ਮ੍ਰਿਤੂ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਮ੍ਰਿਤੂ : ਮਨੁੱਖ ਲਈ ਸਭ ਤੋਂ ਅਧਿਕ ਭੈ-ਦਾਇਕ ਤੱਤ੍ਵ ਮ੍ਰਿਤੂ ਨੂੰ ਮੰਨਿਆ ਗਿਆ ਹੈ । ਵੈਦਿਕ ਕਾਲ ਤੋਂ ਹੀ ਮ੍ਰਿਤੂ ਨੂੰ ਭੈ-ਦਾਇਕ ਦਸਿਆ ਗਿਆ ਹੈ । ਇਸ ਨੂੰ ਇਕ ਸੌ ਇਕ ਪ੍ਰਕਾਰ ਦਾ ਮੰਨਿਆ ਗਿਆ ਹੈ । ਇਨ੍ਹਾਂ ਵਿਚੋਂ ਬਿਰਧ ਅਵਸਥਾ ਵਿਚ ਹੋਈ ਸੁਭਾਵਿਕ ਮ੍ਰਿਤੂ ਤੋਂ ਇਲਾਵਾ ਇਕ ਸੌ ਤਰ੍ਹਾਂ ਦੀ ਹੋਰ ਵੀ ਮ੍ਰਿਤੂ ਹੈ । ਸੁਭਾਵਿਕ ਮ੍ਰਿਤੂ ਨੂੰ ‘ ਕਾਲ’ ਦਾ ਨਾਂ ਦਿੱਤਾ ਜਾਂਦਾ ਹੈ । ਪਰ ਸੁਭਾਵਿਕ ਮ੍ਰਿਤੂ ਤੋਂ ਭਿੰਨ ਰੋਗਾਂ ਜਾਂ ਅਕਸਮਾਤ ਘਟਨਾਵਾਂ ਕਰਕੇ ਹੋਣ ਵਾਲੀਆਂ ਮ੍ਰਿਤੂਆਂ ਦੀ ਗਿਣਤੀ ਬਾਕੀ ਸੌ ਵਿਚ ਹੁੰਦੀ ਹੈ ।

ਭਾਰਤੀ ਸੰਸਕ੍ਰਿਤੀ ਵਿਚ ਮ੍ਰਿਤੂ ਅਤੇ ਮ੍ਰਿਤੂ- ਉਪਰੰਤ ਸਥਿਤੀ ਦਾ ਕਾਫ਼ੀ ਵਰਣਨ-ਵਿਸ਼ਲੇਸ਼ਣ ਹੋਇਆ ਹੈ । ‘ ਭਗਵਦ-ਗੀਤਾ’ ( 2/20 , 22 ) ਵਿਚ ਦਸਿਆ ਗਿਆ ਹੈ ਕਿ ਆਤਮਾ ਅਮਰ ਹੈ , ਸ਼ਰੀਰ ਦੇ ਨਾਸ਼ ਹੋਣ’ ਤੇ ਵੀ ਉਹ ਨਸ਼ਟ ਨਹੀਂ ਹੁੰਦੀ । ਬਸਤ੍ਰ ਬਦਲਣ ਵਾਂਗ ਜੀਵਾਤਮਾ ਪੁਰਾਣੇ ਸ਼ਰੀਰਾਂ ਨੂੰ ਤਿਆਗ ਕੇ ਨਵੇਂ ਸ਼ਰੀਰਾਂ ਨੂੰ ਪ੍ਰਾਪਤ ਕਰਦੀ ਹੈ । ‘ ਬ੍ਰਿਹਦਾਰਣੑਯ-ਉਪਨਿਸ਼ਦ’ ( 4/4/2 ) ਦੂਜੇ ਜਨਮ ਦੇ ਸਰੂਪ ਦਾ ਨਿਰਣਾ ‘ ਵਾਸਨਾ’ ਜਾਂ ‘ ਲਿੰਗ ਸ਼ਰੀਰ’ ਉਤੇ ਆਧਾਰਿਤ ਮੰਨਦੀ ਹੈ । ਡਾ. ਉਮੇਸ਼ ਮਿਸ਼ਰ ( ‘ ਭਾਰਤੀਯ ਦਰਸ਼ਨ’ ) ਦੇ ਕਥਨ ਅਨੁਸਾਰ ਉਪਨਿਸ਼ਦਾਂ ਵਿਚ ਦਸਿਆ ਗਿਆ ਹੈ ਕਿ ਮ੍ਰਿਤੂ ਵੇਲੇ ਜੀਵ ਦੁਰਬਲ ਅਤੇ ਚੇਤਨਾ- ਰਹਿਤ ਹੋ ਜਾਂਦਾ ਹੈ ਅਤੇ ਹਿਰਦੇ ਵਿਚ ਠਹਿਰ ਜਾਂਦਾ ਹੈ । ਸਭ ਤੋਂ ਪਹਿਲਾਂ ਉਸ ਦੇ ਰੂਪ ਦਾ ਗਿਆਨ ਨਸ਼ਟ ਹੋ ਜਾਂਦਾ ਹੈ । ਹੋਰਨਾਂ ਇੰਦ੍ਰੀਆਂ ਦੇ ਨਾਲ ਨਾਲ ਅੰਤਹਕਰਣ ਵੀ ਸ਼ਿਥਲ ਹੋ ਜਾਂਦਾ ਹੈ । ਤਦ ਹਿਰਦੇ ਦੇ ਉਪਰ ਦਾ ਭਾਗ ਪ੍ਰਕਾਸ਼ਿਤ ਹੋ ਉਠਦਾ ਹੈ । ਉਸੇ ਪ੍ਰਕਾਸ਼ ਦੇ ਸਹਾਰੇ ਜੀਵ ਆਪਣੇ ਕਰਮ ਦੇ ਪ੍ਰਭਾਵ ਅਨੁਸਾਰ ਸ਼ਰੀਰ ਦੇ ਵਖ ਵਖ ਛਿਦ੍ਰਾਂ ( ਮੋਰੀਆਂ ) ਤੋਂ ਬਾਹਰ ਨੂੰ ਨਿਕਲ ਪੈਂਦਾ ਹੈ । ਉਸ ਦੇ ਨਾਲ ਨਾਲ ਉਸ ਦੀ ‘ ਜੀਵਨ-ਸ਼ਕਤੀ’ ( ਲਿੰਗ ਸ਼ਰੀਰ ) ਵੀ ਰਹਿੰਦੀ ਹੈ । ਪੰਜ ਭੌਤਿਕ ਸ਼ਰੀਰ ਦੇ ਪੰਜੇ ਭੂਤ ਆਪਣੇ ਮਹਾਭੂਤਾਂ ਵਿਚ ਮਿਲ ਜਾਂਦੇ ਹਨ । ਗੁਰੂ ਅਰਜਨ ਦੇਵ ਜੀ ਨੇ ਰਾਮਕਲੀ ਰਾਗ ਵਿਚ ਦਸਿਆ ਹੈ— ਪਵਨੈ ਮਹਿ ਪਵਨੁ ਸਮਾਇਆ ਜੋਤੀ ਮਹਿ ਜੋਤਿ ਰਲਿ ਜਾਇਆ ਮਾਟੀ ਮਾਟੀ ਹੋਈ ਏਕ ਰੋਵਨਹਾਰੇ ਕੀ ਕਵਨ ਟੇਕ ( ਗੁ.ਗ੍ਰੰ.885 ) ।

ਵੈਦਿਕ ਕਾਲ ਵਿਚ ਮ੍ਰਿਤ-ਦੇਹ ਨੂੰ ਸਾੜਨ ਅਤੇ ਦਬਣ ਦੋਹਾਂ ਤਰ੍ਹਾਂ ਦੀਆਂ ਪ੍ਰਥਾਵਾਂ ਪ੍ਰਚਲਿਤ ਸਨ , ਪਰ ਦਬਣ ਨੂੰ ਪਸੰਦ ਨਹੀਂ ਕੀਤਾ ਜਾਂਦਾ ਸੀ । ਹੌਲੀ ਹੌਲੀ ਇਹ ਪ੍ਰਥਾ ਘਟਦੀ ਗਈ , ਪਰ ਸਾਮੀ ਸੰਸਕ੍ਰਿਤੀ ਵਿਚ ਇਸੇ ਦਾ ਪ੍ਰਚਲਨ ਹੈ ।

ਗੁਰੂ ਅਰਜਨ ਦੇਵ ਜੀ ਨੇ ਬਿਲਾਵਲ ਰਾਗ ਵਿਚ ਕਿਹਾ ਹੈ ਕਿ ਪ੍ਰਾਣੀ ਦੇ ਸਿਰ ਉਤੇ ਮ੍ਰਿਤੂ ਹਰ ਵੇਲੇ ਹਸ ਰਹੀ ਹੈ , ਪਰ ਉਹ ਇਸ ਤੱਥ ਨੂੰ ਸਮਝਣ ਲਈ ਤਿਆਰ ਨਹੀਂ ਹੈ— ਮਿਰਤੁ ਹਸੈ ਸਿਰ ਊਪਰੇ ਪਸੂਆ ਨਹੀ ਬੂਝੈ ਬਾਦ ਸਾਦ ਅਹੰਕਾਰ ਮਹਿ ਮਰਣਾ ਨਹੀ ਸੂਝੈ ( ਗੁ.ਗ੍ਰੰ.809 ) । ਵਾਸਤਵਿਕਤਾ ਇਹ ਹੈ ਕਿ ਪ੍ਰਾਣੀ ਮ੍ਰਿਤੂ ਨੂੰ ਆਪਣੇ ਮਸਤਕ ਉਤੇ ਲਿਖਵਾ ਕੇ ਹੀ ਜਨਮ ਲੈਂਦਾ ਹੈ ਅਤੇ ਉਸ ਦਾ ਮਰਨਾ ਨਿਰਸੰਦੇਹ ਨਿਸਚਿਤ ਹੈ— ਮਰਣ ਲਿਖਾਇ ਆਏ ਨਹੀ ਰਹਣਾ ( ਗੁ.ਗ੍ਰੰ.153 ) । ਇਸੇ ਤਰ੍ਹਾਂ ਮਰਣੁ ਲਿਖਾਇ ਮੰਡਲ ਮਹਿ ਆਏ ( ਗੁ.ਗ੍ਰੰ.686 ) । ਸਪੱਸ਼ਟ ਹੈ ਕਿ ਮ੍ਰਿਤੂ ਇਕ ਅਟਲ ਸਚਾਈ ਹੈ ।

ਜੋ ਪੈਦਾ ਹੋਇਆ ਹੈ , ਉਸ ਨੇ ਆਖ਼ਿਰ ਕਾਲ-ਵਸ ਹੋਣਾ ਹੈ— ਜੋ ਉਪਜੈ ਸੋ ਕਾਲਿ ਸੰਘਾਰਿਆ ਮ੍ਰਿਤੂ ਦਾ ਕੋਈ ਸਮਾਂ ਨਿਸਚਿਤ ਨਹੀਂ । ਕਦੋਂ , ਕਿਥੇ ਅਤੇ ਕਿਵੇਂ ਆ ਜਾਂਦੀ ਹੈ , ਇਸ ਪ੍ਰਕਾਰ ਦੇ ਤੱਥਾਂ ਦਾ ਅਨੁਮਾਨ ਨਹੀਂ ਲਗਾਇਆ ਜਾ ਸਕਦਾ— ਮਰਣਿ ਮੂਰਤੁ ਪੁਛਿਆ ਪੂਛੀ ਥਿਤਿ ਵਾਰੁ ਇਕਨੀ ਲਦਿਆ ਇਕਿ ਲਦਿ ਚਲੇ ਇਕਨੀ ਬਧੇ ਭਾਰ ( ਗੁ.ਗ੍ਰੰ.1244 ) । ਕਦੇ ਵੀ ਅਤੇ ਕਿਥੇ ਵੀ ਸ਼ਰੀਰ ਦਾ ਅੰਤ ਹੋ ਸਕਦਾ ਹੈ । ਇਸ ਬਾਰੇ ਕਿਸੇ ਨਾਲ ਸਲਾਹ ਕਰਨ ਦੀ ਗੁੰਜਾਇਸ਼ ਨਹੀਂ ਹੈ— ਨਾਨਕ ਕਿਸ ਨੋ ਆਖੀਐ ਵਿਣੁ ਪੁਛਿਆ ਹੀ ਲੈ ਜਾਇ ( ਗੁ.ਗ੍ਰੰ.1412 ) ।

ਬਾਬਾ ਫ਼ਰੀਦ ਨੇ ਇਸ ਨੂੰ ਅਚਾਨਕ ਵਾਪਰਨ ਵਾਲੀ ਹੋਣੀ ਕਹਿ ਕੇ ‘ ਰੱਬ ਦੇ ਬਾਜ਼ ’ ਦੇ ਉਪਮਾਨ ਨਾਲ ਰੂਪਾਇਤ ਕੀਤਾ ਹੈ— ਫਰੀਦਾ ਦਰਿਆਵੈ ਕੰਨ੍ਹੇ ਬਗੁਲਾ ਬੈਠਾ ਕੇਲ ਕਰੇ ਕੇਲ ਕਰਦੇ ਹੰਝ ਨੋ ਅਚਿੰਤੇ ਬਾਜ ਪਏ ਬਾਜ ਪਏ ਤਿਸੁ ਰਬ ਦੇ ਕੇਲਾਂ ਵਿਸਰੀਆਂ ਜੋ ਮਨਿ ਚਿਤਿ ਚੇਤੇ ਸਨ ਸੋ ਗਾਲੀ ਰਬ ਕੀਆਂ ( ਗੁ.ਗ੍ਰੰ.1383 ) ।

ਕਾਲ-ਫਾਸ ਤੋਂ ਖ਼ਲਾਸ ਹੋਣ ਦਾ ਉਪਾ ਕੇਵਲ ਹਰਿ-ਨਾਮ ਵਿਚ ਪੂਰਣ ਮਗਨਤਾ ਹੈ । ਇਹ ਮਗਨਤਾ ਤਦ ਹੀ ਸੰਭਵ ਹੋ ਸਕਦੀ ਹੈ ਜੇ ਪਰਮਾਤਮਾ ਪ੍ਰਾਣੀ ਨੂੰ ਆਪਣੇ ਨਾਲ ਮਿਲਾ ਲਏ— ਜਿਨ੍ਹ ਕਉ ਆਪਿ ਲਏ ਪ੍ਰਭੁ ਮੇਲਿ ਤਿਨ ਕਉ ਕਾਲੁ ਸਾਕੈ ਪੇਲਿ ( ਗੁ.ਗ੍ਰੰ.353 ) । ਫਿਰ ਆਵਾਗਵਣ ਦਾ ਚੱਕਰ ਮੁਕ ਜਾਂਦਾ ਹੈ ।

              ਜਿਨ੍ਹਾਂ ਪ੍ਰਾਣੀਆਂ ਉਤੇ ਪਰਮਾਤਮਾ ਦੀ ਕ੍ਰਿਪਾ ਨਹੀਂ ਹੁੰਦੀ , ਉਨ੍ਹਾਂ ਲਈ ਆਵਾਗਵਣ ਦੀ ਵਿਵਸਥਾ ਹੈ । ਅਜਿਹੀ ਅਵਸਥਾ ਵਿਚ ਆਤਮਾ ਇਕ ਸਥੂਲ ਸ਼ਰੀਰ ਨੂੰ ਛਡ ਕੇ ਦੂਜੇ ਸਥੂਲ ਸ਼ਰੀਰ ਵਿਚ ਪ੍ਰਵੇਸ਼ ਕਰਦੀ ਹੈ ਅਤੇ ਇਸ ਤਰ੍ਹਾਂ ਆਵਾਗਵਣ ਦਾ ਚੱਕਰ ਚਲਦਾ ਰਹਿੰਦਾ ਹੈ । ਇਹ ਅਨੁਮਾਨ ਲਗਾ ਸਕਣਾ ਕਠਿਨ ਹੈ ਕਿ ਕੋਈ ਜੀਵ ਪੂਰਬ-ਪਰ ਕਿਤਨੇ ਜਨਮਾਂ ਨਾਲ ਸੰਬੰਧਿਤ ਹੈ— ਜੁੜਿ ਜੁੜਿ ਵਿਛੁੜੇ ਵਿਛੁੜਿ ਜੁੜੇ ਜੀਵਿ ਜੀਵਿ ਮੁਏ ਮੁਏ ਜੀਵੇ ਕੇਤਿਆ ਕੇ ਬਾਪ ਕੇਤਿਆ ਕੇ ਬੇਟੇ ਕੇਤੇ ਗੁਰੁ ਚੇਲੇ ਹੂਏ ਆਗੈ ਪਾਛੈ ਗਣਤ ਆਵੈ ਕਿਆ ਜਾਤੀ ਕਿਆ ਹੁਣਿ ਹੂਏ ( ਗੁ.ਗ੍ਰੰ.1238 ) ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1840, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.