ਸਟੇਜੀ ਕਵਿਤਾ ਦੀ ਭਾਸ਼ਾ ਸਰੋਤ :
ਪੰਜਾਬੀ ਸਟੇਜੀ ਕਾਵਿ, ਸਰੂਪ, ਸਿਧਾਂਤ ਤੇ ਸਥਿਤੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਭਾਸ਼ਾ ਸਟੇਜੀ ਕਵੀਆਂ ਦੀ ਭਾਸ਼ਾ ਸਰਲ ਅਤੇ ਸਪਸ਼ਟ ਹੁੰਦੀ ਸੀ ਕਿਉਂਕਿ ਸਟਜੀ ਕਵੀ ਕੇਂਦਰੀ ਪੰਜਾਬੀ ਭਾਸ਼ਾ ਦੀ ਵਰਤੋਂ ਕਰਦੇ ਸਨ ਕਿਉਂਕਿ ਉਹ ਵਖ ਵਖ ਥਾਵਾਂ ਤੇ ਕਵਿਤਾ ਪੜ੍ਹਦੇ ਸਨ, ਇਸੇ ਕਰਕੇ ਉਹ ਸਰਬ ਸਾਂਝੀ ਭਾਸ਼ਾ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰਦੇ ਸਨ। ਕੁਝ ਲੇਖਿਕਾਂ ਦੀ ਭਾਸ਼ਾ ਵਿਚ ਉਪ ਭਾਸ਼ਾਈ ਸ਼ਬਦ ਵੀ ਮੌਜੂਦ ਰਹਿੰਦੇ ਸਨ ਪਰ ਅਜਿਹੇ ਕਵੀ ਅਕਸਰ ਸਥਾਨਕ ਪੱਧਰ ਤੇ ਰਹਿ ਜਾਂਦੇ ਸਨ। ਸਟੇਜੀ ਕਵੀ ਕੁਝ ਉਰਦੂ ਸ਼ਬਦਾਂ ਦਾ ਪ੍ਰਯੋਗ ਵੀ ਕਰਦੇ ਸਨ। ਇਸ ਦੇ ਕਈ ਕਾਰਨ ਸਨ। ਆਰੰਭਕ ਦੌਰ ਵਿਚ ਸਾਂਝੇ ਮੁਸ਼ਾਇਰੇ ਹੁੰਦੇ ਸਨ। ਇਸ ਕਾਰਨ ਪੰਜਾਬੀ ਕਵੀਆਂ ਉਪਰ ਉਰਦੂ ਸ਼ਾਇਰੀ ਦੀ ਪ੍ਰਭਾਵ ਸੀ। ਉਸ ਸਮੇਂ ਸਿੱਖਿਆ ਦਾ ਮਾਧਿਅਮ ਵੀ ਉਰਦੂ ਸੀ ਅਤੇ ਹੋ ਸਕਦਾ ਹੈ ਕੁਝ ਮੁਸਲਮਾਨ ਕਵੀਆਂ ਦਾ ਧਾਰਮਿਕ ਕਾਰਨਾਂ ਕਰਕੇ ਵੀ ਉਰਦੂ ਵੱਲ ਝੁਕਾਅ ਹੋਵੇ ਪਰ ਬਹੁਤੇ ਪੰਜਾਬੀ ਕਵੀਆਂ ਦੀ ਕਵਿਤਾ ਵਿਚ ਉਰਦੂ ਸ਼ਬਦਾਵਲੀ ਓਨੀ ਕੁ ਹੈ ਜਿੰਨੀ ਕੁ ਪੰਜਾਬੀ ਭਾਸ਼ਾ ਦਾ ਹਾਜ਼ਮਾ ਪਚਾ ਸਕਦਾ ਹੈ। ਕੁਝ ਕਵੀਆਂ ਨੇ ਪੰਜਾਬੀ ਕਵਿਤਾ ਵਿਚ ਬ੍ਰਿਜ ਭਾਸ਼ਾ ਦਾ ਰੰਗ ਵੀ ਚਾੜ੍ਹਿਆ। ਉਦਾਹਰਨ ਵਜੋਂ ਪਟਿਆਲੇ ਦੇ ਕਵੀ ਬਲਵੰਤ ਸਿੰਘ ਗਜਰਾਜ ਵਿਚ ਇਹ ਰੰਗਣ ਵਧੇਰੇ ਸੀ। ਵੈਸੇ ਸਟੇਜੀ ਕਵੀਆਂ ਨੇ ਉਰਦੂ ਹਿੰਦੀ , ਦੋਹਾਂ ਦਾ ਐਲਾਨੀਆਂ ਵਿਰੋਧ ਵੀ ਕੀਤਾ। ਇਸ ਸਬੰਧੀ ਫ਼ੀਰੋਜ਼ਦੀਨ ਸ਼ਰਫ਼ ਤੋਂ ਲੈ ਕੇ ਕਰਤਾਰ ਸਿੰਘ ਬਲੱਗਣ ਤਕ ਦੀਆਂ ਕਵਿਤਾਵਾਂ ਮਿਲਦੀਆਂ ਹਨ। ਸਟੇਜੀ ਕਵੀਆਂ ਨੇ ਅੰਗਰੇਜ਼ੀ ਦੇ ਆਮ ਬੋਲ ਚਾਲ ਵਿਚ ਰਚ ਗਏ ਸ਼ਬਦਾਂ ਨੂੰ ਸਹਿਜ ਰੂਪ ਵਿਚ ਵਰਤਿਆ ਹੈ ਪਰ ਉਨ੍ਹਾਂ ਨੇ ਅੰਗਰੇਜ਼ੀ ਦੇ ਕੁਝ ਵਿਸ਼ੇਸ਼ ਸ਼ਬਦਾਂ ਦੀ ਵਰਤੋਂ ਅੰਗਰੇਜ਼ੀ ਜੀਵਨ ਜਾਚ ਨੂੰ ਵਿਅੰਗ ਦਾ ਕੇਂਦਰ ਬਨਾਉਣ ਲਈ ਵੀ ਕੀਤੀ ਹੈ।
ਇਸ ਪ੍ਰਕਾਰ ਅਸੀਂ ਆਖ ਸਕਦੇ ਹਾਂ ਕਿ ਸਟੇਜੀ ਕਵੀ ਆਮ ਲੋਕਾਂ ਦੀ ਸਮਝ ਵਿਚ ਆਉਣ ਵਾਲੀ ਸਰਲ, ਸਪਸ਼ਟ ਕੇਂਦਰੀ ਪੰਜਾਬੀ ਵਿਚ ਕਵਿਤਾਵਾਂ ਰਚਦੇ ਸਨ ਜਿਸ ਵਿਚ ਕਦੇ ਕਦੇ ਉਪ ਭਾਖਾਈ ਰੰਗਣ ਵੀ ਹੁੰਦੀ ਸੀ ਅਤੇ ਉਹ ਦੂਸਰੀਆਂ ਭਾਸ਼ਾਵਾਂ ਦੇ ਉਰਦੂ, ਹਿੰਦੀ ਅਤੇ ਅੰਗਰੇਜ਼ੀ ਦੇ ਉਹੀ ਸ਼ਬਦ ਵਰਤਦੇ ਸਨ ਜਿਹੜੇ ਪੰਜਾਬੀ ਭਾਸ਼ਾ ਦੇ ਵਿਚ ਰਚਮਿਚ ਚੁੱਕੇ ਹੁੰਦੇ ਸਨ। ਇਨ੍ਹਾਂ ਸਟੇਜੀ ਕਵੀਆਂ ਨੇ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕੀਤਾ ਅਤੇ ਸਾਹਿਤਕਾਰਾਂ ਤੇ ਆਮ ਲੋਕਾਂ ਦੇ ਵਿਚ ਆਪਣੀ ਭਾਸ਼ਾ ਪ੍ਰਤੀ ਪੈਦਾ ਹੋ ਰਹੇ ਹੀਣਭਾਵ ਨੂੰ ਤੋੜਿਆ ਕਿ ਉਨ੍ਹਾਂ ਦੀ ਭਾਸ਼ਾ ਗੰਵਾਰਾਂ ਦੀ ਭਾਸ਼ਾ ਹੈ ਜਿਸ ਵਿਚ ਉਚ-ਪੱਧਰੀ ਕਲਾਤਮਿਕ ਸੁਹਜ-ਭਰਪੂਰ ਰਚਨਾ ਨਹੀਂ ਹੋ ਸਕਦੀ। ਉਨ੍ਹਾਂ ਨੇ ਵਿਹਾਰਕ ਰੂਪ ਵਿਚ ਅਜਿਹੀਆਂ ਕਵਿਤਾਵਾਂ ਲਿਖ ਕੇ ਪੰਜਾਬੀ ਭਾਸ਼ਾ ਨੂੰ ਅਮੀਰ ਕੀਤਾ।
ਲੇਖਕ : ਡਾ. ਰਾਜਿੰਦਰ ਪਾਲ ਸਿੰਘ,
ਸਰੋਤ : ਪੰਜਾਬੀ ਸਟੇਜੀ ਕਾਵਿ, ਸਰੂਪ, ਸਿਧਾਂਤ ਤੇ ਸਥਿਤੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1571, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-18, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First