ਯਜੁਰਵੇਦ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਯਜੁਰਵੇਦ : ਚਾਰ ਵੇਦਾਂ ਵਿੱਚੋਂ ਇੱਕ ਵੇਦ ਹੈ ਯਜੁਰਵੇਦ । ਯਜੁ ਧਾਤੂ ਦਾ ਅਰਥ ਹੈ ਯੱਗ ਕਰਨਾ , ਪੂਜਾ ਕਰਨਾ ਜਾਂ ਦਾਨ ਦੇਣਾ । ਇਸ ਤਰ੍ਹਾਂ ਆਪਣੇ ਮੂਲ ਅਰਥ ਵਿੱਚ ਜਿਸ ਵੇਦ ਦਾ ਸੰਬੰਧ ਯੱਗ , ਹੋਮ ਆਦਿ ਕਰਮਾਂ , ਪੂਜਾ ਜਾਂ ਦਾਨ ਨਾਲ ਹੈ , ਉਸ ਨੂੰ ਯਜੁਰਵੇਦ ਆਖਦੇ ਹਨ । ਭਾਰਤੀ ਸੰਸਕਾਰਾਂ ਵਿੱਚ ਪਲਣ ਵਾਲੇ ਬਹੁਤੇ ਵਿਅਕਤੀਆਂ ਦੇ ਜੀਵਨ ਦਾ ਕੁਝ ਨਾ ਕੁਝ ਸੰਬੰਧ ਕਰਮ ਕਾਂਡ ਨਾਲ ਅਵੱਸ਼ ਜੁੜਿਆ ਹੋਇਆ ਹੈ । ਇਸ ਲਈ ਯਜੁਰਵੇਦ ਦਾ ਉਹਨਾਂ ਦੇ ਜੀਵਨ ਵਿੱਚ ਮਹੱਤਵਪੂਰਨ ਸਥਾਨ ਹੈ । ਮੁੱਖ ਰੂਪ ਵਿੱਚ ਇਹ ਵੇਦ ਯੱਗ ਨਾਲ ਸੰਬੰਧਿਤ ਹੈ । ਇਸ ਲਈ ਯੱਗ ਦਾ ਸਰੂਪ ਸਮਝਣਾ ਬਹੁਤ ਜ਼ਰੂਰੀ ਹੈ । ਯੱਗ ਦੇ ਦੋ ਰੂਪ ਹਨ :

        ਇੱਕ ਹੈ ਉਸ ਦਾ ਉਹ ਸਨਾਤਨੀ ਸਿਰਜਣਾਤਮਿਕ ਰੂਪ , ਜਿਸ ਮੁਤਾਬਕ ਵਿਰਾਟ ਯੱਗ ਪੁਰਸ਼ ਤੋਂ ਇਸ ਸ੍ਰਿਸ਼ਟੀ ਦੀ ਉਤਪਤੀ ਸਵੀਕਾਰ ਕੀਤੀ ਗਈ ਹੈ ਅਤੇ ਦੂਜਾ ਉਸ ਦਾ ਉਹ ਅਜੋਕਾ ਰੂਪ ਹੈ , ਜੋ ਸੰਕਲਪ ਪੂਰਵਕ ਕੀਤਾ ਜਾਂਦਾ ਹੈ ਅਤੇ ਜਿਸ ਵਿੱਚ ਹੋਮ ਯੱਗ ਆਦਿ ਕਰਮ ਕਾਂਡ ਦੀ ਮਹੱਤਤਾ ਹੈ । ਮੀਮਾਂਸਾ ਸ਼ਾਸਤਰ ਵਿੱਚ ਯੱਗ ਦੇ ਇਸ ਕਰਮਕਾਂਡ ਨਾਲ ਸੰਬੰਧਿਤ ਸਰੂਪ ਨੂੰ ਪ੍ਰਮੁਖਤਾ ਦਿੱਤੀ ਗਈ ਹੈ । ਪਰ ਇਸ ਸ਼ਾਸਤਰ ਮੁਤਾਬਕ ਵੀ ਧਨ ਖ਼ਰਚ ਦੇਣ ਨਾਲ ਹੀ ਯੱਗ ਦੀ ਸਿੱਧੀ ਨਹੀਂ ਹੋ ਜਾਂਦੀ ਸਗੋਂ ਉਸ ਦੇ ਨਾਲ ਵੀ ਤਪ ਆਦਿ ਕਰਨਾ ਜ਼ਰੂਰੀ ਮੰਨਿਆ ਗਿਆ ਹੈ । ਪ੍ਰਕਿਰਤੀ ਦੇ ਸੰਤੁਲਨ ਚੱਕਰ ਨੂੰ ਠੀਕ ਰੱਖਣ ਲਈ ਵੀ ਯੱਗ ਦੀ ਅਹਿਮੀਅਤ ਸਵੀਕਾਰ ਕੀਤੀ ਗਈ ਹੈ । ਯੱਗ ਨੂੰ ਮਨੁੱਖੀ ਜੀਵਨ ਦਾ ਸਰਬੋਤਮ ਪੁਰਸ਼ਾਰਥ ਮੰਨਿਆ ਗਿਆ ਹੈ । ਯਜੁਰਵੇਦ ਦਾ ਸੰਬੰਧ ਯੱਗ ਨਾਲ ਜੋੜਦੇ ਹੋਏ ਯੱਗ ਦਾ ਅਰਥ ਉਸ ਦੇ ਵਿਆਪਕ ਸੰਦਰਭ ਵਿੱਚ ਲੈਣਾ ਜ਼ਰੂਰੀ ਹੈ ਜਿਸ ਮੁਤਾਬਕ ਆਪਣੇ ਤੋਂ ਬਿਹਤਰ ਚੇਤੰਨ ਸੱਤਾ ਲਈ ਸ਼ਰਧਾ ਦਾ ਪ੍ਰਗਟਾਵਾ ਕਰਨਾ , ਦੈਵੀ ਹੁਕਮ ਵਿੱਚ ਰਹਿੰਦੇ ਹੋਏ ਸ੍ਰੇਸ਼ਟ ਕਰਮ ਕਰਨਾ ਅਤੇ ਕਰਮ ਕਰਨ ਤੋਂ ਉਪਲਬਧ ਹੋਣ ਵਾਲੇ ਮੁਨਾਫ਼ਿਆਂ ਦੀ ਕਲਿਆਣਕਾਰੀ ਉਦੇਸ਼ਾਂ ਲਈ ਵਰਤੋਂ ਕਰਨਾ ਯੱਗ ਦੇ ਮੂਲ ਮੰਤਵ ਹਨ ।

        ਵੇਦਾਂ ਵਿੱਚ ਉਪਲਬਧ ਗੁਰੂ ਦੇ ਮੂੰਹ ਤੋਂ ਨਿਕਲਣ ਵਾਲੀ ਦੈਵੀ ਗਿਆਨ ਦੀ ਧਾਰਾ ਸ਼ਿਸ਼ਾਂ ਰਾਹੀਂ ਵਿਸਤਾਰ ਪ੍ਰਾਪਤ ਕਰਦੀ ਰਹੀ । ਇਸ ਲਈ ਇਸ ਦੈਵੀ ਗਿਆਨ ਦੇ ਸੋਮੇ ਵੇਦਾਂ ਨੂੰ ਸ਼ਰੁਤੀ ਆਖਦੇ ਹਨ । ਮਹਾਂਰਿਸ਼ੀ ਵਿਆਸ ਨੇ ਇਸ ਨੂੰ ਚਾਰ ਹਿੱਸਿਆਂ ਵਿੱਚ ਵੰਡ ਕੇ ਵਿਵਸਥਿਤ ਕੀਤਾ । ਇਸ ਤਰ੍ਹਾਂ ਕ੍ਰਮਵਾਰ ਪੈਲ ਨੂੰ ਰਿਗਵੇਦ , ‘ ਵੈਸ਼ੰਪਾਵਿਨ’ ਨੂੰ ਯਜੁਰਵੇਦ , ਜੈਮਿਨੀ ਨੂੰ ਸਾਮਵੇਦ ਅਤੇ ਸੁਮੰਤੂ ਨੂੰ ਅਥਰਵਵੇਦ ਸੌਂਪ ਦਿੱਤਾ । ਯਜੁਰਵੇਦ ਦੀਆਂ ਸ਼ਾਖਾਵਾਂ ਦਾ ਵਿਸਤਾਰ ਵੈਸ਼ੰਪਾਇਨ ਨੇ ਕੀਤਾ । ਇਹਨਾਂ ਸ਼ਾਖਾਵਾਂ ਦੀ ਗਿਣਤੀ ਬਾਰੇ ਵੱਖ-ਵੱਖ ਰਾਵਾਂ ਹਨ । ਮਹਾਂਭਾਸ਼ ਦੇ ਲੇਖਕ ਪਤੰਜਲੀ ਦੀਆਂ 101 ਸ਼ਾਖਾਵਾਂ ਦਾ ਹਵਾਲਾ ਦਿੰਦੇ ਹਨ । ਚਰਣਵਯੂਹ ਪਰਿਸ਼ਿਸ਼ਟ ਵਿੱਚ ਇਹ ਗਿਣਤੀ 86 ਦੱਸੀ ਗਈ ਹੈ । ਵੱਖ-ਵੱਖ ਚਰਣਵਯੂਹਾਂ ਵਿੱਚ ਇਹ ਗਿਣਤੀ ਵੱਖ-ਵੱਖ ਮਿਲਦੀ ਹੈ ।

        ਯਜੁਰਵੇਦ ਦੇ ਦੋ ਸੰਪ੍ਰਦਾਇ ਹਨ-ਬ੍ਰਹਮ ਸੰਪ੍ਰਦਾਇ ਜਿਸ ਨੂੰ ਕ੍ਰਿਸ਼ਨ ਯਜੁਰਵੇਦ ਕਹਿੰਦੇ ਹਨ ਅਤੇ ਆਦਿਤਯ ਸੰਪ੍ਰਦਾਇ ਜਿਸ ਨੂੰ ਸ਼ੁਕਲ ਯਜੁਰਵੇਦ ਕਿਹਾ ਜਾਂਦਾ ਹੈ । ਇੱਥੇ ਕ੍ਰਿਸ਼ਨ ਦਾ ਅਰਥ ਹੈ ਮਿਲਿਆ-ਜੁਲਿਆ । ਕ੍ਰਿਸ਼ਨ ਯਜੁਰਵੇਦ ਵਿੱਚ ਬ੍ਰਾਹਮਣ ਅਤੇ ਮੰਤਰ ਭਾਗ ਇੱਕੋ ਸਥਾਨ `ਤੇ ਦਿੱਤੇ ਗਏ ਹਨ , ਇਸ ਲਈ ਦੋਵਾਂ ਦਾ ਮਿਸ਼ਰਿਤ ਰੂਪ ਹੋਣ ਕਰ ਕੇ ਹੀ ਇਸ ਨੂੰ ਕ੍ਰਿਸ਼ਨ ਨਾਂ ਦਿੱਤਾ ਗਿਆ ਹੈ । ਇਸ ਤੋਂ ਇਲਾਵਾ ਇਸ ਵੇਦ ਵਿੱਚ ਯੱਗ ਸੰਬੰਧੀ ਵਿਧੀ ਦਾ ਜ਼ਿਕਰ ਹੋਣ ਕਰ ਕੇ ਵੀ ਇਸ ਨੂੰ ਕ੍ਰਿਸ਼ਨ ਯਜੁਰਵੇਦ ਦਾ ਨਾਂ ਮਿਲਿਆ ਹੈ , ਕਿਉਂਕਿ ਸ਼ਤਪਥ ਬ੍ਰਾਹਮਣ ਨਾਮਕ ਗ੍ਰੰਥ ਵਿੱਚ ਯੱਗ ਨੂੰ ਕ੍ਰਿਸ਼ਨ ਕਿਹਾ ਗਿਆ ਹੈ । ਆਦਿਤਯ ਸੰਪਰਦਾਇ ਵਿੱਚ ਸ਼ੁਕਲ ਯਜੁਰਵੇਦ ਆਉਂਦਾ ਹੈ ਜਿਸ ਵਿੱਚ ਸਿਰਫ਼ ਮੰਤਰ ਭਾਗ ਦਾ ਸੰਕਲਨ ਹੈ । ਮੰਤਰਾਂ ਦਾ ਸ਼ੁੱਧ ਅਤੇ ਮਿਲਾਵਟ ਰਹਿਤ ਰੂਪ ਹੀ ਸ਼ੁਕਲ ਯਜੁਰਵੇਦ ਨਾਂ ਦੀ ਸਾਰਥਕਤਾ ਸਿੱਧ ਕਰਨ ਵਾਲਾ ਹੈ । ਇਸ ਨੂੰ ਵਾਜਸਨੇਯੀ ਸੰਹਿਤਾ ਵੀ ਆਖਦੇ ਹਨ । ਵਾਜ ਦਾ ਅਰਥ ਹੈ ਅੰਨ ਅਤੇ ਸਨਿ ਦਾ ਅਰਥ ਹੈ ਦਾਨ । ਪੂਰੇ ਸ਼ਬਦ ਦਾ ਅਰਥ ਬਣਦਾ ਹੈ-ਅੰਨ ਦਾ ਦਾਨ ਕਰਨ ਵਾਲਾ ਸੁਭਾਅ ਹੈ ਜਿਸ ਦਾ ਉਸ ਰਿਸ਼ੀ ਦੀ ਸੰਤਾਨ ਵਾਜਸਨੇਯ ਭਾਵ ਯਾਗਯਵਲਕਯ ਨੇ ਜਿਸ ਦੀ ਵਿਆਖਿਆ ਕੀਤੀ , ਉਹ ਵਾਜਸਨੇਯੀ ਸੰਹਿਤਾ ਹੈ । ਇੱਕ ਪੁਰਾਣਿਕ ਕਥਾ ਦੇ ਮੁਤਾਬਕ ਵੈਸ਼ੰਪਾਇਨ ਨੇ ਯਾਗਯਵਲਕਯ ਨੂੰ ਯਜੁਰਵੇਦ ਪੜ੍ਹਾਇਆ । ਇੱਕ ਵਾਰ ਅਚਾਨਕ ਵੈਸ਼ੰਪਾਇਨ ਤੋਂ ਆਪਣਾ ਭਾਣਜਾ ਲੱਤ ਮਾਰਨ ਨਾਲ ਮਰ ਗਿਆ । ਉਸ ਦਾ ਪ੍ਰਾਸ਼ਚਿਤ ਕਰਨ ਲਈ ਵੈਸ਼ੰਪਾਇਨ ਨੇ ਆਪਣੇ ਸਮੂਹ ਸ਼ਿਸ਼ਾਂ ਨੂੰ ਬੁਲਾਇਆ । ਯਾਗਯਵਲਕਯ ਨੇ ਕਿਹਾ ਕਿ ਉਹ ਇਕੱਲਾ ਹੀ ਪਾਪਨਾਸ਼ਕ ਕਰਮ ਕਰ ਸਕਦਾ ਹੈ । ਵੈਸ਼ੰਪਾਇਨ ਨੂੰ ਇਹ ਬੁਰਾ ਲੱਗਾ ਅਤੇ ਉਸ ਨੇ ਉਸ ਨੂੰ ਹੰਕਾਰੀ ਕਰਾਰ ਕਰਦੇ ਹੋਏ ਪੜ੍ਹਾਈ ਗਈ ਸਾਰੀ ਵਿੱਦਿਆ ਨੂੰ ਉਗਲਣ ਲਈ ਕਿਹਾ । ਯਾਗਯਵਲਕਯ ਨੇ ਯਜੁਰਵੇਦ ਦੇ ਸਾਰੇ ਮੰਤਰ ਉਗਲ ਦਿੱਤੇ ਅਤੇ ਬਾਕੀ ਦੇ ਸ਼ਗਿਰਦਾਂ ਨੇ ਉਹਨਾਂ ਨੂੰ ਤਿੱਤਰ ਬਣ ਕੇ ਚੁਗ ਲਿਆ । ਇਸ ਲਈ ਯਜੁਰਵੇਦ ਦੀ ਇਹ ਸ਼ਾਖਾ ਤੈੱਤਿਰੀਯ ਨਾਂ ਨਾਲ ਪ੍ਰਸਿੱਧ ਹੋਈ । ਇਸ ਤੋਂ ਯਾਗਯਵਲਕਯ ਨੇ ਸੂਰਜ ਦੀ ਪੂਜਾ ਕਰ ਕੇ ਵੇਦ-ਵਿੱਦਿਆ ਦੀ ਪ੍ਰਾਪਤੀ ਕਰਨੀ ਚਾਹੀ ਅਤੇ ਸੂਰਜ ਨੇ ਘੋੜੇ ਦਾ ਰੂਪ ਧਾਰ ਕੇ ਉਸ ਨੂੰ ਇਹ ਵਿੱਦਿਆ ਪੜ੍ਹਾਈ ਅਤੇ ਇਸ ਸ਼ਾਖਾ ਦਾ ਨਾਂ ਵਾਜਸਨੇਯੀ ਹੋਇਆ । ਇਸ ਤਰ੍ਹਾਂ ਤੈੱਤਿਰੀਯ ਸ਼ਾਖਾ ਨੂੰ ਕ੍ਰਿਸ਼ਨ ਯਜੁਰਵੇਦ ਅਤੇ ਵਾਜਸਨੇਯੀ ਸ਼ਾਖਾ ਨੂੰ ਸ਼ੁਕਲ ਯਜੁਰਵੇਦ ਮੰਨਿਆ ਗਿਆ ।

        ਕ੍ਰਿਸ਼ਨ ਯਜੁਰਵੇਦ : ਵਰਤਮਾਨ ਸਮੇਂ ਵਿੱਚ ਕ੍ਰਿਸ਼ਨ ਯਜੁਰਵੇਦ ਦੀਆਂ ਚਾਰ ਸੰਹਿਤਾਵਾਂ ਜਾਂ ਪਾਠ ਪੁਸਤਕਾਂ ਉਪਲਬਧ ਹਨ-ਤੈੱਤਿਰੀਯ , ਮੈਤ੍ਰਾਯਣੀ , ਕਠ ਅਤੇ ਕਪਿਸ਼ਠਲ :

        ਤੈੱਤਿਰੀਯ ਸੰਹਿਤਾ : ਇਸ ਸੰਹਿਤਾ ਦੇ ਬ੍ਰਾਹਮਣ , ਆਰਣਯਕ , ਉਪਨਿਸ਼ਦ , ਸ਼੍ਰੋਤ ਅਤੇ ਗ੍ਰਿਹਯ ਸੂਤਰ ਆਦਿ ਸਾਰੇ ਗ੍ਰੰਥ ਉਪਲਬਧ ਹੁੰਦੇ ਹਨ । ਇਸ ਲਈ ਇਹ ਸ਼ਾਖਾ ਆਪਣੇ ਆਪ ਵਿੱਚ ਸੰਪੂਰਨ ਹੈ । ਇਸ ਸੰਹਿਤਾ ਵਿੱਚ 7 ਕਾਂਡ , 44 ਪ੍ਰਪਾਠਕ ਅਤੇ 631 ਅਨੁਵਾਦ ਹਨ ਜਿਨ੍ਹਾਂ ਦਾ ਵਰਨ ਵਿਸ਼ਾ ਯੱਗ ਸੰਬੰਧੀ ਕਰਮਕਾਂਡ ਹੈ । ਇਸ ਉਪਰ ਸਾਇਣ ਦੀ ਵਿਆਖਿਆ ਉਪਲਬਧ ਹੈ । ਸਾਇਣ ਤੋਂ ਪਹਿਲਾਂ ਭਾਸਕਰ ਮਿਸ਼ਰ ਨੇ ਵੀ ਇਸ ਉਪਰ ‘ ਗਯਾਨ ਯੱਗਯ’ ਨਾਂ ਦੀ ਵਿਆਖਿਆ ਲਿਖੀ ਸੀ

        ਮੈਤ੍ਰਾਯਣੀ ਸੰਹਿਤਾ : ਇਸ ਸੰਹਿਤਾ ਨੂੰ ਸਭ ਤੋਂ ਪਹਿਲਾਂ ਪ੍ਰਕਾਸ਼ ਵਿੱਚ ਲਿਆਉਣ ਵਾਲੇ ਜਰਮਨ ਵਿਦਵਾਨ ਸ਼ਰੋਡਰ ਸਨ ਅਤੇ ਫਿਰ ਸ੍ਰੀ ਦਮੋਦਰ ਸਾਤਵਲੇਕਰ ਨੇ ਇਸ ਦਾ ਪ੍ਰਕਾਸ਼ਨ ਸ੍ਵਾਧਿਆਇ ਮੰਡਲ ਤੋਂ ਕੀਤਾ । ਇਸ ਦੇ ਵਰਨ ਵਿਸ਼ੇ ਵੀ ਤੈੱਤਿਰੀਯ ਸੰਹਿਤਾ ਵਾਲੇ ਹੀ ਹਨ ।

        ਕਠ ਸੰਹਿਤਾ : ਪੁਰਾਣਾਂ ਵਿੱਚ ਕਾਠਕ ਲੋਕ ਮੱਧ ਪ੍ਰਦੇਸ਼ ਨਾਲ ਸੰਬੰਧਿਤ ਮੰਨੇ ਗਏ ਹਨ । ਪਤੰਜਲੀ ਨੇ ਆਪਣੇ ਮਹਾਂਭਾਸ਼ ਵਿੱਚ ਇਸ ਸੰਹਿਤਾ ਦੇ ਥਾਂ-ਥਾਂ ਪ੍ਰਚਲਿਤ ਹੋਣ ਦੀ ਗੱਲ ਕੀਤੀ ਹੈ । ਪਰ ਅੱਜ ਇਸ ਦੇ ਪੜ੍ਹਨ ਵਾਲਿਆਂ ਦੀ ਗਿਣਤੀ ਬਹੁਤ ਘੱਟ ਹੈ । ਇਸ ਸੰਹਿਤਾ ਵਿੱਚ 40 ਸਥਾਨਿਕ , 13 ਅਨੁਵਾਚਨ , 843 ਅਨੁਵਾਦ , 3091 ਮੰਤਰ ਅਤੇ ਮੰਤਰਾਂ ਤੇ ਬ੍ਰਾਹਮਣਾਂ ਦੀ ਮਿਲੀ-ਜੁਲੀ ਗਿਣਤੀ 18000 ਹੈ । ਇਸ ਦੇ ਵਰਨ ਵਿਸ਼ੇ ਵੀ ਬਾਕੀ ਸੰਹਿਤਾਵਾਂ ਵਾਂਗ ਦਰਸ਼ਪੌਰਣਮਾਸ , ਰਾਜਸੂਯ , ਵਾਜਪੇਯ ਆਦਿ ਹਨ ।

        ਕਪਿਸ਼ਠਲ ਸੰਹਿਤਾ : ਕੁਝ ਵਿਦਵਾਨਾਂ ਦੇ ਵਿਚਾਰ ਵਿੱਚ ਕਪਿਸ਼ਠਲ ਕਿਸੇ ਰਿਸ਼ੀ ਦਾ ਨਾਂ ਹੈ ਪਰ ਕੁਝ ਹੋਰ ਵਿਦਵਾਨ ਇਸ ਨੂੰ ਖ਼ਾਸ ਸਥਾਨ ਦਾ ਨਾਂ ਮੰਨਦੇ ਹਨ । ਕੁਰੁਕਸ਼ੇਤਰ ਵਿੱਚ ਸਰਸਵਤੀ ਨਦੀ ਦੇ ਪੂਰਬੀ ਕਿਨਾਰੇ `ਤੇ ਮੌਜੂਦ ਕੈਥਲ ਸ਼ਹਿਰ ਪੁਰਾਣਾ ਕਪਿਸ਼ਠਲ ਹੀ ਹੈ , ਜਿਸ ਦਾ ਹਵਾਲਾ ਵਰਾਹਮਿਹਿਰ ਦੀ ਬ੍ਰਿਹਤਸੰਹਿਤਾ ਵਿੱਚ ਵੀ ਉਪਲਬਧ ਹੈ । ਇਸ ਸੰਹਿਤਾ ਦੀ ਵੰਡ ਅਸ਼ਟਕਾਂ ਅਤੇ ਅਧਿਆਇਆਂ ਵਿੱਚ ਕੀਤੀ ਗਈ ਹੈ ਜਿਸ ਵਿੱਚ 6 ਅਸ਼ਟਕ ਅਤੇ 48 ਅਧਿਆਇਆਂ ਦੇ ਹੋਣ ਦੇ ਹਵਾਲੇ ਤਾਂ ਮਿਲਦੇ ਹਨ ਪਰ ਉਪਲਬਧ ਪ੍ਰਤਿ ਵਿੱਚ ਪਹਿਲੇ ਅਸ਼ਟਕ ਦੇ ਅੱਠ ਅਧਿਆਇਆਂ ਤੋਂ ਇਲਾਵਾ ਕੋਈ ਵੀ ਅਸ਼ਟਕ ਸੰਪੂਰਨ ਨਹੀਂ ਹੈ । ਇਸ ਅਧੂਰੇ ਗ੍ਰੰਥ ਦਾ ਵਿਸ਼ਾ ਅਤੇ ਸ਼ੈਲੀ ਕਠ ਸੰਹਿਤਾ ਵਰਗੇ ਹਨ ਅਤੇ ਇਹ ਯਜੁਰਵੇਦ ਦਾ ਬਹੁਤ ਮਹੱਤਵਪੂਰਨ ਗ੍ਰੰਥ ਹੈ ।

        ਸ਼ੁਕਲ ਯਜੁਰਵੇਦ : ਇਸ ਵੇਦ ਦੀਆਂ ਦੋ ਸੰਹਿਤਾਵਾਂ ਜਾਂ ਪਾਠ ਪੁਸਤਕਾਂ ਉਪਲਬਧ ਹਨ-ਮਾਧਯੰਦਿਨ ਸੰਹਿਤਾ ਅਤੇ ਕਾਣਵ ਸੰਹਿਤਾ ।

        ਮਾਧਯੰਦਿਨ ਸੰਹਿਤਾ : ਯਾਗਯਵਲਕਯ ਤੋਂ ਕਈ ਸ਼ਿਸ਼ਾਂ ਨੇ ਵਿੱਦਿਆ ਪ੍ਰਾਪਤ ਕੀਤੀ ਜਿਨ੍ਹਾਂ ਵਿੱਚੋਂ ਮਾਧਯੰਦਿਨ ਵੀ ਇੱਕ ਸੀ । ਆਪਣੇ ਗਿਆਨ ਦੀ ਖ਼ਾਸੀਅਤ ਕਾਰਨ ਹੀ ਉਸ ਦੇ ਨਾਂ ਨਾਲ ਇਸ ਸੰਹਿਤਾ ਦੀ ਪ੍ਰਸਿੱਧੀ ਹੋਈ । ਅੱਜ ਉਪਲਬਧ ਯਜੁਰਵੇਦ ਮਾਧਯੰਦਿਨ ਸੰਹਿਤਾ ਹੀ ਹੈ । ਇਸ ਦੇ ਦੋ ਭਾਗ ਹਨ । ਸੰਪੂਰਨ ਸੰਹਿਤਾ ਵਿੱਚ 40 ਅਧਿਆਇ ਤੇ 1975 ਮੰਤਰ ਹਨ । ਯੱਗ ਨਾਲ ਸੰਬੰਧਿਤ ਕਰਮ ਕਾਂਡ ਲਈ ਮੰਤਰਾਂ ਦੀ ਪੇਸ਼ਕਾਰੀ ਇਸ ਦਾ ਵਰਨ ਵਿਸ਼ਾ ਹੈ । ਇਸ ਦਾ 40ਵਾਂ ਅਧਿਆਇ ਸ਼ੁੱਧ ਗਿਆਨ ਪਰਕ ਹੈ ਅਤੇ ਉਸ ਦਾ ਨਾਂ ਹੈ ਈਸ਼ਾਵਾਸਯਪਨਿਸ਼ਦ । ਇਸੇ ਤਰ੍ਹਾਂ ਇਸ ਸੰਹਿਤਾ ਦੇ 34ਵੇਂ ਅਧਿਆਇ ਦੇ ਛੇ ਮੰਤਰ ਸੰਕਲਪੋਪਨਿਸ਼ਦ ਦੇ ਨਾਂ ਨਾਲ ਪ੍ਰਸਿੱਧ ਹਨ ।

        ਕਾਣਵ ਸੰਹਿਤਾ : ਇਸ ਸੰਹਿਤਾ ਦਾ ਪ੍ਰਸਿੱਧ ਕਣਵ ਰਿਸ਼ੀ ਨਾਲ ਹੈ । ਇਸ ਸੰਹਿਤਾ ਵਿੱਚ 40 ਅਧਿਆਇ , 328 ਅਨੁਵਾਦ ਅਤੇ 2086 ਮੰਤਰ ਹਨ । ਹਰ ਵੇਦ ਦੀ ਤਰ੍ਹਾਂ ਯਜੁਰਵੇਦ ਵਿੱਚ ਵੀ ਰਿਸ਼ੀ , ਦੇਵਤਾ ਅਤੇ ਛੰਦ ਦਾ ਮਹੱਤਵਪੂਰਨ ਸਥਾਨ ਹੈ । ਪੂਰੇ ਸ਼ੁਕਲ ਯਜੁਰਵੇਦ ਦੇ ਰਿਸ਼ੀ ਵਿਵਸਵਾਨ ਹਨ । ਦਰਸ਼ਪੌਰਣਮਾਸ ਆਦਿ ਪ੍ਰਕਰਨਾਂ ਦੇ ਰਿਸ਼ੀ ਸਮੂਹਿਕ ਰੂਪ ਵਿੱਚ ਆਏ ਹਨ ਅਤੇ ਜਿਨ੍ਹਾਂ ਵਿੱਚ ਪ੍ਰਜਾਪਤੀ , ਵਿਸ਼ਿਸ਼ਠ ਵਰੁਣ , ਬ੍ਰਿਹਸਪਤੀ ਇੰਦਰ ਆਦਿ ਦੇ ਨਾਂ ਹਨ । ਤੀਜੇ ਪੱਧਰ ਦੇ ਰਿਸ਼ੀਆਂ ਵਿੱਚ ਉਹ ਰਿਸ਼ੀ ਹਨ ਜਿਨ੍ਹਾਂ ਨੇ ਵੇਦ-ਮੰਤਰਾਂ ਦੀ ਦੇਵਤਿਆਂ ਦੀ ਉਸਤਤਿ ਜਾਂ ਪ੍ਰਾਰਥਨਾ ਆਦਿ ਲਈ ਵਰਤੋਂ ਕੀਤੀ ਅਤੇ ਅਜਿਹੇ ਰਿਸ਼ੀ ਹਨ ਪਰਮੇਸ਼ਠੀ ਪ੍ਰਜਾਪਤੀ , ਅਘਸ਼ੰਸ , ਵਿਸ਼ਵਾਵਸੂ , ਬ੍ਰਿਹਸਪਤੀ ਆਂਗੀਰਸ , ਕਪੀ , ਦੇਵਲ , ਯਵਮਾਨ , ਵਸੁਸ਼੍ਰਵ , ਭਰਦਵਾਜ ਗੋਤਮ , ਨਾਗਾਇਣ , ਵਤਸ , ਮੇਧਾਤਿਥੀ , ਦੀਰਘਤਮਾ , ਭਾਰਗਵ , ਅਗਸਤਯ ਆਦਿ । ਯਜੁਰਵੇਦ ਦੇ ਦੇਵਤਿਆਂ ਵਿੱਚ ਅਗਨੀ , ਅਦਿਤੀ , ਅਰਯਮਾ , ਅਸ਼ਵਿਨੀ ਕੁਮਾਰ , ਅਸੁਰ , ਅਦਿਤਯ , ਇੰਦਰ , ਇੰਦਰਾਗਨੀ , ਇੰਦਰਵਾਯੂ , ਇੰਦਰਮਾਰੁਤ , ਉਸ਼ਾ , ਗੰਧਰਵ , ਚੰਦਰਮਾ , ਤ੍ਵਸ਼ਟਾ , ਮਿਤਰ , ਭਰਾ , ਬ੍ਰਿਹਸਪਤੀ , ਮਰੁਦਗਣ , ਮਿੱਤਰ , ਰੁਦਰ ਗਾਣ , ਵਰੁਣ , ਵਾਯੂ , ਵਾਕ , ਵਿਸ਼ਵਕਰਮਾ , ਵਾਕ , ਸਰਸਵਤੀ , ਸਵਿਤਾ , ਸਿਨੀਵਾਲੀ , ਸੂਰਜ ਆਦਿ ਪ੍ਰਮੁਖ ਹਨ । ਇਸੇ ਤਰ੍ਹਾਂ ਯਜੁਰਵੇਦ ਦੇ ਮੁੱਖ ਛੰਦ ਹਨ-ਅਤਿਜਗਤੀ , ਅਤਿਧ੍ਰਿਤੀ , ਅਤਿਸ਼ਕਵਰੀ , ਅਨੁਸ਼ਟੁਪ , ਅਭਿਕ੍ਰਿਤੀ , ਅਸ਼ਟੀ , ਆਕ੍ਰਿਤੀ , ਉਸ਼ਣਿਕ , ਗਾਯਤ੍ਰੀ , ਜਗਤੀ , ਤ੍ਰਿਸ਼ਟੁਪ , ਪੰਕਤੀ , ਪ੍ਰਕ੍ਰਿਤੀ , ਬ੍ਰਿਹਤੀ , ਵਿਕ੍ਰਿਤੀ , ਸ਼ਕਵਰੀ ਆਦਿ । ਇਸ ਤਰ੍ਹਾਂ ਯਜੁਰਵੇਦ ਸੰਸਕ੍ਰਿਤ ਸਾਹਿਤ ਦਾ ਇੱਕ ਮਹੱਤਵਪੂਰਨ ਗ੍ਰੰਥ ਹੈ ।


ਲੇਖਕ : ਰਵਿੰਦਰ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1180, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.