ਸ਼ਹਾਦਤ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸ਼ਹਾਦਤ [ ਨਾਂਇ ] ਸ਼ਹੀਦੀ , ਕੁਰਬਾਨੀ; ਗਵਾਹੀ , ਪ੍ਰਮਾਣ , ਸਾਖੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3362, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸ਼ਹਾਦਤ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹਾਦਤ . ਅ਼ ਸੱਚੀ ਗਵਾਹੀ. ਸਾ੖਴ । ੨ ਸ਼ਹੀਦੀ. ਧਰਮਯੁੱਧ ਵਿੱਚ ਮੌਤ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3187, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸ਼ਹਾਦਤ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਹਾਦਤ : ਕਿਸੇ ਧਰਮ ਜਾਂ ਸਮਾਜ ਵਿਚ ਜਦੋਂ ਅਤਿਆਚਾਰ ਸਿਖਰ ਉਤੇ ਪਹੁੰਚ ਜਾਂਦਾ ਹੈ , ਉਦੋਂ ਸਤਿਆਚਾਰ ਦੀ ਸਥਾਪਨਾ ਲਈ ਕੋਈ ਯੁਗ-ਪੁਰਸ਼ ਆਪਣੀ ਸ਼ਰੀਰਿਕ ਅਹੂਤੀ ਦਿੰਦਾ ਹੈ । ਇਸ ਸਾਰੀ ਪ੍ਰਕ੍ਰਿਆ ਨੂੰ ‘ ਸ਼ਹਾਦਤ’ ਦਾ ਨਾਂ ਦਿੱਤਾ ਜਾਂਦਾ ਹੈ । ਸਾਮੀ ਸਭਿਆਚਾਰ ਵਿਚ ਸ਼ਹਾਦਤ ਦੀ ਪਰੰਪਰਾ ਮੌਜੂਦ ਹੈ । ਉਥੇ ਪੁਰਾਤਨ ਅਧਿਆਤਮਿਕ ਸਤਿ ਜਾਂ ਪੁਰਾਤਨ ਸਮਾਜਿਕ ਸੰਤੋਸ਼ ਜਾਂ ਪੁਰਾਤਨ ਬੌਧਿਕ ਗਿਆਨ ਨੂੰ ਵੰਗਾਰੇ ਜਾਣ ਵੇਲੇ ਸ਼ਹਾਦਤ ਦਾ ਜਲੌ ਵੇਖਿਆ ਜਾਂਦਾ ਰਿਹਾ ਹੈ । ਭਾਰਤ ਵਿਚ ਸ਼ਹਾਦਤ ਦੀ ਬਿਰਤੀ ਦਾ ਅਭਾਵ ਸੀ । ਇਸ ਬਿਰਤੀ ਦਾ ਉਦਘਾਟਨ ਪੰਜਾਬ ਵਿਚ ਪੰਚਮ ਅਤੇ ਨਵਮ ਗੁਰੂ ਸਾਹਿਬਾਨ ਨੇ ਕਰਕੇ ਸਮਾਜ ਅਤੇ ਧਰਮ ਦੇ ਸਮੁੱਚੇ ਸਰੂਪ ਨੂੰ ਬਦਲਣ ਦਾ ਯਤਨ ਕੀਤਾ । ਸਿੱਖ ਸਮਾਜ ਵਿਚ ਸ਼ਹਾਦਤ ਇਕ ਲਹਿਰ ਜਿਹੀ ਬਣ ਗਈ ਹੈ । ਖਿੜੇ ਮੱਥੇ ਆਤਮ- ਉਤਸਰਗ ਕਰਨਾ ਸਿੱਖ-ਸਾਧਕਾਂ ਲਈ ਇਕ ਸਹਿਜ ਸਾਧਾਰਣ ਮਾਨਸਿਕਤਾ ਹੈ । ਵਿਸਤਾਰ ਲਈ ਵੇਖੋ ‘ ਸ਼ਹੀਦ ’ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2974, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਸ਼ਹਾਦਤ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Evidence _ ਸ਼ਹਾਦਤ : ਸ਼ਹਾਦਤ ਦਾ ਮਤਲਬ ਹੈ ਧਿਰਾਂ ਵਿਚਕਾਰ ਤਨਾਜ਼ੇ ਅਧੀਨ ਮਾਮਲੇ ਬਾਰੇ ਗਵਾਹਾਂ ਦੁਆਰਾ ਪੇਸ਼ ਕੀਤੇ ਗਏ ਜ਼ਬਾਨੀ ਜਾਂ ਦਸਤਾਵੇਜ਼ੀ ਸਬੂਤ । ਭਾਰਤੀ ਸ਼ਹਾਦਤ ਐਕਟ , 1872 ਦੀ ਧਾਰਾ 3 ਅਨੁਸਾਰ ‘ ‘ ਸ਼ਹਾਦਤ’ ’ ਦਾ ਮਤਲਬ ਹੈ ਅਤੇ ਉਸ ਵਿਚ ਸ਼ਾਮਲ ਹਨ : -

( 1 )       ਉਹ ਸਾਰੇ ਬਿਆਨ ਜਿਨ੍ਹਾਂ ਨੂੰ ਜਾਂਚ ਅਧੀਨ ਤੱਥਾਂ ਦੇ ਮਾਮਲਿਆਂ ਦੇ ਸਬੰਧ ਵਿਚ ਅਦਾਲਤ ਆਪਣੇ ਅੱਗੇ ਗਵਾਹਾਂ ਦੁਆਰਾ ਦਿੱਤੇ ਜਾਣ ਦੀ ਇਜਾਜ਼ਤ ਦਿੰਦੀ ਜਾਂ ਲੋੜਦੀ ਹੈ; ਅਜਿਹੇ ਬਿਆਨ ਜ਼ਬਾਨੀ ਸ਼ਹਾਦਤ ਕਹਾਉਂਦੇ ਹਨ ।

( 2 )     ਅਦਾਲਤ ਦੇ ਨਿਰੀਖਣ ਲਈ ਪੇਸ਼ ਕੀਤੇ ਗਏ ਦਸਤਾਵੇਜ਼; ਅਜਿਹੇ ਦਸਤਾਵੇਜ਼ ਦਸਤਾਵੇਜ਼ੀ ਸ਼ਹਾਦਤ ਕਹਾਉਂਦੇ ਹਨ ।

            ਐਕਟ ਵਿਚ ਸ਼ਹਾਦਤ ਦੀ ਕੀਤੀ ਪਰਿਭਾਸ਼ਾ ਇਹ ਨਹੀਂ ਦੱਸਦੀ ਕਿ ਸ਼ਹਾਦਤ ਕੀ ਹੁੰਦੀ ਹੈ ਸਗੋਂ ਕੇਵਲ ਇਹ ਦੱਸਦੀ ਹੈ ਕਿ ਸ਼ਹਾਦਤ ਹੇਠ-ਲਿਖੇ ਦੋ ਵਰਗਾਂ ਵਿਚ ਵੰਡੀ ਜਾ ਸਕਦੀ ਹੈ , ਅਰਥਾਤ ਜ਼ਬਾਨੀ ਸ਼ਹਾਦਤ ਅਤੇ ਲਿਖਤੀ ਸ਼ਹਾਦਤ ।

            ਆਮ ਤੌਰ ਤੇ ਸ਼ਹਾਦਤ ਦੇ ਉਪਰੋਕਤ ਦੋ ਵਰਗਾਂ ਦੇ ਨਾਲ ਤੀਜੇ ਵਰਗ ਅਰਥਾਤ ਪਦਾਰਥ ਜਾਂ ਵਾਸਤਵਿਕ ਵਰਗ ਦਾ ਜ਼ਿਕਰ ਵੀ ਕੀਤਾ ਮਿਲਦਾ ਹੈ । ਐਪਰ , ਸ਼ਹਾਦਤ ਐਕਟ ਵਿਚ ਸ਼ਹਾਦਤ ਦੀ ਪਰਿਭਾਸ਼ਾ ਵਿਚ ਤੀਜੇ ਵਰਗ ਅਰਥਾਤ ਪਦਾਰਥਕ ਸ਼ਹਾਦਤ ਨੂੰ ਸ਼ਾਮਲ ਨਹੀਂ ਕੀਤਾ ਗਿਆ । ਹਕੀਕਤ ਇਹ ਹੈ ਕਿ ਤੀਜੇ ਵਰਗ ਨੂੰ ਸ਼ਾਮਲ ਕੀਤੇ ਜਾਣ ਤੋਂ ਬਿਨਾਂ ਸ਼ਹਾਦਤ ਦੀ ਪਰਿਭਾਸਾ ਅਧੂਰੀ ਹੈ । ਮਿਸਾਲ ਲਈ ਜਦ ਕੋਈ ਪੁਲਿਸ ਅਫ਼ਸਰ ਤਫ਼ਤੀਸ਼ ਉਪਰੰਤ ਮੈਜਸਿਟਰੇਟ ਨੂੰ ਉਹ ਹੱਥਿਆਰ ਵੀ ਭੇਜਦਾ ਹੈ ਜਿਸ ਨਾਲ ਉਹ ਅਪਰਾਧ ਨੇਪਰੇ ਚਾੜ੍ਹਿਆ ਗਿਆ । ਇਹ ਹੱਥਿਆਰ ਪਦਾਰਥਕ ਵਰਗ ਦੀ ਸ਼ਹਾਦਤ ਹੈ । ਉਸ ਨੂੰ ਸ਼ਹਾਦਤ ਦੇ ਵਰਗ ਵਿਚ ਲਿਆਉਣ ਲਈ ਸਾਨੂੰ ‘ ਸਾਬਤ’ ਸ਼ਬਦ ਦੀ ਪਰਿਭਾਸ਼ਾ ਦੀ ਸਹਾਇਤਾ ਲੈਣੀ ਪਵੇਗੀ । ਉਸ ਵਿਚ ਇਸ ਭਾਵ ਦੇ ਸ਼ਬਦ ਹਨ ਕਿ ‘ ਅਦਾਲਤ ਆਪਣੇ ਅੱਗੇ ਮਾਮਲਿਆਂ ਉਤੇ ਵਿਚਾਰ ਕਰਨ ਪਿਛੋਂ ’ ਕਿਸੇ ਤੱਥ ਦੀ ਹੋਂਦ ਜਾਂ ਅਣਹੋਂਦ ਦੇ ਸੰਭਾਵੀ ਹੋਣ ਬਾਬਤ ਕਿਸੇ ਸਿੱਟੇ ਤੇ ਪਹੁੰਚੇਗੀ । ਅਦਾਲਤ ਦੇ ‘ ਅੱਗੇ ਮਾਮਲਿਆਂ’ ਵਿਚ ਉਪਰ ਯਥਾ-ਪਰਿਭਾਸ਼ਤ ਸ਼ਹਾਦਤ , ਜੋ ਸਬੂਤ ਦਾ ਸਾਧਨ ਹੈ , ਤੋਂ ਇਲਾਵਾ ਸਬੂਤ ਦੇ ਹੋਰ ਸਾਧਨ ਵੀ ਸ਼ਾਮਲ ਹਨ । ਸਬੂਤ ਦੇ ਇਨ੍ਹਾਂ ਹੋਰ ਸਾਧਨਾਂ ਵਿਚ ਜ਼ਾਬਤਾ ਫ਼ੌਜਦਾਰੀ ਸੰਘਤਾ ਦੀ ਧਾਰਾ 164 ਅਧੀਨ ਦਿੱਤਾ ਗਿਆ ਇਕਬਾਲੀਆ ਬਿਆਨ , ਧਾਰਾ 306 ਅਧੀਨ ਸਹਿ-ਅਪਰਾਧੀ ਦਾ ਬਿਆਨ , ਅਦਾਲਤ ਦੁਆਰਾ ਪ੍ਰੇਖਣ ਕੀਤੇ ਮੁਲਜ਼ਮ ਦੇ ਤੌਰ ਤਰੀਕੇ ਅਤੇ ਉਹ ਸਾਰੇ ਤੱਥ ਆ ਜਾਂਦੇ ਹਨ ਜਿਨ੍ਹਾਂ ਦਾ ਨਿਆਂਇਕ ਨੋਟਿਸ ਲਿਆ ਜਾਣਾ ਹੁੰਦਾ ਹੈ । ਇਹ ਤੱਥ ਭਾਵੇਂ ਸ਼ਹਾਦਤ ਦੀ ਪਰਿਭਾਸ਼ਾ ਅਨੁਸਾਰ ਸ਼ਹਾਦਤ ਨਹੀਂ ਹਨ ਪਰ ਉਸ ਮਾਮਲੇ ਦਾ ਅਹਿਮ ਭਾਗ ਹਨ ਜਿਸ ਦੇ ਆਧਾਰ ਤੇ ਅਦਾਲਤ ਕਿਸੇ ਨਿਰਣੇ ਤੇ ਪਹੁੰਚਦੀ ਹੈ । ਐਪਰ , ਅੰਤਿਮ ਰੂਪ ਵਿਚ ਉਪਰੋਕਤ ਕਿਸਮ ਦੀਆਂ ਸਭ ਸ਼ਹਾਦਤਾਂ ਨੂੰ ਐਕਟ ਵਿਚ ਯਥਾ-ਪਰਿਭਾਸ਼ਤ ਸ਼ਹਾਦਤ ਦੇ ਅਨੁਰੂਪ ਜ਼ਬਾਨੀ ਜਾਂ ਦਸਤਾਵੇਜ਼ੀ ਸ਼ਹਾਦਤ ਦੇ ਇਕ ਜਾਂ ਦੂਜੇ ਵਰਗ ਵਿਚ ਰੱਖਿਆ ਜਾ ਸਕਦਾ ਹੈ ।

            ਜ਼ਾਬਤਾ ਫ਼ੌਜਦਾਰੀ ਸੰਘਤਾ , 1973 ਦੀ ਧਾਰਾ 161 ਅਧੀਨ ਕਲਮ ਬੰਦ ਕੀਤੇ ਗਏ ਪੁਲਿਸ ਬਿਆਨਾਂ ਨੂੰ ਜ਼ਾਬਤਾ ਫ਼ੌਜਦਾਰੀ ਸੰਘਤਾ ਦੀ ਧਾਰਾ 319 ਦੇ ਪ੍ਰਯੋਜਨਾ ਲਈ ਸ਼ਹਾਦਤ ਨਹੀਂ ਸਮਝਿਆ ਜਾ ਸਕਦਾ ਅਤੇ ਸ਼ਹਾਦਤ ਸ਼ਬਦ ਵਿਚ ਜਿਵੇਂ ਉਸ ਦੀ ਵਰਤੋਂ ਧਾਰਾ 319 ਵਿਚ ਕੀਤੀ ਗਈ ਹੈ ਦਾ ਮਤਲਬ ਹੈ ਵਿਚਾਰਣ ਦੇ ਦੌਰਾਨ ਸੈਸ਼ਨ ਜੱਜ ਦੁਆਰਾ ਕਲਮਬੰਦ ਕੀਤੀ ਗਈ ਸ਼ਹਾਦਤ । ਇਸ ਤਰ੍ਹਾਂ ਆਰ ਸੀ ਕੁਮਾਰ ਬਨਾਮ ਆਂਧਰਾ ਪ੍ਰਦੇਸ਼ ਰਾਜ [ ( 1991 ) ਕ੍ਰਲਿਜ਼ 887 ( ਆਂਧਰਾ ਪ੍ਰਦੇਸ਼ ) ] ਅਨੁਸਾਰ ਜ਼ਾਬਤਾ ਫ਼ੌਜਦਾਰੀ ਸੰਘਤਾ ਦੀ ਧਾਰਾ 319 ਦੁਆਰਾ ਚਿਤਵਤ ਅਨੁਸਾਰ ਉਸ ਸੰਘਤਾ ਦੀਆਂ ਧਾਰਾਵਾਂ 173 , 227 , 228 , 239 , 240 ਅਧੀਨ ਦੀ ਸਮੱਗਰੀ ਨੂੰ ਸ਼ਹਾਦਤ ਨਹੀਂ ਸਮਝਿਆ ਜਾ ਸਕਦਾ ।

            ਸ਼ਹਾਦਤ ਲਫ਼ਜ਼ ਅੰਗੇਰਜ਼ੀ ਦੇ ਸ਼ਬਦ ਐਵੀਡੈਂਸ ਲਈ ਰਖਿਆ ਗਿਆ ਹੈ ਜਿਸ ਦਾ ਡਿਕਸ਼ਨਰੀ ਅਰਥ ਹੈ ਉਹ ਚੀਜ਼ ਜੋ ਕਿਸੇ ਹੋਰ ਚੀਜ਼ ਨੂੰ ਜ਼ਾਹਰ ਕਰਦੀ ਹੈ; ਕਿਸੇ ਅਗਿਆਤ ਜਾਂ ਝਗੜੇ ਅਧੀਨ ਤੱਥ ਨੂੰ ਸਾਬਤ ਕਰਨ ਦਾ ਸਾਧਨ ਕਿਸੇ ਕਾਨੂੰਨੀ ਕੇਸ ਵਿਚ ਸੂਚਨਾ । ਇਸ ਤਰ੍ਹਾਂ ਆਮ ਬੋਲਚਾਲ ਵਿਚ ਕਿਹਾ ਜਾ ਸਕਦਾ ਹੈ ਕਿ ਸ਼ਹਾਦਤ ਦਾ ਮਤਲਬ ਹੈ ਕਿਸੇ ਕਾਨੂੰਨੀ ਕਾਰਵਾਈ ਵਿਚ ਉਸ ਕਾਰਵਾਈ ਨਾਲ ਸੁਸੰਗਤ ਸਾਹਮਣੇ ਲਿਆਂਦਾ ਗਿਆ ਕੋਈ ਤੱਥ ਦਾ ਮਾਮਲਾ । ਉਹ ਤੱਥ , ਉਨ੍ਹਾਂ ਤੱਥਾਂ ਤੋਂ ਅਨੁਮਾਨ ਅਤੇ ਬਿਆਨ ਜੋ ਕਿਸੇ ਅਦਾਲਤ ਜਾਂ ਜਾਂਚ ਕਰਨ ਵਾਲੀ ਬਾਡੀ ਨੂੰ ਉਨ੍ਹਾਂ ਤੱਥਾਂ ਬਾਰੇ ਕਾਇਲ ਕਰ ਸਕਦੇ ਹੋਣ ਜਿਨ੍ਹਾਂ ਬਾਰੇ ਅਨਿਸਚਿਤਤਾ ਹੋਵੇ ਅਤੇ ਜਿਨ੍ਹਾਂ ਬਾਰੇ ਜਾਂਚ ਕੀਤੀ ਜਾ ਰਹੀ ਹੋਵੇ । ਜਿਹੜੀ ਅਦਾਲਤ ਤੱਥਾਂ ਦੀ ਹੋਂਦ ਬਾਰੇ ਜਾਂਚ ਕਰ ਰਹੀ ਹੋਵੇ , ਉਸ ਨੂੰ ਸੁਝਾਇਆ ਜਾ ਸਕਦਾ ਹੈ ਕਿ ਉਨ੍ਹਾਂ ਤੱਥਾਂ ਤੇ ਪ੍ਰਕਾਸ਼ ਪਾਉਣ ਵਾਲਾ ਹਰ ਤੱਥ ਉਸ ਦੇ ਨੋਟਿਸ ਵਿਚ ਲਿਆਂਦਾ ਜਾਵੇ । ਸ਼ਹਾਦਤ ਦੇ ਨਿਯਮ ਪੇਸ਼ ਕੀਤੀ ਜਾ ਸਕਣ ਵਾਲੀ ਸ਼ਹਾਦਤ ਨੂੰ ਕਾਫ਼ੀ ਹਦ ਤਕ ਸੰਕੁਚਿਤ ਕਰ ਦਿੰਦੇ ਹਨ । ਪਰ ਮੋਟੇ ਤੌਰ ਤੇ ਇਹ ਕਿਹਾ ਜਾ ਸਕਦਾ ਹੈ ਕਿ ਸ਼ਹਾਦਤ ਦੇ ਕਾਨੂੰਨ ਦਾ ਵਿਕਾਸ ਇਸ ਢੰਗ ਨਾਲ ਕੀਤਾ ਗਿਆ ਹੈ ਕਿ ਸ਼ੁਰੂ ਵਿਚ ਮਨੁੱਖ ਜੋ ਗ਼ੈਰ ਮੰਤਕੀ ਆਧਾਰਾਂ ਤੇ ਨਿਰਭਰ ਕਰਕੇ ਫ਼ੈਸਲੇ ਕਰਦਾ ਸੀ ਹੁਣ ਮੰਤਕ-ਭਰਪੂਰ ਆਧਾਰਾਂ ਤੇ ਫ਼ੈਸਲੇ ਕਰਨ ਦੇ ਯੋਗ ਹੋ ਗਿਆ ਹੈ ।

            ਇਸ ਸਬੰਧ ਵਿਚ ਪਹਿਲਾ ਸਵਾਲ ਇਹ ਹੈ ਕਿ ਸ਼ਹਾਦਤ ਕਿਸ ਮਿਆਰ ਦੀ ਹੋਣੀ ਚਾਹੀਦੀ ਹੈ । ਜੇ ਅਦਾਲਤਾਂ ਇਹ ਚਾਹੁਣ ਕਿ ਹਰ ਕੇਸ ਵਿਚ 2 + 2 = 4 ਵਰਗੀ ਸ਼ਹਾਦਤ ਲਿਆਂਦੀ ਜਾਵੇ ਤਦ ਹੀ ਕੋਈ ਗੱਲ ਸਿੱਧ ਹੋ ਸਕਦੀ ਹੈ ਤਾਂ ਸ਼ਾਇਦ ਬਹੁਤ ਘਟ ਕੇਸ ਸਾਬਤ ਹੋ ਸਕਣਗੇ । ਇਸ ਗੱਲ ਦੇ ਸਨੁਮਖ ਕਾਮਨ ਕਾਨੂੰਨ ਵਾਲੇ ਮੁਲਕਾਂ ਨੇ ਇਹ ਅਸੂਲ ਅਪਣਾਇਆ ਹੈ ਕਿ ਦੀਵਾਨੀ ਦਾਵਿਆਂ ਵਿਚ ਕੋਈ ਤੱਥ ਸਾਬਤ ਹੋ ਗਿਆ ਸਮਝਿਆ ਜਾ ਸਕੇਗਾ ਜੇ ਉਸ ਦੀ ਹੋਂਦ ਦੀ ਸੰਭਾਵਨਾ ਉਸ ਦੇ ਨਾ ਹੋਣ ਨਾਲੋਂ ਜ਼ਿਆਦਾ ਸੰਭਾਵੀ ਹੋਵੇ । ਪਰ ਫ਼ੌਜਦਾਰੀ ਮੁਕੱਦਮਿਆਂ ਵਿਚ ਕੋਈ ਤੱਥ ਤਦ ਹੀ ਸਾਬਤ ਹੋਇਆ ਮੰਨਿਆ ਜਾ ਸਕਦਾ ਹੈ ਜੇ ਸ਼ਹਾਦਤ ਕੋਈ ਵਾਜਬੀ ਸ਼ੱਕ ਨ ਰਹਿਣ ਦੇਵੇ । ਇਸ ਤਰ੍ਹਾਂ ਇਨ੍ਹਾਂ ਸੂਰਤਾਂ ਵਿਚ ਅਧਿਸੰਭਾਵਨਾ ਦੇ ਦਰਜੇ ਦਾ ਫ਼ਰਕ ਹੈ ।

            ਸ਼ਹਾਦਤ ਵਿਚ ਦੂਜੀ ਗੱਲ ਇਹ ਆਉਂਦੀ ਹੈ ਕਿ ਕੋਈ ਗੱਲ ਸਾਬਤ ਕਰਨ ਦਾ ਭਾਰ ਕਿਸ ਉਤੇ ਹੈ । ਇਸ ਗੱਲ ਦਾ ਫ਼ੈਸਲਾ ਮਾਮਲੇ ਨੂੰ ਲਾਗੂ ਸਬਸਟੈਂਟਿਵ ਕਾਨੂੰਨ ਤੇ ਨਿਰਭਰ ਕਰਦਾ ਹੈ । ਆਮ ਤੌਰ ਤੇ ਦੀਵਾਨੀ ਦਾਵਿਆਂ ਵਿਚ ਜਿਹੜੀ ਧਿਰ ਕੋਈ ਤੱਥ ਜਤਾਉਂਦੀ ਹੈ , ਉਸ ਨੂੰ ਸਾਬਤ ਕਰਨੇ ਪੈਂਦੇ ਹਨ । ਫ਼ੌਜਦਾਰੀ ਕੇਸਾਂ ਵਿਚ ਇਸਤਗ਼ਾਸੇ ਨੂੰ ਮੁਲਜ਼ਮ ਤੇ ਅਰੋਪਿਆ ਗਿਆ ਦੋਸ਼ ਸਾਬਤ ਕਰਨਾ ਪੈਂਦਾ ਹੈ ।

            ਅਗਲਾ ਸਵਾਲ ਸ਼ਹਾਦਤ ਦੀ ਗ੍ਰਹਿਣਯੋਗ ਹੋਣ ਦੇ ਮੁਤੱਲਕ ਹੈ । ਕਿਹੜੀ ਗੱਲ ਸ਼ਹਾਦਤ ਵਿਚ ਪੇਸ਼ ਕੀਤੀ ਜਾ ਸਕਦੀ ਹੈ ਅਤੇ ਕਿਹੜੀ ਨਹੀਂ ਪੇਸ਼ ਕੀਤੀ ਜਾ ਸਕਦੀ । ਇਹ ਸਵਾਲ ਸ਼ਹਾਦਤ ਦੀ ਸੁਸੰਗਤਾ ਨਾਲ ਜੁੜ ਜਾਂਦਾ ਹੈ ।  


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2973, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.