ਵਿਅੰਜਨ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਵਿਅੰਜਨ : ਜਿਨ੍ਹਾਂ ਧੁਨੀਆਂ ਦੇ ਉਚਾਰਨ ਵੇਲੇ ਫੇਫੜਿਆਂ ਵਿੱਚੋਂ ਆਉਂਦੀ ਹਵਾ ਮੂੰਹ ਪੋਲ ਵਿੱਚ ਕਿਸੇ ਨਾ ਕਿਸੇ ਉਚਾਰਨ ਸਥਾਨ ’ ਤੇ ਰੁਕੇ , ਉਹਨਾਂ ਨੂੰ ਵਿਅੰਜਨ ਕਿਹਾ ਜਾਂਦਾ ਹੈ । ਵਿਅੰਜਨਾਂ ਦੇ ਉਚਾਰਨ ਵੇਲੇ ਹਵਾ ਦੀ ਰੋਕ ਜ਼ਰੂਰੀ ਹੈ । ਵਿਅੰਜਨਾਂ ਦੇ ਉਚਾਰਨ ਵੇਲੇ ਹਵਾ ਨੂੰ ਜਿਸ ਥਾਂ ਰੋਕਿਆ ਜਾਂਦਾ ਹੈ , ਉਸ ਨੂੰ ਉਚਾਰਨ ਸਥਾਨ ਕਿਹਾ ਜਾਂਦਾ ਹੈ , ਜਿਵੇਂ ਪੰਜਾਬੀ ਦੇ /ਪ/ ਨੂੰ ਉਚਾਰਨ ਲਈ ਹਵਾ ਨੂੰ ਬੁੱਲਾਂ ਤੇ ਰੋਕਿਆ ਜਾਂਦਾ ਹੈ । ਇਸੇ ਕਰ ਕੇ /ਪ/ ਨੂੰ ਦੋ-ਹੋਠੀ ਧੁਨੀ ਕਿਹਾ ਜਾਂਦਾ ਹੈ । ਉਚਾਰਨ ਸਥਾਨ ਅਨੁਸਾਰ ਪੰਜਾਬੀ ਦੇ ਵਿਅੰਜਨਾਂ ਨੂੰ ਹੇਠ ਲਿਖੇ ਅਨੁਸਾਰ ਵੰਡਿਆ ਜਾਂਦਾ ਹੈ :

                                ਦੋ ਹੋਠੀ      :                 ਪ , ਫ , ਬ , ( ਭ ) ਮ , ਵ

                                ਦੰਤੀ            :                 ਤ , ਥ , ਦ , ( ਧ ) , ਨ , ਲ , ਰ , ਸ

                                ਉਲਟੀ ਜੀਭੀ              :                 ਟ , ਠ , ਡ , ( ਢ ) , ਣ , ਜ਼ , ੜ

                                ਤਾਲਵੀ      :                 ਚ , ਛ , ਜ , ( ਝ ) , ਵ , ਸ਼ , ਯ

                                ਕੰਠੀ            :                 ਕ , ਖ , ਗ , ( ਘ ) ਙ

                  ਸੁਰਯੰਤਰੀ              :                 ਹ

    ਵਿਅੰਜਨਾਂ , ਧੁਨੀਆਂ ਦੇ ਉਚਾਰਨ ਵੇਲੇ ਹਵਾ ਨੂੰ ਜਿਸ ਤਰੀਕੇ ਨਾਲ ਰੋਕਿਆ ਜਾਂਦਾ ਹੈ , ਉਸ ਨੂੰ ਉਚਾਰਨ ਲਹਿਜਾ ਕਿਹਾ ਜਾਂਦਾ ਹੈ । ਉਚਾਰਨ ਲਹਿਜੇ ਦੇ ਆਧਾਰ ਤੇ ਪੰਜਾਬੀ ਵਿਅੰਜਨਾਂ ਨੂੰ ਹੇਠ ਲਿਖੇ ਅਨੁਸਾਰ ਵੰਡਿਆ ਜਾਂਦਾ ਹੈ :

                                            ਨਾਦੀ/ਸਘੋਸ਼ :                 ਬ , ਦ , ਧ , ਡ , ਜ , ਗ , ਘ , ਨਾਦੀ ਧੁਨੀਆਂ ਹਨ ।

                                            ਨਾਦ ਰਹਿਤ/ :                 ਪ , ਫ , ਤ , ਥ , ਟ , ਠ ,

                                            ਅਘੋਸ਼                                  ਚ , ਛ , ਕ , ਖ , ਨਾਦ ਰਹਿਤ ਜਾਂ ਅਘੋਸ਼ ਧੁਨੀਆਂ ਹਨ ।

                                            ਮਹਾਂਪ੍ਰਾਣ          :                 ਫ , ਥ , ਫ , ਛ , ਖ , ਘ ਮਹਾਂਪ੍ਰਾਣ ਵਿਅੰਜਨ ਧੁਨੀਆਂ ਹਨ ।

                                            ਅਲਪਪ੍ਰਾਣ      :                 ਪ , ਬ , ਤ , ਦ , ਟ , ਡ , ਚ , ਜ , ਕ , ਗ , ਅਲਪਪ੍ਰਾਣ ਧੁਨੀਆਂ ਹਨ ।

                                    ਨੋਟ          :                 ਭ , ਧ , ਢ , ਝ , ਘ ਵਿਅੰਜਨ ਧੁਨੀਆਂ ਪੰਜਾਬੀ ਵਿੱਚ ਹਿੰਦੀ ਵਾਂਗ ਮਹਾਂਪ੍ਰਾਣ ਨਹੀਂ ਬਲਕਿ ਪ , ਤ , ਟ , ਜ , ਕ ਨਾਲ ਸੁਰ ਦੇ ਮੇਲ ਨਾਲ ਉਚਾਰੀਆਂ ਜਾਂਦੀਆਂ ਹਨ ।

        ਉਚਾਰਨ ਰੋਕ ਦੇ ਆਧਾਰ ’ ਤੇ ਪੰਜਾਬੀ ਦੇ ਵਿਅੰਜਨਾਂ ਨੂੰ ਡੱਕਵੇਂ ਅਤੇ ਅਡੱਕਵੇਂ ਵਿਅੰਜਨਾਂ ਵਿੱਚ ਵੰਡਿਆ ਜਾਂਦਾ ਹੈ । ਡੱਕਵੇਂ ਵਿਅੰਜਨਾਂ ਦੇ ਉਚਾਰਨ ਵੇਲੇ ਫੇਫੜਿਆਂ ਵਿੱਚੋਂ ਆਉਂਦੀ ਪੌਣਧਾਰਾ ( ਹਵਾ ) ਨੂੰ ਪੂਰੀ ਤਰ੍ਹਾਂ ਰੋਕ ਕੇ ਵਿਅੰਜਨ ਧੁਨੀਆਂ ਦਾ ਉਚਾਰਨ ਕੀਤਾ ਜਾਂਦਾ ਹੈ । ਪਰੰਤੂ ਅਡੱਕਵੇਂ ਵਿਅੰਜਨਾਂ ਲਈ ਹਵਾ ਪੂਰੀ ਤਰ੍ਹਾਂ ਰੋਕੀ ਨਹੀਂ ਜਾਂਦੀ । ਜਿਵੇਂ ਜੇਕਰ ਅਸੀਂ /ਪ/ ਅਤੇ /ਸ/ ਨੂੰ ਉਚਾਰੀਏ ਤਾਂ /ਪ/ ਦੇ ਉਚਾਰਨ ਵੇਲੇ ਸਾਹ ਪੂਰੀ ਤਰ੍ਹਾਂ ਰੋਕਿਆ ਜਾਂਦਾ ਹੈ , ਪਰ /ਸ/ ਦੇ ਉਚਾਰਨ ਲਈ ਹਵਾ ਮੂੰਹ ਵਿੱਚੋਂ ਬਾਹਰ ਆਉਂਦੀ ਰਹਿੰਦੀ ਹੈ ।

        ਪੰਜਾਬੀ ਦੇ ਹੇਠ ਲਿਖੇ ਵਿਅੰਜਨ ਡੱਕਵੇਂ ਹਨ; ਪ , ਫ , ਬ , ( ਭ ) , ਤ , ਥ , ਦ , ( ਧ ) , ਟ , ਠ , ਡ , ( ਢ ) , ਚ , ਛ , ਜ ( ਝ ) , ਕ , ਖ , ਗ , ( ਘ )

    ਪੰਜਾਬੀ ਦੇ ਅਡੱਕਵੇਂ ਵਿਅੰਜਨਾਂ ਨੂੰ ਅੱਗੋਂ ਹੇਠ ਲਿਖੇ ਅਨੁਸਾਰ ਵੰਡਿਆ ਜਾਂਦਾ ਹੈ :

                                                  ਨਾਸਿਕੀ      :                 ਮ , ਨ , ਣ , ਝ , ਙ

                                                  ਪਾਰਸ਼ਵਿਕ :                 ਲ , ਲ਼

                                                  ਸੰਘਰਸ਼ੀ      :                 ਸ , ਸ਼ , ਹ

                                                  ਟਰਿਲੀ/ਫਲੈਪ            :                 ਰ , ੜ

                                                  ਅਰਧ ਸ੍ਵਰ/ਵਿਅੰਜਨ :                 ਵ , ਯ

        ਪੰਜਾਬੀ ਦੇ ਸਾਰੇ ਵਿਅੰਜਨਾਂ ਨੂੰ ਮੌਖਿਕ ਅਤੇ ਨਾਸਿਕੀ ਵਿੱਚ ਵੀ ਵੰਡਿਆ ਜਾਂਦਾ ਹੈ । ਮ , ਨ , ਣ , ਝ , ਙ ਨਾਸਿਕੀ ਵਿਅੰਜਨ ਹਨ ਅਤੇ ਬਾਕੀ ਸਾਰੇ ਵਿਅੰਜਨ ਮੌਖਿਕ ਹਨ । ਨਾਸਿਕੀ ਵਿਅੰਜਨਾਂ ਦੇ ਉਚਾਰਨ ਵੇਲੇ ਹਵਾ ਮੂੰਹ ਅਤੇ ਨੱਕ ਰਾਹੀਂ ਇਕੱਠੀ ਬਾਹਰ ਨਿਕਲਦੀ ਹੈ ।


ਲੇਖਕ : ਸੁਖਵਿੰਦਰ ਸਿੰਘ ਸੰਘਾ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 17970, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਅੰਜਨ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਵਿਅੰਜਨ : ਧੁਨੀ ਵਿਗਿਆਨ ਅਤੇ ਧੁਨੀ-ਵਿਉਂਤ ਅਨੁਸਾਰ ਖੰਡੀ ਧੁਨੀਆਂ ਨੂੰ ਉਚਾਰਨ ਦੇ ਅਧਾਰ ’ ਤੇ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ : ( i ) ਸਵਰ ਧੁਨੀਆਂ ਅਤੇ ( ii ) ਵਿਅੰਜਨ ਧੁਨੀਆਂ । ਸਵਰ ਧੁਨੀਆਂ ਦੇ ਉਚਾਰਨ ਵੇਲੇ ਫੇਫੜਿਆਂ ਵਿਚੋਂ ਬਾਹਰ ਨਿਕਲਦੀ ਹਵਾ ਨੂੰ ਕੋਈ ਰੁਕਾਵਟ ਨਹੀਂ ਪੈਂਦੀ ਜਦੋਂ ਕਿ ਵਿਅੰਜਨ ਧੁਨੀਆਂ ਦੇ ਉਚਾਰਨ ਵੇਲੇ ਉਚਾਰਨ-ਸਥਾਨ ’ ਤੇ ਪੂਰਨ ਰੂਪ ਵਿਚ ਜਾਂ ਅੰਸ਼ਕ ਤੌਰ ’ ਤੇ ਰੁਕਾਵਟ ਪੈਂਦੀ ਹੈ । ਵਿਅੰਜਨ ਧੁਨੀਆਂ ਨੂੰ ਉਚਾਰਨ ਦੀ ਦਰਿਸ਼ਟੀ ਤੋਂ ਤਿੰਨ ਭਾਗਾਂ ਵਿਚ ਵੰਡਿਆ ਜਾਂਦਾ ਹੈ , ਜਿਵੇਂ : ( i ) ਉਚਾਰਨ ਸਥਾਨ , ( ii ) ਉਚਾਰਨ ਦੀ ਵਿਧੀ ਅਤੇ ( iii ) ਵਾਯੂਧਾਰਾ ਦੀ ਰੁਕਾਵਟ । ( i ) ਉਚਾਰਨ ਦਾ ਸਥਾਨ : ਫੇਫੜਿਆਂ ਵਿਚੋਂ ਬਾਹਰ ਨਿਕਲਦੀ ਹਵਾ ਨੂੰ ਉਚਾਰਨ-ਅੰਗਾਂ ਰਾਹੀਂ ਮੂੰਹ ਪੋਲ ਵਿਚ ਜਿਸ ਸਥਾਨ ’ ਤੇ ਪੂਰਨ ਜਾਂ ਅੰਸ਼ਕ ਰੂਪ ਵਿਚ ਰੋਕਿਆ ਜਾਂਦਾ ਹੈ , ਉਸ ਨੂੰ ਧੁਨੀ ਵਿਗਿਆਨ ਅਤੇ ਧੁਨੀ-ਵਿਉਂਤ ਅਨੁਸਾਰ ਉਚਾਰਨ-ਸਥਾਨ ਕਿਹਾ ਜਾਂਦਾ ਹੈ । ਇਸ ਪੱਖ ਤੋਂ ਪੰਜਾਬੀ ਦੀਆਂ ਧੁਨੀਆਂ ਨੂੰ ਛੇ ਭਾਗਾਂ ਵਿਚ ਵੰਡਿਆ ਜਾਂਦਾ ਹੈ ਜਿਵੇਂ : ਦੋ-ਹੋਂਠੀ , ਦੋਵੇਂ ਬੁੱਲਾਂ ਨਾਲ \ ਪ ਫ ਬ ਮ ਵ \ ਪੈਦਾ ਹੁੰਦੀਆਂ ਹਨ । ਇਨ੍ਹਾਂ ਵਿਚ । ਮ । ਨਾਸਕੀ ਹੈ , ਬਾਕੀ ਮੌਖਿਕ ਹਨ ਅਤੇ । ਵ । ਅਰਧ-ਵਿਅੰਜਨ ਧੁਨੀ ਹੈ । ਦੰਤੀ ਧੁਨੀਆਂ : ਉਪਰਲੇ ਦੰਦਾਂ ਨਾਲ ਜੀਭ ਦੀ ਨੋਕ ਲਗਦੀ ਹੈ । ਦੰਦਾਂ ਦਾ ਪਿਛਲਾ ਪਾਸਾ ਉਚਾਰਨ-ਸਥਾਨ ਹੈ । ਇਸ ਸਥਾਨ ਤੋਂ \ ਤ ਥ ਦ ਨ ਲ ਰ ਸ \ ਧੁਨੀਆਂ ਪੈਦਾ ਹੁੰਦੀਆਂ ਹਨ । ਉਲਟ-ਜੀਭੀ , ਸਖਤ ਤਾਲੂ ਨਾਲ ਜੀਭ ਦੀ ਨੋਕ ਪੁਠਿਆਂ ਹੋ ਕੇ ਲਗਦੀ ਹੈ । ਉਚਾਰਨ-ਸਥਾਨ ਸਖਤ ਤਾਲੂ ਹੈ ਅਤੇ ਜੀਭ ਦਾ ਪਿਛਲਾ ਪਾਸਾ ਉਚਾਰਨ-ਅੰਗ । ਇਸ ਥਾਂ ’ ਤੇ \ ਤ ਠ ਡ ਣ ਲ਼ ੜ \ ਧੁਨੀਆਂ ਪੈਦਾ ਹੁੰਦੀਆਂ ਹਨ । ਤਾਲਵੀ ਧੁਨੀਆਂ : ਸਖਤ ਤਾਲੂ ਨਾਲ ਜੀਭ ਦਾ ਵਿਚਕਾਰਲਾ ਹਿੱਸਾ ਲਗਦਾ ਹੈ । ਇਨ੍ਹਾਂ ਧੁਨੀਆਂ ਦਾ ਉਚਾਰਨ-ਸਥਾਨ ਸਖਤ ਤਾਲੂ ਹੈ । \ ਚ ਛ ਜ ਞ ਸ਼ ਯ \ ਤਾਲਵੀ ਧੁਨੀਆਂ ਹਨ । ਕੰਠੀ : ਜਦੋਂ ਕੰਠ ਨਾਲ ਜੀਭ ਦਾ ਪਿਛਲਾ ਪਾਸਾ ਲਗਦਾ ਹੈ ਤਾਂ ਕੰਠੀ ਧੁਨੀਆਂ ਪੈਦਾ ਹੁੰਦੀਆਂ ਹਨ । ਪੰਜਾਬੀ ਵਿਚ । ਕ ਖ ਗ ਙ । ਕੰਠੀ ਧੁਨੀਆਂ ਹਨ । ਸੁਰ-ਯੰਤਰੀ : ਸਾਹ ਨਾਲੀ ਵਿਚ ਇਕ ਨਾਦ ਯੰਤਰ ਲੱਗਾ ਹੋਇਆ ਹੁੰਦਾ ਹੈ । ਇਸੇ ਵਿਚੋਂ ਖਹਿ ਕੇ ਨਿਕਲਣ ਵੇਲੇ ਪੈਦਾ ਹੋਈ ਧੁਨੀ ਨੂੰ ਸਘੋਸ਼ \ ਨਾਦੀ ਧੁਨੀ ਕਿਹਾ ਜਾਂਦਾ ਹੈ । ਪਰ ਇਸ ਨਾਦ ਯੰਤਰ ਵਿਚ ਆਪਣੀ ਧੁਨੀ ਪੈਦਾ ਕਰਨ ਦੀ ਵੀ ਸਮਰੱਥਾ ਹੁੰਦੀ ਹੈ । ਪੰਜਾਬੀ ਵਿਚ \ ਹ \ ਸੁਰ-ਯੰਤਰੀ ਧੁਨੀ ਹੈ । ( ii ) ਉਚਾਰਨ-ਵਿਧੀ : ਉਚਾਰਨ-ਵਿਧੀ ਅਤੇ ਉਚਾਰਨ-ਸਥਾਨ ਵਿਚ ਮੂਲ ਅੰਤਰ ਸਥਾਨ ਅਤੇ ਉਚਾਰਨ ਦਾ ਢੰਗ ਹੈ । ਧੁਨੀ ਦੇ ਉਚਾਰਨ ਦੇ ਢੰਗ ਨੂੰ ਉਚਾਰਨ-ਵਿਧੀ ਆਖਿਆ ਜਾਂਦਾ ਹੈ । ਉਚਾਰਨ-ਵਿਧੀ ਦੇ ਅਧਾਰ ’ ਤੇ ਪੰਜਾਬੀ ਵਿਅੰਜਨ ਧੁਨੀਆਂ ਨੂੰ ਦੋ ਵਰਗਾਂ ਵਿਚ ਵੰਡਿਆ ਜਾਂਦਾ ਹੈ , ਜਿਵੇਂ : ( i ) ਸਘੋਸ਼ ਤੇ ਅਘੋਸ਼ ਧੁਨੀਆਂ ਅਤੇ ( ii ) ਅਲਪ-ਪਰਾਣ ਤੇ ਮਹਾਂ-ਪਰਾਣ ਧੁਨੀਆਂ । ਘੋਸ਼ਤਾ ਦਾ ਸਬੰਧ ਸੁਰ-ਯੰਤਰ ਨਾਲ ਹੈ । ਜਿਨ੍ਹਾਂ ਧੁਨੀਆਂ ਦੇ ਉਚਾਰਨ ਵੇਲੇ ਸੁਰ-ਯੰਤਰ ਸਕਿਰਿਆ ਹੁੰਦਾ ਹੈ ਉਨ੍ਹਾਂ ਧੁਨੀਆਂ ਨੂੰ ਸਘੋਸ਼ ਧੁਨੀਆਂ ਕਿਹਾ ਜਾਂਦਾ ਹੈ ਜਿਵੇਂ : \ ਬ ਦ ਡ ਜ ਗ \ ਸਘੋਸ਼ ਵਿਅੰਜਨ ਧੁਨੀਆਂ ਹਨ ਜਦੋਂ ਕਿ \ ਪ ਫ ਤ ਥ ਟ ਠ ਚ ਛ ਕ ਖ \ ਅਘੋਸ਼ ਧੁਨੀਆਂ ਹਨ । ( ii ) ਅਲਪ-ਪਰਾਣ ਤੇ ਮਹਾਂ-ਪਰਾਣ ਧੁਨੀਆਂ ਦਾ ਸਬੰਧ ਫੇਫੜਿਆਂ ਵਿਚੋਂ ਬਾਹਰ ਆ ਰਹੀ ਹਵਾ ਦੀ ਵਿਧੀ ਨਾਲ ਹੈ । ਜੇ ਹਵਾ ਧੱਕੇ ਨਾਲ ਬਾਹਰ ਨਿਕਲੇ ਤਾਂ ਉਸ ਵਕਤ ਪੈਦਾ ਹੋਣ ਵਾਲੀਆਂ ਧੁਨੀਆਂ ਨੂੰ ਮਹਾਂ-ਪਰਾਣ ਅਤੇ ਜੇ ਹਵਾ ਸਧਾਰਨ ਵਾਂਗ ਬਾਹਰ ਨਿਕਲੇ ਤਾਂ ਉਨ੍ਹਾਂ ਧੁਨੀਆਂ ਨੂੰ ਅਲਪ-ਪਰਾਣ ਧੁਨੀਆਂ ਆਖਿਆ ਜਾਂਦਾ ਹੈ । ਪੰਜਾਬੀ ਵਿਚ \ ਫ ਥ ਠ ਛ ਖ \ ਮਹਾਂ-ਪਰਾਣ ਧੁਨੀਆਂ ਹਨ ਅਤੇ \ ਪ ਬ ਤ ਦ ਟ ਡ ਚ ਜ ਕ ਗ \ ਅਲਪ-ਪਰਾਣ । ( iii ) ਵਾਯੂ-ਧਾਰਾ ਦੀ ਰੁਕਾਵਟ ਦੇ ਅਧਾਰ ’ ਤੇ ਪੰਜਾਬੀ ਵਿਅੰਜਨ ਧੁਨੀਆਂ ਨੂੰ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ । ਇਸ ਪਰਕਾਰ ਦੀਆਂ ਧੁਨੀਆਂ ਦੇ ਉਚਾਰਨ ਵੇਲੇ ਉਚਾਰਨ-ਅੰਗ ਅਤੇ ਉਚਾਰਨ-ਸਥਾਨ ਇਕ ਦੂਜੇ ਨਾਲ ਚਿਪਕ ਜਾਂਦੇ ਹਨ ਅਤੇ ਜਦੋਂ ਇਕ ਦੂਜੇ ਤੋਂ ਵੱਖ ਹੁੰਦੇ ਹਨ ਤਾਂ ਉਸ ਵੇਲੇ ਪੈਦਾ ਹੋਣ ਵਾਲੀਆਂ ਧੁਨੀਆਂ ਨੂੰ ਡੱਕਵੇਂ ਵਿਅੰਜਨ ਕਿਹਾ ਜਾਂਦਾ ਹੈ ਜਦੋਂ ਕਿ ਦੂਜੇ ਪਾਸੇ ਇਸ ਤੋਂ ਉਲਟ ਪਰਸਥਿਤੀਆਂ ਵਿਚ ਪੈਦਾ ਹੋਣ ਵਾਲੀਆਂ ਧੁਨੀਆਂ ਨੂੰ ਅਡੱਕਵੇਂ ਵਿਅੰਜਨ ਕਿਹਾ ਜਾਂਦਾ ਹੈ । ਪੰਜਾਬੀ ਵਿਚ 15 ਵਿਅੰਜਨ ਡੱਕਵੇਂ ਹਨ , ਜਿਵੇਂ : \ ਪ ਫ ਬ ਤ ਥ ਦ ਟ ਠ ਡ ਚ ਛ ਜ ਕ ਖ ਗ \ ਅਤੇ ਬਾਕੀ ਵਿਅੰਜਨ ਧੁਨੀਆਂ ਅਡੱਕਵੀਆਂ ਹਨ । ਡੱਕਵੀਆਂ ਵਿਅੰਜਨ ਧੁਨੀਆਂ ਵਿਚ ਅਲਪ-ਪਰਾਣ ਅਤੇ ਮਹਾਂ-ਪਰਾਣ ਧੁਨੀਆਂ ਹੁੰਦੀਆਂ ਹਨ । ਇਹ ਧੁਨੀਆਂ ਕੇਵਲ ਮੌਖਿਕ ਹੁੰਦੀਆਂ ਹਨ ਜਦੋਂ ਕਿ ਅਡੱਕਵੀਆਂ ਧੁਨੀਆਂ ਨੂੰ ਨਾਸਕੀ \ ਮ ਨ ਣ ਞ ਙ \ ਪਾਰਸ਼ਵਿਕ \ ਲ ਲ਼ \ , ਟਰਿਲ \ ਰ \ , ਫਲੈਪ \ ੜ \ , ਸੰਘਰਸ਼ੀ \ ਸ ਸ਼ ਹ \ ਅਤੇ ਅਰਧ ਵਿਅੰਜਨ \ ਵ ਯ \ ਵੰਡਿਆ ਜਾਂਦਾ ਹੈ ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 17949, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਅੰਜਨ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਵਿਅੰਜਨ [ ਨਾਂਪੁ ] ਭਾਸ਼ਾਈ ਉਹ ਧੁਨੀ ਜਿਸ ਦਾ ਉਚਾਰਨ ਸਵਰ ਤੋਂ ਬਿਨਾਂ ਨਾ ਹੋ ਸਕੇ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 17925, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.