ਮੈਜਿਸਟਰੇਟ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Magistrate _ਮੈਜਿਸਟਰੇਟ : ਵਾਰਟਨ ਦੀ ਲਾ ਲੈਕਸੀਕਨ 1976 ਦੁਬਾਰਾ ਛਾਪ , ਅਨੁਸਾਰ ਮੈਜਿਸਟਰੇਟ ਦਾ ਮਤਲਬ ਹੈ ( 1 ) ਉਹ ਵਿਅਕਤੀ ਜਿਸ ਨੂੰ ਕਾਨੂੰਨ ਦੀ ਤਕਮੀਲ ਕਰਨ ਦਾ ਕੰਮ  ਸਰਕਾਰੀ ਤੌਰ ਤੇ ਇਖ਼ਤਿਆਰ ਹਾਸਲ ਹੋਵੇ; ( 2 ) ਤਨਖ਼ਾਹਦਾਰ ਜਸਟਿਸ ਆਫ਼ ਪੀਸ ।

            ਪੁਲਿਸ ਐਕਟ ਦੀ ਧਾਰਾ 1 ਵਿਚ ਸ਼ਬਦ ਮੈਜਿਸਟਰੇਟ ਦੀ ਪਰਿਭਾਸ਼ਾ ਦਿੱਤੀ ਗਈ ਹੈ । ਉਸ ਅਨੁਸਾਰ ਕਿਸੇ ਪੁਲਿਸ ਜ਼ਿਲੇ ਦੇ ਅੰਦਰ ਮੈਜਿਸਟਰੇਟ ਦੇ ਸਭ ਜਾਂ ਉਨ੍ਹਾਂ ਵਿਚੋਂ ਕਿਸੇ ਇਖ਼ਤਿਆਰ ਦੀ ਵਰਤੋਂ ਕਰਨ ਵਾਲੇ ਵਿਅਕਤੀ ਨੂੰ ਮੈਜਿਸਟਰੇਟ ਕਿਹਾ ਗਿਆ ਹੈ । ਉਸ ਹੀ ਐਕਟ ਦੀਆਂ ਧਾਰਾਵਾਂ 28 ਅਤੇ 29 ਅਧੀਨ ਮੈਜਿਸਟਰੇਟ ਦਾ ਮਤਲਬ ਹੈ ਪਹਿਲੇ , ਦੂਜੇ ਜਾਂ ਤੀਜੇ ਦਰਜੇ ਦਾ ਮੈਜਿਸਟਰੇਟ ।

            ਜ਼ਾਬਤਾ ਫ਼ੌਜਦਾਰੀ ਸੰਘਤਾ 1973 ਅਨੁਸਾਰ ਮੈਜਿਸਟਰੇਟਾਂ ਨੂੰ ਨਿਆਂਇਕ ਅਤੇ ਕਾਰਜਪਾਲਕ ਮੈਜਿਸਟਰੇਟਾਂ ਦੀਆਂ ਦੋ ਸ਼੍ਰੇਣੀਆਂ ਵਿਚ ਵੰਡਿਆ ਗਿਆ ਹੈ । ਹਰੇਕ ਨਿਆਂਇਕ ਮੈਜਿਸਟਰੇਟ , ਸੈਸ਼ਨ ਜੱਜ ਦੇ ਆਮ ਕੰਟਰੋਲ ਦੇ ਤਾਬੇ , ਮੁਖ ਨਿਆਂਇਕ ਮੈਜਿਸਟਰੇਟ ਦੇ ਅਧੀਨ ਹੁੰਦਾ ਹੈ ।

            ਅਤਿਰਿਕਤ ਜ਼ਿਲ੍ਹਾ ਮੈਜਿਸਟਰੇਟ ਤੋਂ ਬਿਨਾਂ ਹੋਰ ਸਭ ਕਾਰਜਪਾਲਕ ਮੈਜਿਸਟਰੇਟ , ਜ਼ਿਲ੍ਹਾ ਮੈਜਿਸਟਰੇਟ ਦੇ ਅਧੀਨ ਹੁੰਦੇ ਹਨ । ਜਿਹੜੇ ਕਾਰਜਪਾਲਕ ਮੈਜਿਸਟਰੇਟ ਕਿਸੇ ਸਬ ਡਵੀਜ਼ਨ ਵਿਚ ਆਪਣੇ ਇਖ਼ਤਿਆਰਾਂ ਦੀ ਵਰਤੋਂ ਕਰਦੇ ਹਨ ਉਹ ਜ਼ਿਲ੍ਹਾ ਮੈਜਿਸਟਰੇਟ ਦੇ ਆਮ ਕੰਟਰੋਲ ਦੇ ਤਾਬੇ , ਸਬ ਡਵੀਜ਼ਨਲ ਮੈਜਿਸਟਰੇਟ ਦੇ ਵੀ ਅਧੀਨ ਹੁੰਦੇ ਹਨ । ਭਾਰਤੀ ਦੰਡ ਸੰਘਤਾ , 1862 ਜਾਂ ਜ਼ਾਬਤਾ ਫ਼ੌਜਦਾਰੀ ਸੰਘਤਾ , 1973 ਵਿਚ ਇਹ ਸ਼ਬਦ ਪਰਿਭਾਸ਼ਤ ਨਹੀਂ ਕੀਤਾ ਗਿਆ । ਕਾਨੂੰਨ ਦੀ ਪਾਲਣਾ ਸੁਨਿਸਚਿਤ ਕਰਨ ਦੇ ਮੰਤਵ ਨਾਲ ਸਰਕਾਰ ਵਲੋਂ ਸੱਤਾ-ਯੁਕਤ ਵਿਅਕਤੀ ਨੂੰ ਮੈਜਿਸਟਰੇਟ ਕਿਹਾ ਜਾਂਦਾ ਹੈ । ਏ. ਆਰ. ਅਨਾਤੁਲੇ ਬਨਾਮ ਆਰ. ਐਸ. ਨਾਇਕ ( ਏ ਆਈ ਆਰ 1984 ਐਸ ਸੀ 718 ) ਵਿਚ ਸਰਵ ਉੱਚ ਅਦਾਲਤ ਅਨੁਸਾਰ ਜ਼ਾਬਤਾ ਫ਼ੌਜਦਾਰੀ ਸੰਘਤਾ , 1973 ਦੀ ਧਾਰਾ 190 ਵਿਚ ਵਰਤੇ ਗਏ ਸ਼ਬਦ ਮੈਜਿਸਟਰੇਟ ਦੇ ਅਰਥ ਸਰਵ-ਗ੍ਰਾਹੀ ਹਨ ਅਤੇ ਉਸ ਵਿਚ ਦੂਜੇ ਦਰਜੇ ਦੇ ਨਿਆਂਇਕ ਮੈਜਿਸਟਰੇਟ ਸ਼ਾਮਲ ਹਨ । ਜ਼ਾਬਤਾ ਫ਼ੌਜਦਾਰੀ ਸੰਘਤਾ 1973 ਦੀਆਂ ਧਾਰਾਵਾਂ 6 ਤੋਂ 23 ਤੱਕ ਦੀਆਂ ਧਾਰਾਵਾਂ ਸੈਸ਼ਨ ਜੱਜਾਂ , ਮਹਾਂਨਗਰ ਮੈਜਿਸਟਰੇਟਾਂ , ਜ਼ਿਲ੍ਹਾ ਮੈਜਿਸਟਰੇਟਾਂ , ਸਬ ਡਵੀਜ਼ਨਲ ਮੈਜਿਸਟਰੇਟਾਂ ਦੇ ਅਹੁਦਿਆਂ ਅਤੇ ਅਦਾਲਤਾਂ ਨਾਲ ਸਬੰਧਤ ਹਨ ।

            ਜਿਥੋਂ ਤਕ ਵਖ ਵਖ ਐਕਟਾਂ ਅਧੀਨ ਇਸ ਸ਼ਬਦ ਅਰਥਾਂ ਦਾ ਤਲੱਕ ਹੈ ਉਸ ਬਾਰੇ  ਸਾਧਾਰਨ ਖੰਡ ਐਕਟ 1897 ਦੀ ਧਾਰਾ3 ( 32 ) ਵਿਚ ਇਸ ਸ਼ਬਦ ਨੂੰ ਪਰਿਭਾਸ਼ਤ ਕਰਦਿਆਂ ਕਿਹਾ ਗਿਆ ਹੈ ਕਿ ਮੈਜਿਸਟਰੇਟ ਵਿਚ ਸ਼ਾਮਲ ਹੋਵੇਗਾ , ਹਰਿਕ ਵਿਅਕਤੀ ਜੋ ਤਤਸਮੇਂ ਨਾਫ਼ਜ਼ ਫ਼ੌਜਦਾਰੀ ਜ਼ਾਬਤਾ ਸੰਘਤਾ ਅਧੀਨ ਮੈਜਿਸਟਰੇਟ ਦੇ ਸਾਰੇ ਇਖ਼ਤਿਆਰ ਜਾਂ ਉਨ੍ਹਾਂ ਵਿਚੋਂ ਕਿਸੇ ਦੀ ਵਰਤੋਂ ਕਰ ਰਿਹਾ ਹੋਵੇ । ਲੇਕਿਨ ਵਖ ਵਖ ਐਕਟਾਂ ਵਿਚ ਉਸ ਐਕਟ ਦੇ ਪ੍ਰਯੋਜਨਾਂ ਲਈ ਮੈਜਿਸਟਰੇਟ ਸ਼ਬਦ ਨੂੰ ਪਰਿਭਾਸ਼ਤ ਕੀਤਾ ਜਾ ਸਕਦਾ ਹੈ । ਮਿਸਾਲ ਲਈ ਪ੍ਰੈਸ ਅਤੇ ਰਜਿਸਟਰੇਸ਼ਨ ਆਫ਼ ਬੁਕਸ ਐਕਟ , 1867 ਅਨੁਸਾਰ ਮੈਜਿਸਟਰੇਟ ਸ਼ਬਦ ਵਿਚ ਮੈਜਿਸਟਰੇਟ ਆਫ਼ ਪੁਲਿਸ ਸ਼ਾਮਲ ਹੈ ।

            ਲਾਜ਼ ਆਫ਼ ਇੰਗਲੈਂਡ ਵਿਚ ਹਾਲਜ਼ਬਰੀ ਅਨੁਸਾਰ ਸ਼ਬਦ-ਮੈਜਿਸਟਰੇਟ ਇਕ ਆਮ ਪਦਨਾਮ ਹੈ ਜਿਸ ਵਿਚ ਉਹ ਸਭ ਵਿਅਕਤੀ ਆ ਜਾਂਦੇ ਹਨ ਜਿਨ੍ਹਾਂ ਦੇ ਜ਼ਿੰਮੇ ਵਿਸ਼ੇਸ਼ ਰੂਪ ਵਿਚ ਜਾਂ ਜਿਨ੍ਹਾਂ ਦੀ ਨਿਯੁਕਤੀ ਦੇ ਆਧਾਰ ਤੇ ਅਮਨ ਚੈਨ ਕਾਇਮ ਰਖਣਾ ਹੁੰਦਾ ਹੈ ਅਤੇ ਉਸ ਦੇ ਖ਼ਿਲਾਫ਼ ਕੀਤੇ ਗਏ ਅਪਰਾਧਾਂ ਦੀ ਸੁਣਵਾਈ ਕਰਨਾ ਅਤੇ ਉਨ੍ਹਾਂ ਦਾ ਮੁਕਾਉ ਕਰਨਾ ਹੁੰਦਾ ਹੈ ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 798, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.