ਲਾਲ ਕਿਲ੍ਹਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਲਾਲ ਕਿਲ੍ਹਾ: ਦਿੱਲੀ ਵਿਚ ਯਮੁਨਾ ਨਦੀ ਦੇ ਕੰਢੇ ਉਸਰਿਆ ਲਾਲ ਕਿਲ੍ਹਾ ਭਾਰਤ ਦਾ ਇਕ ਰਾਸ਼ਟਰੀ ਪ੍ਰਤੀਕ ਹੈ। ਇਸ ਉਤੇ ਹਰ 15 ਅਗਸਤ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਕੌਮ ਨੂੰ ਮੁਖ਼ਾਤਬ ਹੁੰਦੇ ਹਨ। ਇਸ ਨੂੰ ਮੁਗ਼ਲ ਬਾਦਸ਼ਾਹ ਸ਼ਾਹਜਹਾਂ ਨੇ ਸੰਨ 1639 ਈ. ਵਿਚ ਬਣਵਾਉਣਾ ਸ਼ੁਰੂ ਕੀਤਾ ਅਤੇ ਗ਼ੈਰਤਖ਼ਾਨ ਦੀ ਨਿਗਰਾਨੀ ਅਧੀਨ ਨੌਂ ਸਾਲਾਂ ਬਾਦ ਮੁਕੰਮਲ ਹੋਇਆ। ਇਸ ਵਿਚ ਬਣੇ ਦੀਵਾਨੇ-ਆਮ ਵਿਚ ਸ਼ਾਹਜਹਾਂ ਆਮ ਦਰਬਾਰ ਲਗਾਉਂਦਾ ਹੁੰਦਾ ਸੀ ਅਤੇ ਦੀਵਾਨੇ-ਖ਼ਾਸ ਵਿਚ ਬਾਦਸ਼ਾਹ ਆਪਣੇ ਚੁਣੇ ਹੋਏ ਦਰਬਾਰੀਆਂ ਅਤੇ ਸਰਦਾਰਾਂ ਨੂੰ ਮਿਲਦਾ ਸੀ। ਇਸ ਵਿਚ ਇਕ ਸੰਗਮਰਮਰ ਦੇ ਮੰਚ ਉਤੇ ‘ਤਖ਼ਤੇ-ਤਾਊਸ’ ਸਥਾਪਿਤ ਸੀ ਜਿਸ ਉਤੇ ਬਾਦਸ਼ਾਹ ਖ਼ੁਦ ਬੈਠਦਾ ਸੀ ਅਤੇ ਉਸ ਦੇ ਵਜ਼ੀਰ ਆਦਿ ਨੇੜੇ ਦੇ ਮੰਚਾਂ ਜਾਂ ਫ਼ਰਸ਼ ਉਤੇ ਬੈਠ ਕੇ ਆਪਣੀ ਗੱਲ-ਬਾਤ ਕਰਦੇ ਸਨ ਜਾਂ ਬਾਦਸ਼ਾਹ ਤੋਂ ਹੁਕਮ ਲੈਂਦੇ ਸਨ। ਇਸ ਦੇ ਦੱਖਣ ਵਾਲੇ ਪਾਸੇ ਤਿੰਨ ਕਮਰਿਆਂ ਦਾ ‘ਤਸਬੀਹਖ਼ਾਨਾ’ ਹੈ ਅਤੇ ਇਸ ਤੋਂ ਪਿਛੇ ਤਿੰਨ ਕਮਰਿਆਂ ਵਾਲੀ ‘ਖ਼੍ਵਾਬਗਾਹ’। ਦੀਵਾਨੇ-ਖ਼ਾਸ ਕੋਲ ਬਣੇ ਤਿੰਨ ਕਮਰਿਆਂ ਦੇ ਸ਼ਾਹੀ ਹਮਾਮ ਵਿਚ ਗਰਮ ਅਤੇ ਠੰਡੇ ਦੋਹਾਂ ਤਰ੍ਹਾਂ ਦੇ ਪਾਣੀਆਂ ਦੀ ਵਿਵਸਥਾ ਹੈ। ਇਸ ਵਿਚਲੇ ਇਕ ਕਮਰੇ ਵਿਚ ਗੁਲਾਬ-ਜਲ ਦਾ ਫ਼ਵਾਰਾ ਹੈ। ਸਾਰਾ ਵਾਤਾਵਰਣ ਸੁਹਾਵਣਾ ਹੋਣ ਕਾਰਣ ਇਸ ਨੂੰ ਸ਼ਾਹਜਹਾਂ ਨੇ ਧਰਤੀ ਉਤੇ ਬਹਿਸ਼ਤ ਕਿਹਾ ਸੀ। ਇਸ ਇਮਾਰਤ ਵਿਚ ਕੇਵਲ ਸਫ਼ੈਦ ਰੰਗ ਦਾ ਸੰਗਮਰਮਰ ਵਰਤਿਆ ਹੋਇਆ ਹੈ ਅਤੇ ਉਸ ਵਿਚ ਥਾਂ-ਪਰ-ਥਾਂ ਕੀਮਤੀ ਪੱਥਰ ਜੜ੍ਹੇ ਹੋਏ ਸਨ, ਜੋ ਬਾਦ ਦੇ ਹਮਲਾਵਰਾਂ ਨੇ ਕਢ ਲਏ ਸਨ।

ਕਿਲ੍ਹੇ ਦੇ ਵਾਤਾਵਰਣ ਨੂੰ ਠੀਕ ਰਖਣ ਲਈ ਕਈ ਨਹਿਰਾਂ ਬਣੀਆਂ ਹੋਈਆਂ ਸਨ। ਇਨ੍ਹਾਂ ਨੂੰ ਨਹਿਰੇ-ਬਹਿਸ਼ਤ ਕਿਹਾ ਜਾਂਦਾ ਸੀ। ਬਾਦਸ਼ਾਹ ਅਤੇ ਉਸ ਦੇ ਪਰਿਵਾਰ ਦੀ ਸੈਰ ਲਈ ਕਈ ਬਾਗ਼ ਵੀ ਬਣੇ ਹੋਏ ਸਨ, ਜਿਨ੍ਹਾਂ ਨੂੰ ਅੰਗ੍ਰੇਜ਼ਾਂ ਨੇ ਖ਼ਤਮ ਕਰਕੇ ਫ਼ੌਜੀ ਬੈਰਕਾਂ ਬਣਾਈਆਂ ਸਨ। ਇਸ ਕਿਲ੍ਹੇ ਅੰਦਰ ‘ਰੰਗ ਮਹਲ ’, ‘ਮੁਮਤਾਜ਼ ਮਹਲ’ ਆਦਿ ਕੁਝ ਹੋਰ ਵੀ ਇਮਾਰਤਾਂ ਬਣੀਆਂ ਹੋਈਆਂ ਸਨ। ਔਰੰਗਜ਼ੇਬ ਨੇ ਆਪਣੀ ਇਬਾਦਤ ਲਈ ਕਿਲ੍ਹੇ ਅੰਦਰ ਮੋਤੀ-ਮਸਜਿਦ ਬਣਵਾਈ ਸੀ। ਲਾਲ ਪੱਥਰ ਦਾ ਬਣਿਆ ਹੋਣ ਕਾਰਣ ਇਸ ਕਿਲ੍ਹੇ ਦਾ ਨਾਂ ‘ਲਾਲ ਕਿਲ੍ਹਾ’ ਪ੍ਰਸਿੱਧ ਹੋਇਆ ਹੈ। ਇਸ ਦੇ ਦੋ ਦਰਵਾਜ਼ੇ ਹਨ। ਇਕ ਦਰਵਾਜ਼ਾ ਚਾਂਦਨੀ ਚੌਕ ਵਲ ਖੁਲ੍ਹਦਾ ਹੈ ਅਤੇ ਦੂਜਾ ਦਰਿਆ ਗੰਜ ਵਲ। ਕਿਲ੍ਹੇ ਦੇ ਇਰਦ- ਗਿਰਦ ਕਾਫ਼ੀ ਡੂੰਘੀ ਖਾਈ ਬਣੀ ਹੋਈ ਹੈ। ਦਰਿਆ ਵਾਲੇ ਪਾਸੇ ਇਕ ਵਿਸ਼ੇਸ਼ ਝਰੋਖਾ ਹੈ ਜਿਥੇ ਬਾਦਸ਼ਾਹ ਲੋਕਾਂ ਨੂੰ ਦਰਸ਼ਨ ਦਿੰਦਾ ਸੀ।

ਸ. ਬਘੇਲ ਸਿੰਘ (ਵੇਖੋ) ਅਤੇ ਹੋਰ ਅਨੇਕ ਸਿੱਖ ਸਰਦਾਰਾਂ ਅਤੇ ਮਿਸਲਦਾਰਾਂ ਨੇ ਤੀਹ ਹਜ਼ਾਰ ਘੋੜ ਸਵਾਰ ਫ਼ੌਜ ਇਕੱਠੀ ਕਰਕੇ 11 ਮਾਰਚ 1783 ਈ. ਨੂੰ ਦਿੱਲੀ ਉਤੇ ਅਜਮੇਰੀ ਗੇਟ ਰਾਹੀਂ ਹਮਲਾ ਕੀਤਾ ਅਤੇ ਦਿੱਲੀ ਦੇ ਬਾਜ਼ਾਰਾਂ ਵਿਚ ਹੋਈ ਗਹਿਗਚ ਲੜਾਈ ਤੋਂ ਬਾਦ ਲਾਲ ਕਿਲ੍ਹੇ ਵਿਚ ਪ੍ਰਵੇਸ਼ ਕੀਤਾ। ਦੀਵਾਨੇ-ਆਮ ਵਿਚ ਬੈਠ ਕੇ ਸ਼ਾਹ ਆਲਮ ਸਾਨੀ ਨੇ ਬੇਗਮ ਸਮਰੂ ਦੀ ਵਿਚੋਲਗੀ ਰਾਹੀਂ ਸਿੱਖਾਂ ਨਾਲ ਸੰਧੀ ਕੀਤੀ। ਤਿੰਨ ਲੱਖ ਰੁਪਏ ਹਰਜਾਨੇ ਵਜੋਂ ਲੈ ਕੇ ਕਿਲ੍ਹੇ ਦਾ ਕਬਜ਼ਾ ਛਡਿਆ।

ਮੁਗ਼ਲ ਸ਼ਾਸਕਾਂ ਤੋਂ ਬਾਦ ਇਹ ਅੰਗ੍ਰੇਜ਼ ਸਰਕਾਰ ਦੇ ਅਧੀਨ ਰਿਹਾ। ਆਜ਼ਾਦ ਹਿੰਦ ਫ਼ੌਜ ਦੇ ਤਿੰਨ ਅਫ਼ਸਰਾਂ—ਕਪਤਾਨ ਸਹਿਗਲ, ਕਪਤਾਨ ਢਿਲੋਂ ਅਤੇ ਕਪਤਾਨ ਸ਼ਾਹ ਨਵਾਜ਼ਖ਼ਾਨ—ਉਤੇ ਇਥੇ ਹੀ ਮੁਕੱਦਮਾ ਚਲਿਆ। 15 ਅਗਸਤ 1947 ਈ. ਨੂੰ ਦੇਸ਼ ਸੁਤੰਤਰ ਹੋਇਆ ਅਤੇ ਇਥੋਂ ਪਹਿਲੀ ਵਾਰ ਪੰਡਿਤ ਜਵਾਹਰ ਲਾਲ ਨਹਿਰੂ ਨੇ ਭਾਰਤ ਵਾਸੀਆਂ ਨੂੰ ਸੰਬੋਧਨ ਕੀਤਾ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1350, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.