ਸਾਜ਼ਸ਼ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਾਜ਼ਸ਼ [ਨਾਂਇ] (ਕਿਸੇ ਵਿਅਕਤੀ ਜਾਂ ਕਨੂੰਨ ਆਦਿ ਦੇ ਵਿਰੁੱਧ) ਗੋਂਦ, ਮਨਸੂਬਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3114, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਾਜ਼ਸ਼ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Conspiracy_ਸਾਜ਼ਸ਼: ਫ਼ੌਜਦਾਰੀ ਕਾਨੂੰਨ ਵਿਚ ਦੋ ਜਾਂ ਦੋ ਤੋਂ ਵੱਧ ਵਿਅਕਤੀਆਂ ਵਿਚ ਕੋਈ ਗ਼ੈਰ-ਕਾਨੂੰਨੀ ਕੰਮ ਕਰਨ ਦਾ ਜਾਂ ਕਿਸੇ ਕਾਨੂੰਨ ਪੂਰਣ ਕੰਮ ਨੂੰ ਗ਼ੈਰ-ਕਾਨੂੰਨੀ ਸਾਧਨਾਂ ਦੁਆਰਾ ਕਰਨ ਲਈ ਇਕਰਾਰ। ਭਾਵੇਂ ਉਸ ਕੰਮ ਸਿਰੇ ਲਾਇਆ ਜਾਵੇ ਜਾਂ ਨਾ। ਲੇਕਿਨ ਨਾਲ ਹੀ ਸਾਜ਼ਸ਼ ਦੁਸ਼ਕਰਮ (ਟਾਰਟ) ਵੀ ਹੈ ਅਤੇ ਜਿਸ ਧਿਰ ਦੀ ਹਾਨੀ ਕੀਤੀ ਗਈ ਹੋਵੇ ਉਹ ਦੁਸ਼ਕਰਮ ਕਰਨ ਵਾਲੀ ਧਿਰ ਤੋਂ ਹਰਜਾਨਾ ਲੈ ਸਕਦੀ ਹੈ। ਸਿਵਲ ਐਕਸ਼ਨ ਵਿਚ ਕੇਵਲ ਸਾਜ਼ਸ਼ ਕਰਨ ਦੇ ਆਧਾਰ ਤੇ ਮੁਕੱਦਮਾ ਨਹੀਂ ਕੀਤਾ ਜਾ ਸਕਦਾ। ਇਹ ਜ਼ਰੂਰੀ ਹੈ ਕਿ:-

(i)    ਉਸ ਸਾਜ਼ਸ਼ ਦੇ ਅਨੁਸਰਣ ਵਿਚ ਕੋਈ ਕੰਮ ਕੀਤਾ ਗਿਆ ਹੋਵੇ; ਅਤੇ

(ii)    ਮੁਦਈ ਦਾ ਹਰਜਾਨਾ (damage) ਹੋਇਆ ਹੋਵੇ। ਇਸ ਤਰ੍ਹਾਂ ਸਿਵਲ ਕਾਰਵਾਈ ਵਿਚ ਮੁਕੱਦਮੇ ਦਾ ਆਧਾਰ ਹਰਜਾਨਾ ਹੈ ਨ ਕਿ ਸਾਜ਼ਸ਼। ਜੇ ਕੁਝ ਵਿਅਕਤੀ ਇਕ-ਰਾਏ ਹੋ ਕੇ ਕਿਸੇ ਹੋਰ ਵਿਅਕਤੀ ਨੂੰ ਨੁਕਸਾਨ ਪਹੁੰਚਾਉਣ (damage) ਦਾ ਫ਼ੈਸਲਾ ਕਰਦੇ ਹਨ ਅਤੇ ਉਸ ਨੂੰ ਨੁਕਸਾਨ ਪਹੁੰਚਾਉਂਦੇ ਵੀ ਹਨ, ਪਰ ਕੰਮ ਕੇਵਲ ਅਜਿਹਾ ਕਰਦੇ ਹਨ ਜੋ ਉਹ ਆਪਣੇ ਅਧਿਕਾਰਾਂ ਦੀ ਵਰਤੋਂ ਵਿਚ ਕਰ ਸਕਦੇ ਹਨ ਅਤੇ ਉਹ ਕੰਮ ਵੀ ਕਾਨੂੰਨ-ਪੂਰਬਕ ਕਰਦੇ ਹਨ, ਦੂਜੇ ਦੇ ਅਧਿਕਾਰਾਂ ਦੀ ਉਲੰਘਣਾ ਨਹੀਂ ਕਰਦੇ ਤਾਂ ਉਨ੍ਹਾਂ ਦੇ ਵਿਰੁੱਧ ਸਾਜ਼ਸ਼ ਦੇ ਆਧਾਰ ਤੇ ਕਾਰਵਾਈ ਨਹੀਂ ਕੀਤੀ ਜਾ ਸਕਦੀ। ਇਸ ਤਰ੍ਹਾਂ ਦੀ ਸਾਜ਼ਸ਼ ਦੀ ਮਿਸਾਲ ਆਪਣੇ ਵਪਾਰ ਦੀ ਹਿਫ਼ਾਜ਼ਤ ਅਤੇ ਵਾਧਾ ਕਰਨ ਬਾਰੇ ਹੋ ਸਕਦੀ ਹੈ।

       ਇਸ ਦੇ ਮੁਕਾਬਲੇ ਵਿਚ ਟਿੰਡਲ, ਐਲ.ਸੀ. ਜੇ. ਦੇ ਲਫ਼ਜ਼ਾਂ ਵਿਚ ਸਾਜ਼ਸ਼ ਦੇ ਅਪਰਾਧ ਦਾ ਸਾਰੰਸ਼ ਕਾਨੂੰਨ ਤੋੜਨ ਵਿਚ ਸ਼ਰੀਕ ਹੋਣਾ ਅਤੇ ਜੁਟਣਾ ਹੈ, ਭਾਵੇਂ ਉਸ ਦੇ ਅਨੁਸਰਣ ਵਿਚ ਕੋਈ ਕੰਮ ਕੀਤਾ ਜਾਵੇ ਜਾਂ ਨ।

       ਵਾਰਟਨ ਦੇ ਕਾਨੂੰਨੀ ਕੋਸ਼ (1976 ਮੁੜ ਛਾਪ ਐਡੀਸ਼ਨ ਪੰਨਾ 239) ਅਨੁਸਾਰ ਸਾਜਸ਼ ਦੋ ਜਾਂ ਵਧ ਵਿਅਕਤੀਆਂ ਦੁਆਰਾ ਕਿਸੇ ਗ਼ੈਰ ਕਾਨੂੰਨੀ ਸਾਂਝੇ ਪ੍ਰਯੋਜਨ ਨੂੰ ਸਿਰੇ ਚਾੜ੍ਹਨ ਲਈ ਜਾਂ ਕਿਸੇ ਕਾਨੂੰਨ-ਪੂਰਣ ਸਾਂਝੇ ਪ੍ਰਯੋਜਨ ਨੂੰ ਗ਼ੈਰ-ਕਾਨੂੰਨੀ ਸਾਧਨਾਂ ਦੁਆਰਾ ਸਿਰੇ ਚਾੜ੍ਹਨ ਲਈ ਇਕਰਾਰ ਹੈ। ਕਾਮਨ ਕਾਨੂੰਨ ਵਿਚ ਸਾਜ਼ਸ਼ ਇਕ ਐਸਾ ਅਪਰਾਧ ਸੀ ਜਿਸ ਲਈ ਜੁਰਮਾਨਾ ਅਤੇ ਕਿਸੇ ਵੀ ਅਰਸੇ ਦੀ ਕੈਦ ਦੀ ਸਜ਼ਾ ਦਿੱਤੀ ਜਾ ਸਕਦੀ ਸੀ। ਛਲ , ਜਾਂ ਕਪਟ ਕਰਨ, ਧਨ ਜਾਂ ਮਾਲ ਖੁਹਣ ਜਾਂ ਕਿਸੇ ਤੇ ਝੂਠੇ ਤੌਰ ਤੇ ਕਿਸੇ ਅਪਰਾਧ ਦਾ ਇਲਜ਼ਾਮ ਲਾਉਣ, ਲੋਕ ਨਿਆਂ ਵਿਚ ਰੁਕਾਵਟ ਪਾਉਣ ਜਾਂ ਨਿਸਫਲ ਕਰਨ ਦੀ ਸਾਜ਼ਸ਼ ਲਈ ਕੈਦ ਬਾ-ਮੁਸ਼ਕਤ ਵੀ ਦਿੱਤੀ ਜਾ ਸਕਦੀ ਸੀ।

       ਜਦ ਦੋ ਜਾਂ ਵਧ ਵਿਅਕਤੀ ਜੁਰਮ ਦੇ ਪ੍ਰਯੋਜਨ ਨਾਲ ਆਪਸ ਵਿਚ ਇਕਰਾਰ ਕਰਦੇ ਹਨ ਤਾਂ ਇਹ ਕਿਹਾ ਜਾਂਦਾ ਹੈ ਕਿ ਉਹ ਸਾਜ਼ਸ਼ ਕਰਦੇ ਹਨ। ਇਸ ਨਾਲ ਉਹ ਕੀਤੇ ਜਾਣ ਵਾਲੇ ਜੁਰਮ ਤੋਂ ਇਲਾਵਾ ਸਾਜ਼ਸ ਕਰਨ ਦੇ ਵਖਰੇ ਜੁਰਮ ਦੇ ਕਸੂਰਵਾਰ ਹੋ ਸਕਦੇ ਹਨ। ਭਾਵੇਂ ਉਹ ਅਜਿਹਾ ਜੁਰਮ ਨ ਵੀ ਕਰ ਸਕਣ ਤਾਂ ਵੀ ਉਹ ਸਾਜ਼ਸ਼ ਦੇ ਦੋਸ਼ੀ ਹੋ ਸਕਦੇ ਹਨ। ਕੋਈ ਕਾਨੂੰਨ-ਪੂਰਣ ਕੰਮ ਗ਼ੈਰ-ਕਾਨੂੰਨੀ ਸਾਧਨਾਂ ਰਾਹੀਂ ਕਰਨ ਲਈ ਕੀਤਾ ਗਿਆ ਇਕਰਾਰ ਵੀ ਸਾਜ਼ਸ਼ ਦਾ ਜੁਰਮ ਬਣ ਸਕਦਾ ਹੈ।

       ਜਦੋਂ ਦੋ ਵਿਅਕਤੀ ਕੋਈ ਅਜਿਹਾ ਕੰਮ ਕਰਨ ਲਈ ਸਹਿਮਤ ਹੋ ਜਾਣ ਜੋ ਆਪਣੇ ਆਪ ਵਿਚ ਜੁਰਮ ਹੈ ਤਾਂ ਉਹ ਇਕਰਾਰ ਜੁਰਮ ਦਾ ਹਿੱਸਾ ਬਣ ਜਾਂਦਾ ਹੈ ਨ ਕਿ ਸਾਜ਼ਸ਼, ਜਿਵੇਂ ਪਰਗਮਨ ਜਾਂ ਦੁਵਿਆਹ।

       ਜਦੋਂ ਕੋਈ ਵਿਅਕਤੀ ਅਜਿਹਾ ਕੰਮ ਕਰਨ ਲਈ ਸਹਿਮਤ ਹੁੰਦਾ ਹੈ ਜੋ ਉਸ ਦੀ ਗਿਆਤ ਵਿਚਲੇ ਤੱਥਾਂ ਦੇ ਆਧਾਰ ਤੇ ਗ਼ੈਰ-ਕਾਨੂੰਨੀ ਨਹੀਂ ਹੈ ਤਾਂ ਉਹ ਸਾਜ਼ਸ਼ ਵਿਚ ਸ਼ਾਮਲ ਨਹੀਂ ਸਮਝਿਆ ਜਾ ਸਕਦਾ, ਪਰ ਇਹ ਤਦ ਜੇ ਉਨ੍ਹਾਂ ਤੱਥ ਬਾਰੇ ਜੋ ਉਸ ਕੰਮ ਨੂੰ ਜੁਰਮ ਬਣਾਉਂਦੇ ਹਨ ਉਸ ਨੂੰ ਕੁਝ ਵੀ ਮਲੂਮ ਨ ਹੋਵੇ।

       ਸਾਜ਼ਸ਼ ਟਾਰਟ ਵੀ ਹੈ। ਪਰ ਇਹ ਟਾਰਟ ਮੁਕੰਮਲ ਤਦ ਹੁੰਦੀ ਹੈ ਜਦੋਂ ਮੁਦਈ ਨੂੰ ਹਾਨੀ ਪਹੁੰਚਾਉਣ ਲਈ ਉਸ ਇਕਰਾਰ ਨੂੰ ਅਮਲੀ ਰੂਪ ਦੇ ਦਿੱਤਾ ਜਾਵੇ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2908, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਸਾਜ਼ਸ਼ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ

ਸਾਜ਼ਸ਼ (Conspiracy) : ਐਂਗਲੋ–ਅਮੈਰੀਕਨ ਕਾਨੂੰਨ ਅਨੁਸਾਰ ਦੋ ਜਾਂ ਦੋ ਤੋਂ ਵੱਧ ਵਿਅਕਤੀਆਂ ਵਿਚਕਾਰ ਕੋਈ ਗ਼ੈਰ–ਕਾਨੂੰਨੀ ਕੰਮ ਕਰਨ ਜਾਂ ਕੋਈ ਕਾਨੂੰਨੀ ਕੰਮ ਗ਼ੈਰ–ਕਾਨੂੰਨੀ ਸਾਧਨਾਂ ਰਾਹੀਂ ਕਰਨ ਲਈ ਕੀਤੇ ਸਮਝੌਤੇ ਨੂੰ ਆਮ ਤੌਰ ਤੇ ਸਾਜ਼ਸ਼ ਆਖਿਆ ਜਾਂਦਾ ਹੈ।

          ਇੰਗਲੈਂਡ ਵਿਚ ਕਾਮਨ ਕਾਨੂੰਨ ਅਨੁਸਾਰ ਸਾਜ਼ਸ਼ ਤੋਂ ਭਾਵ ਦੋਸ਼ਪੂਰਣ ਦੁਰਾਚਾਰ ਹੈ। ਸੰਯੁਕਤ ਰਾਜ ਅਮਰੀਕਾ ਵਿਚ ਅਪਰਾਧਿਕ ਸਾਜ਼ਸ਼ ਦਾ ਕਾਨੂੰਨ, ਇੰਗਲੈਂਡ ਵਿਚ ਸਤਾਰ੍ਹਵੀਂ ਸਦੀ ਵਿਚ ਪ੍ਰਚੱਲਤ ਕਾਨੂੰਨ ਤੇ ਆਧਾਰਤ ਹੈ। ਆਮ ਸਟੈਚੂਟ ਅਧੀਨ ਸਾਜ਼ਸ਼ ਦਾ ਉਦੇਸ਼ ਕਪਟ ਨਾਲ ਵੰਚਿਤ ਕਰਨਾ ਜਾਂ ਸੰਯੁਕਤ ਰਾਜ ਵਿਰੁਧ ਅਪਰਾਧ ਕਰਨਾ ਹੈ। ਭਾਰਤੀ ਦੰਡ ਸੰਘਤਾ–1860 ਦੇ ਅਧਿਆਇ 5 (ੳ) ਵਿਚ ਅਪਰਾਧਿਕ ਸਾਜਸ਼ ਨਾਮੀ ਇਕ ਨਵੇਂ ਅਪਰਾਧ ਦੀ ਪਰਿਭਾਸ਼ਾ ਐਂਗਲੋ–ਅਮੈਰੀਕਨ ਕਾਨੂੰਨ ਉੱਤੇ ਹੀ ਆਧਾਰਤ ਹੈ। ਕਾਨੂੰਨ ਨੂੰ ਤੋੜਨ ਲਈ ਵਿਅਕਤੀਆਂ ਦਾ ਕੇਵਲ ਬਚਨਬੱਧ ਹੋਣਾ ਅਤੇ ਸਾਥ ਦੇਣਾ ਇਸ ਅਪਰਾਧ ਦਾ ਸਾਰ ਹੈ, ਭਾਵੇਂ ਸਾਜ਼ਸ਼ੀਆਂ ਵੱਲੋਂ ਉਸ ਦੀ ਪੈਰਵੀ ਵਿਚ ਕੁਝ ਕੀਤਾ ਗਿਆ ਹੋਵੇ ਭਾਵੇਂ ਨਾ। ਧਾਰਾ 43 ਅਨੁਸਾਰ ਸਾਜ਼ਸ਼ ਦੇ ਉਦੇਸ਼ ਜਾਂ ਇਸ ਲਈ ਵਰਤੇ ਗਏ ਢੰਗ ਵੀ ਗ਼ੈਰ–ਕਾਨੂੰਨੀ ਹੋਣੇ ਚਾਹੀਦੇ ਹਨ। ਅਪਰਾਧ ਕਰਨ ਲਈ ਹੋਏ ਸਮਝੌਤੇ ਅਤੇ ਅਜਿਹੇ ਸਮਝੌਤੇ ਦੇ ਵਿਚਕਾਰ ਵੀ ਫ਼ਰਕ ਹੈ, ਜਿਸ ਦਾ ਉਦੇਸ਼ ਜਾਂ ਜਿਸ ਲਈ ਅਪਣਾਏ ਢੰਗ ਗ਼ੈਰ–ਕਾਨੂੰਨੀ ਹੁੰਦੇ ਹੋਏ ਵੀ ਅਪਰਾਧ ਨਹੀਂ ਹਨ। ਪਹਿਲੀ ਸੂਰਤ ਵਿਚ ਸਮਝੌਤਾ ਹੋ ਜਾਣ ਨਾਲ ਹੀ ਅਪਰਾਧਿਕ ਸਾਜ਼ਸ਼ ਮੁਕੰਮਲ ਹੋ ਜਾਂਦੀ ਹੈ। ਦੂਜੀ ਸੂਰਤ ਵਿਚ ਉਸ ਉਦੇਸ਼ ਉੱਤੇ ਪ੍ਰਭਾਵ ਪਾਉਣ ਲਈ ਸਮਝੌਤੇ ਨਾਲ ਸਬੰਧਤ ਇਕ ਜਾਂ ਇਕ ਤੋਂ ਵੱਧ ਧਿਰਾਂ ਦੁਆਰਾ ਕੁਝ ਨਾ ਕੁਝ ਕਾਰਵਾਈ ਕੀਤੀ ਜਾਣੀ ਜ਼ਰੂਰੀ ਹੈ।

          ਧਾਰਾ 120 (ਅ) ਅਧੀਨ ਅਪਰਾਧਿਕ ਸਾਜ਼ਸ਼ ਦੇ ਦੰਡ ਸਬੰਧੀ ਉਪਬੰਧ ਕੀਤਾ ਗਿਆ ਹੈ। ਸਾਜ਼ਸ਼ ਲਈ ਉਹੀ ਸਜ਼ਾ ਹੈ ਜਿਵੇਂ ਕਿ ਸਾਜ਼ਸ਼ੀ ਨੇ ਅਪਰਾਧ ਕਰਨ ਲਈ ਸ਼ਹਿ ਦਿੱਤੀ ਹੈ। ਜੇ ਘੋਰ ਅਪਰਾਧ ਕਰਨ ਲਈ ਵਿਅਕਤੀਆਂ ਵਿਚਕਾਰ ਸਮਝੌਤਾ ਕੀਤਾ ਗਿਆ ਹੈ ਤਾਂ ਅਪਰਾਧਿਕ ਸਾਜ਼ਸ਼ ਲਈ ਸਜ਼ਾਂ ਅਤੇ ਕਠੋਰ ਦਿੱਤੀ ਜਾਂਦੀ ਹੈ। ਜੇ ਵਿਅਕਤੀਆਂ ਨੇ ਗ਼ੈਰ–ਕਾਨੂੰਨੀ ਕੰਮ ਕਰਨ ਲਈ ਸਮਝੌਤਾ ਕੀਤਾ ਹੈ ਅਤੇ ਇਹ ਅਪਰਾਧ ਮੌਤ, ਉਮਰ ਕੈਦ ਜਾਂ ਦੋ ਸਾਲ ਤੋਂ ਵੱਧ ਸਖ਼ਤ ਕੈਦ ਲਈ ਸਜ਼ਾ–ਯੋਗ ਨਹੀਂ ਹੈ, ਤਾਂ ਅਪਰਾਧਿਕ ਸਾਜ਼ਸ਼ ਲਈ ਸਜ਼ਾ ਘੱਟ ਕਠੋਰ ਦਿੱਤੀ ਜਾਂਦੀ ਹੈ।

          ਧਾਰਾ 121 ਅਧੀਨ ਭਾਰਤ ਸਰਕਾਰ ਵਿਰੁੱਧ ਯੁੱਧ ਕਰਨ ਜਾਂ ਯੁੱਧ ਕਰਨ ਦੀ ਕੋਸ਼ਿਸ਼ ਕਰਨ ਜਾਂ ਯੁੱਧ ਕਰਨ ਲਈ ਸ਼ਹਿ ਦੇਣ ਦੇ ਅਪਰਾਧ ਲਈ ਮੌਤ ਜਾਂ ਉਮਰ ਕੈਦ ਅਤੇ ਜੁਰਮਾਨੇ ਦੀ ਸਜ਼ਾ ਰੱਖੀ ਗਈ ਹੈ। ਧਾਰਾ 121 (ੳ) ਵਿਚ, ਧਾਰਾ 121 ਅਧੀਨ ਸਜ਼ਾ–ਯੋਗ ਅਪਰਾਧਾਂ ਲਈ ਸਾਜ਼ਸ਼ ਕਰਨ ਸਬੰਧੀ, ਦੰਡ ਦੇਣ ਦਾ ਉਪਬੰਧ ਕੀਤਾ ਗਿਆ ਹੈ। ਇਸ ਧਾਰਾ ਅਧੀਨ ਸਾਜ਼ਸ਼ ਦਾ ਅਪਰਾਧ ਮੁਕੰਮਲ ਕਰਨ ਲਈ ਇਹ ਜ਼ਰੂਰੀ ਹੈ ਕਿ ਉਸ ਅਪਰਾਧ ਦੀ ਪੈਰਵੀ ਵਿਚ ਕੋਈ ਕਾਰਵਾਈ ਜਾਂ ਗ਼ੈਰ–ਕਾਨੂੰਨੀ ਉਕਾਈ ਕੀਤੀ ਜਾਵੇ।

          ਹ. ਪੁ.–– ਐਨ. ਬ੍ਰਿ. 6 : 378; ਦੀ ਇੰਡੀਅਨ ਪੀਨਲ ਕੋਡ––ਰਤਨ ਲਾਲ ਦੇ ਧੀਰਜ ਲਾਲ


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2276, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.