ਸਮਾਜ ਭਾਸ਼ਾ ਸਰੋਤ :
ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼
ਸਮਾਜ ਭਾਸ਼ਾ: ਇਸ ਸੰਕਲਪ ਦੀ ਵਰਤੋਂ ਸਮਾਜ ਭਾਸ਼ਾ ਵਿਗਿਆਨ ਵਿਚ ਕੀਤੀ ਜਾਂਦੀ ਹੈ। ਸਮਾਜ ਭਾਸ਼ਾ ਵਿਗਿਆਨ, ਭਾਸ਼ਾ ਵਿਗਿਆਨ ਦੀ ਇਕ ਸ਼ਾਖਾ ਹੈ। ਇਸ ਰਾਹੀਂ ਭਾਸ਼ਾ ਅਤੇ ਸਮਾਜ ਦੇ ਆਪਸੀ ਸਬੰਧਾਂ ਨੂੰ ਅਧਾਰ ਬਣਾ ਕੇ ਭਾਸ਼ਾਈ ਵਖਰੇਵਿਆਂ ਦਾ ਅਧਿਅਨ ਕੀਤਾ ਜਾਂਦਾ ਹੈ ਜਦੋਂ ਕਿ ਇਸ ਤੋਂ ਪਹਿਲਾਂ ਭਾਸ਼ਾਈ ਵਖਰੇਵਿਆਂ ਨੂੰ ਉਪਭਾਸ਼ਾਈ ਵਖਰੇਵਿਆਂ ਤੱਕ ਹੀ ਸੀਮਤ ਕੀਤਾ ਜਾਂਦਾ ਸੀ, ਜਿਸ ਰਾਹੀਂ ਇਕ ਖਿੱਤੇ ਦੇ ਭਾਸ਼ਾਈ ਰੂਪ ਦਾ ਦੂਜੇ ਖਿੱਤੇ ਦੇ ਭਾਸ਼ਾਈ ਰੂਪ ਨਾਲ ਟਾਕਰਾ ਕੀਤਾ ਜਾਂਦਾ ਸੀ ਪਰ ਭਾਸ਼ਾਈ ਵਖਰੇਵੇਂ ਉਪਭਾਸ਼ਾਵਾਂ ਤੱਕ ਹੀ ਸੀਮਤ ਨਹੀਂ ਸਨ ਸਗੋਂ ਇਨ੍ਹਾਂ ਦਾ ਘੇਰਾ ਸਮਾਜ ਵਿਚਲੇ ਸਮੂਹਾਂ ਅਤੇ ਉਨ੍ਹਾਂ ਦੇ ਭਾਸ਼ਾਈ ਭੇਦਾਂ ਕਰਕੇ ਹੋਰ ਵੀ ਚੌੜਾ ਹੁੰਦਾ ਹੈ। ਇਸ ਕਰਕੇ ਉਪਭਾਸ਼ਾਈ ਵੰਡ ਦੀ ਇਕ ਸੀਮਾ ਹੈ ਜਦੋਂ ਕਿ ਸਮਾਜ ਭਾਸ਼ਾ ਵਿਗਿਆਨ ਰਾਹੀਂ ਇਸ ਵੰਡ ਦੇ ਹੋਰ ਪਸਾਰਾਂ ਨੂੰ ਅਧਿਅਨ ਦਾ ਅਧਾਰ ਬਣਾਇਆ ਜਾਂਦਾ ਹੈ। ਸਮਾਜ ਭਾਸ਼ਾ ਦੀ ਵੰਡ ਦਾ ਅਧਾਰ ਜਾਤ, ਬਰਾਦਰੀ, ਨਸਲ, ਲਿੰਗ, ਉਮਰ, ਕਿੱਤਾ ਆਦਿ ਹਨ। ਇਨ੍ਹਾਂ ਸਮਾਜਕ ਵਖਰੇਵਿਆਂ ਦਾ ਪਰਭਾਵ ਭਾਸ਼ਾ ਦੀ ਵਰਤੋਂ ’ਤੇ ਪੈਂਦਾ ਹੈ ਅਤੇ ਇਹ ਪਰਭਾਵ ਸ਼ਬਦਾਵਲੀ ਤੱਕ ਹੀ ਸੀਮਤ ਨਹੀਂ ਹੁੰਦਾ ਸਗੋਂ ਇਸ ਦਾ ਕਾਰਜ ਖੇਤਰ ਸਮੁੱਚੀ ਵਿਆਕਰਨ ਵਿਚੋਂ ਵੇਖਿਆ ਜਾ ਸਕਦਾ ਹੈ। ਅਜੋਕੀ ਪੰਜਾਬੀ, ਫ਼ਾਰਸੀ, ਅੰਗਰੇਜ਼ੀ ਅਤੇ ਹਿੰਦੀ ਦਾ ਮਿਲਿਆ ਜੁਲਿਆ ਰੂਪ ਹੈ। ਵਿਦਿਅਕ ਅਦਾਰਿਆਂ ਵਿਚ ਵਰਤੀ ਜਾਂਦੀ ਪੰਜਾਬੀ ਵਿਚੋਂ ਇਸ ਦਾ ਪਰਭਾਵ ਅਤੇ ਸ਼ਹਿਰੀ ਤੇ ਗੈਰ-ਸ਼ਹਿਰੀ, ਪੜ੍ਹੇ ਲਿਖੇ ਤੇ ਅਨਪੜ੍ਹ, ਬਜ਼ੁਰਗ ਅਤੇ ਨੌਜਵਾਨ, ਮੁੰਡੇ ਅਤੇ ਕੁੜੀਆਂ ਦੀ ਬੋਲ ਚਾਲ ਤੋਂ ਭਾਸ਼ਾ ਦੇ ਵਖਰੇਵਿਆਂ ਦਾ ਅਧਿਅਨ ਕੀਤਾ ਜਾ ਸਕਦਾ ਹੈ।, ਜਿਵੇਂ : ਪਾਣੀ-ਪਾਨੀ, ਖਾਣੀ-ਖਾਨੀ। ਪੜ੍ਹੀਆਂ ਲਿਖੀਆਂ ਸ਼ਹਿਰੀ ਕੁੜੀਆਂ\ਔਰਤਾਂ ਦਾ ਉਚਾਰਨ ਬੈਂਦੇ, ਰੈਂਦੇ, ਕੈਂਦੇ ਹੁੰਦਾ ਹੈ ਜਦੋਂ ਕਿ ਇਹੀ ਸ਼ਬਦ ਟਕਸਾਲੀ ਤੇ ਪੇਂਡੂ ਇਲਾਕਿਆਂ ਵਿਚ ਬਹਿੰਦੇ, ਰਹਿੰਦੇ, ਕਹਿੰਦੇ ਆਦਿ ਵਿਚ ਕੀਤਾ ਜਾਂਦਾ ਹੈ। ਸ਼ਹਿਰੀ ਪੜ੍ਹੇ-ਲਿਖੇ (ਔ) ਦੀ ਥਾਂ (ਓ) ਦੀ ਵਰਤੋਂ ਵਧੇਰੇ ਕਰਦੇ ਹਨ ਜਿਵੇਂ : ਕੌਣ-ਕੋਨ, ਚੌਲ-ਚੋਲ, ਕੌਲੀ-ਕੋਲੀ ਆਦਿ। ਪੰਜਾਬੀ ਵਿਚ (ਲ) ਤੇ (ਲ਼) ਦੋ ਵੱਖਰੀਆਂ ਧੁਨੀਆਂ ਹਨ ਪਰ ਸ਼ਹਿਰੀ ਲੋਕਾਂ ਵਿਚ ਇਨ੍ਹਾਂ ਦਾ ਵਖਰੇਵਾਂ ਨਹੀਂ ਕੀਤਾ ਜਾਂਦਾ ਇਸ ਤਰ੍ਹਾਂ ਸਮਾਜ ਵਿਚਲੇ ਲੋਕਾਂ ਦੇ ਭਾਸ਼ਾਈ ਵਰਤਾਰੇ ਨੂੰ ਭਾਸ਼ਾ ਵਿਗਿਆਨ ਵਿਚ ਸਮਾਜ ਭਾਸ਼ਾ ਕਿਹਾ ਜਾਂਦਾ ਹੈ। ਸਮਾਜ ਭਾਸ਼ਾ ਵਿਗਿਆਨ ਦਾ ਘੇਰਾ ਧੁਨੀ ਤੋਂ ਲੈ ਕੇ ਵਿਆਕਰਨ ਤੱਕ ਫੈਲਿਆ ਹੋਇਆ ਹੈ।
ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 3042, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First