ਵਿਟਮੈਨ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਵਿਟਮੈਨ ( 1819-1892 ) : ਵਿਟਮੈਨ ਵਾਲਟ ( Walt Whitman ) ਨੂੰ ਉਨ੍ਹੀਵੀਂ ਸਦੀ ਦਾ ਮਹਾਨ ਅਮਰੀਕਨ ਕਵੀ ਮੰਨਿਆ ਜਾਂਦਾ ਹੈ । ਵਿਟਮੈਨ ਉਹਨਾਂ ਕਵੀਆਂ ਵਿੱਚੋਂ ਹੈ ਜਿਹੜੇ ਵਿਸ਼ਵ ਪੱਧਰ ’ ਤੇ ਜਾਣੇ ਜਾਂਦੇ ਹਨ । ਉਸ ਦੀ ਪ੍ਰਸਿੱਧੀ ਦਾ ਮੁੱਖ ਕਾਰਨ ਉਸ ਵੱਲੋਂ ਕਵਿਤਾ ਲਿਖਣ ਦਾ ਛੰਦ-ਮੁਕਤ ਢੰਗ ਸੀ । ਛੰਦ-ਮੁਕਤ ਹੋਣ ਦੇ ਬਾਵਜੂਦ ਉਸ ਦੀ ਕਵਿਤਾ ਵਿੱਚ ਭਾਸ਼ਾ ਦੀ ਲੈਆਤਮਿਕਤਾ ਹੈ ਜਿਹੜੀ ਮੌਲਿਕਤਾ , ਸੱਜਰਾਪਣ ਅਤੇ ਅਨੋਖਾਪਣ ਸਿਰਜਦੀ ਹੈ ।

        ਵਿਟਮੈਨ ਆਪਣੇ ਕਾਵਿ-ਸੰਗ੍ਰਹਿ ਲੀਵਜ਼ ਆਫ਼ ਗ੍ਰਾਸ ਕਰ ਕੇ ਜਾਣਿਆ ਜਾਂਦਾ ਹੈ । ਇਸ ਕਾਵਿ-ਸੰਗ੍ਰਹਿ ਦਾ ਵਿਸ਼ਵ ਦੀਆਂ ਸਾਰੀਆਂ ਉਲੇਖਯੋਗ ਭਾਸ਼ਾਵਾਂ ਵਿੱਚ ਅਨੁਵਾਦ ਹੋ ਚੁੱਕਿਆ ਹੈ । ਵਿਟਮੈਨ ਨੇ ਆਪਣੇ ਜੀਵਨ ਕਾਲ ਦੌਰਾਨ ਨੌਂ ਵਾਰੀ ਇਸ ਸੰਗ੍ਰਹਿ ਨੂੰ ਸੋਧ ਕੇ ਅਤੇ ਨਵੀਆਂ ਕਵਿਤਾਵਾਂ ਜੋੜ ਕੇ ਛਾਪਿਆ ਹੈ , ਇਉਂ ਇਹ ਕਾਵਿ-ਸੰਗ੍ਰਹਿ 37 ਸਾਲ ਸੋਧਿਆ ਜਾਂਦਾ ਰਿਹਾ ਹੈ । ਵਿਟਮੈਨ ਨੇ ਵੀਹਵੀਂ ਸਦੀ ਦੀ ਕਵਿਤਾ ਨੂੰ ਬੜੀ ਨੇੜਿਓਂ ਪ੍ਰਭਾਵਿਤ ਕੀਤਾ ਹੈ , ਜਿਹੜੇ ਕਵੀ ਵਿਸ਼ੇਸ਼ ਤੌਰ ’ ਤੇ ਉਸ ਦੇ ਪ੍ਰਭਾਵ ਅਧੀਨ ਆਏ , ਉਹਨਾਂ ਵਿੱਚ ਐਜ਼ਰਾ ਪਾਉਂਡ , ਵਿਲੀਅਮ ਕਾਰਲੋਸ ਵਿਲੀਅਮਸ , ਕਾਰਲ ਸੈਂਡਬਰਗ ਆਦਿ ਸ਼ਾਮਲ ਹਨ ।

        ਵਿਟਮੈਨ ਦਾ ਜਨਮ 31 ਮਈ , 1819 ਨੂੰ ਹੰਟਿੰਗਟਨ , ਲਾਂਗ ਆਈਲੈਂਡ ਵਿੱਚ ਹੋਇਆ । ਉਹ ਆਪਣੇ ਨੌਂ ਭੈਣਾਂ-ਭਰਾਵਾਂ ਵਿੱਚ ਦੂਜਾ ਬੱਚਾ ਸੀ । ਉਸ ਦੇ ਜਨਮ ਤੋਂ ਥੋੜ੍ਹਾ ਅਰਸਾ ਮਗਰੋਂ ਹੀ ਪਰਿਵਾਰ ਬਰੁਕਲਿਨ ਚਲਿਆ ਗਿਆ , ਜਿੱਥੇ ਵਿਟਮੈਨ ਸਕੂਲ ਗਿਆ । ਵਿਟਮੈਨ ਦੀ ਵਿਧੀਵੱਤ ਸਕੂਲੀ ਸਿੱਖਿਆ 1830 ਵਿੱਚ ਮੁਕ ਗਈ । ਗਿਆਰਾਂ ਸਾਲਾਂ ਦੀ ਉਮਰ ਵਿੱਚ ਸਕੂਲੋਂ ਹੱਟ ਕੇ ਉਸ ਨੇ ਛਾਪੇਖ਼ਾਨੇ ਦਾ ਕੰਮ ਸਿਖਿਆ ਅਤੇ ਆਪਣਾ ਇੱਕ ਸਪਤਾਹਿਕ ਪੱਤਰ ਵੀ ਜਾਰੀ ਕੀਤਾ । 1841 ਵਿੱਚ ਵਿਟਮੈਨ ਨਿਊਯਾਰਕ ਵਿੱਚ ਸੀ ਜਿੱਥੇ ਉਸ ਨੇ ਪੱਤਰਕਾਰੀ ਦੇ ਖੇਤਰ ਵਿੱਚ ਪ੍ਰਵੇਸ਼ ਕੀਤਾ । ਉੱਥੇ ਉਸ ਨੇ ਨਿੱਕੀਆਂ ਕਹਾਣੀਆਂ ਅਤੇ ਕਵਿਤਾਵਾਂ ਲਿਖੀਆਂ ਜਿਹੜੀਆਂ ਪਰੰਪਰਾਵਾਦੀ ਲੀਹਾਂ ਉੱਤੇ ਢਲੀਆਂ ਹੋਈਆਂ ਸਨ । ਅਗਲੇ ਕਈ ਸਾਲਾਂ ਵਿੱਚ ਵਿਟਮੈਨ ਨੇ ਕਈ ਰਸਾਲਿਆਂ ਦਾ ਸੰਪਾਦਨ ਕੀਤਾ । ਵਿਟਮੈਨ ਭਰ ਜਵਾਨ ਸੀ ਅਤੇ ਨਿਊਯਾਰਕ ਦੇ ਮਹੌਲ ਵਿੱਚ ਵਿਸ਼ਾਲਤਾ ਸੀ । ਇਹਨਾਂ ਨੇ ਰਲ ਕੇ ਵਿਟਮੈਨ ਨੂੰ ਬਦਲ ਦਿੱਤਾ । ਨਿਊਯਾਰਕ ਵਿੱਚ ਰਹਿੰਦਿਆਂ ਵਿਟਮੈਨ ਨੇ ਕਈ ਕੰਮ ਕੀਤੇ , ਜਿਵੇਂ ਤਰਖਾਣਾਂ , ਛਪਾਈ , ਰਾਜ-ਮਿਸਤਰੀ ਅਤੇ ਜਾਇਦਾਦ ਖ਼ਰੀਦਣ-ਵੇਚਣ ਦੇ ਦਲਾਲ ਦਾ । ਇਹਨਾਂ ਦੇ ਨਾਲ-ਨਾਲ ਉਹ ਸਮਾਚਾਰ-ਪੱਤਰਾਂ ਅਤੇ ਰਸਾਲਿਆਂ ਲਈ ਵੀ ਲਿਖਦਾ ਰਿਹਾ । ਇੱਕ ਪੜਾਅ ਤੇ ਆ ਕੇ ਵਿਟਮੈਨ ਇੱਕ ਪੱਤਰਕਾਰ ਨਾਲੋਂ ਇੱਕ ਕਵੀ ਵਧੇਰੇ ਬਣ ਗਿਆ ਅਤੇ 1955 ਵਿੱਚ ਉਸ ਨੇ ਆਪਣਾ ਕਾਵਿ-ਸੰਗ੍ਰਹਿ ਛਾਪਿਆ ਅਤੇ ਆਪਣੇ-ਆਪ ਨੂੰ ਉਸ ਨੇ ਲੋਕਾਂ ਦਾ ਲੋਕ- ਕਵੀ ਕਿਹਾ । ਆਪਣੇ ਕਾਵਿ-ਸੰਗ੍ਰਹਿ ਦੇ ਮੁਢਲੇ ਸ਼ਬਦਾਂ ਵਿੱਚ ਵਿਟਮੈਨ ਨੇ ਅਮਰੀਕਾ ਦੀ ਭਰਪੂਰ ਪ੍ਰਸੰਸਾ ਕੀਤੀ ਅਤੇ ਪ੍ਰਸੰਸਾ ਕਰਨ ਦੇ ਇਸ ਢੰਗ ਨੇ ਲੋਕਾਂ ਦਾ ਧਿਆਨ ਖਿੱਚਿਆ । ਆਪਣੇ ਕਾਵਿ-ਸੰਗ੍ਰਹਿ ਦੀ ਇੱਕ ਕਾਪੀ ਉਸ ਨੇ ਉਸ ਸਮੇਂ ਦੇ ਪ੍ਰਸਿੱਧ ਅਮਰੀਕੀ ਚਿੰਤਕ ਐਮਰਸਨ ਨੂੰ ਭੇਜੀ । ਉਸ ਨੇ ਜਵਾਬ ਵਿੱਚ ਵਿਟਮੈਨ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਉਸ ਦੀ ਕਾਵਿ-ਕਲਾ ਵਿਚਲੇ ਗੁਣਾਂ ਦੀ ਇਸ ਢੰਗ ਨਾਲ ਪ੍ਰਸੰਸਾ ਕੀਤੀ ਕਿ ਵਿਟਮੈਨ ਗੱਦ-ਗੱਦ ਹੋ ਕੇ ਇੱਕ ਕਵੀ ਹੋ ਨਿਬੜਿਆ ਅਤੇ ਉਸ ਦੇ ਚਰਚੇ ਹੋਣ ਲੱਗ ਪਏ । ਆਪਣੀਆਂ ਕਵਿਤਾਵਾਂ ਵਿੱਚ ਵਿਟਮੈਨ ਨੇ ਆਮ ਸਧਾਰਨ ਬੋਲ-ਚਾਲ ਦੀ ਬੋਲੀ ਵਿੱਚ ਅਮਰੀਕਨ ਜੀਵਨ-ਸ਼ੈਲੀ ਨੂੰ ਪੇਸ਼ ਕਰ ਕੇ ਇੱਕ ਵਿਲੱਖਣ ਪ੍ਰਾਪਤੀ ਕਰ ਵਿਖਾਈ । ਉਸ ਨੇ ਕਿਹਾ ਕੁਦਰਤ ਵਿੱਚ ਇੱਕ ਪੱਤਾ ਵੀ ਉਤਨਾ ਮਹੱਤਵਪੂਰਨ ਹੈ , ਜਿਤਨਾ ਅਸਮਾਨ ਵਿੱਚ ਡਲ੍ਹਕਾਂ ਮਾਰਦਾ ਇੱਕ ਤਾਰਾ । ਉਸ ਨੇ ਕਾਮਿਆਂ , ਮਜ਼ਦੂਰਾਂ , ਕਿਰਸਾਣਾਂ , ਇਸਤਰੀਆਂ , ਪੁਰਸ਼ਾਂ ਆਦਿ ਸਭ ਨੂੰ ਮਾਣ-ਮੱਤੇ ਵਿਅਕਤੀਆਂ ਵਜੋਂ ਨਵੇਂ ਇਨਕਲਾਬ ਦੇ ਬਾਨੀ ਅਤੇ ਮੋਢੀ ਬਣਾ ਕੇ ਪੇਸ਼ ਕੀਤਾ । ਵਿਟਮੈਨ ਆਪਣੀਆਂ ਕਵਿਤਾਵਾਂ ਦੀ ਨਿਰੰਤਰ ਸੁਧਾਈ ਕਰਦਾ ਰਹਿੰਦਾ ਸੀ ਅਤੇ ਜਦੋਂ ਵੀ ਉਸ ਦਾ ਕਾਵਿ-ਸੰਗ੍ਰਹਿ ਮੁੜ ਛਪਣਾ ਹੁੰਦਾ ਸੀ ਤਾਂ ਉਸ ਵਿੱਚ ਨਾ ਕੇਵਲ ਨਵੀਆਂ ਕਵਿਤਾਵਾਂ ਜੋੜੀਆਂ ਜਾਂਦੀਆਂ ਸਨ , ਸਗੋਂ ਕਈ ਕੱਢ ਵੀ ਦਿੱਤੀਆਂ ਜਾਂਦੀਆਂ ਸਨ । ਆਪਣੀਆਂ ਕਵਿਤਾਵਾਂ ਵਿੱਚ ਵਿਟਮੈਨ ਨੇ ਆਸ਼ਾਵਾਦ , ਭਵਿੱਖ , ਪਰਿਵਰਤਨ , ਪ੍ਰਕਿਰਤੀ ਅਤੇ ਮਨੁੱਖਾਂ ਨੂੰ ਗਾਇਆ ਹੈ । ਜੋ-ਜੋ ਕੁੱਝ ਵਿਟਮੈਨ ਨਾਲ ਵਾਪਰਦਾ ਗਿਆ , ਉਸ ਦਾ ਝਲਕਾਰਾ ਉਸ ਦੀਆਂ ਕਵਿਤਾਵਾਂ ਵਿਚ ਪੈਂਦਾ ਗਿਆ । ਸੋ ਉਸ ਦੀ ਕਵਿਤਾ ਉਨ੍ਹੀਵੀਂ ਸਦੀ ਦੇ ਅਮਰੀਕਾ ਦੀ ਸਮਾਜਿਕ , ਸੱਭਿਆਚਾਰਿਕ , ਰਾਜਨੀਤਿਕ ਅਤੇ ਆਰਥਿਕ ਤਸਵੀਰ ਪੇਸ਼ ਕਰਦੀ ਹੈ ।

        ਮੁੱਢ ਵਿੱਚ ਵਿਟਮੈਨ ਨੇ ਮਨੁੱਖੀ ਸਰੀਰ ਨੂੰ ਗਾਇਆ ਅਤੇ ਆਪਣੀ ਵਿਕਾਸ-ਪ੍ਰਕਿਰਿਆ ਵਿੱਚ ਉਸ ਨੇ ਆਤਮਾ , ਮੌਤ ਅਤੇ ਸਦੀਵਤਾ ਜਿਹੇ ਵਿਸ਼ੇ ਵੀ ਪੇਸ਼ ਕੀਤੇ । ਸ਼ੁਰੂ ਵਿੱਚ ਉਸ ਨੇ ਆਪਣੇ ਦੇਸ਼ ਦਾ ਗੁਣ-ਗਾਇਨ ਕੀਤਾ ਪਰ ਸਮੇਂ ਦੇ ਬੀਤਣ ਨਾਲ ਉਹ ਸਾਰੇ ਵਿਸ਼ਵ ਦਾ , ਸਾਰੀ ਲੋਕਾਈ ਦਾ , ਸਰਬੱਤ ਦੇ ਭਲੇ ਦਾ , ਵਿਸ਼ਵ ਸ਼ਾਂਤੀ ਦਾ ਦੀਵਾਨਾ ਹੋ ਨਿਬੜਿਆ । ਆਪਣੀ ਪ੍ਰਸਿੱਧ ਕਵਿਤਾ ‘ ਪੈਸੇਜ ਟੂ ਇੰਡੀਆ` ਵਿੱਚ ਵਿਟਮੈਨ ਨੇ ਸਾਰੇ ਵਿਸ਼ਵ ਨੂੰ , ਸਾਰੀ ਮਾਨਵਜਾਤੀ ਨੂੰ ਪ੍ਰਭਾਵਿਤ ਕਰਨ ਵਾਲੇ ਤਿੰਨ ਵਰਤਾਰਿਆਂ ਦਾ , ਜਿਨ੍ਹਾਂ ਵਿੱਚ ਰੇਲਵੇ ਦਾ , ਵਿਕਾਸ , ਤਾਰ ਰਾਹੀਂ ਸੂਚਨਾ ਦੇ ਆਦਾਨ-ਪ੍ਰਦਾਨ ਦੀਆਂ ਸੰਭਾਵਨਾਵਾਂ ਅਤੇ ਯੂਰਪ ਅਤੇ ਏਸ਼ੀਆ ਵਿਚਕਾਰ ਸੰਪਰਕ ਉਲੇਖ ਕੀਤਾ ਹੈ । ਵਿਟਮੈਨ ਸਾਰੀ ਮਾਨਵਜਾਤੀ ਨੂੰ ਇੱਕ ਗੁਲਦਸਤੇ ਦੇ ਰੂਪ ਵਿੱਚ ਵੇਖਣਾ ਚਾਹੁੰਦਾ ਸੀ ਸੋ ਇਹ ਤਿੰਨ ਨਵੇਂ ਵਰਤਾਰੇ ਉਸ ਨੂੰ ਆਪਣੇ ਸੁਪਨੇ ਦੀ ਪੂਰਤੀ ਪ੍ਰਤੀਤ ਹੁੰਦੇ ਸਨ । ਵਿਟਮੈਨ ਆਪਣੇ ਜੀਵਨ ਦੇ ਅੰਤਲੇ ਸਮੇਂ ਵਿੱਚ ਸਾਂਝੀਵਾਲਤਾ , ਵਿਸ਼ਵ ਸ਼ਾਂਤੀ , ਮਨੁੱਖ ਦੀ ਪ੍ਰਕਿਰਤੀ ਨਾਲ ਸਾਂਝ ਆਦਿ ਜਿਹੇ ਵਿਸ਼ਿਆਂ ਤੇ ਲਿਖਦਾ ਰਿਹਾ ਹੈ ।

        ਜਦੋਂ ਵਿਟਮੈਨ ਕਵੀ ਵਜੋਂ ਵਿਚਰ ਰਿਹਾ ਸੀ , ਉਸੇ ਸਮੇਂ ਅਮਰੀਕਾ ਖ਼ਾਨਾਜੰਗੀ ਵਿੱਚੋਂ ਲੰਘ ਰਿਹਾ ਸੀ । ਇੱਕ ਕਵੀ ਹੋਣ ਕਰ ਕੇ ਉਹ ਸਮਕਾਲੀ ਸਥਿਤੀਆਂ ਤੋਂ ਪ੍ਰਭਾਵਿਤ ਹੋਏ ਬਿਨਾ ਨਹੀਂ ਸੀ ਰਹਿ ਸਕਦਾ । 1871 ਵਿੱਚ ਵਿਟਮੈਨ ਨੇ ਆਪਣੀਆਂ ਵਾਰਤਕ ਰਚਨਾਵਾਂ ਛਪਵਾਈਆਂ ਜਿਨ੍ਹਾਂ ਵਿੱਚ ਉਸ ਨੇ ਅਮਰੀਕੀ ਜੀਵਨ ਵਿੱਚ ਫੈਲੇ ਭ੍ਰਿਸ਼ਟਾਚਾਰ ਦੀ ਨਿੰਦਾ ਕੀਤੀ ਹੈ ਪਰ ਆਸ ਪ੍ਰਗਟਾਈ ਹੈ ਕਿ ਕੋਈ ਸਮਾਂ ਆਵੇਗਾ ਜਦੋਂ ਸਮੁੱਚਾ ਸੰਸਾਰ ਅਮਨ-ਸ਼ਾਂਤੀ ਨਾਲ ਵਿਸ਼ਵ ਭਾਈਚਾਰਾ ਸਿਰਜ ਲਵੇਗਾ । 1881 ਵਿੱਚ ਵਿਟਮੈਨ ਨੇ ਆਪਣੇ ਕਾਵਿ-ਸੰਗ੍ਰਹਿ ਦੀ ਅੰਤਲੀ ਸੁਧਾਈ ਅਰੰਭ ਕੀਤੀ । ਇਸ ਉਪਰੰਤ ਲਿਖੀਆਂ ਉਸ ਦੀਆਂ ਕਵਿਤਾਵਾਂ ਉਸ ਦੇ ਕਾਵਿ-ਸੰਗ੍ਰਹਿ ਵਿੱਚ ਸ਼ਾਮਲ ਨਹੀਂ ਕੀਤੀਆਂ ਗਈਆਂ । ਉਹਨਾਂ ਨੂੰ ਸੰਗ੍ਰਹਿ ਦੇ ਅੰਤ ਤੇ ਨੱਥੀ ਕਰ ਦਿੱਤਾ ਗਿਆ ਹੈ ।

        ਖ਼ਾਨਾਜੰਗੀ ਸੰਬੰਧੀ ਵਿਟਮੈਨ ਦੀਆਂ ਲਿਖਤਾਂ 1882 ਵਿੱਚ ਪ੍ਰਕਾਸ਼ਿਤ ਹੋਈਆਂ । ਆਪਣੇ ਜੀਵਨ ਦੇ ਅੰਤਲੇ ਵਰ੍ਹਿਆਂ ਵਿੱਚ ਵਿਟਮੈਨ ਨੂੰ ਮਹਾਨ ਕਵੀ ਵਾਲੇ ਸਾਰੇ ਮਾਣ-ਸਨਮਾਨ ਮਿਲੇ ਅਤੇ ਉਸ ਦੀ ਪ੍ਰਸਿੱਧੀ ਕਵਿਤਾ ਦੇ ਖੇਤਰ ਵਿੱਚ ਹੀ ਨਹੀਂ , ਸਗੋਂ ਦੂਜੇ ਖੇਤਰਾਂ ਵਿੱਚ ਵੀ ਫੈਲੀ । ਉਸ ਦੇ ਕਾਵਿ-ਸੰਗ੍ਰਹਿਆਂ ਦੇ ਅਨੁਵਾਦ ਹੋਏ ਅਤੇ ਅਨੁਵਾਦ ਰੂਪ ਵਿੱਚ ਇੱਕ ਕਾਵਿ-ਸੰਗ੍ਰਹਿ ਲੀਵਜ਼ ਆਫ਼ ਗ੍ਰਾਸ ਵਿਸ਼ਵ ਭਰ ਵਿੱਚ ਕੋਰਸਾਂ ਦਾ ਭਾਗ ਬਣਿਆ । ਵਿਟਮੈਨ ਦੇ ਕਾਵਿ ਬਾਰੇ ਕਿਹਾ ਜਾਂਦਾ ਹੈ ਕਿ ਜਿਸ ਕਿਸੇ ਨੂੰ ਵੀ ਕਵਿਤਾ ਵਿੱਚ ਦਿਲਚਸਪੀ ਹੈ , ਉਹ ਵਿਟਮੈਨ ਦੀ ਕਾਵਿ-ਕਲਾ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਦਾ ।

        ਵਿਟਮੈਨ ਦੀ ਕਵਿਤਾ ਦਾ ਪ੍ਰਭਾਵ , ਏਨਾ ਵਿਸ਼ਾਲ ਹੈ ਕਿ ਸੰਸਾਰ ਦੀ ਹਰ ਭਾਸ਼ਾ ਵਿੱਚ ਅਨੇਕਾਂ ਕਵੀਆਂ ਨੇ ਉਸ ਵਾਂਗ ਲਿਖਿਆ ਅਤੇ ਪ੍ਰਸਿੱਧ ਹੋਏ । ਬੰਗਾਲੀ ਵਿੱਚ ਰਾਬਿੰਦਰ ਨਾਥ ਟੈਗੋਰ ਅਤੇ ਪੰਜਾਬੀ ਵਿੱਚ ਪੂਰਨ ਸਿੰਘ ਇਸ ਪੱਖ ਤੋਂ ਮਹੱਤਵਪੂਰਨ ਉਦਾਹਰਨਾਂ ਹਨ । ਵਿਟਮੈਨ ਦੇ ਕਾਵਿ-ਸੰਗ੍ਰਹਿ ਲੀਵਜ਼ ਆਫ਼ ਗ੍ਰਾਸ ਦਾ ਪੰਜਾਬੀ ਵਿੱਚ ਘਾਹ ਪਤੀਆਂ ਦੇ ਸਿਰਲੇਖ ਅਧੀਨ ਅਨੁਵਾਦ ਹੋ ਚੁੱਕਾ ਹੈ ।


ਲੇਖਕ : ਨਰਿੰਦਰ ਸਿੰਘ ਕਪੂਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1700, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.