ਰੈਮ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
RAM
ਰੈਮ (RAM) ਨੂੰ ਰੈਂਡਮ ਐਕਸੈੱਸ ਮੈਮਰੀ (Random Access Memory) ਕਿਹਾ ਜਾਂਦਾ ਹੈ। ਜਿਸ ਵਿੱਚ ਪੜ੍ਹਨ ਅਤੇ ਲਿਖਣ ਦੀ ਸਮਰੱਥਾ ਹੁੰਦੀ ਹੈ। ਰੈਮ ਵਿੱਚ ਅੰਕੜਿਆਂ ਨੂੰ ਸਟੋਰ ਕਰਨ ਦਾ ਕੋਈ ਨਿਰਧਾਰਿਤ ਕ੍ਰਮ ਨਹੀਂ ਹੁੰਦਾ , ਅਰਥਾਤ ਇਸ ਵਿੱਚ ਰੈਂਡਮ ਐਕਸੈੱਸ ਹੁੰਦਾ ਹੈ। ਇਸ ਕਾਰਨ ਇਸਦਾ ਕੋਈ ਹਿੱਸਾ ਪਹਿਲਾਂ ਪੜ੍ਹਿਆ ਜਾ ਸਕਦਾ ਹੈ ਤੇ ਕੋਈ ਬਾਅਦ ਵਿੱਚ। ਰੈਮ ਇੱਕ ਚਿੱਪ (Chip) ਦੇ ਰੂਪ ਵਿੱਚ ਉਪਲਬਧ ਹੁੰਦੀ ਹੈ। ਇਸਦਾ ਸਭ ਤੋਂ ਵੱਡਾ ਨੁਕਸਾਨ ਇਹ ਹੈ ਕਿ ਇਹ ਵੋਲੇਟਾਈਲ (Volatile) ਕਿਸਮ ਦੀ ਹੁੰਦੀ ਹੈ। ਰੈਮ ਚਿੱਪ ਨੂੰ ਬਿਜਲੀ ਦੇਣੀ ਜਿਉਂ ਹੀ ਬੰਦ ਕਰ ਦਿੱਤੀ ਜਾਵੇ ਤਾਂ ਇਸ ਵਿੱਚ ਪਿਆ ਡਾਟਾ ਨਸ਼ਟ ਹੋ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਕੰਪਿਊਟਰ ਉੱਤੇ ਘੰਟਿਆਂ ਬੱਧੀ ਕੀਤਾ ਕੰਮ ਪਲ ਭਰ ਵਿੱਚ ਮਿੱਟੀ ਹੋ ਸਕਦਾ ਹੈ।
ਆਮ ਤੌਰ ਤੇ ਕੰਪਿਊਟਰ ਦੀ ਮੈਮਰੀ ਤੋਂ ਭਾਵ ਰੈਮ ਤੋਂ ਹੀ ਲਿਆ ਜਾਂਦਾ ਹੈ। ਰੈਮ ਬਹੁਤ ਹੀ ਘੱਟ ਬਿਜਲਈ ਊਰਜਾ ਖਪਤ ਕਰਦੀ ਹੈ। ਇਹ ਇੱਕ ਅਜਿਹਾ ਮੈਮਰੀ ਖੇਤਰ ਹੈ ਜਿੱਥੇ ਅੰਕੜਿਆਂ ਨੂੰ ਅਸਥਾਈ ਤੌਰ ਤੇ ਸਟੋਰ ਕੀਤਾ ਜਾਂਦਾ ਹੈ। ਅਜਿਹਾ ਕਰਨ ਨਾਲ ਅੰਕੜਿਆਂ ਨੂੰ ਸੀਪੀਯੂ ਅਤੇ ਓਪਰੇਟਿੰਗ ਸਿਸਟਮ ਵਿੱਚ ਪਹੁੰਚਾਉਣਾ ਯਕੀਨੀ ਹੋ ਜਾਂਦਾ ਹੈ। ਇਹ ਇੱਕ ਅਜਿਹੀ ਥਾਂ ਹੈ ਜਿਸ 'ਤੇ ਸੀਪੀਯੂ ਸੋਚਣ ਜਾਂ ਪ੍ਰਕਿਰਿਆ ਕਰਨ ਦਾ ਕੰਮ ਕਰਦਾ ਹੈ। ਕੰਪਿਊਟਰ ਵਿੱਚ ਹੋਣ ਵਾਲੀਆਂ ਗਣਨਾਵਾਂ ਰੈਮ ਦੀ ਮਦਦ ਨਾਲ ਪੂਰੀਆਂ ਹੁੰਦੀਆਂ ਹਨ।
ਤੁਹਾਡੇ ਕੰਪਿਊਟਰ ਦੀ ਰੈਮ ਜਿੰਨੀ ਵੱਡੀ ਹੋਵੇਗੀ, ਤੁਸੀਂ ਆਪਣੇ ਕੰਪਿਊਟਰ ਤੋਂ ਇਕੋ ਸਮੇਂ ਓਨੇ ਹੀ ਵਧੇਰੇ ਕੰਮ ਲੈ ਸਕੋਗੇ। ਗ੍ਰਾਫੀਕਸ ਅਤੇ ਮਲਟੀਮੀਡੀਆ ਪ੍ਰੋਗਰਾਮਾਂ ਲਈ ਵਰਡ ਪ੍ਰੋਸੈਸਰ ਪ੍ਰੋਗਰਾਮਾਂ ਦੇ ਮੁਕਾਬਲੇ ਵੱਧ ਰੈਮ ਦੀ ਲੋੜ ਪੈਂਦੀ ਹੈ।
ਰੈਮ ਦੋ ਪ੍ਰਕਾਰ ਦੀ ਹੋ ਸਕਦੀ ਹੈ :
· ਡਾਇਨੈਮਿਕ ਰੈਮ (DRAM)
· ਸਟੈਟਿਕ ਰੈਮ (SRAM)
(i) ਡਾਇਨੈਮਿਕ ਰੈਮ : ਡਾਇਨੈਮਿਕ ਰੈਮ ਦੀ ਯਾਦਦਾਸ਼ਤ ਸੈੱਲ ਪਰਿਪੱਥਾਂ (Circuits) ਦੇ ਰੂਪ ਵਿੱਚ ਉਪਲਬਧ ਹੁੰਦੀ ਹੈ। ਇਹ ਪਰਿਪੱਥ ਟ੍ਰਾਂਜਿਸਟਰ ਜਾਂ ਕਪੈਸਟਰ ਦੇ ਬਣੇ ਹੋ ਸਕਦੇ ਹਨ। ਟ੍ਰਾਂਜਿਸਟਰਾਂ ਦੀ ਸਵਿਚਿੰਗ ਪ੍ਰਕਿਰਿਆ ਦੇ ਅਧਾਰ 'ਤੇ ਕਪੈਸਟਰ ਆਪਣੇ ਵਿੱਚ ਚਾਰਜ ਸਟੋਰ ਕਰਦਾ ਹੈ। ਕਪੈਸਟਰ 'ਸਿਫ਼ਰ' (0), 'ਇਕ' (1) ਦੇ ਆਧਾਰ ਤੇ ਕੰਮ ਕਰਦੇ ਹਨ। ਜਿਸ ਵਿੱਚ ਸਿਫ਼ਰ ਤੋਂ ਭਾਵ ਕੋਈ ਚਾਰਜ ਨਹੀਂ ਅਰਥਾਤ ਪੱਧਰ 'ਜ਼ੀਰੋ' ਅਤੇ ਇਕ ਤੋਂ ਭਾਵ ਚਾਰਜ ਹੈ ਅਰਥਾਤ ਪੱਧਰ 'ਇਕ' ਸਮਝਿਆ ਜਾਂਦਾ ਹੈ। ਜੇਕਰ ਡਾਇਨੈਮਿਕ ਰੈਮ ਅਤੇ ਸਟੈਟਿਕ ਰੈਮ ਦੀਆਂ ਬਰਾਬਰ ਅਕਾਰ ਵਾਲੀਆਂ ਚਿੱਪਾਂ ਲਈਆਂ ਜਾਣ ਤਾਂ ਇਹਨਾਂ ਵਿੱਚੋਂ ਡਾਇਨੈਮਿਕ ਰੈਮ ਉੱਤੇ ਜ਼ਿਆਦਾ ਅੰਕੜੇ ਸਟੋਰ ਕੀਤੇ ਜਾ ਸਕਦੇ ਹਨ। ਸਟੈਟਿਕ ਰੈਮ ਦੇ ਮੁਕਾਬਲੇ ਡਾਇਨੈਮਿਕ ਰੈਮ ਬਿਜਲੀ ਬਹੁਤ ਘੱਟ ਖਪਤ ਕਰਦੀ ਹੈ।
(ii) ਸਟੈਟਿਕ ਰੈਮ : ਸਟੈਟਿਕ ਰੈਮ ਵੀ ਡਾਇਨੈਮਿਕ ਰੈਮ ਦੀ ਤਰ੍ਹਾਂ ਵੋਲੇਟਾਈਲ ਹੁੰਦੀ ਹੈ। ਸਟੈਟਿਕ ਰੈਮ ਵਿੱਚ ਅੰਕੜੇ ਆਦਿ ਸਟੋਰ ਕਰਨ ਲਈ ਵੱਡੀ ਮਾਤਰਾ ਵਿੱਚ ਟ੍ਰਾਂਜਿਸਟਰਾਂ ਅਤੇ ਹੋਰ ਪਰਿਪੱਥਾਂ ਦੀ ਜ਼ਰੂਰਤ ਪੈਂਦੀ ਹੈ। ਇਸੇ ਕਾਰਨ ਸਟੈਟਿਕ ਮੈਮਰੀ ਦਾ ਅਕਾਰ ਡਾਇਨੈਮਿਕ ਮੈਮਰੀ ਨਾਲੋਂ ਵੱਡਾ ਹੁੰਦਾ ਹੈ ਤੇ ਇਹ ਬਿਜਲੀ ਦੀ ਖਪਤ ਵੀ ਵੱਧ ਕਰਦੀ ਹੈ। ਸਟੈਟਿਕ ਰੈਮ ਦੀ ਵਰਤੋਂ ਕੁਝ ਵਿਸ਼ੇਸ਼ ਕੰਮਾਂ ਲਈ ਕੀਤੀ ਜਾਂਦੀ ਹੈ। ਸਟੈਟਿਕ ਰੈਮ ਡਾਇਨੈਮਿਕ ਰੈਮ ਦੇ ਮੁਕਾਬਲੇ ਵਧੇਰੇ ਤੇਜ਼ ਹੁੰਦੀ ਹੈ। ਸਟੈਟਿਕ ਰੈਮ ਦਾ ਐਕਸੈੱਸ ਟਾਈਮ 80 ਨੈਨੋ ਸੈਕਿੰਡ ਮੰਨਿਆ ਗਿਆ ਹੈ। ਇਸ ਤੋਂ ਮਤਲਬ ਇਹ ਹੋਇਆ ਕਿ ਸਟੈਟਿਕ ਰੈਮ ਆਪਣੇ ਵਿੱਚੋਂ ਕਿਸੇ ਅੰਕੜੇ ਨੂੰ ਪੜ੍ਹਨ ਜਾਂ ਲਿਖਣ ਲਈ 80 ਨੈਨੋ ਸੈਕਿੰਡ ਦਾ ਸਮਾਂ ਲਗਾਉਂਦੀ ਹੈ। ਦੂਜੇ ਪਾਸੇ ਡਾਇਨੈਮਿਕ ਰੈਮ ਦਾ ਐਕਸੈੱਸ ਟਾਈਮ ਬਹੁਤ ਜ਼ਿਆਦਾ 120 ਤੋਂ 200 ਨੈਨੋ ਸੈਕਿੰਡ ਦਰਮਿਆਨ ਹੁੰਦਾ ਹੈ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11193, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਰੈਮ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
RAM
ਰੈਮ ਦਾ ਪੂਰਾ ਨਾਮ ਹੈ- ਰੈਂਡਮ ਐਕਸੈੱਸ ਮੈਮਰੀ। ਇਸ ਨੂੰ ਰੀਡ ਐਂਡ ਰਾਈਟ ਮੈਮਰੀ ਵੀ ਕਿਹਾ ਜਾਂਦਾ ਹੈ। ਇਹ ਕੰਪਿਊਟਰ ਦੀ ਮੁੱਖ ਯਾਦਦਾਸ਼ਤ ਹੈ। ਇਸ ਉੱਤੇ ਲਿਖਿਆ ਅਤੇ ਪੜ੍ਹਿਆ ਜਾ ਸਕਦਾ ਹੈ। ਬਿਜਲੀ ਚਲੀ ਜਾਣ ਉਪਰੰਤ ਇਸ ਉੱਤੇ ਪਏ ਅੰਕੜੇ ਨਸ਼ਟ ਹੋ ਜਾਂਦੇ ਹਨ। ਇਸੇ ਕਾਰਨ ਇਸ ਨੂੰ ਵੋਲੇਟਾਈਲ ਮੈਮਰੀ ਕਿਹਾ ਜਾਂਦਾ ਹੈ। ਇਹ ਸਟੋਰੇਜ ਉਪਕਰਨਾਂ ਜਿਵੇਂ ਕਿ ਹਾਰਡ ਡਿਸਕ , ਸੀਡੀ ਆਦਿ ਤੋਂ ਤੇਜ਼ ਰਫ਼ਤਾਰ ਵਾਲੀ ਯਾਦਦਾਸ਼ਤ ਹੈ। ਕੰਪਿਊਟਰ ਵਿੱਚ ਇਸ ਦੀ ਵਰਤੋਂ ਪ੍ਰੋਗਰਾਮ , ਓਪਰੇਟਿੰਗ ਸਿਸਟਮ ਅਤੇ ਚਲੰਤ ਰੂਪ ਵਿੱਚ ਵਰਤੇ ਜਾ ਰਹੇ ਅੰਕੜਿਆਂ ਨੂੰ ਆਰਜੀ ਸਟੋਰ ਕਰਨ ਲਈ ਕੀਤੀ ਜਾਂਦੀ ਹੈ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11193, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First