ਸਿਕੰਦਰ-ਬਲਦੇਵ ਸਿੰਘ ਪੈਕਟ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਿਕੰਦਰ-ਬਲਦੇਵ ਸਿੰਘ ਪੈਕਟ : ਆਮ ਤੌਰ ਤੇ ਉਸ ਸਮਝੌਤੇ ਦਾ ਨਾਂ ਹੈ ਜਿਹੜਾ 1942 ਵਿਚ ਅਕਾਲੀਆਂ ਅਤੇ ਮੁਸਲਿਮ ਬਹੁਗਿਣਤੀ ਯੂਨੀਅਨਿਸਟ ਪਾਰਟੀ ਵਿਚਕਾਰ ਹੋਇਆ ਸੀ ਅਤੇ ਜਿਸ ਦੇ ਨਤੀਜੇ ਵਜੋਂ ਅਕਾਲੀਆਂ ਦਾ ਨੁਮਾਇੰਦਾ ਬਲਦੇਵ ਸਿੰਘ ਸਰ ਸਿੰਕਦਰ ਹਯਾਤ ਖ਼ਾਨ ਦੀ ਯੂਨੀਅਨਿਸਟ ਕੈਬਨਿਟ ਵਿਚ ਸ਼ਾਮਲ ਹੋ ਗਿਆ ਸੀ। ਯੂਨੀਅਨਿਸਟ ਸਰਕਾਰ 1937 ਵਿਚ ਬਣੀ ਸੀ ਜਿਹੜੀ ਗੌਰਮਿੰਟ ਇੰਡੀਆ ਐਕਟ 1935 ਅਧੀਨ ਹੋਈਆਂ ਚੋਣਾਂ ਤਹਿਤ ਬਣੀ ਸੀ। ਇਸ ਐਕਟ ਅਨੁਸਾਰ ਪ੍ਰਾਂਤਿਕ ਖ਼ੁਦਮੁਖ਼ਤਾਰੀ ਸੂਬੇ ਨੂੰ ਦਿੱਤੀ ਗਈ ਸੀ ਜਿਸ ਨਾਲ ਪੂਰੀ ਤਰ੍ਹਾਂ ਭਾਰਤੀ ਮੰਤਰੀ ਮੰਡਲ ਵਿਧਾਨ ਸਭਾ ਨੂੰ ਜਵਾਬਦੇਹ ਸੀ। ਚੋਣਾਂ ਵਿਚ ਯੂਨੀਅਨਿਸਟ ਪਾਰਟੀ ਭਾਰੀ ਬਹੁਮਤ ਲੈ ਕੇ ਜਿੱਤ ਗਈ ਸੀ ਅਤੇ ਇਸ ਦੇ ਨੇਤਾ ਸਰ ਸਿਕੰਦਰ ਨੇ ਹਿੰਦੂ ਅਤੇ ਸਿੱਖ ਮੈਂਬਰਾਂ ਦੀ ਮਦਦ ਨਾਲ ਸਰਕਾਰ ਬਣਾ ਲਈ ਸੀ, ਵਿਸ਼ੇਸ਼ ਤੌਰ ਤੇ ਉਹਨਾਂ ਦੀ ਮਦਦ ਨਾਲ ਜਿਹੜੇ ਜ਼ਿਮੀਦਾਰੇ ਨਾਲ ਸੰਬੰਧਿਤ ਸਨ। 175 ਮੈਂਬਰਾਂ ਦੀ ਲੈਜਿਸਲੇਟਿਵ ਅਸੈਂਬਲੀ ਵਿਚ ਸਿੱਖਾਂ ਨੇ 31 ਸੀਟਾਂ ਜਿੱਤੀਆਂ ਸਨ ਅਤੇ ਇਹ ਦੋ ਗਰੁੱਪਾਂ ਵਿਚ ਵੰਡੇ ਗਏ ਸਨ, ਇਕ ਗਰੁੱਪ ਖ਼ਾਲਸਾ ਨੈਸ਼ਨਲਿਸਟ ਪਾਰਟੀ ਦੀ ਅਤੇ ਦੂਸਰਾ ਸ਼੍ਰੋਮਣੀ ਅਕਾਲੀ ਦਲ ਦੀ ਨੁਮਾਇੰਦਗੀ ਕਰਦਾ ਸੀ। ਪਹਿਲੇ ਗਰੁੱਪ ਨੇ ਯੂਨੀਅਨਿਸਟ ਪਾਰਟੀ ਨਾਲ ਗੱਠਜੋੜ ਬਣਾ ਲਿਆ ਜਿਸ ਦਾ ਨੇਤਾ ਸਰ ਸੁੰਦਰ ਸਿੰਘ ਮਜੀਠੀਆ ਕੈਬਨਿਟ ਵਿਚ ਸ਼ਾਮਲ ਹੋ ਗਿਆ ਅਤੇ ਦੂਸਰਾ ਗਰੁੱਪ ਇੰਡੀਅਨ ਨੈਸ਼ਨਲ ਕਾਂਗਰਸ ਵਿਚ ਸ਼ਾਮਲ ਹੋ ਗਿਆ ਅਤੇ ਇਸ ਨੇ 17 ਅਜ਼ਾਦ ਉਮੀਦਵਾਰਾਂ ਦੀ ਮਦਦ ਨਾਲ ਵਿਰੋਧੀ ਗਰੁੱਪ ਬਣਾ ਲਿਆ। ਅਸੈਂਬਲੀ ਤੋਂ ਬਾਹਰ ਅਕਾਲੀ ਯੂਨੀਅਨਿਸਟ ਸਰਕਾਰ ਦੀ ਕਰੜੀ ਨੁਕਤਾਚੀਨੀ ਕਰਦੇ ਸਨ ਅਤੇ ਵਿਰੋਧੀ ਸਨ। ਜਦੋਂ 1939 ਵਿਚ ਵਿਸ਼ਵ ਜੰਗ ਅਰੰਭ ਹੋ ਗਈ ਤਾਂ ਅਕਾਲੀਆਂ ਅਤੇ ਸਰਕਾਰ ਵਿਚਕਾਰ ਸਮਝੌਤਾ ਕਰਾਉਣ ਦੀਆਂ ਗੱਲਾਂ ਚੱਲ ਪਈਆਂ। ਅਸੈਂਬਲੀ ਵਿਚ ਬਹੁਮਤ ਪ੍ਰਾਪਤ ਪੰਜਾਬ ਦੇ ਬ੍ਰਿਟਿਸ਼ ਪੱਖੀ ਪ੍ਰਧਾਨਮੰਤਰੀ ਅਤੇ ਅਕਾਲੀਆਂ ਵਿਚਕਾਰ ਗੱਲਬਾਤ ਅਰੰਭ ਹੋ ਗਈ ਜਿਸ ਦੇ ਸਿੱਟੇ ਵੱਜੋਂ ਸਰ ਸਿੰਕਦਰ ਹਯਾਤ ਖ਼ਾਨ ਨੇ ਸਰਦਾਰ ਬਲਦੇਵ ਸਿੰਘ ਨੂੰ ਜੋ ਲੈਜਿਸਲੇਟਿਵ ਅਸੈਂਬਲੀ ਵਿਚ ਅਕਾਲੀ ਅਥਵਾ ਪੰਥਕ ਮੈਂਬਰ ਸੀ, ਇਕ ਚਿੱਠੀ ਲਿਖੀ ਜਿਸ ਵਿਚ ਅਕਾਲੀਆਂ ਦੁਆਰਾ ਉਠਾਈਆਂ ਗਈਆਂ ਕੁਝ ਮੰਗਾਂ ਉਸਨੇ ਮੰਨ ਲਈਆਂ। ਸਰ ਸਿਕੰਦਰ ਹਯਾਤ ਖ਼ਾਨ ਨੇ ਲਾਹੌਰ 15 ਜੂਨ 1942 ਨੂੰ ਹੋਈ ਪ੍ਰੈਸ ਕਾਨਫ਼ਰੰਸ ਵਿਚ ਸਮਝੌਤੇ ਦੀਆਂ ਕੁਝ ਮੱਦਾਂ ਦੀ ਵਿਆਖਿਆ ਕਰਦੇ ਹੋਏ ਹੇਠ ਲਿਖੇ ਕੁਝ ਨੁਕਤੇ ਉਠਾਏ:
1. ਸਿੱਖਾਂ ਦੀ ਇਕ ਵਿਸ਼ੇਸ਼ ਲਗਾਤਾਰ ਮੰਗ ਸੀ ਕਿ ਸਰਕਾਰੀ ਸੰਸਥਾਵਾਂ ਜਿਨ੍ਹਾਂ ਵਿਚ ਮੁਸਲਮਾਨਾਂ, ਹਿੰਦੂਆਂ ਅਤੇ ਸਿੱਖਾਂ ਦੀਆਂ ਵੱਖਰੀਆਂ ਰਸੋਈਆਂ ਹਨ ਝਟਕਾ ਮਾਸ ਦੀ ਖੁੱਲ੍ਹ ਦਿੱਤੀ ਜਾਵੇਗੀ।
2. ਧਾਰਮਿਕ ਮਸਲਿਆਂ ਨਾਲ ਸੰਬੰਧਿਤ ਕਾਨੂੰਨ ਦੇ ਸੰਬੰਧ ਵਿਚ ਉਸ ਧਰਮ ਦੇ ਭਾਈਚਾਰੇ ਨੂੰ ਕਾਨੂੰਨ ਬਣਨ ਵੇਲੇ ਹਰ ਪੜਾਅ ਤੇ ਫ਼ੈਸਲੇ ਲੈਣ ਦੀ ਖੁੱਲ੍ਹ ਹੋਵੇਗੀ ਅਤੇ ਅਸੀਂ ਅਜਿਹੇ ਫੈਸਲੇ ਦੀ ਮਦਦ ਕਰਾਂਗੇ।
3. ਸਿੱਖਾਂ ਦੀ ਇਸ ਮੰਗ ਬਾਬਤ ਕਿ ਪੰਜਾਬ ਵਿਚ ਪੰਜਾਬੀ ਨੂੰ ਗੁਰਮੁਖੀ ਲਿਪੀ ਵਿਚ ਅਪਣਾਇਆ ਜਾਵੇ ਉਸ ਨੇ ਕਿਹਾ ਕਿ ਇਹ ਤੁਰੰਤ ਹੋਣਾ ਸੰਭਵ ਨਹੀਂ ਹੈ ਪਰੰਤੂ ਇਸ ਦੇ ਲਾਗੂ ਹੋਣ ਵਿਚ ਉਸ ਨੂੰ ਕੋਈ ਇਤਰਾਜ਼ ਨਹੀਂ ਹੈ।
4. ਸਿੱਖਾਂ ਦੇ ਸਰਕਾਰੀ ਨੌਕਰੀਆਂ ਵਿਚ ਭਰਤੀ ਸੰਬੰਧੀ ਇਹ ਸਪਸ਼ਟ ਕੀਤਾ ਗਿਆ ਕਿ ਵੱਖ ਵੱਖ ਭਾਈਚਾਰਿਆਂ ਲਈ ਪਹਿਲਾਂ ਹੀ ਅਨੁਪਾਤ ਨਿਰਧਾਰਿਤ ਕੀਤਾ ਗਿਆ ਹੈ ਅਤੇ ਸਿੱਖਾਂ ਨੂੰ ਨੌਕਰੀਆਂ ਵਿਚ 20% ਹਿੱਸਾ ਅਲਾਟ ਕੀਤਾ ਗਿਆ ਹੈ।
5. ਕੇਂਦਰ ਵਿਚ ਸਿੱਖਾਂ ਦੀ ਨੁਮਾਇੰਦਗੀ ਦੇ ਸੰਬੰਧ ਵਿਚ ਪੰਜਾਬ ਦੇ ਪ੍ਰਧਾਨ ਮੰਤਰੀ ਨੇ ਯਕੀਨ ਦੁਆਇਆ ਕਿ ਜਦੋਂ ਵੀ ਕੇਂਦਰ ਦੀ ਕਾਰਜਕਾਰੀ ਕੌਂਸਲ ਵਿਚ ਵਾਧਾ ਕੀਤਾ ਜਾਵੇਗਾ ਜਾਂ ਇਸ ਤਰ੍ਹਾਂ ਕਰਨ ਬਾਰੇ ਸੋਚਿਆ ਜਾਵੇਗਾ ਤਾਂ ਸਿੱਖਾਂ ਦੀ ਮੰਗ ਨੂੰ ਅਤੇ ਨੁਮਾਇੰਦਗੀ ਨੂੰ ਪੂਰੀ ਹਮਦਰਦੀ ਨਾਲ ਵਿਚਾਰਿਆ ਜਾਵੇਗਾ। ਉਸ ਨੇ ਇਹ ਵੀ ਵਿਸ਼ਵਾਸ ਦੁਆਇਆ ਕਿ ਸਿੱਖਾਂ ਦੀ ਮੰਗ ਜੋ ਕੇਂਦਰੀ ਨੌਕਰੀਆਂ ਬਾਰੇ ਹੈ ਉਸ ਵਿਚ ਬਣਦਾ ਹਿੱਸਾ ਦੁਆਇਆ ਜਾਵੇਗਾ।
ਇਸ ਸਮਝੌਤੇ ਦੇ ਨਤੀਜੇ ਦੇ ਤੌਰ ਤੇ ਬਲਦੇਵ ਸਿੰਘ, ਸਰਦਾਰ ਦਸੌਂਧਾ ਸਿੰਘ ਦੀ ਥਾਂ ਤੇ, ਸਰ ਸਿਕੰਦਰ ਦੀ ਕੈਬਨਿਟ ਵਿਚ ਸ਼ਾਮਲ ਹੋ ਗਿਆ। ਸਰਦਾਰ ਦਸੌਂਧਾ ਸਿੰਘ, 1941 ਵਿਚ ਹੋਈ ਸਰ ਸੁੰਦਰ ਸਿੰਘ ਮਜੀਠੀਆ ਦੀ ਮੌਤ ਬਾਅਦ ਖ਼ਾਲਸਾ ਨੈਸ਼ਨਲ ਪਾਰਟੀ ਦਾ ਨੁਮਾਇੰਦਾ ਹੋਣ ਕਰਕੇ ਮੰਤਰੀ ਬਣ ਗਿਆ ਸੀ। ਇਹ ਗੱਲ ਸਪਸ਼ਟ ਕਰ ਦਿੱਤੀ ਗਈ ਸੀ ਕਿ ਬਲਦੇਵ ਸਿੰਘ ਨੇ ਇਹ ਸਮਝੌਤਾ ਅਕਾਲੀ ਦਲ ਦੀ ਨੈਤਿਕ ਹਿਮਾਇਤ ਨਾਲ ਆਪਣੀ “ਨਿੱਜੀ ਹੈਸੀਅਤ" ਵਿਚ ਕੀਤਾ ਸੀ। ਉਹ ਵਿਧਾਨ ਸਭਾ ਵਿਚ ਸਰਕਾਰ ਨਾਲ ਬੈਠਦਾ ਸੀ ਪਰ ਅਕਾਲੀ ਗਰੁੱਪ ਵਿਰੋਧੀ ਧਿਰ ਨਾਲ ਬੈਠਦਾ ਸੀ। ਅਕਾਲੀ ਦਲ ਨੂੰ ਆਪਣਾ ਰਾਜਨੀਤਿਕ ਕੰਮ-ਕਾਜ ਕਰਨ ਦੀ ਖੁੱਲ੍ਹੀ ਛੁੱਟੀ ਸੀ। ਇਸ ਤਰ੍ਹਾਂ ਇਸ ਪਾਰਟੀ ਨੇ 18 ਜੁਲਾਈ 1942 ਨੂੰ ਗੁੱਜਰਾਂਵਾਲਾ ਵਿਖੇ ਹੋਈ ਕਾਨਫ਼ਰੰਸ ਵਿਚ ਇਸ ਸਮਝੌਤੇ ਨੂੰ ਜਨਤਿਕ ਤੌਰ ਤੇ ਰੱਦ ਕਰ ਦਿੱਤਾ।
ਲੇਖਕ : ਕ.ਸੀ.ਗੁ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1193, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First