ਮੋਹਨ ਸਿੰਘ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਮੋਹਨ ਸਿੰਘ ( 1905– 1978 ) : ਪੰਜਾਬੀ ਦੇ ਇਸ ਪ੍ਰਤਿਭਾਸ਼ੀਲ ਆਧੁਨਿਕ ਕਵੀ ਦਾ ਜਨਮ 20 ਅਕਤੂਬਰ 1905 ਵਿੱਚ ਜੋਧ ਸਿੰਘ ਦੇ ਘਰ ਪੋਠੋਹਾਰੀ ਪਿੰਡ ਧਮਿਆਲ , ਜ਼ਿਲ੍ਹਾ ਰਾਵਲਪਿੰਡੀ ( ਪਾਕਿਸਤਾਨ ) ਵਿਖੇ ਹੋਇਆ । 1915 ਵਿੱਚ ਪਿੰਡ ਧਮਿਆਲ ਤੋਂ ਪ੍ਰਾਇਮਰੀ ਸਿੱਖਿਆ ਹਾਸਲ ਕਰਨ ਉਪਰੰਤ 1920 ਵਿੱਚ ਰਾਵਲਪਿੰਡੀ ਤੋਂ ਦਸਵੀਂ ਦੀ ਪਰੀਖਿਆ ਪਾਸ ਕੀਤੀ । ਪੋਠੋਹਾਰ ਦੀ ਸੁਹਾਵਣੀ ਪ੍ਰਕਿਰਤਿਕ ਸੁੰਦਰਤਾ ਤੇ ਲੋਕਾਂ ਦੇ ਖੁੱਲ੍ਹੇ ਸੁਭਾਅ ਨੇ ਬਚਪਨ ਵਿੱਚ ਹੀ ਉਸ ਦੀ ਕਵੀ ਬਿਰਤੀ ਨੂੰ ਜਗਾਇਆ । 1921 ਵਿੱਚ ਉਸ ਦੀ ਪਹਿਲੀ ਪਤਨੀ ਬਸੰਤ ਦੀ ਮੌਤ ਨੇ ਇਸ ਦੇ ਕਵੀ ਮਨ ਤੇ ਡੂੰਘਾ ਅਸਰ ਕੀਤਾ , ਜਿਸ ਲਈ ਕਵੀ ਦੇ ਆਪਣੇ ਬੋਲ ਹਨ ‘ ਮੋਹਨ ਕਿੰਜ ਬਣਦਾ ਤੂੰ ਸ਼ਾਇਰ ਜੇ ਕਰ ਮੈਂ ਨਾ ਮਰਦੀ । ’ 1933 ਵਿੱਚ ਫ਼ਾਰਸੀ ਦੀ ਐਮ.ਏ. ਪਾਸ ਕਰ ਕੇ ਉਹ ਖਾਲਸਾ ਕਾਲਜ , ਅੰਮ੍ਰਿਤਸਰ ਵਿੱਚ ਫ਼ਾਰਸੀ ਦਾ ਪ੍ਰੋਫ਼ੈਸਰ ਲੱਗ ਗਿਆ । ਸ਼ਿਮਲੇ ਦੀ ਪੰਜਾਬੀ ਕਾਨਫਰੰਸ ਸਮੇਂ ਕਵੀ ਦਰਬਾਰ ਵਿੱਚ ਉਸ ਦੀਆਂ ਲਿਖੀਆਂ ਕਵਿਤਾਵਾਂ ਪਹਿਲੇ ਨੰਬਰ ਤੇ ਰਹੀਆਂ , ਜਿਸ ਨਾਲ ਉਸ ਦੀ ਪ੍ਰਸਿੱਧੀ ਚਾਰੇ ਪਾਸੇ ਫੈਲ ਗਈ । 1937 ਵਿੱਚ ਕਾਵਿ-ਸੰਗ੍ਰਹਿ ਸਾਵੇਂ ਪੱਤਰ ਛਪਣ ਨਾਲ ਉਹ ਆਧੁਨਿਕ ਪੰਜਾਬੀ ਕਵੀਆਂ ਦੀ ਪਹਿਲੀ ਕਤਾਰ ਵਿੱਚ ਆ ਖੜੋਤਾ ।

        ਖਾਲਸਾ ਕਾਲਜ ਦੀ ਨੌਕਰੀ ਛੱਡ ਕੇ ਉਸ ਨੇ ਲਾਹੌਰ ਤੋਂ ਪੰਜ ਦਰਿਆ ਨਾਂ ਦਾ ਸਾਹਿਤਿਕ ਪੱਤਰ ਸ਼ੁਰੂ ਕੀਤਾ , ਜਿਸ ਦੀ ਕਾਫ਼ੀ ਲੰਮੇ ਸਮੇਂ ਤੱਕ ਸੰਪਾਦਨਾ ਕੀਤੀ । 1950-51 ਵਿੱਚ ਉਸ ਨੇ ਲਾਇਲਪੁਰ ਖਾਲਸਾ ਕਾਲਜ , ਜਲੰਧਰ , 1968 ਤੋਂ 1970 ਤੱਕ ਖਾਲਸਾ ਕਾਲਜ , ਪਟਿਆਲਾ ਵਿਖੇ ਪੜਾਇਆ । 1965 ਵਿੱਚ ਮੋਹਨ    ਸਿੰਘ ਮਹਿਕਮਾ ਪੰਜਾਬੀ ( ਹੁਣ ਭਾਸ਼ਾ ਵਿਭਾਗ ) ਵੱਲੋਂ ਸਨਮਾਨਿਤ ਕੀਤਾ ਗਿਆ ।

        ਆਧੁਨਿਕ ਪੰਜਾਬੀ ਕਵੀਆਂ ਦੀ ਦੂਜੀ ਪੀੜ੍ਹੀ ਦਾ ਇਹ ਸਰਬੋਤਮ ਕਵੀ ਸੀ । ਇਸ ਦੀਆਂ ਰਚਨਾਵਾਂ ਦਾ ਵੇਰਵਾ ਇਸ ਪ੍ਰਕਾਰ ਹੈ :

        ਸਾਵੇਂ ਪੱਤਰ , ਕਸੁੰਭੜਾ , ਅਧਵਾਟੇ , ਕਚ ਸਚ , ਆਵਾਜ਼ਾਂ , ਵੱਡਾ ਵੇਲਾ , ਜੰਦਰੇ , ਜੈਮੀਰ ਤੇ ਨਾਨਕਾਇਣ ( ਮਹਾਂਕਾਵਿ ) , ਬੂਹੇ , ਤਿੰਨ ਪੜਾ , ਪੰਜ ਪਾਣੀ ਮੋਹਨ ਸਿੰਘ ਦੇ ਪ੍ਰਸਿੱਧ ਕਾਵਿ-ਸੰਗ੍ਰਹਿ ਅਤੇ ਨਿੱਕੀ ਨਿੱਕੀ ਵਾਸਨਾ ਉਸ ਦਾ ਕਹਾਣੀ-ਸੰਗ੍ਰਹਿ ਹੈ । ਏਸ਼ੀਆ ਦਾ ਚਾਨਣ ( ਮਹਾਂਕਾਵਿ ) , ਰਾਜਾ ਈਡੀਪਸ , ਗੋਦਾਨ ਤੇ ਨਿਰਮਲਾ ਆਦਿ ਮੋਹਨ ਸਿੰਘ ਵੱਲੋਂ ਅਨੁਵਾਦਿਤ ਕੀਤੀਆਂ ਪੁਸਤਕਾਂ ਹਨ ।

        ਪੰਜਾਬੀ ਸਾਹਿਤ ਖੇਤਰ ਵਿੱਚ ਮੋਹਨ ਸਿੰਘ ਦੇ ਸਾਹਿਤਿਕ ਸਫ਼ਰ ਦਾ ਪ੍ਰਵੇਸ਼ 1937 ਵਿੱਚ ਕਾਵਿ-ਸੰਗ੍ਰਹਿ ਸਾਵੇਂ ਪੱਤਰ ਨਾਲ ਹੁੰਦਾ ਹੈ । ਇਸ ਕਾਵਿ-ਸੰਗ੍ਰਹਿ ਵਿੱਚ ‘ ਰੱਬ` , ‘ ਨੂਰ ਜਹਾਨ` , ‘ ਬਸੰਤ` , ‘ ਅਨਾਰਕਲੀ` , ‘ ਦੇਸ਼ ਪਿਆਰ` , ‘ ਇੱਕ ਥੇਹ` ਅਤੇ ‘ ਅੰਬੀ ਦਾ ਬੂਟਾ` ਚਰਚਿਤ ਕਵਿਤਾਵਾਂ ਸ਼ਾਮਲ ਹਨ । ‘ ਸੁਹਾਂ ਦੀ ਕੰਧੀ` , ‘ ਮੈਂ ਨਹੀਂ ਰਹਿਣਾ ਤੇਰੇ ਗਿਰਾਂ` ਕਵਿਤਾਵਾਂ ਪਿਆਰ ਤੇ ਰੁਮਾਂਚਿਕ ਜੀਵਨ ਅਨੁਭਵ ਨੂੰ ਰਵਾਨੀ ਤੇ ਜਜ਼ਬੇ ਦੀ ਤੀਬਰਤਾ ਦੀ ਸ਼ੋਖ਼ ਰੰਗਣ ਵਿੱਚ ਰੰਗ ਕੇ ਪੇਸ਼ ਕਰਨ ਵਾਲੀਆਂ ਕਵਿਤਾਵਾਂ ਹਨ । ਇਸ ਸੰਗ੍ਰਹਿ ਵਿੱਚ ਰੂਪ ਦੀ ਨਵੀਨਤਾ , ਬੋਲੀ ਦੀ ਮਿਠਾਸ ਤੇ ਸ਼ਬਦਾਂ ਦੀ ਜਾਦੂਗਰੀ ਕਾਰਨ ਪੰਜਾਬੀ ਰੁਮਾਂਚਿਕ ਕਵਿਤਾ ਆਪਣੇ ਸਿਖਰ ਤੇ ਪੁੱਜਦੀ ਹੈ । ਇਹ ਕਵੀ ਦੇ ਕਾਵਿ ਸਫ਼ਰ ਦਾ ਪਹਿਲਾ ਪੜਾਅ ਹੈ , ਜੋ ਪਰੰਪਰਾਗਤ ਹੋ ਕੇ ਵੀ ਪਰੰਪਰਾ ਤੋਂ ਮੁਕਤ ਹੈ ਅਤੇ ਆਪਣੀ ਇੱਕ ਨਵੀਂ ਪਰੰਪਰਾ ਸਥਾਪਿਤ ਕਰਨ ਦਾ ਸੂਚਕ ਹੈ । 1936-1943 ਤੱਕ ਦੇ ਸਮੇਂ ਨੂੰ ਮੋਹਨ ਸਿੰਘ ਦੇ ਕਾਵਿ ਸਫ਼ਰ ਦਾ ਦੂਜਾ ਪੜਾਅ ਕਿਹਾ ਜਾ ਸਕਦਾ ਹੈ । ਕਸੁੰਭੜਾ ਕਾਵਿ-ਸੰਗ੍ਰਹਿ ਵਿਚਲੀਆਂ ਕਵਿਤਾਵਾਂ ਨਿਜ ਪਿਆਰ ਦੇ ਰੁਦਨ ਨੂੰ ਛੱਡ ਕੇ ਭਾਈਚਾਰਿਕ ਦੁੱਖ-ਸੁੱਖ ਦੀਆਂ ਭਾਈਵਾਲ ਭਾਵਨਾ ਨਾਲ ਸੰਬੰਧਿਤ ਕਵਿਤਾਵਾਂ ਹਨ । ਮੋਹਨ ਸਿੰਘ ਦੀ ਲਿਖੀ ਬਹੁਤ ਹੀ ਵਧੀਆ ਕਵਿਤਾ ‘ ਤਾਜ ਮਹਲ ਕਵੀ` ਦੀ ਨਿਜ ਪੀੜਾ ਨੂੰ ਗ਼ਰੀਬਾਂ ਮਜ਼ਲੂਮਾਂ ਦੀ ਪੀੜਾ ਨਾਲ ਜੁੜਨ ਦੀ ਸੂਚਕ ਸਫਲ ਕਵਿਤਾ ਕਹੀ ਜਾ ਸਕਦੀ ਹੈ । ਉਸ ਨੇ ਸ਼ਹਿਨਸ਼ਾਹੀ ਕਲਾ ਦੇ ਸਾਮ੍ਹਣੇ ਇਹ ਸਵਾਲ ਰੱਖਿਆ :

                                    ਕੀ ਉਹ ਹੁਸਨ ਹੁਸਨ ਹੈ ਸਚਮੁਚ ਯਾ ਉਂਜੇ ਹੀ ਛਲਦਾ । ਲੱਖ ਗ਼ਰੀਬਾਂ ਮਜ਼ਦੂਰਾਂ ਦੇ , ਹੰਝੂਆਂ ਤੇ ਜੋ ਪਲਦਾ ।

        ਕੱਚ ਸੱਚ ਕਾਵਿ-ਸੰਗ੍ਰਹਿ ਨਾਲ ਇਸਦੀ ਕਵਿਤਾ ਤੀਜੇ ਪੜਾਅ ਵਿੱਚ ਪ੍ਰਵੇਸ਼ ਕਰਦੀ ਹੈ । ਇਸ ਕਾਵਿ-ਸੰਗ੍ਰਹਿ ਵਿਚਲੀਆਂ ਕਵਿਤਾਵਾਂ ਦਾ ਵਿਸ਼ਾ ਜੀਵਨ ਦੀਆਂ ਸਰਬ-ਵਿਆਪੀ ਸਮੱਸਿਆਵਾਂ ਦਾ ਹੱਲ ਲੱਭਣਾ ਹੈ । ਕਵੀ ਇਹਨਾਂ ਸਮੱਸਿਆਵਾਂ ਦਾ ਹੱਲ ਕਿਰਤੀਆਂ ਦੇ ਇਕੱਠੇ ਹੋ ਜਾਣ ਤੇ ਸੰਘਰਸ਼ ਕਰਨ ਵਿੱਚ ਲੱਭਦਾ ਹੈ । ਇਹ ਸੰਗ੍ਰਹਿ ਚੀਨ ਦੇ 1949 ਦੇ ਇਨਕਲਾਬ ਤੋਂ ਪਿੱਛੋਂ ਸਾਮ੍ਹਣੇ ਆਇਆ । ਆਵਾਜ਼ਾਂ ਕਾਵਿ-ਸੰਗ੍ਰਹਿ ਵਿੱਚ ਕਵੀ ਪੂਰਨ ਰੂਪ ਵਿੱਚ ਸਮਾਜਵਾਦੀ ਵਿਚਾਰਾਂ ਦਾ ਹੋਕਾ ਦਿੰਦਾ ਹੈ । ਇਹ ਸੰਗ੍ਰਹਿ ਅਮਨ ਲਹਿਰ ਸਮੇਂ ਸਾਮ੍ਹਣੇ ਆਇਆ ।

        ਕਵੀ ਆਪਣੇ ਕਾਵਿ-ਸਫ਼ਰ ਬਾਰੇ ਪੂਰਨ ਰੂਪ ਵਿੱਚ ਚੇਤੰਨ ਹੈ । ਉਸ ਨੇ ਹਰ ਕਾਵਿ-ਸੰਗ੍ਰਹਿ ਦਾ ਨਾਮਕਰਨ ਆਪਣੇ ਕਾਵਿ ਅਨੁਭਵ ਤੇ ਕਾਵਿ ਪ੍ਰਗਤੀ ਨਾਲ ਜੋੜ ਕੇ ਕੀਤਾ ਹੈ । ਕੱਚ-ਸੱਚ ਕਾਵਿ-ਸੰਗ੍ਰਹਿ ਵਿੱਚ ਜੋ ਕਵਿਤਾਵਾਂ ਨਿਜ ਪਿਆਰ ਦੀ ਵਿਸਾਦ ਭਾਵਨਾ ਨਾਲ ਸੰਬੰਧਿਤ ਹਨ , ਉਹਨਾਂ ਨੂੰ ਉਹ ਕੱਚ ਦਾ ਨਾਮ ਦਿੰਦਾ ਹੈ । ‘ ਸੱਚ’ ਉਸ ਲਈ ਲੋਕ ਪੀੜਾ ਨਾਲ ਵਿਗੁੱਤੇ ਅਨੁਭਵ ਨੂੰ ਪੇਸ਼ ਕਰਦੀਆਂ ਕਵਿਤਾਵਾਂ ਹਨ । ਇਸੇ ਤਰ੍ਹਾਂ ਇਸ ਸੱਚ ਦੀ ਪ੍ਰਾਪਤੀ ਲਈ ਕਿਰਤੀਆਂ , ਕੰਮੀਆਂ , ਕਿਰਸਾਣਾਂ ਤੇ ਮਿਹਨਤਕਸ਼ਾਂ ਨੂੰ ਇਕੱਠੇ ਹੋ ਜਾਣ ਤੇ ਸੰਘਰਸ਼ ਕਰਨ ਦੀ ਭਾਵਨਾ ਨੂੰ ਪੇਸ਼ ਕਰਦੀਆਂ ਆਵਾਜ਼ਾਂ ਕਾਵਿ-ਸੰਗ੍ਰਹਿ ਦੀਆਂ ਕਵਿਤਾਵਾਂ ਲਿਖੀਆਂ । ਵੱਡਾ ਵੇਲਾ ਲਈ ਉਸ ਨੂੰ ਭਾਰਤੀ ਸਾਹਿਤ ਅਕਾਦਮੀ ਦਾ ਪੁਰਸਕਾਰ ਪ੍ਰਾਪਤ ਹੋਇਆ ।

        ਸਮੁੱਚੇ ਰੂਪ ਵਿੱਚ ਕਵੀ ਦੀ ਸਮੁੱਚੀ ਕਵਿਤਾ ਵਿਸ਼ੇ ਪੱਖੋਂ ਪੱਛਮੀ ਕਵਿਤਾ ਅਤੇ ਬਿਆਨ ਪੱਖੋਂ ਫ਼ਾਰਸੀ ਕਾਵਿ ਪਰੰਪਰਾ ਤੋਂ ਪ੍ਰਭਾਵਿਤ ਹੈ । ਫ਼ਾਰਸੀ ਭਾਸ਼ਾ ਦੇ ਅਧਿਐਨ ਨੇ ਕਵੀ ਦੀ ਕਵਿਤਾ ਵਿੱਚ ਪੁਖਤਗੀ , ਸੂਖਮਤਾ , ਰਾਗਾਤ- ਮਿਕਤਾ , ਸੋਜ਼ ਤੇ ਗਹਿਰੀ ਦਰਦ ਰੰਗਤ ਲਿਆਂਦੀ । ਅੰਗਰੇਜ਼ੀ ਭਾਸ਼ਾ ਤੇ ਸਾਹਿਤ ਦੀ ਜਾਣਕਾਰੀ ਨੇ ਉਸ ਨੂੰ ਪੱਛਮੀ ਰੁਮਾਂਚਿਕ ਸਰੋਦੀ ਕਵੀਆਂ ਦੀ ਚੇਤਨਾ ਦਿੱਤੀ । ਆਧੁਨਿਕ ਪੰਜਾਬੀ ਕਵਿਤਾ ਦੇ ਖੇਤਰ ਵਿੱਚ ਮੋਹਨ ਸਿੰਘ ਦੀ ਪ੍ਰਾਪਤੀ ਇੱਕ ਯੁੱਗ ਕਵੀ ਤੋਂ ਘੱਟ ਨਹੀਂ ਹੈ । 3 ਮਈ 1978 ਵਿੱਚ ਆਪਣੇ ਯੁੱਗ ਦੇ ਇਸ ਸਿਰਮੌਰ ਕਵੀ ਦੀ ਮੌਤ ਹੋ ਗਈ । ਲੁਧਿਆਣੇ ਵਿੱਚ ਉਸ ਦੀ ਯਾਦ ਵਿੱਚ ਮੋਹਨ ਸਿੰਘ ਮੇਲਾ ਆਯੋਜਿਤ ਕੀਤਾ ਜਾਂਦਾ ਹੈ ।


ਲੇਖਕ : ਵੀਰਪਾਲ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 10929, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.