ਲਹਿਣਾ ਸਿੰਘ ਮਜੀਠੀਆ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਲਹਿਣਾ ਸਿੰਘ ਮਜੀਠੀਆ (ਮ. 1854 ਈ.): ਮਹਾਰਾਜਾ ਰਣਜੀਤ ਸਿੰਘ ਦੇ ਰਾਜ-ਕਾਲ ਵਿਚ ਹੋਇਆ ਇਕ ਪ੍ਰਮੁਖ ਅਤੇ ਸੂਝਵਾਨ ਮਜੀਠੀਆ ਸਰਦਾਰ ਜੋ ਦੇਸਾ ਸਿੰਘ ਮਜੀਠੀਆ ਦਾ ਪੁੱਤਰ ਸੀ ਅਤੇ ਮਜੀਠਾ ਪਿੰਡ ਵਿਚ ਪੈਦਾ ਹੋਇਆ ਸੀ। ਇਸ ਨੇ ਲਾਹੌਰ ਦਰਬਾਰ ਵਿਚ ਕਈ ਔਹਦਿਆਂ ਉਤੇ ਕੰਮ ਕਰਕੇ ਆਪਣੀ ਯੋਗਤਾ ਦੀ ਛਾਪ ਛਡੀ ਹੋਈ ਸੀ। ਸੰਨ 1832 ਈ. ਵਿਚ ਆਪਣੇ ਪਿਤਾ ਦੇ ਦੇਹਾਂਤ ਤੋਂ ਬਾਦ ਇਸ ਨੂੰ ਕਾਂਗੜਾ ਅਤੇ ਹੋਰ ਪਹਾੜੀ ਇਲਾਕਿਆਂ ਦਾ ਨਾਜ਼ਿਮ ਥਾਪਿਆ ਗਿਆ। ਆਮ ਤੌਰ ’ਤੇ ਇਹ ਬਾਹਰੋਂ ਆਏ ਦੇਸੀ ਵਿਦੇਸੀ ਰਾਜਸੀ ਮਹਿਮਾਨਾਂ ਦੀ ਦੇਖ-ਭਾਲ ਕਰਦਾ ਸੀ ਅਤੇ ਮਹਾਰਾਜਾ ਸਾਹਿਬ ਵਲੋਂ ਭੇਜੇ ਜਾਂਦੇ ਸਦਭਾਵਨਾ ਮਿਸ਼ਨਾਂ ਦੀ ਅਗਵਾਈ ਵੀ ਕਰਦਾ ਸੀ।
ਇਹ ਇਕ ਚੰਗਾ ਪ੍ਰਸ਼ਾਸ਼ਕ ਹੀ ਨਹੀਂ , ਜੋਤਿਸ਼- ਸ਼ਾਸਤ੍ਰ (ਖ਼ਾਸ ਕਰਕੇ ਗ੍ਰਹ ਵਿਗਿਆਨ) ਵਿਚ ਬਹੁਤ ਰੁਚੀ ਰਖਦਾ ਸੀ। ਇਹ ਇਕ ਚੰਗਾ ਮਕੈਨਿਕ ਅਤੇ ਵਿਉਂਤਸਾਜ਼ ਵੀ। ਇਸ ਨੇ ਕਈ ਬੰਦੂਕਾਂ ਅਤੇ ਤੋਪਾਂ ਦੇ ਨਮੂਨੇ ਤਿਆਰ ਕੀਤੇ ਜਿਨ੍ਹਾਂ ਦੀ ਬਾਦ ਵਿਚ ਅੰਗ੍ਰੇਜ਼ਾਂ ਨੇ ਨਕਲ ਕੀਤੀ। ਆਪਣੇ ਪਿਤਾ ਤੋਂ ਬਾਦ ਇਸ ਨੇ ਹਰਿਮੰਦਿਰ ਸਾਹਿਬ ਅੰਮ੍ਰਿਤਸਰ ਦੀ ਵਿਵਸਥਾ ਵੀ ਚੰਗੀ ਤਰ੍ਹਾਂ ਸੰਭਾਲੀ। ਮਹਾਰਾਜਾ ਰਣਜੀਤ ਸਿੰਘ ਦੇ ਦੇਹਾਂਤ ਤੋਂ ਬਾਦ ਭਾਵੇਂ ਲਾਹੌਰ ਦਰਬਾਰ ਡੋਗਰਿਆਂ ਅਤੇ ਸੰਧਾਵਾਲੀਆਂ ਦੇ ਧੜਿਆਂ ਵਿਚ ਵੰਡਿਆ ਗਿਆ, ਪਰ ਇਸ ਨੇ ਦੋਹਾਂ ਦੀਆਂ ਸਦਭਾਵਨਾ ਪ੍ਰਾਪਤ ਕੀਤੀ ਰਖੀ। ਸੰਨ 1844 ਈ. ਵਿਚ ਜਦੋਂ ਲਾਹੌਰ ਦਰਬਾਰ ਵਿਚ ਪੰਡਿਤ ਜੱਲਾ ਤਾਕਤ ਵਿਚ ਆ ਗਿਆ ਤਾਂ ਆਪਣੇ ਆਪ ਨੂੰ ਅਸੁਰਖਿਅਤ ਸਮਝਦਾ ਹੋਇਆ ਇਹ ਲਾਹੌਰੋਂ ਹਰਿਦੁਆਰ ਚਲਾ ਗਿਆ ਕਿਉਂਕਿ ਇਸ ਨੂੰ ਅਹਿਸਾਸ ਹੋ ਗਿਆ ਸੀ ਕਿ ਲਾਹੌਰ ਦਰਬਾਰ ਵਿਚ ਤਕੜੀ ਖ਼ਾਨਾਜੰਗੀ ਹੋਣ ਵਾਲੀ ਹੈ। ਇਸ ਸਥਿਤੀ ਬਾਰੇ ਸ਼ਾਹ ਮੁਹੰਮਦ ਨੇ ਆਪਣੇ ਜੰਗਨਾਮੇ ਵਿਚ ਲਿਖਿਆ ਹੈ— ਲਹਿਣਾ ਸਿੰਘ ਸਰਦਾਰ ਮਜੀਠੀਆ ਸੀ, ਵੱਡਾ ਅਕਲ ਦਾ ਕੋਟ ਕਮਾਲ ਮੀਆਂ। ਮਹਾਂ ਬਲੀ ਸਰਦਾਰ ਸੀ ਪੰਥ ਵਿਚੋਂ, ਡਿਠੀ ਬਣੀ ਕੁਚੱਲਣੀ ਚਾਲ ਮੀਆਂ। ਦਿਲ ਆਪਣੇ ਬੈਠੇ ਵਿਚਾਰ ਕਰਦਾ, ਏਥੇ ਕਈਆਂ ਦੇ ਹੋਣਗੇ ਕਾਲ ਮੀਆਂ। ਸ਼ਾਹ ਮੁਹੰਮਦਾ ਤੁਰ ਗਿਆ ਤੀਰਥਾਂ ਨੂੰ, ਸਭੋ ਛਡ ਕੇ ਦੇਗ- ਦਵਾਲ ਮੀਆਂ।31।
ਇਸ ਦੇ ਹਰਿਦੁਆਰ ਚਲੇ ਜਾਣ ਤੋਂ ਬਾਦ ਹੀਰਾ ਸਿੰਘ ਡੋਗਰਾ ਨੇ ਇਸ ਦੀ ਸਾਰੀ ਜਾਗੀਰ ਅਤੇ ਮਾਲ ਧੰਨ ਜ਼ਬਤ ਕਰ ਲਿਆ। ਹਰਿਦੁਆਰ ਤੋਂ ਪੰਜਾਬ ਪਰਤਣ ਦੀ ਥਾਂ ਇਹ ਬਨਾਰਸ , ਜਗਨ-ਨਾਥ ਅਤੇ ਕਲਕੱਤੇ ਚਲਾ ਗਿਆ। ਰਾਣੀ ਜਿੰਦਾਂ ਵਲੋਂ ਕੀਤੀ ਗਈ ਵਜ਼ੀਰ ਬਣਾਉਣ ਦੀ ਪੇਸ਼ਕਸ਼ ਨੂੰ ਵੀ ਇਸ ਨੇ ਠੁਕਰਾ ਦਿੱਤਾ। ਅੰਗ੍ਰੇਜ਼ਾਂ ਦੀ ਸਿੱਖਾਂ ਨਾਲ ਹੋਈ ਪਹਿਲੀ ਲੜਾਈ ਦੌਰਾਨ ਇਸ ਨੂੰ ਨਜ਼ਰਬੰਦ ਕਰ ਦਿੱਤਾ ਅਤੇ ਲੜਾਈ ਦੇ ਖ਼ਤਮ ਹੋਣ ਤੋਂ ਬਾਦ ਆਜ਼ਾਦ ਕੀਤਾ ਗਿਆ। ਸੰਨ 1851 ਈ. ਵਿਚ ਇਹ ਲਾਹੌਰ ਪਰਤਿਆ, ਪਰ ਕੁਝ ਸਮਾਂ ਰਹਿ ਕੇ ਵਾਪਸ ਚਲਾ ਗਿਆ। ਸੰਨ 1854 ਈ. ਵਿਚ ਇਸ ਨੇ ਬਨਾਰਸ ਵਿਚ ਪ੍ਰਾਣ ਤਿਆਗੇ। ਆਪਣੀ ਜਾਨ ਨੂੰ ਬਚਾਉਣ ਲਈ ਇਸ ਨੇ ਆਪਣਾ ਘਰ- ਬਾਰ ਛਡਿਆ ਕਿਉਂਕਿ ਜੋਤਿਸ਼ ਵਿਦਿਆ ਰਾਹੀਂ ਇਸ ਨੂੰ ਲਾਹੌਰ ਦਰਬਾਰ ਦਾ ਭਵਿਸ਼ ਦਿਨ ਦੇ ਚਾਨਣ ਵਾਂਗ ਸਪੱਸ਼ਟ ਹੋ ਗਿਆ। ਪਰ ਭੂਤਰੇ ਹੋਏ ਫ਼ੌਜੀ ਅਤੇ ਸਰਕਸ਼ ਦਰਬਾਰੀ ਇਸ ਦੀਆਂ ਪੇਸ਼ੀਨਗੋਈਆਂ ਦਾ ਮਜ਼ਾਕ ਉਡਾਉਂਦੇ ਹੋਏ ਇਸ ਨੂੰ ‘ਸਿਰਫਿਰਾ’ ਕਹਿ ਦਿੰਦੇ ਸਨ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2651, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First