ਲੋਪ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਲੋਪ : ਲੋਪ , ਇੱਕ ਧੁਨੀ-ਨੇਮ ਹੈ , ਜਿਸ ਦਾ ਸੰਬੰਧ ਭਾਸ਼ਾ ਦੇ ਪਰਿਵਰਤਨ ਨਾਲ ਹੈ । ਇਤਿਹਾਸਿਕ ਭਾਸ਼ਾ ਵਿਗਿਆਨ ਵਿੱਚ ਇਸ ਸੰਕਲਪ ਦੀ ਵਰਤੋਂ ਧੁਨੀ- ਪਰਿਵਰਤਨ ਨੂੰ ਦਰਸਾਉਣ ਲਈ ਕੀਤੀ ਜਾਂਦੀ ਹੈ । ਦਰਅਸਲ ਭਾਸ਼ਾ ਹਰ ਸਮੇਂ ਬਣਦੀ ਰਹਿੰਦੀ ਹੈ । ਭਾਸ਼ਾ ਦਾ ਬਦਲਾਓ ਜਾਂ ਪਰਿਵਰਤਨ ਹੀ ਭਾਸ਼ਾ ਦੇ ਜਿਊਂਦੇ ਹੋਣ ਦੀ ਨਿਸ਼ਾਨੀ ਹੈ । ਭਾਸ਼ਾ ਪਰਿਵਰਤਨ , ਭਾਸ਼ਾ ਵਿਕਾਸ ਹੈ । ਪਰ ਭਾਸ਼ਾ ਦਾ ਇਹ ਪਰਿਵਰਤਨ ਏਨਾ ਬੇਮਾਲੂਮਾ ਹੈ ਕਿ ਕਈ ਸਦੀਆਂ ਲੰਘ ਜਾਣ ਉਪਰੰਤ ਹੀ ਸਾਨੂੰ ਇਸ ਦਾ ਅਹਿਸਾਸ ਹੁੰਦਾ ਹੈ । ਭਾਸ਼ਾ ਪਰਿਵਰਤਨ ਦੇ ਅਨੇਕਾਂ ਸਮਾਜਿਕ , ਸੱਭਿਆਚਾਰਿਕ , ਮਨੋਵਿਗਿਆਨਿਕ , ਇਤਿਹਾਸਿਕ ਅਤੇ ਭੂਗੋਲਿਕ ਕਾਰਨ ਹੁੰਦੇ ਹਨ । ਮੋਟੇ ਤੌਰ ਤੇ ਇਹਨਾਂ ਪਰਿਵਰਤਨਾਂ ਨੂੰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ-ਬਾਹਰੀ ਪਰਿਵਰਤਨ ਅਤੇ ਅੰਦਰੂਨੀ ਪਰਿਵਰਤਨ । ਬਾਹਰੀ ਪਰਿਵਰਤਨ ਮਾਂਗਵੇ ਸ਼ਬਦਾਂ ਕਾਰਨ ਵਾਪਰਦੇ ਹਨ । ਇਹ ਪਰਿਵਰਤਨ ਵੱਖ-ਵੱਖ ਭਾਸ਼ਾਵਾਂ ਦੇ ਬੋਲਣਹਾਰਿਆਂ ਦੇ ਆਪਸੀ ਮੇਲਜੋਲ ਕਾਰਨ ਹੁੰਦੇ ਹਨ । ਬਾਕੀ ਦੇ ਪਰਿਵਰਤਨਾਂ ਨੂੰ ਅੰਦਰੂਨੀ ਪਰਿਵਰਤਨ ਕਿਹਾ ਜਾਂਦਾ ਹੈ । ਅੰਦਰੂਨੀ ਪਰਿਵਰਤਨਾਂ ਵਿੱਚ ਧੁਨੀਆਂ ਦਾ ਵਾਧਾ ਘਾਟਾ , ਸ਼ਬਦਾਵਲੀ ਵਿੱਚ ਪਰਿਵਰਤਨ ਅਤੇ ਉਹਨਾਂ ਦੇ ਅਰਥ ਘੇਰੇ ਵਿੱਚ ਵਾਧਾ ਸ਼ਾਮਲ ਹੈ ।

        ਲੋਪ ਦਾ ਸੰਬੰਧ ਧੁਨੀ ਪਰਿਵਰਤਨ ਨਾਲ ਹੈ । ਧੁਨੀ ਪਰਿਵਰਤਨ ਉਹ ਪ੍ਰਕਿਰਿਆ ਹੈ , ਜਿਸ ਰਾਹੀਂ ਕੁਝ ਕੁ ਧੁਨੀਆਂ ਜਾਂ ਤਾਂ ਗੁਆਚ ਜਾਂਦੀਆਂ ਹਨ ਜਾਂ ਨਵੀਆਂ ਪੈਦਾ ਹੋ ਜਾਂਦੀਆਂ ਹਨ । ਧੁਨੀ ਪਰਿਵਰਤਨ ਦੇ ਵੀ ਅਨੇਕ ਕਾਰਨ ਖੋਜੇ ਗਏ ਹਨ । ਪਹਿਲਾ ਕਾਰਨ ਤਾਂ ਧੁਨੀ ਵਿਗਿਆਨਿਕ ਹੈ । ਜਦੋਂ ਕੋਈ ਭਾਸ਼ਾਈ ਸਮਾਜ ਕਿਸੇ ਦੂਜੀ ਭਾਸ਼ਾ ਨੂੰ ਸਿੱਖਦਾ ਹੈ ਤਾਂ ਨਵੀਂ ਸਿੱਖੀ ਜਾ ਰਹੀ ਭਾਸ਼ਾ ਨੂੰ ਆਪਣੀ ਨਿੱਜੀ ਭਾਸ਼ਾ ਦੀ ਧੁਨੀ-ਵਿਉਂਤ ਅਨੁਸਾਰ ਢਾਲਦਾ ਹੈ । ਕਈ ਵਾਰੀ ਇੱਕ ਭਾਸ਼ਾ ਦੀਆਂ ਕੁਝ ਧੁਨੀਆਂ ਦੂਜੀ ਭਾਸ਼ਾ ਵਿੱਚ ਮੌਜੂਦ ਹੀ ਨਹੀਂ ਹੁੰਦੀਆਂ । ਦੂਜਾ ਅਹਿਮ ਕਾਰਨ ਮਨੋਵਿਗਿਆਨਿਕ ਹੈ । ਆਮ ਤੌਰ ਤੇ ਮਨੁੱਖ ਵਿੱਚ ਅਰਾਮ ਕਰਨ , ਸੰਕੋਚ ਕਰਨ , ਆਲਸ ਜਾਂ ਬੇਪ੍ਰਵਾਹੀ ਇੱਕ ਸੁਭਾਵਿਕ ਰੁਚੀ ਹੈ । ਬੋਲਣ ਸਮੇਂ ਸੌਖੀ ਤੋਂ ਸੌਖੀ ਧੁਨੀ ਉਚਾਰਨਾਂ ਮਨੁੱਖ ਦੀ ਸੁਭਾਵਿਕ ਪ੍ਰਵਿਰਤੀ ਹੈ । ਕਈ ਵਾਰੀ ਅਸੀਂ ਪਹਿਲਾਂ ਪ੍ਰਚਲਿਤ ਧੁਨੀਆਂ ਦੀ ਨਕਲ ਕਰ ਕੇ ਵੀ ਓਪਰੀਆਂ ਧੁਨੀਆਂ ਨੂੰ ਉਚਾਰਨ ਦੀ ਕੋਸ਼ਿਸ਼ ਕਰਦੇ ਹਾਂ । ਇਸ ਤੋਂ ਇਲਾਵਾ ਦੋ-ਭਾਸ਼ੀ ਸਮਾਜਾਂ ਵਿੱਚ ਵਿਭਿੰਨ ਬੁਲਾਰਿਆਂ ਦੀਆਂ ਉਚਾਰਨ ਆਦਤਾਂ ਵੀ ਧੁਨੀ ਪਰਿਵਰਤਨ ਦਾ ਕਾਰਨ ਬਣਦੀਆਂ ਹਨ । ਇਉਂ ਇਤਿਹਾਸਿਕ ਭਾਸ਼ਾ- ਵਿਗਿਆਨੀਆਂ ਨੇ ਧੁਨੀ ਪਰਿਵਰਤਨਾਂ ਦੀਆਂ ਭਿੰਨ ਕਿਸਮਾਂ ਅੰਕੀਆਂ ਹਨ-ਬਿਨਾਂ ਸੂਰਤ ਪਰਿਵਰਤਨ , ਪਰਿਸਥਿਤੀ ਅਨੁਸਾਰ ਪਰਿਵਰਤਨ ਅਤੇ ਵਿਕੋਲਿਤਰੇ ਪਰਿਵਰਤਨ ।

        ਧੁਨੀ-ਲੋਪ ਦੇ ਨੇਮ ਨੂੰ ਵਿਕੋਲਿਤਰੇ ਪਰਿਵਰਤਨਾਂ ਤਹਿਤ ਵਿਚਾਰਿਆ ਜਾਂਦਾ ਹੈ । ਅਜਿਹੇ ਪਰਿਵਰਤਨ ਅਨਿਯਮਤ ਤੌਰ ਤੇ ਧੁਨੀਆਂ ਵਿੱਚ ਵਾਪਰਦੇ ਹਨ । ਇਹਨਾਂ ਵਿੱਚੋਂ ਪਹਿਲਾਂ ਤੇ ਪ੍ਰਮੁਖ ਨੇਮ , ਧੁਨੀ ਲੋਪ ਨੇਮ ਹੀ ਹੈ । ਆਮ ਤੌਰ ਤੇ ਧੁਨੀ-ਲੋਪ ਉਚਾਰਨ ਦੀ ਸਹੂਲਤ ਕਾਰਨ ਵਾਪਰਦਾ ਹੈ । ਭਾਸ਼ਾ ਦੇ ਬੁਲਾਰੇ ਆਪਣੀ ਉਚਾਰਨ ਸਹੂਲਤ ਨੂੰ ਮੁੱਖ ਰੱਖਦਿਆਂ ਸ਼ਬਦ , ਅੱਖਰ ਜਾਂ ਕਿਸੇ ਉਚਾਰ-ਖੰਡ ਵਿਚਲੀਆਂ ਧੁਨੀਆਂ ਨੂੰ ਆਪਣੇ ਉਚਾਰਨ ਵਿੱਚੋਂ ਲੁਪਤ ਕਰ ਦਿੰਦੇ ਹਨ । ਇਉਂ ਹੌਲੀ-ਹੌਲੀ ਅਜਿਹੇ ਪਰਿਵਰਤਨ ਕਿਸੇ ਭਾਸ਼ਾ ਦੇ ਧੁਨੀ-ਪ੍ਰਬੰਧ ਨੂੰ ਪ੍ਰਭਾਵਿਤ ਵੀ ਕਰਦੇ ਹਨ ਅਤੇ ਸਮੁੱਚੇ ਤੌਰ ਤੇ ਭਾਸ਼ਾਈ ਪਰਿਵਰਤਨ ਜਾਂ ਵਿਕਾਸ ਦਾ ਕਾਰਨ ਬਣਦੇ ਹਨ । ਇਤਿਹਾਸਿਕ ਭਾਸ਼ਾ-ਵਿਗਿਆਨ ਵਿੱਚ ਲੇਪ ਦੀ ਪ੍ਰਕਿਰਿਆ ਨੂੰ ਹੇਠ ਲਿਖੇ ਅਨੁਸਾਰ ਪਛਾਣਿਆ ਗਿਆ ਹੈ-ਸ੍ਵਰ ਲੋਪ , ਵਿਅੰਜਨ ਲੋਪ , ਉਚਾਰਖੰਡ ਲੋਪ ।

        ਸ੍ਵਰ ਲੋਪ ਆਮ ਤੌਰ ਤੇ ਬਲ ਜਾਂ ਦਬਾ ਕੇ ਕਮਜ਼ੋਰ ਪੈਣ ਨਾਲ ਹੋ ਜਾਂਦਾ ਹੈ , ਜਿਵੇਂ ਸੰਸਕ੍ਰਿਤ ਦੇ ਸ਼ਬਦ ਅਹੰਕਾਰ ਤੋਂ ਪੰਜਾਬੀ ਵਿੱਚ ‘ ਹੰਕਾਰ’ ਅਤੇ ‘ ਏਕਾਦਸ਼ੀ’ ਤੋਂ ‘ ਕਾਦਸੀ’ ਬਣ ਗਿਆ ਹੈ । ਇਵੇਂ ਅਰਬੀ ‘ ਅਹਾਤਾ’ ਤੋਂ ਪੰਜਾਬੀ ( ਹਾਤਾ ) , ਅਸਵਾਰ ਤੋਂ ਸਵਾਰ , ਅਨੋਖਾ ਤੋਂ ਨੋਖਾ , ਅਨਾਜ ਤੋਂ ਨਾਜ ਅਤੇ ਫ਼ਾਰਸੀ ਅਫਸਾਨਾ ਤੋਂ ਫਸਾਨਾ ਆਦਿ ਸ਼ਬਦਾਂ ਵਿੱਚ ।

        ਕਈ ਵਾਰੀ ਕਿਸੇ ਸ਼ਬਦ ਦਾ ਵਿਅੰਜਨ ਲੋਪ ਹੋ ਜਾਂਦਾ ਹੈ । ਜਿਵੇਂ ਸਥਾਨ ਤੋਂ ਥਾਂ , ਸਥਲ ਤੋਂ ਥਲ , ਸੰਥਾਲੀ ਤੋਂ ਥਾਲੀ , ਸੁਮਸਾਨ ਤੋਂ ਮਸਾਣ , ਸਟਾਲ ਤੋਂ ਟਾਲ ਅਤੇ ਸਤੰਭ ਤੋਂ ਥੰਮ੍ਹ ਇਹਨਾਂ ਸ਼ਬਦਾਂ ਵਿੱਚ ਕ੍ਰਮਵਾਰ /ਸ/ , ਵਿਅੰਜਨ ਧੁਨੀ ਦਾ ਲੋਪਨ ਹੋ ਗਿਆ ਹੈ ।

ਕਈ ਵਾਰ ਸ਼ਬਦ ਦਾ ਪੂਰਾ ਉਚਾਰ-ਖੰਡ ( ਅੱਖਰ ) ਵੀ ਲੋਪ ਹੋ ਜਾਂਦਾ ਹੈ । ਮਿਸਾਲ ਵਜੋਂ :

                                    ਅਮਾਂ         -            ਮਾਂ

                                    ਸ਼ੁਹਤੂਤ  -            ਤੂਤ

        ਇੱਥੇ ਹੀ ਬੱਸ ਨਹੀਂ , ਲੋਪ ਨੇਮ ਰੂਪਾਤਮਿਕ ਅਤੇ ਵਾਕਾਤਮਿਕ ਪੱਧਰ ਤੇ ਵੀ ਕਾਰਜਸ਼ੀਲ ਹੁੰਦਾ ਹੈ । ਪੰਜਾਬੀ ਭਾਸ਼ਾ ਦਾ ਨਿਕਾਸ ਸੰਸਕ੍ਰਿਤ , ਪ੍ਰਾਕ੍ਰਿਤ ਅਤੇ ਅਪਭ੍ਰੰਸ਼ਾਂ ਦੀ ਵਿਕਾਸ ਯਾਤਰਾ ਦਾ ਪ੍ਰਤਿਫਲ ਹੈ । ਇਸ ਲੰਮੀ ਇਤਿਹਾਸਿਕ ਵਿਕਾਸ ਪ੍ਰਕਿਰਿਆ ਵਿੱਚ ਪੰਜਾਬੀ ਵਿੱਚ ਕਈ ਰੂਪਾਤਮਿਕ ਲੱਛਣਾਂ ਦਾ ਲੋਪਣ ਵੀ ਹੋਇਆ ਹੈ , ਜਿਵੇਂ ਸੰਸਕ੍ਰਿਤ ਵਿੱਚ ਤਿੰਨ ਲਿੰਗ ਅਤੇ ਵਚਨ ਸਨ , ਪਰ ਪੰਜਾਬੀ ਵਿੱਚ ਦੋ ਲਿੰਗ-ਪੁਲਿੰਗ ਅਤੇ ਇਲਿੰਗ ਰਹਿ ਗਏ ਹਨ । ਇਸ ਤਰ੍ਹਾਂ ਵਚਨ ਵੀ ਦੋ ਹੀ ਰਹਿ ਗਏ ਹਨ । ਇਸੇ ਤਰ੍ਹਾਂ ਵਾਕਾਤਮਿਕ ਪੱਧਰ ਉੱਤੇ ਵੀ ਲੋਪ ਦੇ ਨਮੂਨੇ ਵੇਖੇ ਜਾ ਸਕਦੇ ਹਨ । ਅਸੀਂ ਪੰਜਾਬੀ ਬੋਲ-ਚਾਲ ਵਿੱਚ ‘ ਮਖਿਆ’ ਆਮ ਬੋਲਦੇ ਹਾਂ । ਇਸ ਦਾ ਭਾਵ ਹੈ : ‘ ਮੈਂ ਉਸ ਨੂੰ ਆਖਿਆ’ । ਵਾਕ ਦੇ ਪੱਧਰ ਉੱਤੇ ਲੋਪ ਦਾ ਇਹ ਵਧੀਆ ਨਮੂਨਾ ਹੈ ।


ਲੇਖਕ : ਬੂਟਾ ਸਿੰਘ ਬਰਾੜ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 3868, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.