ਸਿਰਸਾ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਿਰਸਾ : ਜਿਸ ਨੂੰ ਸਰਸਾ ਬੋਲਿਆ ਜਾਂਦਾ ਹੈ ਹਰਿਆਣਾ ਰਾਜ ਵਿਚ ਹੈ ਅਤੇ ਕਦੇ ਇਹ ਮੁਸਲਮਾਨ ਸੂਫੀਆਂ ਅਤੇ ਸਾਧੂ ਸੰਤਾਂ ਦਾ ਮੁੱਖ ਕੇਂਦਰ ਹੁੰਦਾ ਸੀ। ਇਥੇ ਦੋ ਇਤਿਹਾਸਿਕ ਸਿੱਖ ਗੁਰਦੁਆਰੇ ਹਨ।
ਗੁਰਦੁਆਰਾ ਚਿਲ੍ਹਾ ਸਾਹਿਬ ਪਾਤਸ਼ਾਹੀ 1, ਗੁਰੂ ਨਾਨਕ ਦੇਵ ਜੀ ਦੇ ਸਿਰਸਾ ਪਧਾਰਨ ਅਤੇ ਇਥੇ ਸਾਧੂ ਸੰਤਾਂ ਨਾਲ ਵਾਰਤਾਲਾਪ ਕਰਨ ਦੀ ਯਾਦਗਾਰ ਹੈ। ਇਸ ਵਾਰਤਾਲਾਪ ਵਿਚ ਗੁਰੂ ਜੀ ਨੇ ਇਸ ਦੁਨੀਆਂ ਨੂੰ ਤਿਆਗਣ ਅਤੇ ਤਪੱਸਿਆ ਕਰਨ ਦਾ ਖੰਡਨ ਕੀਤਾ ਸੀ। ਕਸਬੇ ਦੇ ਉਤਰ ਪੱਛਮ ਵਾਲੇ ਕੋਨੇ ਵਿਚ ਪੰਜ ਪੀਰਾਂ ਦੀ ਖ਼ਾਨਕਾਹ ਦੇ ਨੇੜੇ ਗੁਰੂ ਜੀ ਦੇ ਇਥੇ ਪਧਾਰਨ ਦੀ ਯਾਦ ਵਿਚ ਇਕ ਛੋਟਾ ਜਿਹਾ ਗੁਰਦੁਆਰਾ ਬਣਾਇਆ ਗਿਆ ਸੀ ਜੋ ਮੌਜੂਦ ਹੈ। ਇਸ ਗੁਰਦੁਆਰੇ ਵਿਚ ਲੱਗੇ ਹੋਏ ਦੋ ਪੱਥਰ ਹਨ ਜਿਨ੍ਹਾਂ ਉੱਤੇ ਲਿਖਿਆ ਹੋਇਆ ਹੈ ‘ਚਿਲ੍ਹਾ ਬਾਵਾ ਸਾਹਿਬ ਨਾਨਕ ਦਰਵੇਸ਼`। ਇਸ ਗੁਰਦੁਆਰੇ ਦੀ ਦੇਖਭਾਲ ਖਾਨਕਾਹ ਦੇ ਮੁਸਲਮਾਨ ਸੇਵਾਦਾਰਾਂ ਦੁਆਰਾ ਕੀਤੀ ਜਾਂਦੀ ਰਹੀ ਹੈ। ਜਦੋਂ 1947 ਵਿਚ ਦੇਸ਼ ਦੀ ਵੰਡ ਵੇਲੇ ਮੁਸਲਮਾਨ ਇਸ ਜਗ੍ਹਾ ਨੂੰ ਛੱਡ ਕੇ ਚਲੇ ਗਏ ਤਾਂ ਇਸ ਨੂੰ ਵਕਫ ਬੋਰਡ ਨੇ ਆਪਣੇ ਅਧਿਕਾਰ ਖੇਤਰ ਵਿਚ ਲੈ ਲਿਆ। ਉਦੋਂ ਤੋਂ ਇਸ ਜਗ੍ਹਾ ਨੂੰ ਸਿੱਖਾਂ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਹੈ ਅਤੇ ਇਕ ਨਵਾਂ ਕੰਪਲੈਕਸ ਤਿਆਰ ਕੀਤਾ ਹੈ ਜਿਹੜਾ ਗੁਰਦੁਆਰਾ ਚਿਲ੍ਹਾ ਸਾਹਿਬ ਪਾਤਸ਼ਾਹੀ-1 ਕਰਕੇ ਜਾਣਿਆ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਦੀ ਯਾਦ ਵਿਚ ਵੱਡੇ ਗੁਰਦੁਆਰੇ ਦੇ 200 ਮੀਟਰ ਪੱਛਮ ਵਿਚ ਇਹ ਬਣਾਇਆ ਗਿਆ ਹੈ।
ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ, 1706 ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਦਮਦਮਾ ਸਾਹਿਬ (ਤਲਵੰਡੀ ਸਾਬੋ) ਤੋਂ ਦੱਖਣ ਵਲ ਜਾਂਦੇ ਹੋਏ ਸਿਰਸਾ ਠਹਿਰਨ ਦੀ ਯਾਦ ਵਿਚ ਹੈ। ‘ਲੱਖੀ ਤਲਾਓ` ਕਰਕੇ ਜਾਣੇ ਜਾਂਦੇ ਇਕ ਤਲਾਬ ਦੇ ਨੇੜੇ ਗੁਰੂ ਜੀ ਠਹਿਰੇ ਸਨ। ਇਹ ਉਹੀ ਜਗ੍ਹਾ ਹੈ ਜਿਥੇ ਡੱਲਾ ਸਿੰਘ ਨੇ ਗੁਰੂ ਜੀ ਦਾ ਸਾਥ ਛੱਡਿਆ ਸੀ। ਇਥੋਂ ਗੁਰੂ ਜੀ ਗੁਲਾਬ ਸਿੰਘ ਨੂੰ ਬਚਾਉਣ ਲਈ ਖੁਡਾਲ ਗਏ ਸਨ। ਇਹ ਸੁਨਿਆਰਾ ਸੀ ਜਿਸ ਨੂੰ ਸਥਾਨਿਕ ਮੁਸਲਮਾਨ ਮੁਖੀ ਨੇ ਬੰਦੀ ਬਣਾ ਰੱਖਿਆ ਸੀ। ਪਿੱਛੋਂ ਇਸ ਜਗ੍ਹਾ ਤੇ ਮਹਾਰਾਜਾ ਹੀਰਾ ਸਿੰਘ ਨਾਭਾ ਵੱਲੋਂ ਲੱਖੀ ਤਲਾਓ ਦੇ ਕੰਢੇ ਤੇ ਇਕ ਗੁਰਦੁਆਰਾ ਬਣਵਾਇਆ ਗਿਆ। 1928 ਵਿਚ, ਇਸ ਗੁਰਦੁਆਰੇ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਚਲਾ ਗਿਆ। 1958 ਵਿਚ, ਸੰਤ ਬਘੇਲ ਸਿੰਘ ਨੇ ਇਲਾਕੇ ਦੇ ਕੁਝ ਮੁਖੀ ਸਿੱਖਾਂ ਦੀ ਬੇਨਤੀ ਤੇ ਤਲਾਬ ਦੀ ਮੁਰੰਮਤ ਅਤੇ ਗੁਰਦੁਆਰੇ ਦੀ ਇਮਾਰਤ ਮੁੜ ਬਣਾਉਣੀ ਅਰੰਭ ਕੀਤੀ। ਗੁਰਦੁਆਰੇ ਦਾ ਇਕ ਹਾਲ ਕਮਰਾ ਹੈ ਜਿਹੜਾ ਸੰਗਮਰਮਰ ਦੇ ਥੜ੍ਹੇ ਉੱਤੇ ਬਣਿਆ ਹੋਇਆ ਹੈ ਅਤੇ ਜਿਸ ਉੱਤੇ ਲਹਰਦਾਰ ਕਮਲ ਗੁੰਬਦ ਬਣਿਆ ਹੋਇਆ ਹੈ। ਇਹ ਇਮਾਰਤ ਅੰਦਰੋਂ ਬਾਹਰੋਂ ਅਤੇ ਗੁੰਬਦ ਸਾਰਾ ਚਿੱਟੇ ਸੰਗਮਰਮਰ ਨਾਲ ਢੱਕਿਆ ਹੋਇਆ ਹੈ। ਇਸ ਥੜ੍ਹੇ ਦੇ ਅੱਗੇ ਇਕ ਵੱਡਾ ਦਰਸ਼ਕ-ਮੰਡਪ ਬਣਿਆ ਹੈ ਜਿਸ ਦੀ ਡਾਟਦਾਰ ਛੱਤ ਹੈ ਤਾਂ ਕਿ ਇੱਥੇ ਕਾਫ਼ੀ ਸੰਗਤ ਬੈਠ ਸਕੇ। ਇਸ ਚਾਰ ਦੀਵਾਰੀ ਅੰਦਰ ਪਵਿੱਤਰ ਤਲਾਬ, ਇਕ ਹਾਈ ਸਕੂਲ , ਇਕ ਸਰਾਂ ਅਤੇ ਇਕ ਸਾਫ ਪੱਧਰੀ ਛੱਤ ਵਾਲਾ ਕਮਰਾ ਹੈ ਜੋ ਬਾਬਾ ਬਘੇਲ ਸਿੰਘ ਦੀ ਸਮਾਧ ਹੈ। ਗੁਰੂ ਦਾ ਲੰਗਰ ਵੱਖਰੀ ਇਕ ਪੁਰਾਣੀ ਇਮਾਰਤ ਵਿਚ ਬਣਿਆ ਹੋਇਆ ਹੈ।
ਲੇਖਕ : ਮ.ਗ.ਸ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2405, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First