੀ ਸੰਬੰਧੀ ਇਹੀ ਧਾਰਣਾ ਜ਼ਿਆਦਾ ਵਿਆਪਕ ਅਤੇ ਸਪੱਸ਼ਟ ਹੈ।

ਮੁਕਤੀ ਬਾਰੇ ਪੰ. ਬਲਦੇਵ ਉਪਾਧੑਯਾਯ (‘ਭਾਰਤੀਯ ਦਰਸ਼ਨ’) ਦਾ ਕਥਨ ਹੈ ਕਿ ਜੀਵ ਤਾਂ ਸੁਭਾ ਤੋਂ ਹੀ ਮੁਕਤ ਹੈ। ਮੁਕਤੀ ਨ ਤਾਂ ਪ੍ਰਾਪਤ ਕੀਤੀ ਜਾਂਦੀ ਹੈ ਅਤੇ ਨ ਹੀ ਉਤਪੰਨ ਹੁੰਦੀ ਹੈ। ਪਰ ਜੀਵ ਭਰਮ ਵਸ ਇਸ ਨੂੰ ਬਾਹਰ ਲਭਦਾ ਫਿਰਦਾ ਹੈ। ਗੁਰੂ ਦੇ ਉਪਦੇਸ਼ ਨਾਲ ਅਗਿਆਨ ਅਤੇ ਭਰਮ ਦੂਰ ਹੋ ਜਾਂਦੇ ਹਨ, ਵਿਵੇਕ ਉਤਪੰਨ ਹੁੰਦਾ ਹੈ ਅਤੇ ਉਹ ਵਿਅਕਤੀ ਸ੍ਵਾਭਾਵਿਕੀ ਮੁਕਤੀ ਨੂੰ ਪ੍ਰਾਪਤ ਕਰਕੇ ਪ੍ਰਸੰਨ ਹੁੰਦਾ ਹੈ। ਮੁਕਤ ਪੁਰਸ਼ ਆਪਣੀ ਏਕਤਾ ਸਚਿਦਾਨੰਦ ਬ੍ਰਹਮ ਨਾਲ ਸਥਾਪਿਤ ਕਰਦਾ ਹੈ। ਫਲਸਰੂਪ ਵੇਦਾਂਤ-ਮਤ ਵਿਚ ਮੁਕਤੀ ਦੀ ਦਸ਼ਾ ਬਿਲਕੁਲ ਆਨੰਦਮਈ ਹੈ।

‘ਬ੍ਰਹਮ-ਸੂਤ੍ਰ’ (4/1/19) ਅਨੁਸਾਰ ਕਰਮਾਂ ਦੇ ਵਿਨਾਸ਼ ਦੇ ਸਿੱਟੇ ਵਜੋਂ ਅਦ੍ਵੈਤ-ਅਵਸਥਾ ਦਾ ਪੈਦਾ ਹੋਣਾ ਹੀ ‘ਮੁਕਤੀ’ ਹੈ। ਅਸਲ ਵਿਚ, ਇੰਦ੍ਰੀਆਂ ਦਾ ਮਨ ਵਿਚ, ਮਨ ਦਾ ਪ੍ਰਾਣ ਵਿਚ, ਪ੍ਰਾਣ ਦਾ ਆਤਮਾ ਵਿਚ ਲੀਨ ਹੋਣਾ ਅਤੇ ਇਸ ਦੁਆਰਾ ਬ੍ਰਹਮਾਨੰਦ ਦਾ ਪ੍ਰਾਪਤ ਹੋਣਾ ਹੀ ਮੁਕਤੀ ਹੈ।

ਮੁਕਤੀ ਸੰਬੰਧੀ ਵਿਦਵਾਨਾਂ ਨੇ ਕੁਝ ਭੇਦਾਂ ਜਾਂ ਪ੍ਰਕਾਰਾਂ ਦੀ ਕਲਪਨਾ ਵੀ ਕੀਤੀ ਹੈ। ਇਸ ਸੰਬੰਧ ਵਿਚ ਦੋ ਮਾਨਤਾਵਾਂ ਜ਼ਿਆਦਾ ਪ੍ਰਚਲਿਤ ਹਨ। ਇਕ ਮਾਨਤਾ ਅਨੁਸਾਰ ਮੁਕਤੀ ਤਿੰਨ ਪ੍ਰਕਾਰ ਦੀ ਹੈ—ਜੀਵਨ-ਮੁਕਤੀ, ਵਿਦੇਹ-ਮੁਕਤੀ ਅਤੇ ਨਿੱਤ-ਮੁਕਤੀ। ਜੋ ਸ਼ਰੀਰ ਨੂੰ ਧਾਰਣ ਕਰਦੇ ਹੋਏ ਹਰਿ-ਭਗਤੀ ਜਾਂ ਆਤਮ-ਗਿਆਨ ਰਾਹੀਂ ਬੰਧਨਾਂ ਤੋਂ ਮੁਕਤ ਹੋ ਜਾਂਦੇ ਹਨ, ਉਹ ਜੀਵਨ-ਮੁਕਤ ਅਖਵਾਉਂਦੇ ਹਨ। ਜੋ ਜੀਵ ਦੇਹ ਦੇ ਨਸ਼ਟ ਹੋਣ’ਤੇ ਮੁਕਤੀ ਪ੍ਰਾਪਤ ਕਰਦੇ ਹਨ, ਉਹ ਵਿਦੇਹ-ਮੁਤ ਹਨ ਅਤੇ ਜੋ ਜੀਵ ਕਰਮਾਂ ਦੇ ਵਸ ਵਿਚ ਹੋ ਕੇ ਜਨਮ-ਮਰਣ ਦੇ ਚੱਕਰ ਵਿਚ ਨਹੀਂ ਪੈਂਦੇ ਅਤੇ ਅਵਤਾਰਾਂ ਵਾਂਗ ਆਪਣੀ ਜਾਂ ਪਰਮਾਤਮਾ ਦੀ ਇੱਛਾ ਅਨੁਸਾਰ ਵਖਰੇ ਵਖਰੇ ਲੋਕਾਂ ਵਿਚ ਵਿਚਰਦੇ ਰਹਿੰਦੇ ਹਨ, ਉਹ ਨਿੱਤ-ਮੁਕਤ ਹਨ।

ਦੂਜੀ ਮਾਨਤਾ ਅਨੁਸਾਰ ਮੁਕਤੀ ਚਾਰ ਤਰ੍ਹਾਂ ਦੀ ਹੈ—(1) ਸਾਲੋਕੑਯ ਮੁਕਤੀ (ਜਿਸ ਵਿਚ ਜੀਵ ਇਸ਼ਟਦੇਵ ਦੇ ਲੋਕ ਵਿਚ ਆਪਣੀ ਇੱਛਾ ਅਨੁਸਾਰ ਨਿਵਾਸ ਕਰਦਾ ਹੈ), (2) ਸਾਮੀਪੑਯ ਮੁਕਤੀ (ਜਿਸ ਵਿਚ ਜੀਵ ਇਸ਼ਟਦੇਵ ਦੇ ਨੇੜੇ ਰਹਿ ਕੇ ਆਨੰਦ ਮਾਣਦਾ ਹੈ), (3) ਸਾਰੂਪੑਯ ਮੁਕਤੀ (ਜਿਸ ਵਿਚ ਜੀਵ ਇਸ਼ਟ-ਦੇਵ ਵਰਗੇ ਰੂਪ ਅਤੇ ਗੁਣ ਨੂੰ ਪ੍ਰਾਪਤ ਕਰ ਲੈਂਦਾ ਹੈ), (4) ਸਾਯੁਜੑਯ ਮੁਕਤੀ (ਜਿਸ ਵਿਚ ਜੀਵ ਇਸ਼ਟ-ਦੇਵ ਦੀ ਦੇਹ ਵਿਚ ਸਮਾ ਜਾਂਦਾ ਹੈ।)।

            ਮੱਧ-ਯੁਗ ਦੇ ਕਈ ਵੈਸ਼ਣਵ ਆਚਾਰਯਾਂ ਨੇ ਮੁਕਤੀ ਦੇ ਹੋਰ ਵੀ ਕਈ ਭੇਦ ਦਸੇ ਹਨ। ਸੰਤਾਂ ਨੇ ਵੀ ਮੁਕਤੀ ਦੀ ਗੱਲ ਕੀਤੀ ਹੈ, ਪਰ ਕਿਸੇ ਪ੍ਰਕਾਰ ਦੀ ਪਰੰਪਰਾਗਤ ਮੁਕਤੀ ਨੂੰ ਉਨ੍ਹਾਂ ਨੇ ਕੋਈ ਮਹੱਤਵ ਨਹੀਂ ਦਿੱਤਾ, ਕਿਉਂਕਿ ਉਨ੍ਹਾਂ ਲਈ ਬ੍ਰਹਮ-ਗਿਆਨ ਜਾਂ ਆਤਮ-ਤਦਾਤਕਾਰ ਦੀ ਅਵਸਥਾ ਹੀ ਮੁਕਤੀ ਹੈ। ਗੁਰੂ ਅਰਜਨ ਦੇਵ ਜੀ ਨੇ ਮੁਕਤੀ ਨਾਲੋਂ ਈਸ਼ਵਰੀ ਪ੍ਰੇਮ ਨੂੰ ਜ਼ਿਆਦਾ ਮਹੱਤਵ ਦਿੱਤਾ ਹੈ—ਰਾਜੁ ਚਾਹਉ ਮੁਕਤਿ ਚਾਹਉ ਮਨਿ ਪ੍ਰੀਤਿ ਚਰਨ ਕਮਲਾਰੇ ਬ੍ਰਹਮ ਮਹੇਸ ਸਿਧ ਮੁਨਿ ਇੰਦ੍ਰਾ ਮੋਹਿ ਠਾਕੁਰ ਹੀ ਦਰਸਾਰੇ (ਗੁ.ਗ੍ਰੰ.534)। ਭਗਤ ਨਾਮਦੇਵ ਨੇ ਚੌਹਾਂ ਮੁਕਤੀਆਂ ਨਾਲੋਂ ਪ੍ਰਭੂ-ਸ਼ਰਣ ਨੂੰ ਜ਼ਿਆਦਾ ਮਹੱਤਵਪੂਰਣ ਮੰਨਿਆ ਹੈ—ਚਾਰਿ ਮੁਕਤਿ ਚਾਰੈ ਸਿਧਿ ਮਿਲਿ ਕੈ ਦੂਲਹ ਪ੍ਰਭ ਦੀ ਸਰਨਿ ਪਰਿਓ ਮੁਕਤਿ ਭਇਓ ਚਉਹੂੰ ਜੁਗ ਜਾਨਿਓ ਜਸੁ ਕੀਰਤਿ ਮਾਥੈ ਛਤ੍ਰੁ ਧਰਿਓ (ਗੁ.ਗ੍ਰੰ.1105)।

ਗੁਰੂ ਗ੍ਰੰਥ ਸਾਹਿਬ ਵਿਚ ਮੁਕਤੀ-ਪ੍ਰਾਪਤੀ ਦੇ ਮੁੱਖ ਸਾਧਨ ਪ੍ਰੇਮ-ਭਗਤੀ ਅਤੇ ਨਿਮਰਤਾ (ਭਾਉ ਭਗਤਿ ਕਰਿ ਨੀਚੁ ਸਦਾਏ ਤਉ ਨਾਨਕ ਮੋਖੰਤਰੁ ਪਾਏਗੁ. ਗ੍ਰੰ.470) ਦਸ ਕੇ ਗੁਰੂ ਦੇ ਸ਼ਬਦ ਦੀ ਆਰਾਧਨਾ ਦੁਆਰਾ ਆਪਣੇਪਨ ਦੀ ਭਾਵਨਾ ਜਾਂ ਹਉਮੈ ਨੂੰ ਨਸ਼ਟ ਕਰਨ ਉਤੇ ਬਲ ਦਿੱਤਾ ਗਿਆ ਹੈ—ਗੁਰ ਕੈ ਸਬਦਿ ਜੋ ਮਰਿ ਜੀਵੈ ਸੋ ਪਾਏ ਮੋਖ ਦੁਆਰੁ (ਗੁ.ਗ੍ਰੰ.941-42)। ਸਚ ਤਾਂ ਇਹ ਹੈ ਕਿ ਆਪਣੇ ਆਪ ਨੂੰ ਪਛਾਣਨਾ ਹੀ ‘ਮੁਕਤੀ’ ਹੈ। ਅਸਲ ਵਿਚ, ਜੀਵਾਤਮਾ ਮਾਇਆ ਦੇ ਪ੍ਰਭਾਵ ਵਸ ਆਪਣੀ ਸੁਤੰਤਰ ਹੋਂਦ ਸਮਝਣ ਲਗ ਜਾਂਦੀ ਹੈ, ਇਸ ਲਈ ਉਹ ਖੁਆਰ ਹੁੰਦੀ ਹੈ। ਪਰ ਜਦੋਂ ਉਹ ਮਾਇਆ ਦੇ ਪ੍ਰਭਾਵ ਜਾਂ ਅਵਿਦਿਆ ਨੂੰ ਗੁਰੂ-ਸ਼ਬਦ ਰਾਹੀਂ ਨਸ਼ਟ ਕਰ ਦਿੰਦੀ ਹੈ ਤਾਂ ਅੰਦਰ ਵਸਦੇ ਪਰਮਾਤਮਾ ਦੇ ਦਰਸ਼ਨ ਹੋਣ ਨਾਲ ਅਦ੍ਵੈਤਾਵਸਥਾ ਦੀ ਪ੍ਰਾਪਤੀ ਹੋ ਜਾਂਦੀ ਹੈ। ਅਦ੍ਵੈਤਾਵਸਥਾ ਹੀ ‘ਮੁਕਤੀ’ ਹੈ। ਇਸ ਤਰ੍ਹਾਂ ਇਹ ਪ੍ਰਾਪਤੀ ਦੀ ਹੀ ਪੁਨਰ ਪ੍ਰਾਪਤੀ ਹੈ, ਕਿਸੇ ਪ੍ਰਕਾਰ ਦੀ ਬਾਹਰੋਂ ਅਰਜਿਤ ਕੋਈ ਵਸਤੂ ਨਹੀਂ,ਪਹਿਲਾਂ ਮੌਜੂਦ ਵਸਤੂ ਦਾ ਹੀ ਅਹਿਸਾਸ ਹੈ।

ਮੁਕਤੀ ਪ੍ਰਾਪਤ ਕਰਨ ਵਾਲੇ ਵਿਅਕਤੀ ਨੂੰ ‘ਮੁਕਤ’ ਕਿਹਾ ਜਾਂਦਾ ਹੈ। ਗੁਰਮਤਿ ਅਨੁਸਾਰੀ ਮੁਕਤ ਵਿਅਕਤੀ ਦਾ ਸਭ ਤੋਂ ਵੱਡਾ ਕਰਤੱਵ ਹੈ ਕਿ ਆਪ ਹੀ ‘ਮੁਕਤੀ’ ਪ੍ਰਾਪਤ ਨਹੀਂ ਕਰਦਾ, ਸਗੋਂ ਸਾਰੇ ਸੰਸਾਰ ਨੂੰ, ਸਾਰੇ ਮਾਨਵ-ਸਮਾਜ ਨੂੰ, ਉਸ ਦੇ ਸੰਪਰਕ ਵਿਚ ਆਉਣ ਵਾਲੇ ਜਿਗਿਆਸੂਆਂ ਨੂੰ ਵੀ ਮੁਕਤ ਕਰਦਾ ਹੈ—ਆਪਿ ਮੁਕਤੁ ਮੁਕਤੁ ਕਰੈ ਸੰਸਾਰੁ ਨਾਨਕ ਤਿਸੁ ਜਨ ਕਉ ਸਦਾ ਨਮਸਕਾਰੁ (ਗੁ.ਗ੍ਰੰ.295)। ‘ਮੁਕਤ’ ਵਿਅਕਤੀ ਦਾ ਪ੍ਰਕਾਰਜ ਕੇਤੀ ਛੁਟੀ ਨਾਲਿ ਵਾਲਾ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2747, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਮੁਕਤੀ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਮੁਕਤੀ : ਸੰਸਕ੍ਰਿਤ ਧਾਤੂ ਮੁਚੑ ਤੋਂ ਨਿਕਲੇ ਸ਼ਬਦ ਮੁਕਤੀ ਦਾ ਸ਼ਾਬਦਿਕ ਅਰਥ ਹੈ ਛੁਟਕਾਰਾ, ਨਜਾਤ, ਰਿਹਾਈ ਜਾਂ ਬੰਧਨਹੀਣਤਾ। ਧਾਰਮਿਕ ਸ਼ਬਦਾਵਲੀ ਵਿਚ ਹਰ ਪ੍ਰਕਾਰ ਦੇ ਦੁੱਖਾਂ ਜਾਂ ਕਸ਼ਟਾਂ ਤੋਂ ਸਦਾ ਲਈ ਛੁਟਕਾਰਾ ਪਾਉਣਾ ਮੁਕਤੀ ਹੈ। ਭਾਰਤ ਦੇ ਧਾਰਮਿਕ ਅਤੇ ਦਾਰਸ਼ਨਿਕ ਗ੍ਰੰਥਾਂ ਵਿਚ ਇਸ ਦੀ ਆਮ ਚਰਚਾ ਹੈ। ਹਰ ਧਰਮ ਜਾਂ ਧਾਰਮਿਕ ਫ਼ਿਰਕੇ ਨੇ ਇਸ ਨੂੰ ਕਿਸੇ ਨਾ ਕਿਸੇ ਰੂਪ ਵਿਚ ਪ੍ਰਵਾਨ ਕੀਤਾ ਹੈ, ਜਿਵੇਂ :

          (1)     ਨੑਯਾਯ ਸ਼ਾਸਤ੍ਰ ਅਨੁਸਾਰ ਛੇ ਇੰਦ੍ਰੀਆਂ, ਇਨ੍ਹਾਂ ਦੇ ਛੇ ਵਿਸ਼ਿਆਂ ਤੇ ਛੇ ਗਿਆਨਾਂ ਤੋਂ ਇਲਾਵਾ ਸੁੱਖ ਦੁੱਖ ਤੇ ਮਨ ਇਨ੍ਹਾਂ ਇੱਕੀਆਂ ਦੁੱਖਾਂ ਦਾ ਜੋ ਨਾਸ਼ ਹੁੰਦਾ ਹੈ, ਉਹ ਮੁਕਤੀ ਹੈ।

          (2)     ਵੈਸ਼ੇਸ਼ਿਕ ਮੱਤ ਅਨੁਸਾਰ ਵਿਚਾਰ ਤੇ ਅਭਿਆਸ ਦੁਆਰਾ ਜੀਵ ਆਤਮਾ ਦਾ ਨੌ ਗੁਣਾਂ (ਗਿਆਨ,  ਸੁੱਖ, ਦੁੱਖ, ਇੱਛਾ, ਦ੍ਵੈਸ਼, ਪ੍ਰਯਤਨ, ਧਰਮ, ਅਧਰਮ ਅਤੇ ਭਾਵਨਾ) ਤੋਂ ਅਸੰਗ ਜਾਂ ਮੁਕਤ ਹੋ ਜਾਣਾ                 ਹੀ ਮੁਕਤੀ ਹੈ।

          (3)     ਸਾਂਖਯੑ ਮੱਤ ਅਨੁਸਾਰ ਪ੍ਰਕ੍ਰਿਤੀ ਅਤੇ ਪੁਰਸ਼ ਦਾ ਭਿੰਨ ਭਿੰਨ ਗਿਆਨ ਹੋਣ ਕਾਰਣ ਅਧਿਆਤਮਕ, ਅਧਿਭੌਤਿਕ ਅਤੇ ਅਧਿਦੈਵਿਕ ਤਿੰਨ ਪ੍ਰਕਾਰ ਦੇ ਦੁੱਖਾਂ ਦਾ ਪੂਰਣ ਤੌਰ ਤੇ ਦੂਰ ਹੋ ਜਾਣਾ ਹੀ ਮੁਕਤੀ                  ਹੈ।

          (4)     ਯੋਗ ਮੱਤ ਅਨੁਸਾਰ ਪੰਜ ਕਲੇਸ਼ਾਂ (ਅਵਿੱਦਿਆਂ, ਹਉਮੈ, ਮੋਹ, ਵੈਰ ਅਤੇ ਅਭਿਨਿਵੇਸ਼) ਦਾ ਸਮਾਧੀ ਦੇ ਅਭਿਆਸ ਦੁਆਰਾ ਮਿਟ ਜਾਣਾ ਅਤੇ ਜੀਵ ਆਤਮਾ ਨੂੰ ਸਵਤੰਤਰਤਾ ਦੀ ਪ੍ਰਾਪਤੀ ਹੋਣਾ ਹੀ ਮੁਕਤੀ ਹੈ।

          (5)     ਵੇਦਾਂਤ ਮੱਤ ਅਨੁਸਾਰ ਆਤਮ ਗਿਆਨ ਦੁਆਰਾ ਅਵਿੱਦਿਆ ਉਪਾਧੀ ਦੂਰ ਕਰਕੇ ਜੀਵ ਦਾ ਬ੍ਰਹਮ ਨਾਲ ਅਭੇਦ ਹੋਣਾ ਹੀ ਮੁਕਤੀ ਹੈ।

          (6)     ਸ਼ੈਵ, ਵੈਸ਼ਣਵ ਆਦਿ ਮੱਤਾਂ ਅਨੁਸਾਰ ਆਪਣੇ ਆਪਣੇ ਇਸ਼ਟ ਦੇਵਤਾ ਦੀ ਉਪਾਸਨਾ ਜਾਂ ਧਿਆਨ ਕਰਨ ਤੋਂ ਉਪਾਸਯ ਦੇਵਤਾ ਦੇ ਲੋਕ ਵਿਚ ਜਾ ਕੇ ਆਨੰਦ ਪ੍ਰਾਪਤੀ ਕਰਨਾ ਹੀ ਮੁਕਤੀ ਹੈ।

          (7)     ਜੈਨ ਮੱਤ ਅਨੁਸਾਰ 34 ਅਹਿੰਸਾ ਆਦਿ ਕਰਮ ਕਰਨ ਤੋਂ ਕਰਮਾਂ ਦੇ ਬੰਧਨਾਂ ਦਾ ਅਭਾਵ ਹੋਣਾ ਤੇ ਜੀਵ ਦਾ ਉੱਚੇ ਲੋਕ ਵਿਚ ਸਦੀਵੀ ਨਿਵਾਸ ਹੀ ਮੁਕਤੀ ਹੈ।

          (8)     ਬੁੱਧ ਮੱਤ ਅਨੁਸਾਰ ਅੱਠ ਸ਼ੁੱਭ ਗੁਣਾਂ (ਸਦਵਿਸ਼ਵਾਸ, ਸਦਵਿਚਾਰ, ਸਦਵਾਕੑਯ, ਸਤਕਰਮ, ਸਦਜੀਵਨ, ਸਤਪ੍ਰਯਤਨ, ਸਤਚਿੰਤਨ ਤੇ ਸਦਧਿਆਨ) ਦੇ ਧਾਰਣ ਤੋਂ ਸਰਵ ਇੱਛਾ ਦਾ ਤਿਆਗ ਹੋਣ ਤੇ ਨਿਰਵਾਣ ਪਦ ਦੀ ਪ੍ਰਾਪਤੀ ਹੀ ਮੁਕਤੀ ਹੈ।

          (9)     ਇਸਲਾਮ ਅਨੁਸਾਰ ਕੁਰਾਨ ਸ਼ਰੀਫ਼ ਦੇ ਵਚਨਾਂ ’ਤੇ ਅਮਲ ਕਰਨ, ਸ਼ਰ੍ਹਾ ਦੇ ਪੱਕੇ ਪਾਬੰਦ ਰਹਿਣ ਅਤੇ ਪੈਗ਼ੰਬਰ ਹਜ਼ਰਤ ਮੁਹੰਮਦ ’ਤੇ ਨਿਸ਼ਚਾ ਰੱਖਣ ਕਾਰਣ ਹਸ਼ਰ ਦੇ ਦਿਹਾੜੇ ਰੱਬੀ ਫ਼ੈਸਲੇ ਮੁਤਾਬਕ ਬਹਿਸ਼ਤ ਦੀ ਪ੍ਰਾਪਤੀ ਕਰਨਾ ਹੀ ਮੁਕਤੀ ਜਾਂ ਨਜਾਤ ਹੈ।

          (10)   ਸੂਫ਼ੀ ਮੁਸਲਮਾਨ ਰੱਬ ਤੇ ਰੂਹ ਦੇ ਮਿਲਾਪ ਨੂੰ ਹੀ ਮੁਕਤੀ ਆਖਦੇ ਹਨ। ਇਹ ਸਿਧਾਂਤ ਵੇਦਾਂਤ ਵਰਗਾ ਹੀ ਹੈ।

          (11)    ਈਸਾਈ ਮੱਤ ਅਨੁਸਾਰ ਪ੍ਰਮਾਤਮਾ ਪੁੱਤਰ ਹਜ਼ਰਤ ਈਸਾ ਉੱਤੇ ਪੂਰਣ ਵਿਸ਼ਵਾਸ ਰੱਖ ਕੇ ਪਾਪਾਂ ਤੋਂ ਛੁਟਕਾਰਾ ਅਤੇ ਅਖੈ ਜੀਵਨ ਪ੍ਰਾਪਤ ਕਰਨਾ ਹੀ ਮੁਕਤੀ ਹੈ।

          (12)    ਸਿੱਖ ਮੱਤ ਅਨੁਸਾਰ ਗੁਰਮੁੱਖਾਂ ਦੀ ਸੰਗਤ ਦੁਆਰਾ ਨਾਮ ਦੇ ਤੱਤ ਅਤੇ ਅਭਿਆਸ ਦੇ ਪ੍ਰਕਾਰ ਨੂੰ ਜਾਣ ਕੇ ਸਿਰਜਣਹਾਰ ਨਾਲ ਲਿਵ ਜੋੜਨ, ਹਊਮੈ ਤਿਆਗ ਕੇ ਪਰਉਪਕਾਰ ਕਰਨ, ਅੰਤਕਰਣ ਨੂੰ ਅਵਿੱਦਿਆ ਅਤੇ ਭ੍ਰਮ ਜਾਲ ਤੋਂ ਅਤੇ ਸ਼ਰੀਰ ਨੂੰ ਅਪਵਿਤ੍ਰਤਾ ਤੋਂ ਪਾਕ ਰੱਖਣ, ਅਰਥਾਤ ਨਾਮਦਾਨ ਇਸਨਾਨ ਦਾ ਸੇਵਨ ਕਰਨ ਨਾਲ ਮੁਕਤੀ ਪ੍ਰਾਪਤ ਹੁੰਦੀ ਹੈ। ਇਸ ਤਰ੍ਹਾਂ ਇਹ ਜੀਂਵਦੇ ਹੋਇਆਂ ਹੀ ਪ੍ਰਾਪਤ ਹੋ ਸਕਦੀ ਹੈ। [ਸਹਾ. ਗ੍ਰੰਥ––ਮ. ਕੋ.]                                                                                                 


ਲੇਖਕ : ਡਾ. ਪ੍ਰੀਤਮ ਸੈਨੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1509, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.