ਵੱਲਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਵੱਲਾ ( ਪਿੰਡ ) : ਪੰਜਾਬ ਦੇ ਅੰਮ੍ਰਿਤਸਰ ਨਗਰ ਤੋਂ 7 ਕਿ.ਮੀ. ਪੂਰਬ ਵਲ ਸਥਿਤ ਇਕ ਪੁਰਾਤਨ ਪਿੰਡ , ਜਿਥੇ ਨਵੰਬਰ 1664 ਈ. ਵਿਚ ਗੁਰੂ ਤੇਗ ਬਹਾਦਰ ਜੀ ਨੇ ਚਰਣ ਪਾਏ ਸਨ । ਸਿੱਖ ਇਤਿਹਾਸ ਅਨੁਸਾਰ ਹਰਿਮੰਦਿਰ ਸਾਹਿਬ ਦੇ ਦਰਸ਼ਨ ਕਰਨ ਲਈ ਗੁਰੂ ਤੇਗ ਬਹਾਦਰ ਜੀ ਬਕਾਲੇ ਤੋਂ ਅੰਮ੍ਰਿਤਸਰ ਆਏ ਸਨ । ਉਥੋਂ ਦੇ ਮਸੰਦਾਂ ਨੂੰ ਇਹ ਚਿੰਤਾ ਹੋ ਗਈ ਕਿ ਕਿਤੇ ਗੁਰੂ ਜੀ ਹਰਿਮੰਦਿਰ ਸਾਹਿਬ ਉਤੇ ਕਬਜ਼ਾ ਨ ਕਰ ਲੈਣ , ਉਹ ਦਰਵਾਜ਼ੇ ਬੰਦ ਕਰਕੇ ਚਲੇ ਗਏ । ਗੁਰੂ ਜੀ ਕੁਝ ਦੇਰ ਲਈ ਅਕਾਲ ਬੁੰਗਾ ਦੇ ਪਾਸ ‘ ਥੜਾ ਸਾਹਿਬ’ ਵਾਲੇ ਸਥਾਨ ਉਤੇ ਬੈਠੇ ਰਹੇ , ਪਰ ਫਿਰ ਇਹ ਕਹਿ ਕੇ— ਨਹਿ ਮਸੰਦ ਤੁਮ ਅੰਮ੍ਰਿਤਸਰੀਏ ਤ੍ਰਿਸਨਾਗਨਿ ਸੇ ਅੰਦਰ ਸੜੀਏ — ਵੱਲੇ ਪਿੰਡ ਨੂੰ ਚਲੇ ਗਏ ਅਤੇ ਉਥੇ ਨਗਰ ਤੋਂ ਬਾਹਰ ਇਕ ਪਿੱਪਲ ਦੇ ਬ੍ਰਿਛ ਹੇਠਾਂ ਬਿਰਾਜਮਾਨ ਹੋ ਗਏੇ । ਜਦੋਂ ਪਿੰਡ ਵਾਲਿਆਂ ਨੂੰ ਗੁਰੂ ਜੀ ਦੀ ਆਮਦ ਦਾ ਪਤਾ ਲਗਾ ਤਾਂ ਉਥੋਂ ਦੀ ਰਹਿਣ ਵਾਲੀ ਇਕ ਸਿਦਕੀ ਮਾਈ ਹਰਿਆਂ ਦੀ ਅਗਵਾਈ ਵਿਚ ਸ਼ਰਧਾਲੂ ਗੁਰੂ ਜੀ ਦੇ ਦਰਸ਼ਨਾਂ ਲਈ ਆਏ ਅਤੇ ਬੜੇ ਅਦਬ ਨਾਲ ਮਾਈ ਹਰਿਆਂ ਦੇ ਘਰ ਲੈ ਗਏ । ਜਦੋਂ ਅੰਮ੍ਰਿਤਸਰ ਦੀਆਂ ਇਸਤਰੀਆਂ ਨੂੰ ਮਸੰਦਾਂ ਦੇ ਕਰਤੂਤ ਦਾ ਪਤਾ ਲਗਾ ਤਾਂ ਉਹ ਗੁਰੂ ਜੀ ਪਾਸੋਂ ਮਾਫ਼ੀ ਮੰਗਣ ਲਈ ਵੱਲੇ ਆਈਆਂ । ਗੁਰੂ ਜੀ ਨੇ ਪ੍ਰਸੰਨ ਹੋ ਕੇ ਮਾਈਆਂ ਨੂੰ ਵਰਦਾਨ ਦਿੱਤਾ ।

ਇਸ ਪਿੰਡ ਵਿਚ ਨੌਵੇਂ ਗੁਰੂ ਜੀ ਦੇ ਨਾਂ ਨਾਲ ਸੰਬੰਧਿਤ ਦੋ ਗੁਰੂ-ਧਾਮ ਹਨ । ਪਹਿਲਾ ਹੈ ‘ ਗੁਰਦੁਆਰਾ ਕੋਠਾ ਸਾਹਿਬ’ ਜੋ ਪਿੰਡ ਦੇ ਅੰਦਰ ਉਸ ਥਾਂ’ ਤੇ ਹੈ , ਜਿਥੇ ਮਾਈ ਹਰਿਆਂ ਦਾ ਘਰ ਸੀ । ਇਸ ਗੁਰਦੁਆਰੇ ਦੀ ਵਰਤਮਾਨ ਇਮਾਰਤ ਸੰਨ 1905 ਈ. ਵਿਚ ਬਣੀ ਸੀ , ਕਿਉਂਕਿ ਪਹਿਲੀ ਇਮਾਰਤ ਭੂਚਾਲ ਨਾਲ ਨੁਕਸਾਨੀ ਗਈ ਸੀ । ਇਸ ਦੇ ਪਰਿਸਰ ਵਿਚ ਇਕ ਛੋਟਾ ਜਿਹਾ ਸਰੋਵਰ ਵੀ ਹੈ । ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਹੈ , ਪਰ ਇਸ ਦੀ ਵਿਵਸਥਾ ਸਥਾਨਕ ਕਮੇਟੀ ਕਰਦੀ ਹੈ । ਮਾਘ ਮਹੀਨੇ ਦੀ ਪੂਰਣਮਾਸੀ ਵਾਲੇ ਦਿਨ ਇਥੇ ਵੱਡਾ ਮੇਲਾ ਲਗਦਾ ਹੈ ।

ਇਸ ਪਿੰਡ ਵਿਚਲਾ ਦੂਜਾ ਗੁਰੂ-ਧਾਮ ਹੈ ‘ ਗੁਰਦੁਆਰਾ ਵੱਲਾ ਸਾਹਿਬ’ ਜੋ ਪਿੰਡ ਦੀ ਪੱਛਮੀ ਬਾਹੀ ਤੋਂ ਬਾਹਰ ਵਲ ਹੈ । ਇਹ ਸਮਾਰਕ ਉਸ ਸਥਾਨ ਉਤੇ ਬਣਿਆ ਹੋਇਆ ਹੈ , ਜਿਥੇ ਪਿੱਪਲ ਹੇਠਾਂ ਗੁਰੂ ਜੀ ਆ ਕੇ ਬੈਠੇ ਸਨ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2984, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.