ਸ਼ਬਦ-ਤਰਤੀਬ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਸ਼ਬਦ-ਤਰਤੀਬ : ਭਾਸ਼ਾ ਦਾ ਵਿਸ਼ਲੇਸ਼ਣ ਦੋ ਪੱਖਾਂ ਤੋਂ ਕੀਤਾ ਜਾਂਦਾ ਹੈ : ਭਾਸ਼ਾ ਦਾ ਬਣਤਰਾਮਕ ਪੱਖ ਅਤੇ ਭਾਸ਼ਾ ਦਾ ਪਰਿਵਾਰਕ ਪੱਖ । ਮੁੱਢਲੇ ਭਾਸ਼ਾ ਸ਼ਾਸਤਰੀ \ ਭਾਸ਼ਾ ਵਿਗਿਆਨੀ , ਭਾਸ਼ਾ ਦੇ ਪਰਿਵਾਰ ਦਾ ਅਧਿਅਨ ਕਰਨ ਵਿਚ ਰੁਚਿਤ ਸਨ ਪਰ ਭਾਸ਼ਾ ਦੀ ਬਣਤਰ ਦਾ ਅਧਿਅਨ ਕਰਨ ਲਈ ਭਾਸ਼ਾ ਦੇ ਬਣਤਰਾਤਮਕ ਪੱਖ ਨੂੰ ਅਧਿਅਨ ਦਾ ਕੇਂਦਰ ਬਣਾਇਆ ਜਾਂਦਾ ਹੈ । ਪਰਿਵਾਰ ਦੇ ਪੱਖ ਤੋਂ ਭਾਸ਼ਾਵਾਂ ਦੀ ਸੂਚੀ ਵਿਚ ਪਰਿਵਾਰਾਂ ਅਤੇ ਗੌਣ ਪਰਿਵਾਰਾਂ ਦੀ ਸੰਖਿਆ ਕਾਫੀ ਜਿਆਦਾ ਹੈ । ਦੂਜੇ ਪਾਸੇ ਭਾਸ਼ਾ ਦੀ ਬਣਤਰ ਦੇ ਅਧਾਰ ’ ਤੇ ਕੁਝ ਸੀਮਤ ਗਰੁੱਪ ਬਣਦੇ ਹਨ । ਇਨ੍ਹਾਂ ਗਰੁੱਪਾਂ ਦੀ ਸਥਾਪਤੀ ਕਿਰਿਆ , ਕਰਤਾ , ਕਰਮ ਆਦਿ ਦੇ ਵਿਚਰਨ ਦੇ ਸਥਾਨ ਦੇ ਅਧਾਰ ’ ਤੇ ਕੀਤੀ ਜਾਂਦੀ ਹੈ । ਸਮੁੱਚੀਆਂ ਭਾਸ਼ਾਵਾਂ ਵਿਚੋਂ ਕੁਝ ਇਸ ਪਰਕਾਰ ਦੀਆਂ ਹਨ ਜਿਨ੍ਹਾਂ ਦੀ ਬਣਤਰ ਵਿਚ ਤਬਦੀਲੀ ਕੀਤੀ ਜਾ ਸਕਦੀ ਹੈ ਅਤੇ ਕੁਝ ਇਸ ਪਰਕਾਰ ਦੀਆਂ ਹਨ ਜਿਨ੍ਹਾਂ ਵਿਚ ਤਬਦੀਲੀ ਨਹੀਂ ਕੀਤੀ ਜਾ ਸਕਦੀ । ਪੰਜਾਬੀ ਪਹਿਲੇ ਪਰਕਾਰ ਦੀ ਭਾਸ਼ਾ ਹੈ । ਇਸ ਦੀ ਮੂਲ ਬਣਤਰ ( SOV ) ਵਾਲੀ ਹੈ । ਟਕਸਾਲੀ ਭਾਸ਼ਾ ਨੂੰ ਆਦਰਸ਼ਕ ਬੁਲਾਰਾ ਇਸੇ ਬਣਤਰ ਵਿਚ ਵਰਤਦਾ ਹੈ ਜਿਵੇਂ : ‘ ਬੱਚਾ ਦੁੱਧ ਚੁੰਘਦਾ ਹੈ’ ਪਰ ਪੰਜਾਬੀ ਭਾਸ਼ੀ ਬੁਲਾਰੇ ‘ ਦੁੱਧ ਚੁੰਘਦਾ ਹੈ ਬੱਚਾ’ ( OVS ) ਅਤੇ ‘ ਚੁੰਘਦਾ ਹੈ ਬੱਚਾ ਦੁੱਧ’ ( VSO ) ਆਦਿ ਬਣਤਰ ਵਿਚ ਵਰਤੋਂ ਕਰ ਸਕਦੇ ਹਨ । ਇਸ ਪਰਕਾਰ ਦੀਆਂ ਬਣਤਰਾਂ ਗੈਰ-ਵਿਆਕਰਨਕ ਨਹੀਂ ਹਨ । ਪੰਜਾਬੀ ਵਿਚ ( SOV ) ਤੋਂ ਇਲਾਵਾ ਹੋਰ ਪਰਕਾਰ ਦਾ ਸਥਾਨ ਪਰਿਵਰਤਨ ਸ਼ਬਦ ਪੱਧਰ ਤੇ ਸਾਰਥਕ ਨਹੀਂ ਹੁੰਦਾ ਜਿਵੇਂ : ‘ ਬੱਚੇ ਨੇ ਦੁੱਧ ਪੀਤਾ’ ਦੀ ਥਾਂ ‘ ਪੀਤਾ ਨੇ ਦੁੱਧ ਬੱਚੇ’ * ਨਹੀਂ ਵਰਤਿਆ ਜਾ ਸਕਦਾ ਕਿਉਂਕਿ ਪੰਜਾਬੀ ਵਿਚ ਵਾਕੰਸ਼ ਪੱਧਰ ਦਾ ਸਥਾਨ ਪਰਿਵਰਤਨ ਸੰਭਵ ਹੈ , ਜਿਵੇਂ ‘ ਦੁੱਧ ਬੱਚੇ ਨੇ ਪੀਤਾ , ਪੀਤਾ ਦੁੱਧ ਬੱਚੇ ਨੇ’ ਆਦਿ । ਪਰ ਦੂਜੇ ਪਾਸੇ ਵਾਕੰਸ਼ ਦੀ ਬਣਤਰ ਵਿਚ ਵਿਚਰਨ ਵਾਲੇ ਸ਼ਬਦਾਂ ਦੀ ਤਰਤੀਬ ਨਿਸ਼ਚਤ ਹੈ : ( i ) ਵਿਸ਼ੇਸ਼ਣ ਹਮੇਸ਼ਾਂ ਨਾਂਵ ਤੋਂ ਪਹਿਲਾਂ ਵਿਚਰ ਕੇ ਨਾਂਵ ਨਾਲ ਲਿੰਗ ਤੇ ਵਚਨ ਦੇ ਪੱਧਰ ਦਾ ਮੇਲ ਸਥਾਪਤ ਕਰਦਾ ਹੈ ਜਿਵੇਂ : ‘ ਘੋੜਾ ਕਾਲਾ ਹੈ , ਬੱਚਾ ਛੋਟਾ ਹੈ’ । ਪੰਜਾਬੀ ਵਿਚ ਵਿਸ਼ੇਸ਼ਣ ਨਾਂਵ ਤੋਂ ਪਿਛੋਂ ਅਲੱਗ ਇਕਾਈ ਦੇ ਤੌਰ ’ ਤੇ ਵਿਚਰ ਕੇ ਨਾਂਵ ਦੀ ਵਿਸ਼ੇਸ਼ਤਾ ਪਰਗਟਾਉਂਦਾ ਹੈ ਅਤੇ ਨਾਂਵ ਨਾਲ ਲਿੰਗ ਦੇ ਪੱਧਰ ’ ਤੇ ਮੇਲ ਸਥਾਪਤ ਕਰਦਾ ਹੈ ਜਿਵੇਂ : ‘ ਘੋੜਾ ਕਾਲਾ ਹੈ , ਬੱਚਾ ਛੋਟਾ ਹੈ’ । ਇਥੇ ‘ ਕਾਲਾ ਅਤੇ ਛੋਟਾ’ ਵਿਸ਼ੇਸ਼ਣ ਵਾਕੰਸ਼ ਵਜੋਂ ਵਿਚਰਦੇ ਹਨ ( ii ) ਸਹਾਇਕ ਕਿਰਿਆ , ਮੁੱਖ ਕਿਰਿਆ ਤੋਂ ਬਾਦ ਵਿਚਰਦੀ ਹੈ ਅਤੇ ਕਿਰਿਆ ਵਾਕੰਸ਼ ਦੀ ਬਣਤਰ ਵਿਚ ਵਿਚਰਨ ਵਾਲੇ ਬਾਕੀ ਕਿਰਿਆ ਰੂਪ ਮੁੱਖ ਕਿਰਿਆ ਅਤੇ ਸਹਾਇਕ ਕਿਰਿਆ ਦੇ ਵਿਚਕਾਰ ਹਨ , ਜਿਵੇਂ : ‘ ਪੜ੍ਹੀਆਂ ਜਾ ਰਹੀਆਂ ਹਨ’ ਵਿਚ ‘ ਪੜ੍ਹੀਆਂ’ ਮੁੱਖ ਕਿਰਿਆ ਹੈ ਅਤੇ ‘ ਹਨ’ ਸਹਾਇਕ ਹੈ , ਪਰ ਜੇ ਕਿਰਿਆ ਵਾਕੰਸ਼ ਨਾਂਹ-ਪੱਖੀ ਹੋਵੇ ਤਾਂ ਵਰਤਮਾਨ ਕਾਲੀ ਹੈ \ ਹਨ ਆਦਿ ਕਿਰਿਆ ਦੀ ਵਰਤੋਂ ਨਹੀਂ ਹੁੰਦੀ ਜਿਵੇਂ : ‘ ਉਹ ਜਾਂਦਾ ਹੈ , ਉਹ ਜਾਂਦਾ ਨਹੀਂ ਹੈ , ਉਹ ਜਾਂਦਾ ਨਹੀਂ ਸੀ’ । ( iii ) ‘ ਦਾ’ ਵਰਗ ਦੇ ਸਬੰਧਕ ਦੋ ਸ਼ਬਦਾਂ ਦੇ ਵਿਚਕਾਰ ਵਿਚਰ ਕੇ ਉਨ੍ਹਾਂ ਨਾਲ ਲਿੰਗ ਵਚਨ ਦਾ ਮੇਲ ਸਥਾਪਤ ਕਰਦੇ ਹਨ ਜਿਵੇਂ : ‘ ਮੋਹਨ ਦਾ ਮੁੰਡਾ , ਸੋਹਨ ਦੀ ਕੁੜੀ’ , ਕਈ ਵਾਰ ‘ ਦਾ’ ਵਰਗ ਦੇ ਸ਼ਬਦ ਵਾਕ ਦੇ ਅੰਤ ’ ਤੇ ਵਿਚਰਦੇ ਹਨ , ਇਸ ਪਰਕਾਰ ਦਾ ਵਰਤਾਰਾ ਕੇਵਲ ਇਕ ਵਾਕ-ਬਣਤਰ ਵਿਚ ਵਾਪਰਦਾ ਹੈ , ਜਿਵੇਂ : ‘ ਇਹ ਕੁੜੀ ਪਿੰਡ ਦੀ ਹੈ’ । ( iv ) ਕਿਰਿਆ ਵਿਸ਼ੇਸ਼ਣ , ਕਿਰਿਆ ਤੋਂ ਪਹਿਲਾਂ ਵਿਚਰਦੇ ਹਨ , ਜਿਵੇਂ : ‘ ਕੁੱਤਾ ਬਹੁਤ ਭੌਂਕਦਾ ਹੈ’ , ‘ ਘੋੜਾ ਤੇਜ ਦੌੜਦਾ ਹੈ’ । ( v )       ਸੰਬੋਧਨੀ ਨਾਂਵ , ਵਾਕ ਤੋਂ ਪਹਿਲਾਂ ਵਿਚਰਦੇ ਹਨ , ਜਿਵੇਂ : ‘ ਮੁੰਡਿਆ , ਘਰ ਜਾ’ , ‘ ਕੁੜੀਏ , ਰੋਟੀ ਖਾ ਲੈ । ’ ( vi ) ਦਬਾ-ਸੂਚਕ ਅਤੇ ਨਾਂਹ-ਸੂਚਕ ਸ਼ਬਦਾਂ ਦਾ ਘੇਰਾ ਵਾਕੰਸ਼ ਤੋਂ ਲੈ ਕੇ ਵਾਕ ਤੱਕ ਫੈਲਿਆ ਹੋਇਆ ਹੈ । ਇਨ੍ਹਾਂ ਸ਼ਬਦਾਂ ‘ ਹੀ , ਵੀ , ਨਾ , ਨਹੀਂ’ , ਆਦਿ ਦੀ ਵਰਤੋਂ ਉਸ ਸ਼ਬਦ ਤੋਂ ਪਿਛੋਂ ਕੀਤੀ ਜਾਂਦੀ ਹੈ , ਕਰਮਵਾਰ ਜਿਸ ’ ਤੇ ਦਬਾ ਦਿੱਤਾ ਗਿਆ ਹੋਵੇ ਜਾਂ ਜਿਸ ਨੂੰ ਨਾਂਹ-ਪੱਖੀ ਕਰਨਾ ਹੋਵੇ ਜਿਵੇਂ : ‘ ਉਹ ਪਿੰਡ ਹੀ ਜਾਂਦਾ ਹੈ , ਉਹੀ ਹੀ ਪਿੰਡ ਜਾਂਦਾ ਹੈ , ਉਹ ਪਿੰਡ ਜਾਂਦਾ ਹੀ ਹੈ’ । ਅਤੇ ਉਹ ਪਿੰਡ ਨਹੀਂ ਜਾਂਦਾ , ਉਹ ਨਹੀਂ ਪਿੰਡ ਜਾਂਦਾ , ਉਹ ਪਿੰਡ ਜਾਂਦਾ ਨਹੀਂ । ( vii ) ਵਾਕੰਸ਼ ਦੀ ਬਣਤਰ ਅਤੇ ਵਾਕ ਦੀ ਬਣਤਰ ਨੂੰ ਵਧਾਉਣ ਲਈ ਯੋਜਕਾਂ ਦੀ ਵਰਤੋਂ ਕੀਤੀ ਜਾਂਦੀ ਹੈ , ਜਿਵੇਂ : ‘ ਮੈਂ ਤੇ ਉਹ’ , ਮੈਂ , ਤੂੰ ਤੇ ਉਹ , ਮੁੰਡਾ ਸ਼ਹਿਰੀ ਹੈ ਅਤੇ ਕੁੜੀ ਪੇਂਡੂ ਹੈ ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 533, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.