ਸੇਵਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੇਵਾ [ ਨਾਂਇ ] ਟਹਿਲ , ਖਾਤਰ , ਆਓ-ਭਗਤ; ਕਿਸੇ ਧਾਰਮਿਕ ਸਥਾਨ’ ਤੇ ਜਾਂ ਸ਼ਰਧਾਲੂਆਂ ਆਦਿ ਲਈ ਬਿਨਾਂ ਉਜਰਤ ਕੰਮ; ਨੌਕਰੀ , ਚਾਕਰੀ; ਭਗਤੀ , ਉਪਾਸ਼ਨਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10459, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸੇਵਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੇਵਾ . ਸੰਗ੍ਯਾ— ਸੇਵਾ. ਖ਼ਿਦਮਤ. ਉਪਾਸਨਾ. “ ਨਾਮੈ ਕੀ ਸਭ ਸੇਵਾ ਕਰੈ.” ( ਆਸਾ ਅ : ਮ : ੩ ) “ ਸੇਵਾ ਥੋਰੀ , ਮਾਗਨੁ ਬਹੁਤਾ.” ( ਸੂਹੀ ਮ : ੫ ) ੨ ਫ਼ਾ ਤਰੀਕਾ. ਕਾਇਦਾ. “ ਗੁਰਮਤਿ ਪਾਏ ਸਹਜਿ ਸੇਵਾ.” ( ਆਸਾ ਮ : ੧ ) ੩ ਆਦਤ. ਸੁਭਾਉ । ੪ ਸਿੰਧੀ ਵਿੱਚ ਸੇਵਾ ਦਾ ਉੱਚਾਰਣ ‘ ਸ਼ੇਵਾ’ ਹੈ ਅਤੇ ਇਸ ਦਾ ਅਰਥ ਪੂਜਾ ਭੇਟਾ ਭੀ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10169, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸੇਵਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਸੇਵਾ : ਸਿੱਖ ਧਰਮ-ਸਾਧਨਾ ਵਿਚ ਸੇਵਾ ਦਾ ਬਹੁਤ ਅਧਿਕ ਮਹੱਤਵ ਹੈ । ਸੰਸਕ੍ਰਿਤ ਭਾਸ਼ਾ ਦੇ ਇਸ ਸ਼ਬਦ ਨੂੰ ‘ ਭਗਤੀ ’ ਦਾ ਨਾਮਾਂਤਰ ਮੰਨਿਆ ਹੈ । ਇਹ ਸਚਮੁਚ ਇਕ ਨਿਸ਼ਕਾਮ ਸਾਧਨਾ ਹੈ । ਇਸ ਦਾ ਮਨੁੱਖਤਾ ਦੇ ਕਲਿਆਣ ਵਿਚ ਵਿਸ਼ੇਸ਼ ਮਹੱਤਵ ਹੈ । ਸੰਸਾਰ ਦੇ ਲਗਭਗ ਸਾਰੇ ਆਚਾਰ-ਸ਼ਾਸਤ੍ਰਾਂ ਅਤੇ ਧਾਰਮਿਕ ਗ੍ਰੰਥਾਂ ਵਿਚ ਸੇਵਾ ਦੀ ਗੱਲ ਹੋਈ ਮਿਲ ਜਾਂਦੀ ਹੈ । ਭਗਤੀ-ਮਾਰਗ ਵਿਚ ਇਸ ਦਾ ਵਿਸ਼ੇਸ਼ ਸਥਾਨ ਹੈ ।

                      ਸੇਵਾ ਅਸਲ ਵਿਚ ਬੜੀ ਉੱਚੀ ਸਾਧਨਾ ਹੈ । ਮਨੁੱਖ ਦਾ ਹਰ ਕਾਰਜ ਹਉਮੈ ਨਾਲ ਯੁਕਤ ਹੁੰਦਾ ਹੈ । ਸੇਵਾ ਦੀ ਭਾਵਨਾ ਹਉਮੈ ਨੂੰ ਨਸ਼ਟ ਕਰਦੀ ਹੈ , ਕਿਉਂਕਿ ਹਉਮੈ ਧੁੰਧ- ਗੁਬਾਰ ਵਾਂਗ ਹੈ ਅਤੇ ਸੇਵਾ ਪ੍ਰਕਾਸ਼ ਵਰਗੀ ਹੈ । ਹਉਮੈ ਦੀ ਅਵਸਥਾ ਵਿਚ ਆਪਣੇ ਆਪ ਲਈ ਜੀਉਣਾ ਹੁੰਦਾ ਹੈ , ਸੇਵਾ ਵਿਚ ਹੋਰਨਾਂ ਲਈ ਜੀਵਿਆ ਜਾਂਦਾ ਹੈ । ਜਦ ਤਕ ਜਿਗਿਆਸੂ ਹਉਮੈ ਜਾਂ ਆਪਣੇਪਨ ਦੀ ਭਾਵਨਾ ਨੂੰ ਨਸ਼ਟ ਨਹੀਂ ਕਰਦਾ , ਤਦ ਤਕ ਉਹ ਸੇਵਾ ਕਰਨ ਦਾ ਮਾਣ ਪ੍ਰਾਪਤ ਨਹੀਂ ਕਰ ਸਕਦਾ ।

                      ਸੇਵਾ ਕਰਨ ਦੀ ਰੁਚੀ ਹਰ ਇਕ ਵਿਅਕਤੀ ਦੇ ਮਨ ਵਿਚ ਪੈਦਾ ਨਹੀਂ ਹੋ ਸਕਦੀ । ਇਸ ਦੀ ਪ੍ਰਾਪਤੀ ਲਈ ਬੜੇ ਉੱਚੇ ਆਚਰਣ ਦੀ ਲੋੜ ਹੈ । ਇਸ ਵਿਚ ਕੋਈ ਸੰਤੋਖੀ ਸਾਧਕ ਹੀ ਲਗ ਸਕਦਾ ਹੈ , ਜਿਸ ਨੇ ਸਤਿ-ਸਰੂਪ ਪਰਮਾਤਮਾ ਦੀ ਆਰਾਧਨਾ ਕੀਤੀ ਹੋਵੇ , ਜਿਸ ਨੇ ਕਦੇ ਮਾੜੇ ਕੰਮਾਂ ਵਾਲੇ ਮਾਰਗ ਉਤੇ ਪੈਰ ਨ ਧਰੇ ਹੋਣ , ਜਿਸ ਨੇ ਸਦਾ ਧਰਮ ਅਨੁਸਾਰ ਕਾਰਜ ਕੀਤਾ ਹੋਵੇ , ਜਿਸ ਨੇ ਸੰਸਾਰਿਕ ਬੰਧਨਾਂ ਨੂੰ ਤੋੜ ਸੁਟਿਆ ਹੋਵੇ ਅਤੇ ਜੋ ਅਲਪ ਆਹਾਰ ਕਰਕੇ ਆਪਣੇ ਜੀਵਨ ਨੂੰ ਨਿਭਾ ਰਿਹਾ ਹੋਵੇ— ਸੇਵ ਕੀਤੀ ਸੰਤੋਖੀਈਂ ਜਿਨ੍ਹੀ ਸਚੋ ਸਚੁ ਧਿਆਇਆ ਓਨ੍ਹੀ ਮੰਦੈ ਪੈਰੁ ਰਖਿਓ ਕਰਿ ਸੁਕ੍ਰਿਤੁ ਧਰਮੁ ਕਮਾਇਆ ਓਨ੍ਹੀ ਦੁਨੀਆ ਤੋੜੇ ਬੰਧਨਾ ਅੰਨੁ ਪਾਣੀ ਥੋੜਾ ਖਾਇਆ ( ਗੁ.ਗ੍ਰੰ. 466-67 ) ।

                      ਸੇਵਾ ਦੇ ਫਲ ਉਤੇ ਪ੍ਰਕਾਸ਼ ਪਾਉਂਦਿਆਂ ਗੁਰੂ ਨਾਨਕ ਦੇਵ ਜੀ ਨੇ ਦਸਿਆ ਹੈ ਕਿ ਸੇਵਾ ਸ੍ਰੇਸ਼ਠ ਕਰਨੀ ਹੈ , ਇਸ ਤੋਂ ਬਿਨਾ ਮਨੁੱਖ ਮੋਖ-ਪਦ ਪ੍ਰਾਪਤ ਨਹੀਂ ਕਰ ਸਕਦਾ— ਬਿਨੁ ਸੇਵਾ ਫਲੁ ਕਬਹੁ ਪਾਵਸਿ ਸੇਵਾ ਕਰਣੀ ਸਾਰੀ ( ਗੁ.ਗ੍ਰੰ.992 ) । ਸੇਵਾ ਰਾਹੀਂ ਕੀਤੀ ਕਮਾਈ ਜਾਂ ਸਾਧਨਾ ਤੋਂ ਹੀ ਪਰਮ-ਸੁਖ ਦੀ ਪ੍ਰਾਪਤੀ ਸੰਭਵ ਹੈ— ਸੁਖੁ ਹੋਵੈ ਸੇਵ ਕਮਾਣੀਆ ਇਸ ਲਈ ਗੁਰਬਾਣੀ ਨੇ ਸੇਵਾ ਕਰਨ ਉਤੇ ਬਹੁਤ ਬਲ ਦਿੱਤਾ , ਕਿਉਂਕਿ ਸੇਵਾ ਰਾਹੀਂ ਹੀ ਜਿਗਿਆਸੂ ਸਹਿਜ ਢੰਗ ਨਾਲ ਪਰਮਾਤਮਾ ਦੀ ਦਰਗਾਹ ਵਿਚ ਪਹੁੰਚ ਸਕਦਾ ਹੈ— ਵਿਚਿ ਦੁਨੀਆ ਸੇਵ ਕਮਾਈਐ ਤਾ ਦਰਗਹ ਬੈਸਣੁ ਪਾਈਐ ਕਹੁ ਨਾਨਕ ਬਾਹੁ ਲੁਡਾਈਐ ( ਗੁ.ਗ੍ਰੰ.26 ) ।

                      ਅਸੂਲੀ ਤੌਰ ਉਤੇ ਵੇਖੀਏ ਤਾਂ ਸੇਵਾ ਦਾ ਸੰਬੰਧ ਸੁਆਮੀ ਪ੍ਰਤਿ ਸੇਵਕ ਦੀ ਨਿਸ਼ਠਾ ਨਾਲ ਹੈ । ਵੈਸ਼ਣਵ-ਭਗਤੀ ਅਤੇ ਨਵਧਾ-ਭਗਤੀ ਵਿਚ ‘ ਪਾਦ-ਸੇਵਨ’ ਨੂੰ ਭਗਤੀ ਦਾ ਵਿਸ਼ੇਸ਼ ਤੱਤ੍ਵ ਮੰਨਿਆ ਗਿਆ ਹੈ । ਪਰ ਗੁਰਮਤਿ ਵਿਚ ਸੇਵਾ ਦਾ ਖੇਤਰ ਬਹੁਤ ਵਿਸ਼ਾਲ ਹੈ । ਇਹ ਗੁਰੂ ਦੀ ਸੇਵਾ ਤੋਂ ਲੈ ਕੇ ਜੀਵਾਂ ਦੀ ਸੇਵਾ ਤਕ ਵਿਆਪਕ ਹੈ । ਇਸ ਵਿਚ ਮਨੁੱਖੀ ਕਰਤੱਵ ਨੂੰ ਪਾਲਣਾ , ਪਰਉਪਕਾਰ ਕਰਨਾ ਆਦਿ ਸਭ ਸਮਾ ਜਾਂਦੇ ਹਨ । ਗੁਰਮਤਿ ਦੀ ਸਮਾਜਿਕ ਚੇਤਨਾ ਵਿਚ ਸੇਵਾ ਦਾ ਵਿਸ਼ੇਸ਼ ਸਥਾਨ ਹੈ । ਪਰ-ਸੇਵਾ ਸੁਆਰਥ ਦੀ ਭਾਵਨਾ ਨੂੰ ਨਸ਼ਟ ਕਰਦੀ ਹੈ । ਸੁਆਰਥ ਦੁਅੰਦ ਦਾ ਜਨਕ ਹੈ , ਦੂਜਿਆਂ ਦੇ ਹੱਕ ਨੂੰ ਦਬਾਉਣਾ ਮਨੁੱਖ ਦੇ ਜੀਵਨ ਦੀ ਪ੍ਰਮੁਖ ਬਿਰਤੀ ਬਣ ਜਾਂਦੀ ਹੈ । ਸਮਾਜ ਵਿਚ ਤਣਾਉ ਵਧ ਜਾਂਦਾ ਹੈ , ਸੰਤੁਲਨ ਖ਼ਤਮ ਹੋ ਜਾਂਦਾ ਹੈ । ਇਸ ਦੇ ਉਲਟ ਪਰ-ਸੇਵਾ ਸੰਤੋਖ ਨੂੰ ਜਨਮ ਦਿੰਦੀ ਹੈ , ਆਪਣਾ ਪਰਾਇਆ ਭੇਦ ਮਿਟਾਉਂਦੀ ਹੈ , ਮਨੁੱਖਤਾ ਦਾ ਇਹਸਾਸ ਵਧਾਉਂਦੀ ਹੈ । ਇਸ ਤਰ੍ਹਾਂ ਸੇਵਾ ਆਪਣੇ ਆਪ ਵਿਚ ਇਕ ਸਾਧਨਾ ਹੈ ।

                      ਗੁਰਬਾਣੀ ਵਿਚ ਗੁਰੂ ਦੀ ਸੇਵਾ ਉਤੇ ਵੀ ਬਹੁਤ ਬਲ ਦਿੱਤਾ ਗਿਆ ਹੈ । ਜਦ ਆਪਣੇ ਗੁਰੂ ਪ੍ਰਤਿ ਸੇਵਕ ਦੇ ਮਨ ਵਿਚ ਭਗਤੀ-ਭਾਵਨਾ ਦਾ ਵਿਕਾਸ ਹੋ ਜਾਂਦਾ ਹੈ ਤਾਂ ਮਨ ਆਪਣੇ ਆਪ ਸੇਵਾ ਲਈ ਪ੍ਰੇਰਿਤ ਹੋ ਜਾਂਦਾ ਹੈ । ਗੁਰੂ ਦੀ ਸੇਵਾ ਦੋ ਪ੍ਰਕਾਰ ਦੀ ਹੁੰਦੀ ਹੈ— ਬਾਹਰਲੀ ਅਤੇ ਅੰਦਰਲੀ । ਬਾਹਰਲੀ ਸੇਵਾ ਉਹ ਹੈ ਜਿਸ ਨੂੰ ਕਰਨ ਨਾਲ ਗੁਰੂ ਨੂੰ ਸ਼ਰੀਰਿਕ ਸੁਖ ਦੀ ਪ੍ਰਾਪਤੀ ਹੋਵੇ , ਜਿਵੇਂ ਪੈਰ ਦਬਾਣਾ , ਪੱਖਾ ਝਲਣਾ , ਪਾਣੀ ਭਰਨਾ , ਆਟਾ ਪੀਹਣਾ ਆਦਿ । ਅੰਦਰਲੀ ਸੇਵਾ ਰਾਹੀਂ ਗੁਰੂ ਦੀ ਪੂਰਣ ਸ਼ਰਧਾ ਸਹਿਤ ਆਰਾਧਨਾ ਕੀਤੀ ਜਾਂਦੀ ਹੈ । ਗੁਰੂ ਦਾ ਦਰਸ਼ਨ ਕਰਨਾ , ਉਸ ਦੇ ਬਚਨ ਜਾਂ ਬਾਣੀ ਸੁਣਨਾ , ਉਨ੍ਹਾਂ ਬਚਨਾਂ ਅਨੁਸਾਰ ਅਮਲ ( ਕਰਮ ) ਕਰਨੇ ਇਹ ਇਕ ਪ੍ਰਕਾਰ ਦੀ ਮਾਨਸਿਕ ਸੇਵਾ ਹੈ । ਬਾਹਰਲੀ ਸੇਵਾ ਅੰਦਰਲੀ ਸੇਵਾ ਦਾ ਮੂਲ ਆਧਾਰ ਹੈ ।

                      ਗੁਰੂ ਨਾਨਕ ਦੇਵ ਜੀ ਦੇ ਕਿਸੇ ਸ਼ਰੀਰੀ ਗੁਰੂ ਦੇ ਹੋਣ ਦਾ ਪ੍ਰਮਾਣ ਨਹੀਂ ਮਿਲਦਾ , ਇਸ ਨਹੀ ਉਨ੍ਹਾਂ ਦੀ ਬਾਣੀ ਵਿਚ ਗੁਰੂ ਦੀ ਬਾਹਰਲੀ ਸੇਵਾ ਦਾ ਅਭਾਵ ਹੈ । ਪਰ ਪਰਵਰਤੀ ਗੁਰੂ ਸਾਹਿਬਾਨ ਦੇ ਸਾਹਮਣੇ ਗੁਰੂ ਨਾਨਕ ਦੇਵ ਜੀ ਜਾਂ ਉਨ੍ਹਾਂ ਤੋਂ ਬਾਦ ਹੋਣ ਵਾਲੇ ਗੁਰੂ ਸਾਹਿਬਾਨ ਮੌਜੂਦ ਹਨ , ਇਸ ਲਈ ਬਾਕੀ ਗੁਰੂਆਂ ਦੀ ਬਾਣੀ ਵਿਚ ਬਾਹਰਲੀ ਸੇਵਾ ਦੇ ਉੱਲੇਖ ਵੀ ਮਿਲ ਜਾਂਦੇ ਹਨ , ਜਿਵੇਂ ਗੁਰੂ ਰਾਮਦਾਸ ਜੀ ਨੇ ਕਿਹਾ ਹੈ— ਜੋ ਹਰਿ ਪ੍ਰਭ ਕਾ ਮੈ ਦੇਇ ਸਨੇਹਾ ਤਿਸੁ ਮਨੁ ਤਨੁ ਅਪਣਾ ਦੇਵਾ ਨਿਤ ਪਖਾ ਫੇਰੀ ਸੇਵ ਕਮਾਵਾ ਤਿਸੁ ਆਗੈ ਪਾਣੀ ਢੋਵਾਂ ( ਗੁ.ਗ੍ਰੰ.561 ) ।

                      ਸਚ ਤਾਂ ਇਹ ਹੈ ਕਿ ਗੁਰੂ ਨਾਨਕ ਸਾਹਿਬ ਨੇ ਗੁਰੂ-ਗੱਦੀ ਦਾ ਅਧਿਕਾਰੀ ਹੀ ਉਸ ਨੂੰ ਸਮਝਿਆ ਜੋ ਬਾਹਰਲੀ ਅਤੇ ਅੰਦਰਲੀ ਦੋਹਾਂ ਤਰ੍ਹਾਂ ਦੀ ਸੇਵਾ ਵਿਚ ਨਿਪੁੰਨ ਸਿੱਧ ਹੋਵੇ । ਭਾਈ ਲਹਿਣਾ ਆਪਣੀ ਸੱਚੀ ਸੇਵਾ ਕਰਕੇ ਹੀ ਗੁਰੂ ਅੰਗਦ ਹੋਣ ਦਾ ਗੌਰਵ ਪ੍ਰਾਪਤ ਕਰ ਸਕੇ । ਗੁਰੂ ਅਮਰਦਾਸ ਜੀ ਦੀ ਅਦੁੱਤੀ ਗੁਰੂ-ਸੇਵਾ ਇਤਿਹਾਸ-ਪ੍ਰਸਿੱਧ ਹੈ । ਇਹ ਸੇਵਾ-ਬਿਰਤੀ ਸਿੱਖ-ਧਰਮ ਦੀ ਇਕ ਵਿਸ਼ੇਸ਼ਤਾ ਰਹੀ ਹੈ ਅਤੇ ਇਸ ਦਾ ਇਕ ਰੂਪ ਮਨੁੱਖਤਾ ਦੀ ਸੇਵਾ ਵਿਚ ਸਹਿਜੇ ਹੀ ਵੇਖਿਆ ਜਾ ਸਕਦਾ ਹੈ । ਮਨੁੱਖ ਜਾਂ ਪ੍ਰਾਣੀ-ਮਾਤ੍ਰ ਦੀ ਸੇਵਾ ਵੀ ਇਕ ਢੰਗ ਨਾਲ ਗੁਰੂ ਜਾਂ ਪਰਮਾਤਮਾ ਦੀ ਹੀ ਸੇਵਾ ਹੈ , ਕਿਉਂਕਿ ਮਨੁੱਖ ਜਾਂ ਪ੍ਰਾਣੀ ਵਿਚ ਪਰਮਾਤਮਾ ਦਾ ਨਿਵਾਸ ਹੈ । ਉਸ ਵਿਚ ਸੇਵਕ ਨੂੰ ਗੁਰੂ ਦਾ ਦਰਸ਼ਨ ਹੁੰਦਾ ਹੈ ।

                      ਭਾਈ ਕਨ੍ਹਈਆ ਦੇ ਚਰਿਤ੍ਰ ਵਿਚ ਮਨੁੱਖੀ ਸੇਵਾ ਦਾ ਉਜਲਾ ਨਮੂਨਾ ਵੇਖਿਆ ਜਾ ਸਕਦਾ ਹੈ , ਜਿਸ ਨੇ ਯੁੱਧ- ਭੂਮੀ ਵਿਚ ਆਪਣੇ ਅਤੇ ਵੈਰੀ ਦਲ ਦੇ ਘਾਇਲਾਂ ਨੂੰ ਸਮਾਨ ਭਾਵਨਾ ਨਾਲ ਜਲ ਪਿਲਾਇਆ ਅਤੇ ਮਰ੍ਹਮ-ਪੱਟੀ ਵੀ ਕੀਤੀ , ਕਿਉਂਕਿ ਉਸ ਨੂੰ ਵੈਰੀਆਂ ਵਿਚ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਹੁੰਦੇ ਸਨ । ਇਹ ਸੇਵਾ-ਬਿਰਤੀ ਸਿੱਖ- ਧਰਮ ਵਿਚ ਇਤਨੀ ਵਿਕਸਿਤ ਹੋਈ ਕਿ ਇਕ ਸੇਵਾ-ਪੰਥੀ ਸੰਪ੍ਰਦਾਇ ਹੀ ਪ੍ਰਸਿੱਧ ਹੋ ਗਿਆ , ਜਿਨ੍ਹਾਂ ਵਿਚ ਸੇਵਾ ਇਕ ਸਿਰੜ ਦਾ ਰੂਪ ਧਾਰਣ ਕਰ ਚੁਕੀ ਹੈ ।

                      ਭਾਈ ਗੁਰਦਾਸ ਨੇ ਵੀ ਆਪਣੀਆਂ ਵਾਰਾਂ ਵਿਚ ਸੇਵਾ ਕਰਨ ਉਤੇ ਬਲ ਦਿੱਤਾ ਹੈ । ਉਨ੍ਹਾਂ ਅਨੁਸਾਰ ਸੇਵਾ ਤੋਂ ਬਿਨਾ ਹੱਥਾਂ ਨੂੰ ਧਿਕਾਰ ਹੈ ਅਤੇ ਹੋਰ ਸਭ ਕਾਰਜ ਵਿਅਰਥ ਹਨ— ਵਿਣੁ ਸੇਵਾ ਧ੍ਰਿਗ ਹਥ ਪੈਰ ਹੋਰ ਨਿਹਫਲ ਕਰਣੀ ( 27/10 ) । ਗੁਰੂ ਗੋਬਿੰਦ ਸਿੰਘ ਜੀ ਨੇ ਇਕ ਰਾਜ-ਕੁਮਾਰ ਹੱਥੀਂ ਲਿਆਉਂਦਾ ਜਲ ਪੀਣੋਂ ਇਸ ਲਈ ਨਾਹ ਕਰ ਦਿੱਤੀ ਸੀ , ਕਿਉਂਕਿ ਉਨ੍ਹਾਂ ਹੱਥਾਂ ਨੇ ਕਦੀ ਸੇਵਾ ਨਹੀਂ ਕੀਤੀ ਸੀ ।

                      ਸਚਮੁਚ ਸੇਵਾ ਕਰਨਾ ਸ੍ਰੇਸ਼ਠ ਸਾਧਨਾ ਹੈ । ਜਿਸ ਸਮਾਜ , ਭਾਈਚਾਰੇ ਜਾਂ ਧਰਮ ਵਿਚ ਇਹ ਬਿਰਤੀ ਆਪਣੇ ਪੈਰ ਪੱਕੇ ਕਰ ਲੈਂਦੀ ਹੈ , ਉਹ ਸਮਾਜ ਮਨੁੱਖੀ ਗੁਣਾਂ ਨਾਲ ਸੰਪੰਨ ਹੋ ਜਾਂਦਾ ਹੈ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9850, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਸੇਵਾ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੇਵਾ : ਸੰਸਕ੍ਰਿਤ ਧਾਤੂ ਸੇਵ ( ਖਿਦਮਤ , ਉਪਾਸਨਾ ) ਤੋਂ ਨਿਕਲਿਆ ਹੈ ਜਿਸਨੂੰ ਆਮ ਤੌਰ ਤੇ ਭੁਗਤਾਨ ਕੀਤੇ ਹੋਏ ਕਾਰਜ ਨਾਲ ਸੰਬੰਧਿਤ ਕੀਤਾ ਜਾਂਦਾ ਹੈ , ਪਰ ਇਹ ਸਿੱਖ ਧਰਮ ਵਿਚ ਵਰਤੇ ਜਾਂਦੇ ਸੇਵਾ ਦੇ ਭਾਵ ਨੂੰ ਪ੍ਰਗਟ ਨਹੀਂ ਕਰਦਾ । ਦਰਅਸਲ , ਸੇਵਾ ਸ਼ਬਦ ਦੇ ਦੋ ਵੱਖੋ-ਵੱਖਰੇ ਅਰਥ ਹਨ , ਇਕ ਵਿਚ ਇਸਨੂੰ ਹਾਜ਼ਰੀ ਭਰਨ , ਆਗਿਆ ਪਾਲਣ ਦੇ ਅਰਥਾਂ ਵਿਚ ਵੇਖਿਆ ਜਾਂਦਾ ਹੈ ਅਤੇ ਦੂਜੇ ਵਿਚ ਇਸਨੂੰ ਉਪਾਸਨਾ , ਇਬਾਦਤ ਅਤੇ ਪੂਜਾ ਦੇ ਅਰਥਾਂ ਵਿਚ ਲਿਆ ਜਾਂਦਾ ਹੈ । ਪੁਰਾਤਨ ਤੌਰ ਤੇ ਭਾਰਤੀ ( ਹਿੰਦੂ ) ਸਮਾਜ ਵਿਚ ਪੂਜਾ ( ਦੇਵਤਿਆਂ ਦੀ ) ਦੇ ਅਰਥਾਂ ਵਿਚ ਸੇਵਾ ਉੱਚ-ਜਾਤੀ ਬ੍ਰਾਹਮਣਾਂ ਦਾ ਅਧਿਕਾਰ ਸੀ , ਜਦੋਂ ਕਿ ( ਵਿਅਕਤੀ ਦੀ ) ਸੇਵਾ ਦੇ ਸੰਦਰਭ ਵਿਚ ਇਸਨੂੰ ਨੀਵੀਆਂ ਜਾਤਾਂ ਦੇ ਸਪੁਰਦ ਕੀਤਾ ਹੋਇਆ ਸੀ । ਸਿੱਖ ਸੰਦਰਭ ਵਿਚ ਦੋਵੇਂ ਅਰਥ ਕੁਝ ਕਾਰਨਾਂ ਕਰਕੇ ਇਕੋ ਅਰਥ ਵਿਚ ਅਭੇਦ ਹੋ ਗਏ ਲਗਦੇ ਹਨ : ਪਹਿਲਾ , ਸਮਾਨਤਾ ਦੇ ਭਾਵ ਵਿਚ ਸਿੱਖ ਧਰਮ ਜਾਤੀ ਭਿੰਨਤਾਵਾਂ ਨੂੰ ਨਹੀਂ ਮੰਨਦਾ ਅਤੇ ਇਸ ਕਰਕੇ ਇਸ ਵਿਚ ਕਿਸੇ ਇਕ ਜਾਤ ਨੂੰ ਮਹੱਤਵ ਨਹੀਂ ਦਿੱਤਾ ਜਾਂਦਾ । ਦੂਜਾ , ਸਿੱਖ ਧਰਮ ਵਿਚ ਪਰਮਾਤਮਾ ਆਪਣੇ ਜੀਵਾਂ ਤੋਂ ਵੱਖ ਨਹੀਂ । ਉਹ ਆਪਣੀ ਸ੍ਰਿਸ਼ਟੀ ਵਿਚ ਸਮਾਇਆ ਹੋਇਆ ਹੈ ( ਗੁ.ਗ੍ਰੰ.1350 ) । ਇਸ ਤਰ੍ਹਾਂ ਮਾਨਵਤਾ ਦੀ ਕੀਤੀ ਸੇਵਾ ਨੂੰ ਹੀ ਅਸਲ ਵਿਚ ਪੂਜਾ ਦਾ ਰੂਪ ਸਮਝਿਆ ਜਾਂਦਾ ਹੈ । ਦਰਅਸਲ ਸਿੱਖ ਧਰਮ ਵਿਚ ਸੇਵਾ ਤੋਂ ਬਗੈਰ ਕੋਈ ਵੀ ਅਰਾਧਨਾ ਨਹੀਂ ਸਮਝੀ ਜਾਂਦੀ ( ਗੁ.ਗ੍ਰੰ.1013 ) । ਸਿੱਖ ਨੂੰ ਪਰਮਾਤਮਾ ਤੋਂ ਇਲਾਵਾ ਕਿਸੇ ਵੀ ਹੋਰ ਦੀ ਸੇਵਾ ਕਰਨ ਦੀ ਮਨਾਹੀ ਹੈ-ਹਰਿ ਕੀ ਤੁਮ ਸੇਵਾ ਕਰਹੁ ਦੂਜੀ ਸੇਵਾ ਕਰਹੁ ਨ ਕੋਇ ਜੀ ॥ ( ਗੁ. ਗ੍ਰੰ.490 ) । ਇਸ ਤਰ੍ਹਾਂ ਇਸ ਦਾ ਇਹ ਅਰਥ ਵੀ ਲਿਆ ਜਾਂਦਾ ਹੈ ਕਿ ਜਿਸਦੀ ਅਸੀਂ ਸੇਵਾ ਕਰਦੇ ਹਾਂ ਉਸ ਰਾਹੀਂ ਅਸੀਂ ਆਪਣੇ ਪ੍ਰਭੂ ਦੀ ਸੇਵਾ ਕਰ ਰਹੇ ਹੁੰਦੇ ਹਾਂ । ਇਸ ਤਰ੍ਹਾਂ ਇਹ ਸਿੱਖ ਦੀ ਜਿੰਮੇਵਾਰੀ ਹੈ ਕਿ ਉਹ ਸੇਵਾ ਉੱਤਮ ਡਿਊਟੀ ਦੀ ਭਾਵਨਾ ਵਜੋਂ ਕਰੇ ਕਿਉਂਕਿ ਅਜਿਹਾ ਕਰਦੇ ਹੋਏ ਉਹ ਪਰਮਾਤਮਾ ਦੀ ਬੰਦਗੀ ਕਰ ਰਿਹਾ ਹੁੰਦਾ ਹੈ ।

      ਸਿੱਖ ਧਰਮ ਵਿਚ ਸੇਵਾ ਅਧਿਆਤਮਿਕ ਜੀਵਨ ਲਈ ਜ਼ਰੂਰੀ ਹੈ । ਇਹ ਉੱਚਤਮ ਤਪ ਹੈ ( ਗੁ.ਗ੍ਰੰ.423 ) । ਇਹ ਉਚਤਮ ਗੁਣ ਹਾਸਲ ਕਰਨ ਦਾ ਸਾਧਨ ਹੈ । ਸਿੱਖ ਅਕਸਰ ਸੇਵਾ ਦਾ ਮੌਕਾ ਮੰਗਣ ਲਈ ਪਰਮਾਤਮਾ ਅੱਗੇ ਅਰਦਾਸ ਕਰਦੇ ਹਨ । ਗੁਰੂ ਅਰਜਨ ਕਹਿੰਦੇ ਹਨ , ‘ ਸੇਵਾ ਮੰਗੈ ਸੇਵਕੋ ਲਾਈਆਂ ਅਪੁਨੀ ਸੇਵ` ( ਗੁ.ਗ੍ਰੰ.43 ) ਅਤੇ ‘ ਸੇਵਕੁ ਜਨ ਕੀ ਸੇਵਾ ਮਾਗੈ ਪੂਰੇ ਕਰਮਿ ਕਮਾਵਾ ॥ ` ( ਗੁ.ਗ੍ਰੰ. 802 ) । ਗੁਰੂ ਅਮਰਦਾਸ ਜੀ ਅਨੁਸਾਰ , ‘ ਸੇਵਾ ਤੇ ਸਦਾ ਸੁਖ ਪਾਇਆ ਗੁਰਮੁਖਿ ਸਹਜਿ ਸਮਾਵਣਿਆ ॥ ` ( ਗੁ. ਗ੍ਰੰ.125 ) ।

      ਸਿੱਖ ਸਿਧਾਂਤ ਵਿਚ ਤਿੰਨ ਤਰ੍ਹਾਂ ਦੀ ਸੇਵਾ ਪ੍ਰਵਾਨ ਕੀਤੀ ਗਈ ਹੈ : ਤਨ ਦੀ ਸੇਵਾ , ਮਨ ਦੀ ਸੇਵਾ ਅਤੇ ਧਨ ਦੀ ਸੇਵਾ । ਇਹਨਾਂ ਵਿਚੋਂ ਪਹਿਲੀ ਸਭ ਤੋਂ ਉਤਮ ਮੰਨੀ ਗਈ ਹੈ ਅਤੇ ਇਸਨੂੰ ਹਰ ਸਿੱਖ ਲਈ ਜ਼ਰੂਰੀ ਮੰਨਿਆ ਗਿਆ ਹੈ- ‘ ਵਿਣੁ ਸੇਵਾ ਧ੍ਰਿਗੁ ਹਥ ਪੈਰ` ( ਭਾਈ ਗੁਰਦਾਸ , ਵਾਰਾਂ , 27.1 ) । ਪੁਰਾਤਨ ਭਾਰਤੀ ਸਮਾਜ ਵਿਚ ਤਨ ਨਾਲ ਸੰਬੰਧਿਤ ਕਾਰਜਾਂ ਨੂੰ ਨੀਵਾਂ ਸਮਝਿਆ ਜਾਂਦਾ ਸੀ ਅਤੇ ਇਹ ਕਾਰਜ ਨੀਵੀਆਂ ਜਾਤਾਂ ਨੂੰ ਸੌਂਪਿਆ ਹੋਇਆ ਸੀ । ਇਹਨਾਂ ਕਾਰਜਾਂ ਨੂੰ ਸਤਿਕਾਰਿਤ ਧਾਰਮਿਕ ਕ੍ਰਿਆਵਾਂ ਦੀ ਮੋਹਰ ਲਾਉਂਦੇ ਹੋਏ ਸਿੱਖ ਗੁਰੂ ਸਾਹਿਬਾਨ ਨੇ ਸਰੀਰਿਕ ਕਾਰਜ ( ਮਿਹਨਤ ) ਦੇ ਸਵੈਮਾਨ ਨੂੰ ਬਹਾਲ ਕੀਤਾ । ਇਹ ਸੰਕਲਪ ਉਸ ਸਮੇਂ ਭਾਰਤੀ ਸਮਾਜ ਲਈ ਲਗਪਗ ਅਗਿਆਤ ਸੀ । ਗੁਰੂ ਸਾਹਿਬਾਨ ਨੇ ਨਾ ਕੇਵਲ ਇਸਨੂੰ ਪਵਿੱਤਰਤਾ ਬਖਸ਼ੀ ਬਲਕਿ ਸੰਸਥਾਗਤ ਰੂਪ ਵੀ ਦੇ ਦਿੱਤਾ , ਜਿਵੇਂ ਕਿ ਗੁਰੂ ਕੇ ਲੰਗਰ ਵਿਚ ਸੇਵਾ ਅਤੇ ਸੰਗਤ ਦੀ ਸੇਵਾ , ਜਿਸ ਵਿਚ ਸੰਗਤ ਲਈ ਆਟਾ ਪੀਸਣਾ , ਗਰਮੀ ਤੋਂ ਰਾਹਤ ਦਿਵਾਉਣ ਲਈ ਪੱਖਾ ਝੱਲਣਾ ਅਤੇ ਪਾਣੀ ਪਿਆਉਣਾ ਆਦਿ ਸ਼ਾਮਲ ਹੈ । ਗੁਰੂ ਅਰਜਨ ਬੇਨਤੀ ਕਰਦੇ ਹਨ , ‘ ਹਉ ਮਾਗਉ ਤੁਝੈ ਦਇਆਲ ਕਰਿ ਦਾਸਾ ਗੋਲਿਆ....ਪਖਾ ਪਾਣੀ ਪੀਸਿ ਬਿਗਸਾ ਪੈਰ ਧੋਇ । ` ( ਗੁ.ਗ੍ਰੰ. 518 ) ।

      ਮਨ ਦੀ ਸੇਵਾ ਵਿਅਕਤੀ ਦੇ ਉਸਾਰੂ , ਸੰਚਾਰ ਵਾਲੇ , ਪ੍ਰਬੰਧਕੀ ਗੁਣਾਂ ਨੂੰ ਸਮਾਜ ਅਤੇ ਮਾਨਵਤਾ ਦੀ ਸਮੂਹਿਕ ਭਲਾਈ ਲਈ ਵੰਡਦੀ ਹੈ । ਇਹ ਦੂਜਿਆਂ ਦੇ ਦੁੱਖ ਵੀ ਵੰਡਾਉਂਦੀ ਹੈ । ਦੂਜਿਆਂ ਦੇ ਦੁੱਖ ਵਿਚ ਸ਼ਾਮਲ ਹੋਣਾ ਮਨੁੱਖੀ ਭਾਈਚਾਰੇ ਦੀ ਮੈਂਬਰਸ਼ਿਪ ਲਈ ਜ਼ਰੂਰੀ ਸ਼ਰਤ ਹੈ । ਇਸ ਕਰਕੇ ਸਿੱਖ ਅਰਦਾਸ ਸਰਬੱਤ ਦੇ ਭਲੇ ਦੀ ਫ਼ਰਿਆਦ ਲਈ ਇਕਸੁਰਤਾ ਨਾਲ ਸਮਾਪਤ ਹੁੰਦੀ ਹੈ । ਇਸ ਕਿਸਮ ਦੀ ਸੇਵਾ ਕੇਵਲ ਦਇਆ ਦੀ ਭਾਵਨਾ ਨਾਲ ਹੀ ਪ੍ਰੇਰਿਤ ਨਹੀਂ ਹੁੰਦੀ ਸਗੋਂ ਪ੍ਰਮੁਖ ਤੌਰ ਤੇ ਵਿਅਕਤੀ ਰਾਹੀਂ ਪਰਮਾਤਮਾ ਦੀ ਸੇਵਾ ਲਈ ਵਿਹਾਰਿਕ ਮਾਰਗ ਲੱਭਦੀ ਹੈ ।

      ਧਨ ਜਾਂ ਦਾਨ ਰਾਹੀਂ ਕੀਤੀ ਸੇਵਾ ਵਿਸ਼ੇਸ਼ ਤੌਰ ਤੇ ਗੈਰ-ਸ਼ਖਸੀ ਬਣਨ ਦੀ ਇੱਛਾ ਤੇ ਕੇਂਦਰਿਤ ਹੁੰਦੀ ਹੈ । ਗੁਰੂ ਨੂੰ ਕੀਤੀ ਕਾਰ ਭੇਟਾ ਅਤੇ ਸਿੱਖਾਂ ਦੁਆਰਾ ਦਿੱਤਾ ਦਸਵੰਧ ਸਿੱਧੇ ਤੌਰ ਤੇ ਕੌਮ ਦੇ ਸਾਂਝੇ ਫੰਡ ਵਿਚ ਜਾਂਦਾ ਹੈ । ਨਿੱਜੀ ਦਾਨ ਲੈਣ ਵਾਲੇ ਦੇ ਮਨ ਵਿਚ ਹੀਨਤਾ ਅਤੇ ਦੇਣ ਵਾਲੇ ਦੇ ਮਨ ਵਿਚ ਹਉਮੈ ਪੈਦਾ ਕਰ ਸਕਦਾ ਹੈ ਪਰ ਹਉਮੈ-ਰਹਿਤ ਕੌਮੀ ਸੇਵਾ ਉੱਚਤਾ ਪ੍ਰਦਾਨ ਕਰਦੀ ਹੈ । ਹਉਮੈ ਨੂੰ ਦੂਰ ਕਰਨ ਲਈ ਅਤੇ ਆਤਮ-ਉੱਚਤਾ ਹਾਸਲ ਕਰਨ ਲਈ ਯੋਗ ਬਣਾਉਂਦੀ ਹੈ ਜੋ , ਆਪੇ ਤੋਂ ਵੱਖ ਹੈ । ਸੇਵਾ ਉਸ ਮਾਰਗ ਵੱਲ ਇਸ਼ਾਰਾ ਕਰਨ ਵਾਲੀ ਹੋਣੀ ਚਾਹੀਦੀ ਹੈ ਜਿਸ ਵਿਚ ਨਿੱਜੀ ਤੌਰ ਤੇ ਦੂਜਿਆਂ ਦੀਆਂ ਲੋੜਾਂ ਪ੍ਰਤੀ ਵਿਅਕਤੀਗਤ ਹੁੰਗਾਰੇ ਦਾ ਅਜਿਹਾ ਪ੍ਰਗਟਾਵਾ ਉਜਾਗਰ ਹੋਵੇ ।

      ਸਿੱਖ ਨੂੰ ਵਿਸ਼ੇਸ਼ ਤੌਰ ਤੇ ਗ਼ਰੀਬ ਦੀ ਸੇਵਾ ਕਰਨ ਲਈ ਕਿਹਾ ਗਿਆ ਹੈ । ਚੌਪਾ ਸਿੰਘ ਦੇ ਰਹਿਤਨਾਮੇ ਵਿਚ ਕਿਹਾ ਗਿਆ ਹੈ , “ ਗਰੀਬ ਦਾ ਮੂੰਹ ਗੁਰੂ ਦੀ ਗੋਲਕ” । ਗਰੀਬ ਅਤੇ ਲੋੜਵੰਦ ਨੂੰ ਦਾਨ ਦਾ ਸਹੀ ਹੱਕਦਾਰ ਸਮਝਿਆ ਗਿਆ ਹੈ ਜੋ ਕਿ ਹਿੰਦੂ ਧਰਮ ਵਿਚਲੇ ਬ੍ਰਾਹਮਣ ਦੇ ਸਮਝੇ ਜਾਂਦੇ ਇਸ ਅਧਿਕਾਰ ਤੋਂ ਵੱਖ ਹੈ । ਗਰੀਬ ਦੀ ਸੇਵਾ ਕਰਦੇ ਹੋਏ ਵਿਅਕਤੀ ਕਿਸੇ ਵਿਸ਼ੇਸ਼ ਦੀ ਸੇਵਾ ਨਹੀਂ ਕਰਦਾ ਬਲਕਿ ਉਸ ਰਾਹੀਂ ਪਰਮਾਤਮਾ ਦੀ ਸੇਵਾ ਕਰ ਰਿਹਾ ਹੁੰਦਾ ਹੈ । ਇਥੋਂ ਤਕ ਕਿ ਜੇਕਰ ਕੋਈ ਭੁਖੇ ਨੂੰ ਭੋਜਨ ਕਰਾਉਂਦਾ ਹੈ ਤਾਂ ਸਿੱਖ ਪਰੰਪਰਾ ਵਿਚ ਇਹ ਕਿਹਾ ਜਾਂਦਾ ਹੈ ਕਿ ‘ ਦਾਣਾ ਪਾਣੀ ਗੁਰੂ ਦਾ ਟਹਿਲ ਸੇਵਾ ਸਿੱਖਾਂ ਦੀ` ।

      ਸਿੱਖ ਜੀਵਨਜਾਚ ਵਿਚ ਸੇਵਾ ਗ੍ਰਹਿਸਤੀ ਦਾ ਪ੍ਰਮੁਖ ਧਰਮ ਮੰਨਿਆ ਗਿਆ ਹੈ । ਕਬੀਰ ਜੀ ਕਹਿੰਦੇ ਹਨ : ‘ ਕਬੀਰ ਜਾ ਘਰ ਸਾਧ ਨ ਸੇਵੀਅਹਿ ਹਰਿ ਕੀ ਸੇਵਾ ਨਾਹਿ ॥ ਤੇ ਘਰ ਮਰਹਟ ਸਾਰਖੇ ਭੂਤ ਬਸਹਿ ਤਿਨ ਮਾਹਿ ॥ ` ( ਗੁ.ਗ੍ਰੰ. 1374 ) । ਸਿੱਖਾਂ ਨੂੰ ਗ੍ਰਹਿਸਤੀ ਰਹਿਣ ਲਈ ਕਿਹਾ ਗਿਆ ਹੈ ਅਤੇ ਸੇਵਾ ਨੂੰ ਉਹਨਾਂ ਦਾ ਧਰਮ ਮੰਨਿਆ ਗਿਆ ਹੈ । ਸਿੱਖ ਵਿਚਾਰਧਾਰਾ ਵਿਚ ਤਿਆਗ ਦਾ ਵਿਰੋਧੀ ਲਗਾਉ ਨੂੰ ਨਹੀਂ ਬਲਕਿ ਸੇਵਾ ਨੂੰ ਮੰਨਿਆ ਗਿਆ ਹੈ ।

      ਸਿੱਖ ਧਰਮ ਗ੍ਰੰਥਾਂ ਵਿਚ ਨਿਸ਼ਕਾਮ , ਨਿਸ਼ਕਪਟ , ਨਿਮਰਤਾ , ਹਿਰਦਾ ਸ਼ੁੱਧ , ਚਿੱਤ ਲਾਇ ਅਤੇ ਵਿਚੋਂ ਆਪ ਗਵਾਏ ਨੂੰ ਸੱਚੀ ਸੇਵਾ ਮੰਨਿਆ ਗਿਆ ਹੈ । ਅਜਿਹੀ ਸੇਵਾ ਸਿੱਖ ਲਈ ਸਵੈਮਾਨ ਅਤੇ ਮੁਕਤੀ ਦਾ ਮਾਰਗ ਖੋਲਦੀ ਹੈ - ‘ ਵਿਚਿ ਦੁਨੀਆ ਸੇਵ ਕਮਾਈਐ ॥ ਤਾ ਦਰਗਹ ਬੈਸਣੁ ਪਾਈਐ ` । ਗੁ.ਗ੍ਰੰ. 26 ) ।

      ਸਿੱਖ ਸਿਧਾਂਤ ਵਿਚ ਕਿਹਾ ਗਿਆ ਹੈ-‘ ਜੇਹਾ ਸੇਵੈ ਤੇਹੋ ਹੋਵੈ` ( ਗੁ.ਗ੍ਰੰ. 549 ) । ਇਸ ਤਰ੍ਹਾਂ ਜੋ ਪਰਮਾਤਮਾ ਨਾਲ ਅਭੇਦਤਾ ਚਾਹੁੰਦੇ ਹਨ ਉਹ ਪਰਮਾਤਮਾ ਦੀ ਸੇਵਾ ਕਰਨ ਕਿਉਂਕਿ ਉਹੀ ਇਸ ਮਾਰਗ ਦਾ ਇਕੋ ਇਕ ਸਾਧਨ ਹੈ । ਪਰ ਸਿੱਖ ਧਰਮ ਵਿਚ ਪਰਮਾਤਮਾ ਨਿਰਗੁਣ ਅਤੇ ਸਰਗੁਣ ਦੋਵੇਂ ਹੈ । ਨਿਰਗੁਣ ਪਰਮਾਤਮਾ ਅਪਹੁੰਚ ਹੈ ਅਤੇ ਉਸਨੂੰ ਸਾਧਨਾ ਰਾਹੀਂ ਅਨੁਭਵ ਕੀਤਾ ਜਾ ਸਕਦਾ ਹੈ । ਇਸ ਤਰਾਂ ਪਰਮਾਤਮਾ ਦੀ ਸੇਵਾ ਉਸਦੇ ਸਰਗੁਣ ਸਰੂਪ ਨਾਲ ਸੰਬੰਧਿਤ ਹੈ ਜਿਸ ਵਿਚ ਉਸਦੇ ਜੀਵਾਂ ਦੀ ਸੇਵਾ ਵੀ ਸ਼ਾਮਲ ਹੈ । ਇਸ ਤਰ੍ਹਾਂ ਮਾਨਵਤਾ ਦੀ ਸੇਵਾ ਹੀ ਸੇਵਾ ਦਾ ਸਿੱਖ ਆਦਰਸ਼ ਹੈ ।


ਲੇਖਕ : ਜ.ਸ.ਨ. ਅਤੇ ਅਨੁ. ਪ.ਵ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9848, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਸੇਵਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਸੇਵਾ ( ਸੰ. । ਸੰਸਕ੍ਰਿਤ ਧਾਤੂ ਖ਼ੇਬ੍ਰੀ = ਸੇਵਨੇ ( ਕ੍ਚ = ਪ੍ਰਤੇ ) = ਟਹਲ ਕਰਨੀ । ਪੰਜਾਬੀ ਕ੍ਰਿਯਾ , ਸੇਵਨਾ , ਸ੍ਰੇਵਨਾ । ਸੰਗ੍ਯਾ , ਸੇਵਾ ਆਦਿ ) ਟਹਲ । ਯਥਾ-‘ ਗੁਰ ਕੀ ਸੇਵਾ ਗੁਰ ਭਗਤਿ ਹੈ’ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 9843, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਸੇਵਾ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸੇਵਾ : ‘ ਸੇਵਾ’ ਸ਼ਬਦ ਸੰਸਕ੍ਰਿਤ ਦੇ ‘ ਸੇਵ’ ਅਥਵਾ ‘ ਸਿਵ੍ਰ’ ਧਾਤੂ ਤੋਂ ਵਿਉਤਪੰਨ ਹੈ ਅਤੇ ਇਸ ਦਾ ਸ਼ਾਬਦਿਕ ਅਰਥ ਟਹਿਲ ਜਾਂ ਖ਼ਿਦਮਤ ਹੈ । ਫ਼ਾਰਸੀ ਵਿਚ ਸੇਵਾ ਸ਼ਬਦ ਨੂੰ ‘ ਸ਼ੇਵਹ’ ਕਹਿੰਦੇ ਹਨ ਤੇ ਇਸ ਦਾ ਅਰਥ ਹੈ ਤਰੀਕਾ ਅਥਵਾ ਕਾਇਦਾ । ਸੇਵਾ ਨੂੰ ਆਦਤ ਅਤੇ ਸੁਭਾਉ ਦੇ ਅਰਥਾਂ ਵਿਚ ਵੀ ਲਿਆ ਜਾਂਦਾ ਹੈ । ਸਿੰਧੀ ਭਾਸ਼ਾ ਵਿਚ ਸਵੇਾ ਉੱਚਾਰਣ ‘ ਸ਼ੇਵਾ’ ਹੈ ਅਤੇ ਇਸ ਦਾ ਭਾਵ ਪੂਜਾ ਅਤੇ ਭੇਟਾ ਤੋਂ ਹੈ ।

                  ਸੇਵਾ ਦੀਆਂ ਤਿੰਨ ਦਿਸ਼ਾਵਾਂ ਮੰਨੀਆ ਜਾਂਦੀਆ ਹਨ– ਗੁਰੂ ਸੇਵਾ , ਸੰਤ ਸੇਵਾ , ਪ੍ਰਭੂ ਸੇਵਾ , ਗੁਰੂ ਸੇਵਾ ਦੀ ਮਹੱਤਾ ਉਪਨਿਸ਼ਦ ਕਾਲ ਤੋਂ ਚਲੀ ਆਉਂਦੀ ਹੈ । ਭਗਤਾਂ ਦੀ ਬਾਣੀ ਵਿਚ ਗੁਰੂ ਸੇਵਾ ਦਾ ਸੰਕਲਪ ਉਘੜ ਕੇ ਸਹਮਣੇ ਆਉਂਦਾ ਹੈ । ਸੰਤ ਸੇਵਾ ਦਾ ਮਹਾਤਮ ‘ ਗਰੁੜ ਪੁਰਾਣ’   ਦੇ ਉਤਰ ਖੰਡ ( ਦੂਜਾ ) ਅਤੇ ਧਰਮ ਕਾਂਡ ( 49– 57 ) ਵਿਚ ਵਿਸ਼ੇਸ਼ ਤੌਰ ਤੇ ਵਰਣਨ ਕੀਤਾ ਗਿਆ ਹੈ । ਸੰਤ ਸੇਵਾ ਦੇ ਸੰਕਲਪ ਨੂੰ ਹਰ ਇਕ ਮੱਤ ਦੇ ਪਰਮਾਰਥਿਕ ਸਾਧਕਾਂ ਨੇ ਸਵੀਕਾਰ ਕੀਤਾ ਹੈ । ਭਗਤ ਸੂਰਦਾਸ ਦੇ ਸੰਤ ਮਹਿਮਾ  ਵਾਲੇ ਪੱਦਿਆਂ ਵਿਚ , ਗੁਰਬਾਣੀ ਵਿਚ ਵਿਸ਼ੇਸ਼ ਤੌਰ ਤੇ ਗੁਰੂ ਅਰਜਨ ਸਾਹਿਬ ਦੀ ਸੰਤ ਦੀ ਮਹਿਮਾ ਵਾਲੀ ਅਸ਼ਟਪਦੀ ( ‘ ਸੁਖਮਨੀ’ ) ਵਿਚ ਸੰਤ ਸੇਵਾ ਦਾ ਮਹਾਤਮ ਮੰਨਿਆ ਗਿਆ ਹੈ । ਕਬੀਰ ਅਨੁਸਾਰ ਗੁਰੂ ਅਤੇ ਪ੍ਰਭੂ ਦੀ ਆਪਣੀ ਆਪਣੀ ਸਥਿਤੀ ਹੈ । ਗੁਰੂ ਨੇ ਹੀ ਪ੍ਰਭੂ ਦਾ ਮਾਰਗ ਦਰਸਾਇਆ ਹੈ । ਨਿਮਨ ਅੰਕਿਤ ਪੰਕਤੀ ਇਸ ਵਿਚਾਰ ਦੀ ਪੁਸ਼ਟੀ ਕਰਦੀ ਹੈ

                                                        ਗੁਰੁ ਗੋਵਿੰਦ ਦੋਨੋ ਖੜੇ ਕਾਕੇ ਲਾਗੂ ਪਾਯੇ ।

                                                        ਬਲਿਹਾਰੀ ਗੁਰੁ ਆਪਣੇ ਜਿਨ ਗੋਵਿੰਦ ਦਿਯੋ ਬਤਾਯੇ ।

                  ‘ ਪ੍ਰਭੂ ਸੇਵਾ’ ਦਾ ਆਸ਼ਾ ਕ੍ਰਿਸ਼ਣ ਦੀ ਸਵਰੂਪ ਸੇਵਾ ਵਿਚ ਵਿਦਮਾਨ ਹੈ ।   ਸਵਰੂਪ ਸੇਵਾ ਨੂੰ ਦੋ ਪ੍ਰਕਾਰ ਵਿਚ ਵੰਡ ਕੇ ਸਮਝਿਆ ਜਾ ਸਕਦਾ ਹੈ । ਕ੍ਰਿਆਤਮਕ ਸੇਵਾ ਜੋ ਤਨ ਤੇ ਧਨ ਧਨ ਕੀਤੀ ਜਾਂਦੀ ਹੈ । ਇਸ ਨੂੰ ਪੁਸ਼ਟੀਮਾਰਗ ਅਨੁਸਾਰ ਤਨੁਜਾ ਅਤੇ ਵਿਤਜਾ ਦੇ ਨਾਮ ਦਿੱਤੇ ਗਏ ਹਨ । ਤਨ ਅਤੇ ਧਨ ਤੋਂ ਉਠ ਕੇ ਜੋ ਸੇਵਾ ਕੀਤੀ ਜਾਂਦੀ ਹੈ । ਉਹ ਹਉਮੈ ਰਹਿਤ ਸੇਵਾ ਹੁੰਦੀ ਹੈ , ਜਿਸ ਨਾਲ ਪ੍ਰਭੂ ਪ੍ਰਤਿ ਭਾਵਾਤਮਕ ਸਾਂਝ ਪੈਦਾ ਹੋ ਜਾਂਦੀ ਹੈ । ਇਸ ਸੇਵਾ ਮਨ ਨਾਲ ਕੀਤੀ ਸੇਵਾ ਅਥਵਾ ਪੁਸ਼ਟੀਮਾਰਗ ਅਨੁਸਾਰ ਮਨਜਾ ਸੇਵਾ ਅਖਾਉਂਦੀ ਹੈ । ਸੱਚੀ ਸੇਵਾ ਦਾ ਨਾਮ ਹੀ ਭਗਤੀ ਹੈ ( ਵੇਖੋ ‘ ਭਗਤੀ ’ )

                                    ਦੁੱਖਾਂ ਦੀ ਨਿਵਿਰਤੀ ਲਈ ਯੋਗ , ਯੱਗ , ਧਿਆਨ , ਸੇਵਾ , ਸਤਿਸੰਗ ਅਤੇ ਗਿਆਨ ਜ਼ਰੂਰੀ ਮੰਨੇ ਜਾਂਦੇ ਹਨ । ਭਗਤੀ ਮਾਰਗ ਵਿਚ ਸੇਵਾ ਦਾ ਮਹੱਤਵ ਮੁੱਖ ਮੰਨਿਆ ਗਿਆ ਹੈ । ਗੁਰੂ ਨਾਨਕ , ਵਿਸ਼ੇਸ਼ ਤੌਰ ਤੇ ਗੁਰੂ ਅਮਰਦਾਸ , ਗੁਰੂ ਰਾਮਦਾਸ ਅਤੇ ਗੁਰੂ ਅਰਜਨ ਦੀ ਸਾਧਨਾ ਦਾ ਸਰੂਪ ਸੇਵਾ ਭਾਵਨਾ ਵਾਲਾ  ਹੈ । ਸੇਵਾ ਨੂੰ ਗੁਰਬਾਣੀ ਵਿਚ ਉਪਕਾਰ ਦੇ ਅਰਥਾਂ ਵਿਚ ਲਿਆ ਗਿਆ ਹੈ । ਗੁਰੂ ਨਾਨਕ ਚਿੰਤਨ ਵਿਚ ਵਿਅਕਤੀ ਲਈ ਦੋ ਮੁੱਖ ਕਿਰਿਆਵਾਂ ਨਿਰਧਾਰਤ ਕੀਤੀਆਂ ਗਈਆਂ ਹਨ– ਲਿਵ ਅਤੇ ਸੇਵਾ । ਨਾਮ ਵਿਚ ਬਿਰਤੀ ਲਗਾਉਣਾ ਲਿਵਲੀਨਤਾ ਅਤੇ ਵਿਅਕਤੀਗਤ ਕਿਰਿਆ ਹੈ । ਦੂਸਰੀ ਕਿਰਿਆ ਸੇਵਾ ਹੈ ਜੋ ਸਮਾਜਕ ਪ੍ਰਕਰਣ ਵਿਚ ਸੰਭਵ ਹੈ । ਇਸ ਵਿਚ ਲੋਕ ਭਲਾਈ ਦੀ ਭਾਵਨਾ ਵਰਗਾ ਸਦਗੁਣ ਵਿਦਮਾਨ ਹੈ ਜੋ ਮੂਲ ਰੂਪ ਵਿਚ ਪਰਸੁਆਰਥ ਅਤੇ ਆਪਾ– ਸਮਰਪਣ ਨਾਲ ਸੰਬੰਧਿਤ ਹੈ । ਗੁਰੂ ਅਮਰਦਾਸ ਜੀ ਨੇ 12 ਸਾਲ ਗੁਰੂ ਅੰਗਦ ਦੇਵ ਜੀ ਦੇ ਇਸ਼ਨਾਨ ਲਈ ਬਿਆਸਾ ਦਰਿਆ ਤੋਂ ਪਾਣੀ ਲਿਆਉਣ ਦੀ ਸੇਵਾ ( ਤਨਜਾ ਸੇਵਾ ) ਕਰਕੇ ਆਪਾ– ਸਮਰਪਣ ਦੀ ਅਦੁੱਤੀ ਮਿਸਾਲ ਪੇਸ਼ ਕੀਤੀ ਹੈ , ਇਸ ਪ੍ਰਕਾਰ ਦੀ ਸੱਚੀ ਸੇਵਾ ਹੀ ਭਗਤੀ ਹੈ ।

                                    ਪੁਸ਼ਟੀ ਮਾਰਗੀ ਮੰਦਿਰਾਂ ਵਿਚ ਸੇਵਾ ਦੇ ਰੂਪ ਵਿਚ ਬਹੁਤਾ ਕਰਕੇ ਕਰਮਕਾਂਡ ਤੇ ਵਿਧੀ– ਵਿਧਾਨ ਸ਼ਾਮਲ ਹੋ ਗਏ ਹਨ । ਸਾਲਾਨਾ ਉਤਸਵਾਂ ਉੱਤੇ ਮੰਦਿਰਾਂ ਨੂੰ ਸਜਾਇਆ ਜਾਂਦਾ ਹੈ । ਦੇਵੀ ਦੇਵਤਿਆਂ ਦੀਆਂ ਮੂਰਤੀਆਂ ਦਾ ਸ਼ਿੰਗਾਰ ਕਰਕੇ ਬਸਤਰ ਪਹਿਨਾਏ ਜਾਂਦੇ ਹਨ । ਕੀਰਤਨ ਤੇ ਰਾਗ ਦੁਆਰਾ ਮਨੋਰੰਜਨ ਕੀਤਾ ਜਾਂਦਾ ਹੈ । ਇਸੇ ਤਰ੍ਹਾਂ ਗੁਰਦੁਆਰਿਆਂ ਵਿਚ ਵੀ ਗੁਰਪੁਰਬਾਂ ਜਾਂ ਉਤਸਵਾਂ ਉੱਤੇ ਸਜਾਵਟ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ । ਪੁਸ਼ਟੀ ਮਾਰਗੀ ਸੇਵਾ ਵਿਚ ਮੰਗਲਾ ਆਰਤੀ ਉੱਤੇ ਭੈਰਵ ਅਤੇ ਰਾਮਕਲੀ ਦਾ ਗਾਇਨ , ਸ਼ਿੰਗਾਰ ਸਮੇਂ ਬਿਲਾਵਲ , ਰਾਜ ਭੋਗ ਸਮੇਂ ਸਾਰੰਗ , ਉਥਾਪਨ ਸਮੇਂ ਸੋਰਠ , ਫਿਰ ਸਮਾਪਤੀ ਸਮੇਂ ਗੋੜੀ ਆਦਿ ਰਾਗਾਂ ਦਾ ਗਾਉਣਾ ਸ਼ਾਮਲ ਹੈ । ਕਵੀਆਂ ਨੂੰ ਇਸ ਸੇਵਾ ਨਹੀਂ ਵੱਖ ਵੱਖ ਸਮੇਂ ਅਨੁਸਾਰ ਕੀਰਤਨ ਦੀ ਤਿਆਰੀ ਦੀ ਪ੍ਰੇਰਣਾ ਮਿਲਦੀ ਹੈ । ਗੁਰਦੁਆਰਿਆਂ ਵਿਚ ਹਰ ਸਮੇਂ ਅਤੇ ਅਵਸਰ ਅਨੁਸਾਰ ਸ਼ਬਦ ਗਾਇਨ ਦੀ ਸੇਵਾ ਨਿਭਾਈ ਜਾਂਦੀ ਹੈ । ਸਿੱਖ ਸੰਪ੍ਰਦਾਇ ਵਿਚ ਲੰਗਰ ਦੀ ਸੇਵਾ , ਸਾਧ ਸੰਗਤ ਵਿਚ ਹੱਥੀ ਪੱਖਾ ਫੇਰਨਾ , ਪਾਣੀ ਦੀਆਂ ਛਬੀਲਾ ਲਾਉਣਾ , ਸਮਾਜ ਸੇਵਾ ਵਿਚ ਸ਼ਾਮਲ ਹਨ । ਸੇਵਾ ਦੀ ਭਾਵਨਾ ਸਿੱਖ ਸੰਪ੍ਰਦਾਇ ਵਿਚ ਇਤਨੀ ਅਧਿਕ ਗੰਭੀਰਤਾ ਨਾਲ ਆਪਣਾਈ ਗਈ ਹੈ ਕਿ ਭਾਈ ਕਨ੍ਹਈਏ ਦੀ ਅਦੁੱਤੀ ਸੇਵਾ ਸਾਧਨਾ ਨੇ ਇਸ ਧਰਮ ਵਿਚ ਸੇਵਾ ਪੱਥ ਦੀ ਇਕ ਸੰਪ੍ਰਦਾਇ ਹੀ ਚਲਾ ਦਿੱਤੀ ਹੈ । ਸੇਵਾ ਪੰਥੀ ਸਾਧਕ ਮਨ , ਤਨ ਤੇ ਧਨ ਨਾਲ ਬਿਨਾ ਕਿਸੇ ਧਰਮ , ਜਾਤ , ਆਦਿ ਦੇ ਸਾਰੇ ਪ੍ਰਾਣੀ ਮਾਤ੍ਰ ਦੀ ਸੇਵਾ ਕਰਕੇ ਜੀਵਨ ਮਨੋਰਥ ਵਿਚ ਸਫ਼ਲ  ਹੁੰਦਾ ਹੈ । ਇਸ ਸੰਪ੍ਰਦਾਇ ਵਿਚ ਲੋਕਾਂ ਲਈ ਸਰੀਰਿਕ ਮਿਹਨਤ ਕਰਕੇ ਧਨ ਕਮਾਉਣਾ ਅਤੇ ਲੋੜ ਤੋਂ ਵੱਧ ਨਾ ਸੰਜਣਾ ਬੜਾ ਜ਼ਰੂਰੀ ਹੈ ।

                                    ਸੇਵਾ ਇਕ ਨਿਸ਼ਕਾਮ ਸਾਧਨਾ ਹੈ , ਸਾਕਾਮ ਸਾਧਨਾ ਨਹੀਂ । ਇਸ ਵਿਚ ਦੇਣਾ ਹੀ ਬਣਦਾ ਹੈ , ਫਲ ਦੀ ਇੱਛਾ ਨਹੀਂ ਹੈ , ਇਸ ਲਈ ਇਹ ਮਨੁੱਖ ਦਾ ਸਹਿਜ ਸੁਭਾਵੀ ਕਰਮ ਹੈ । ਸਿੱਖ ਪੰਥ ਵਿਚ ਵੱਖ ਵੱਖ ਸਮੇਂ ਨਿਰਮਲੇ ਤੇ ਉਦਾਸੀ ਸਾਧੂ ਹੋਏ ਹਨ , ਜਿਨ੍ਹਾਂ ਨੇ ਕਈ ਤਰੀਕਿਆਂ ਨਾਲ ਸੇਵਾ ਨੂੰ ਨਿਭਾਇਆ ਹੈ । ਗੁਰਧਾਮਾਂ ਦੀ ਉਸਾਰੀ , ਲੋਕ ਕਲਿਆਣ , ਹਿੱਤ ਸੰਸਥਾਵਾਂ ਬਣਾਉਣਾ , ਵਿਦਿਆਂ ਦੀ ਪ੍ਰਾਪਤੀ ਲਈ ਸਕੂਲਾਂ ਦੀ ਸਥਾਪਨਾ , ਗ਼ਰੀਬਾਂ ਲਈ ਦਵਾਖਾਨੇ ਖੋਲ੍ਹਣਾ , ਗੁਰਮੁਖੀ ਦਾ ਪ੍ਰਚਾਰ , ਗੁਰਬਾਣੀ ਦੀ ਟਕਸਾਲੀ ਵਿਆਖਿਆ ਲਈ ਪੋਥੀਆਂ ਲਿਖ ਕੇ ਮੁਫ਼ਤ ਵੰਡਣਾ ਆਦਿ ਲੋਕ ਕਲਿਆਣਕਾਰੀ ਰੂਪ ਦੀ ਸੇਵਾ ਹੈ । ਇਹ ਸੱਚੀ ਸੇਵਾ ਬਹਾਰਲੇ ਵਿਖਾਵੇ ਤੇ ਅਡੰਬਰਾਂ ਤੋਂ ਮੁਕਤ ਹੋ ਕੇ ਜਨ– ਜੀਵਨ ਦਾ ਹਿੱਸਾ ਬਣ ਗਈ ਹੈ ।

                                    [ ਸਹਾ. ਗ੍ਰੰਥ– ਮੋਨੀਅਰ ਵਿਲੀਅਮ : ‘ ਸੰਸਕ੍ਰਿਤ ਇੰਗਲੀਸ਼ ਡਿਕਸ਼ਨਰੀ’ ; ਵੀ.ਐਸ. ਆਪਟੈ : ‘ ਸੰਸਕ੍ਰਿਤ ਇੰਗਲੀਸ਼ ਡਿਕਸ਼ਨਰੀ; ਡਾ. ਰਤਨ ਸਿੰਘ ਜੱਗੀ : ‘ ਗੁਰੂ ਨਾਨਕ ਦੀ ਵਿਚਾਰਧਾਰਾ ’ ਡਾ. ਵਜੀਰ ਸਿੰਘ ( ਸੰਪ. ) : ‘ ਸਿੱਖ ਧਰਮ ਦਰਸ਼ਨ’ ; ਮ. ਕੋ.; ਹਿ.ਸ.ਕੋ ( 1 ) ]


ਲੇਖਕ : ਡਾ.ਅਬਨਾਸ਼ ਕੌਰ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 4428, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-07, ਹਵਾਲੇ/ਟਿੱਪਣੀਆਂ: no

ਸੇਵਾ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ

ਸੇਵਾ : ਸੇਵਾ ਸਿੱਖੀ ਦਾ ਆਦਰਸ਼ ਹੈ ਜੋ ਕਿ ਨੈਤਿਕ ਦਰਸ਼ਨ ਦੇ ਪ੍ਰਮੁਖ ਆਧਾਰਾਂ ਵਿੱਚ ਸ਼ਾਮਲ ਹੈ । ਕੋਈ ਵੀ ਵਿਅਕਤੀ ਸਮਾਜ ਵਿੱਚ ਓਦੋਂ ਤੱਕ ਸਨਮਾਨਯੋਗ ਸਥਾਨ ਹਾਸਲ ਨਹੀਂ ਕਰ ਸਕਦਾ ਜਦੋਂ ਤੱਕ ਉਹ ਸਮਾਜ ਵਿੱਚ ਸੇਵਾ ਨਾਲ ਜੁੜਿਆ ਹੋਇਆ ਨਹੀਂ ਹੈ । ਸੇਵਾ ਦੇ ਸਮਾਜ ਵਿੱਚ ਕਈ ਰੂਪ ਵੇਖਣ ਨੂੰ ਮਿਲਦੇ ਹਨ ਪਰ ਸਿੱਖ ਧਰਮ ਵਿੱਚ ਪ੍ਰਮੁਖ ਤੌਰ ’ ਤੇ ਚਾਰ ਤਰ੍ਹਾਂ ਦੀ ਸੇਵਾ ਵੇਖਣ ਨੂੰ ਮਿਲਦੀ ਹੈ-ਤਨ ਦੀ ਸੇਵਾ , ਮਨ ਦੀ ਸੇਵਾ , ਧਨ ਦੀ ਸੇਵਾ , ਸੁਰਤਿ ਦੀ ਸੇਵਾ । ਇਹ ਚਾਰੇ ਤਰ੍ਹਾਂ ਦੀ ਸੇਵਾ ਦੋ ਉਦੇਸ਼ਾਂ ਨੂੰ ਮੁੱਖ ਰੱਖ ਕੇ ਕੀਤੀ ਜਾਂਦੀ ਹੈ-ਸ੍ਵਾਰਥ ਅਤੇ ਨਿਸ੍ਵਾਰਥ । ਸਿੱਖ ਧਰਮ ਵਿੱਚ ਨਿਸ੍ਵਾਰਥ ਸੇਵਾ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਜੋ ਕਿ ਵਿਅਕਤੀ ਅੰਦਰ ਗੁਣਾਂ ਦਾ ਸੰਚਾਰ ਕਰਕੇ ਔਗੁਣਾਂ ਨੂੰ ਦੂਰ ਕਰਦੀ ਹੈ । ਗੁਣਾਂ ਦਾ ਸੰਚਾਰ ਕਰਨ ਵਾਲੀ ਸੇਵਾ ਗੁਰੂ ਦੇ ਮਾਰਗ ਦਰਸ਼ਨ ਤੇ ਚੱਲ ਕੇ ਸੰਭਵ ਹੋ ਸਕਦੀ ਹੈ ।

ਵਿਅਕਤੀ ਸਮਾਜ ਵਿੱਚ ਵਿਚਰਦਾ ਹੋਇਆ ਕਈ ਪ੍ਰਕਾਰ ਦੇ ਗੁਣਾਂ ਅਤੇ ਔਗੁਣਾਂ ਨੂੰ ਧਾਰਨ ਕਰਦਾ ਹੈ । ਇਹ ਗੁਣ ਅਤੇ ਔਗੁਣ ਵਿਅਕਤੀ ਦੀ ਸ਼ਖ਼ਸੀਅਤ ਘੜਦੇ ਹਨ ਭਾਵ ਜਿਹੋ ਜਿਹੇ ਗੁਣ ਵਿਅਕਤੀ ਧਾਰਨ ਕਰੇਗਾ , ਉਹੋ ਜਿਹੀ ਸ਼ਖ਼ਸੀਅਤ ਦਾ ਉਹ ਮਾਲਕ ਹੋਵੇਗਾ । ਹੁਣ ਇਹ ਕਿਵੇਂ ਪਤਾ ਲੱਗੇ ਕਿ ਗੁਣ ਅਤੇ ਔਗੁਣ ਕਿਹੜੇ ਹਨ ? ਸਿੱਖ ਧਰਮ ਵਿੱਚ ਦੱਸਿਆ ਗਿਆ ਹੈ ਕਿ ਜਿਹੜੇ ਕਰਮ ਮਨੁੱਖ ਨੂੰ ਵਿਕਾਸ ਦੀ ਦਿਸ਼ਾ ਵੱਲ ਲੈ ਕੇ ਜਾਂਦੇ ਹਨ , ਉਹ ਗੁਣੀ ਕਰਮ ਹਨ ਅਤੇ ਜਿਹੜੇ ਕਰਮ ਮਨੁੱਖ ਨੂੰ ਰਸਾਤਲ ਵੱਲ ਲਿਜਾਣ ਲਈ ਉਕਸਾਉਂਦੇ ਹਨ , ਉਹ ਔਗੁਣ ਕਰਮ ਹਨ । ਪਰ ਫਿਰ ਵੀ ਇਹਨਾਂ ਵਿੱਚ ਨਿਖੇੜ ਕਰਨ ਲਈ ਗੁਣੀ ਅਤੇ ਔਗੁਣੀ ਕਰਮਾਂ ਉੱਤੇ ਚਾਨਣ ਪਾਉਂਦੇ ਹੋਏ ਦੱਸਿਆ ਗਿਆ ਹੈ ਕਿ ਕਾਮ , ਕ੍ਰੋਧ , ਲੋਭ , ਮੋਹ , ਹੰਕਾਰ ਪੰਜ ਵਿਕਾਰ ਹਨ ਜੋ ਵਿਅਕਤੀ ਵਿੱਚ ਔਗੁਣਾਂ ਦਾ ਸੰਚਾਰ ਕਰਦੇ ਹਨ ਅਤੇ ਸੱਚ , ਦਿਆ , ਧਰਮ , ਧੀਰਜ ਅਤੇ ਸੰਜਮ ਪੰਜ ਨੈਤਿਕ ਕਰਮ ਹਨ ਜੋ ਵਿਅਕਤੀ ਅੰਦਰ ਗੁਣਾਂ ਦਾ ਵਿਕਾਸ ਕਰਦੇ ਹਨ । ਇਸ ਕਰਕੇ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਕਿ :

ਪੰਚ ਮਨਾਏ ਪੰਚ ਰੁਸਾਏ ॥

ਪੰਚ ਵਸਾਏ ਪੰਚ ਗਵਾਏ ॥

( ਸ੍ਰੀ ਗੁਰੂ ਗ੍ਰੰਥ ਸਾਹਿਬ , ਪੰਨਾ 430 )

ਪੰਜ ਗੁਣਾਂ ਦਾ ਸੰਚਾਰ ਵਿਅਕਤੀ ਦਾ ਅਧਿਆਤਮਿਕ ਵਿਕਾਸ ਕਰਦਾ ਹੈ ਅਤੇ ਵਿਅਕਤੀ ਗੁਰੂ ਦੇ ਦਰਸਾਏ ਮਾਰਗ ਅਨੁਸਾਰ ਪਰਮਾਤਮਾ ਦੀ ਸੇਵਾ ਵਿੱਚ ਲੱਗ ਜਾਂਦਾ ਹੈ । ਪਰਮਾਤਮਾ ਦੀ ਭਗਤੀ ਵਿੱਚ ਗੁਣਾਂ ਦੀ ਅਹਿਮੀਅਤ ਦਾ ਜ਼ਿਕਰ ਕਰਦੇ ਹੋਏ ਗੁਰੂ ਨਾਨਕ ਦੇਵ ਜੀ ਸਮਝਾਉਂਦੇ ਹਨ : ਵਿਣੁ ਗੁਣ ਕੀਤੇ ਭਗਤਿ ਨ ਹੋਇ ॥ ਹੁਣ ਜਦੋਂ ਗੁਣਾਂ ਅਤੇ ਔਗੁਣਾਂ ਦਾ ਪਤਾ ਲੱਗ ਗਿਆ ਹੈ ਤਾਂ ਇਹ ਪ੍ਰਸ਼ਨ ਵਿਅਕਤੀ ਦੇ ਮਨ ਵਿੱਚ ਆਉਂਦਾ ਹੈ ਕਿ ਇਹਨਾਂ ਗੁਣਾਂ ਨੂੰ ਧਾਰਨ ਕਿਵੇਂ ਕਰਨਾ ਹੈ ? ਗੁਣਾਂ ਨੂੰ ਧਾਰਨ ਕਰਨ ਦਾ ਜੋ ਮਾਰਗ ਗੁਰਮਤਿ ਵਿੱਚ ਦੱਸਿਆ ਗਿਆ ਹੈ , ਉਸ ਅਨੁਸਾਰ , ਵਿਅਕਤੀ ਪਰਮਾਤਮਾ ਨੂੰ ਜੀਵਨ ਦਾ ਧੁਰਾ ਮੰਨਦੇ ਹੋਏ ਆਪਣੇ ਹੱਥਾਂ ਅਤੇ ਪੈਰਾਂ ਨੂੰ ਸਹੀ ਕਾਰਜ ਵੱਲ ਲਾਵੇ ਕਿਉਂਕਿ ਗੁਰਮਤਿ ਦਰਸ਼ਨ ਵਿੱਚ ਇਹ ਮੰਨਿਆ ਗਿਆ ਹੈ ਕਿ ਦੁਨਿਆਵੀ ਕਾਰਜ ਮਨੁੱਖ ਨੂੰ ਪਰਮਾਤਮਾ ਤੱਕ ਪਹੁੰਚਾਉਂਦੇ ਹਨ :

ਵਿਚਿ ਦੁਨੀਆ ਸੇਵ ਕਮਾਈਐ ॥

ਤਾ ਦਰਗਹ ਬੈਸਣੁ ਪਾਈਐ ॥

  ( ਸ੍ਰੀ ਗੁਰੂ ਗ੍ਰੰਥ ਸਾਹਿਬ , ਪੰਨਾ 26 )

ਦੁਨੀਆ ਵਿੱਚ ਸੇਵਾ ਦੇ ਕਈ ਰੂਪ ਵੇਖਣ ਨੂੰ ਮਿਲਦੇ ਹਨ ਜਿਵੇਂ ਘਰ-ਪਰਵਾਰ ਵਿੱਚ ਮਾਤਾ-ਪਿਤਾ , ਭੈਣ-ਭਰਾਵਾਂ ਅਤੇ ਹੋਰ ਸਕੇ-ਸੰਬੰਧੀਆਂ ਦੀ ਸੇਵਾ; ਨੌਕਰੀ ਵਿੱਚ ਆਪਣੇ ਮਾਲਕ ਦੀ ਸੇਵਾ; ਸਮਾਜ ਵਿੱਚ ਦੀਨ-ਦੁਖੀਆਂ , ਗ਼ਰੀਬਾਂ , ਲੋੜਵੰਦਾਂ ਦੀ ਸੇਵਾ , ਅਧਿਆਤਮਿਕ ਮਾਰਗ ਦਰਸ਼ਨ ਲਈ ਗੁਰੂ ਦੀ ਸੇਵਾ ਆਦਿ । ਇਹਨਾਂ ਵਿੱਚੋਂ ਗੁਰੂ ਦੀ ਸੇਵਾ ਦੇ ਨਾਲ-ਨਾਲ ਉੱਤਮ ਸੇਵਾ ਗ਼ਰੀਬਾਂ ਅਤੇ ਲੋੜਵੰਦਾਂ ਦੀ ਸੇਵਾ ਨੂੰ ਮੰਨਿਆ ਗਿਆ ਹੈ । ਗ਼ਰੀਬ ਦੀ ਸੇਵਾ ਨੂੰ ਗੁਰੂ ਦੀ ਸੇਵਾ ਦੇ ਤੁੱਲ ਮੰਨਦੇ ਹੋਏ ਕਿਹਾ ਗਿਆ ਗ਼ਰੀਬ ਦਾ ਮੂੰਹ ਗੁਰੂ ਦੀ ਗੋਲਕ ।

ਗੁਰੂ ਨਾਨਕ ਦੇਵ ਜੀ ਦੇ ਸਮੇਂ ਪ੍ਰਚਲਿਤ ਭਾਰਤੀ ਸਮਾਜ ਚਾਰ ਵਰਗਾਂ ਵਿੱਚ ਵੰਡਿਆ ਹੋਇਆ ਸੀ- ਬ੍ਰਾਹਮਣ , ਖਤਰੀ , ਵੈਸ਼ ਅਤੇ ਸ਼ੂਦਰ । ਇਹਨਾਂ ਚਾਰਾਂ ਵਿੱਚੋਂ ਸੇਵਾ ਦਾ ਕੰਮ ਸ਼ੂਦਰ ਦੇ ਹਿੱਸੇ ਆਇਆ । ਸ਼ੂਦਰ ਨੂੰ ਇਹ ਆਦੇਸ਼ ਸੀ ਕਿ ਉਹ ਬਾਕੀ ਤਿੰਨ ਵਰਗਾਂ ਦੀ ਸੇਵਾ ਕਰੇ ਕਿਉਂਕਿ ਸੇਵਾ ਨੂੰ ਘਟੀਆ ਅਤੇ ਨੀਚ ਕੰਮ ਸਮਝਿਆ ਜਾਂਦਾ ਸੀ ਅਤੇ ਉੱਚ ਵਰਗ ਸੇਵਾ ਕਰਨ ਨੂੰ ਆਪਣੀ ਤੌਹੀਨ ਸਮਝਦਾ ਸੀ । ਇਸ ਕਰਕੇ ਸਮਾਜ ਵਿਚਲੇ ਸਮੂਹ ਘਟੀਆ ਸਮਝੇ ਜਾਂਦੇ ਕੰਮ ਸ਼ੂਦਰਾਂ ਦੇ ਹਿੱਸੇ ਆਏ । ਪਰ ਗੁਰੂ ਨਾਨਕ ਦੇਵ ਜੀ ਨੇ ਸੇਵਾ ਨੂੰ ਉੱਤਮ ਕਰਮ ਜਾਣ ਕੇ ਸਭ ਸਿੱਖਾਂ ਨੂੰ ਸੇਵਾ ਕਰਨ ਦਾ ਆਦੇਸ਼ ਕੀਤਾ ਅਤੇ ਸੇਵਾ ਰਾਹੀਂ ਹੀ ਸਿੱਖ ਨੂੰ ਮਾਣ-ਸਤਿਕਾਰ ਅਤੇ ਸ੍ਵੈਮਾਣ ਦਾ ਪਾਤਰ ਬਣਾਇਆ । ਗੁਰੂ ਅੰਗਦ ਦੇਵ ਜੀ ਨੇ ਗੁਰੂ ਬਣਨ ਤੋਂ ਪਹਿਲਾਂ ਲਹਿਣੇ ਦੇ ਰੂਪ ਵਿੱਚ ਗੁਰੂ ਨਾਨਕ ਦੇਵ ਜੀ ਦੀ ਸੇਵਾ ਕੀਤੀ ਅਤੇ ਇਸੇ ਤਰ੍ਹਾਂ ਗੁਰੂ ਅਮਰਦਾਸ ਜੀ ਨੇ ਗੁਰੂ ਬਣਨ ਤੋਂ ਪਹਿਲਾਂ ਗੁਰੂ ਅੰਗਦ ਦੇਵ ਜੀ ਦੀ ਲਗਪਗ 12 ਸਾਲ ਸੇਵਾ ਕੀਤੀ ਅਤੇ ਗੁਰਗੱਦੀ ਦੇ ਪਾਤਰ ਬਣੇ । ਸੇਵਾ ਨੂੰ ਉੱਤਮ ਕਰਮ ਜਾਣ ਕੇ ਗੁਰੂ ਨਾਨਕ ਦੇਵ ਜੀ ਨੇ ਸਿੱਖਾਂ ਨੂੰ ਹਰ ਤਰ੍ਹਾਂ ਦੀ ਸੇਵਾ ਕਰਨ ਦੀ ਪ੍ਰੇਰਨਾ ਕੀਤੀ ਬਿਨੁ ਸੇਵਾ ਫਲੁ ਕਬਹ ਨ ਪਾਵਸਿ ਸੇਵਾ ਕਰਣੀ ਸਾਰੀ ॥ ਏਸੇ ਤਰ੍ਹਾਂ ਗੁਰੂ ਅਰਜਨ ਦੇਵ ਜੀ ਨੇ ‘ ਅਨਿਕ ਭਾਂਤਿ ਕਰਿ ਸੇਵਾ ਕਰੀਐ’ ਦਾ ਆਦੇਸ਼ ਦਿੱਤਾ ।

ਸੇਵਾ ਦਾ ਅਰਥ ਹੈ ਕਿ ਕਿਸੇ ਦੂਜੇ ਵਿਅਕਤੀ ਦੀ ਜ਼ੁੰਮੇਵਾਰੀ ਆਪਣੇ ਸਿਰ ਲੈ ਲੈਣੀ ਅਤੇ ਦੂਜੇ ਮਨੁੱਖ ਦੀ ਚਿੰਤਾ ਨੂੰ ਘਟਾਉਣ ਦਾ ਯਤਨ ਕਰਨਾ । ਜੇਕਰ ਕੋਈ ਰੋਗੀ ਮਿਲੇ ਤਾਂ ਯਥਾਯੋਗ ਇਲਾਜ ਕਰਾਉਣਾ , ਜੇਕਰ ਸੜਕ ਤੇ ਕੋਈ ਨੇਤਰਹੀਣ ਮਿਲੇ ਤਾਂ ਉਸ ਨੂੰ ਸੜਕ ਪਾਰ ਕਰਾਉਣੀ , ਜੇਕਰ ਧਨ ਦੀ ਕਮੀ ਕਾਰਨ ਕੋਈ ਬੱਚਾ ਪੜ੍ਹ ਨਾ ਸਕੇ ਤਾਂ ਉਸਦੀ ਫ਼ੀਸ ਆਦਿ ਦੇ ਕੇ ਉਸ ਨੂੰ ਪੜ੍ਹਾਈ ਵਿੱਚ ਸਹਾਇਤਾ ਕਰਨੀ ਅੱਜ-ਕੱਲ੍ਹ ਗੰਭੀਰ ਇਲਾਜ ਲਈ ਖ਼ੂਨ ਦਾਨ ਅਤੇ ਮਰਨ ਉਪਰੰਤ ਸਰੀਰ ਦੇ ਅੰਗ ਦਾਨ ਨੂੰ ਵੀ ਉੱਤਮ ਸੇਵਾ ਸਮਝਿਆ ਜਾਂਦਾ ਹੈ । ਇਸੇ ਤਰ੍ਹਾਂ ਜਦੋਂ ਸਿੱਖ ਸਮਾਜਿਕ ਸੇਵਾ ਦੇ ਨਾਲ-ਨਾਲ ਆਪਣੇ ਧਰਮ ਅਸਥਾਨ ਤੇ ਜਾਂਦਾ ਹੈ ਤਾਂ ਉੱਥੇ ਵੀ ਸੇਵਾ ਦੇ ਵੱਖ-ਵੱਖ ਰੂਪ ਵੇਖਣ ਨੂੰ ਮਿਲਦੇ ਹਨ ਜਿਵੇਂ ਸਿੱਖ ਧਰਮ ਅਤੇ ਸਮਾਜ ਨੂੰ ਪ੍ਰਫੁਲਿਤ ਕਰਨ ਲਈ ਦਸਵੰਧ ਦੀ ਸੇਵਾ , ਸੰਗਤ ਵਿੱਚ ਜਾ ਕੇ ਪਾਣੀ ਪਿਆਉਣ , ਦਰੀਆਂ ਝਾੜਨ , ਜੋੜੇ ਸਾਫ਼ ਕਰਨ ਦੀ ਸੇਵਾ , ਲੰਗਰ ਵਿੱਚ ਪਰਸ਼ਾਦੇ ਅਤੇ ਬਰਤਨਾਂ ਦੀ ਸੇਵਾ; ਬਿਜਲੀ ਨਾ ਹੋਣ ਤੇ ਪੱਖਾ ਝੱਲਣ ਦੀ ਸੇਵਾ , ਆਦਿ । ਭਾਈ ਗੁਰਦਾਸ ਜੀ ਸਾਧ ਸੰਗਤ ਦੀ ਸੇਵਾ ਨੂੰ ਸਭ ਸੁੱਖਾਂ ਦੀ ਪ੍ਰਾਪਤੀ ਦਾ ਸਾਧਨ ਮੰਨਦੇ ਹੋਏ ਕਹਿੰਦੇ ਹਨ :

ਸਾਧ ਸੰਗਤ ਕਰਿ ਸੇਵ ਸੁਖ ਫਲੁ ਪਾਇਆ ॥

ਤਪੜੁ ਝਾੜਿ ਵਿਛਾਇ ਧੂੜੀ ਨਾਇਆ ।

( ਵਾਰ 2010 )

ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਵਿੱਚ ਲੋਕਾਂ ਨੂੰ ਸਿੱਧੇ ਰਾਹ ਪਾਉਣ ਲਈ ਦੂਰ-ਦੁਰਾਡੇ ਥਾਂਵਾਂ ਤੇ ਉਦਾਸੀਆਂ ਕੀਤੀਆਂ । ਇਹਨਾਂ ਉਦਾਸੀਆਂ ਦੌਰਾਨ ਗੁਰੂ ਜੀ ਜੋਗੀਆਂ , ਜਤੀਆਂ , ਤਪੀਆਂ , ਮੌਲਾਣਿਆਂ , ਪੁਜਾਰੀਆਂ , ਸੰਨਿਆਸੀਆਂ ਆਦਿ ਨੂੰ ਮਿਲੇ । ਇਹਨਾਂ ਮੁਲਾਕਾਤਾਂ ਸਮੇਂ ਹੋਏ ਵਿਚਾਰ-ਵਟਾਂਦਰੇ ਤੋਂ ਗੁਰੂ ਜੀ ਨੂੰ ਪਤਾ ਲੱਗਾ ਕਿ ਇਹ ਹਉਮੈਂ ਗ੍ਰਸਤ ਮਨੁੱਖ ਸੇਵਾ ਦੇ ਗੁਣ ਤੋਂ ਸੱਖਣੇ ਹਨ ਅਤੇ ਕੇਵਲ ਆਪੋ-ਆਪਣੇ ਸ੍ਵਾਰਥਾਂ ਦੀ ਪੂਰਤੀ ਵਿੱਚ ਲੱਗੇ ਹੋਏ ਹਨ । ਸੇਵਾ ਤੋਂ ਦੂਰ ਰਹਿਣ ਕਰਕੇ ਸੇਵਾ ਤੋਂ ਪੈਦਾ ਹੋਣ ਵਾਲੇ ਦਿਆ , ਧਰਮ , ਧੀਰਜ , ਸੰਜਮ ਵਰਗੇ ਗੁਣ ਇਹਨਾਂ ਦੇ ਨੇੜੇ-ਤੇੜੇ ਵੀ ਦਿਖਾਈ ਨਹੀਂ ਦੇ ਰਹੇ । ਅਜਿਹੇ ਭੇਖੀ ਅਤੇ ਪਾਖੰਡੀ ਲੋਕਾਂ ਨੂੰ ਫਿਟਕਾਰਦੇ ਹੋਏ ਗੁਰੂ ਜੀ ਕਹਿੰਦੇ ਹਨ ਕਿ ਅਜਿਹੇ ਵਿਅਕਤੀ ਦ੍ਵੈਤ ਭਾਵ ਵਿੱਚ ਫ਼ਸੇ ਰਹਿੰਦੇ ਹਨ ਅਤੇ ਸੇਵਾ ਤੋਂ ਲਾਭ ਨਹੀਂ ਉਠਾ ਸਕਦੇ :

ਬਿਨੁ ਸੇਵਾ ਕਿਨੈ ਨ ਪਾਇਆ ਦੂਜੈ ਭਰਮਿ ਖੁਆਈ ॥ ੩ ॥

( ਸ੍ਰੀ ਗੁਰੂ ਗ੍ਰੰਥ ਸਾਹਿਬ , ਪੰਨਾ 1011 )

ਸੇਵਾ ਨਾ ਕਰਨ ਵਾਲੇ ਵਿਅਕਤੀਆਂ ਬਾਰੇ ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਜੋ ਸੇਵਾ ਨਹੀਂ ਕਰਦੇ ਉਹਨਾਂ ਦੇ ਹੱਥ ਤੇ ਪੈਰ ਨਿਰਾਰਥਕ ਹਨ :

ਵਿਣੁ ਸੇਵਾ ਧ੍ਰਿਗ ਹਥ ਪੈਰ ਹੋਰ ਨਿਹਫਲ ਕਰਣੀ ॥

( ਵਾਰ 2710 )

ਗੁਰੂ ਨਾਨਕ ਦੇਵ ਜੀ ਦੇ ਸਪੁੱਤਰ ਬਾਬਾ ਸ੍ਰੀ ਚੰਦ ਅਤੇ ਪ੍ਰਿਥੀ ਚੰਦ ਸੇਵਾ ਕਰਨ ਵਿੱਚ ਹਿਚਕਚਾਹਟ ਦਿਖਾਉਂਦੇ ਰਹੇ ਇਸ ਕਰਕੇ ਗੁਰੂ ਨਾਨਕ ਦੀ ਗੱਦੀ ਤੋਂ ਵਾਂਝੇ ਰਹਿ ਗਏ । ਗੁਰੂ ਪੁੱਤਰ ਹੋਣ ਦੀ ਹਉਮੈਂ ਨੇ ਉਹਨਾਂ ਅੰਦਰ ਨਿਮਰਤਾ ਅਤੇ ਸੰਜਮ ਦਾ ਵਿਕਾਸ ਰੋਕ ਦਿੱਤਾ । ਇਸਦਾ ਭਾਵ ਹੈ ਕਿ ਨੈਤਿਕ ਗੁਣ ਹੀ ਹਉਮੈਂ ਦੇ ਨਿਵਾਰਨ ਵਿੱਚ ਸਹਿਯੋਗੀ ਹੁੰਦੇ ਹਨ । ਇਹ ਹਉਮੈਂ ਵਿਅਕਤੀ ਦੇ ਮਨ ਵਿੱਚ ਕਈ ਤਰ੍ਹਾਂ ਨਾਲ ਉਜਾਗਰ ਹੁੰਦੀ ਹੈ-ਮਾਇਆ , ਰਾਜ-ਭਾਗ , ਵਿੱਦਿਆ , ਸਮਾਜ ਸੇਵਾ , ਭਗਤੀ ਆਦਿ ਦੀ ਹਉਮੈਂ ਮਨੁੱਖ ਵਿੱਚ ਨਿਘਾਰ ਲਿਆਉਂਦੀ ਹੈ , ਅਤੇ ਆਤਮਾ ਦੇ ਪਰਮਾਤਮਾ ਨਾਲ ਮਿਲਾਪ ਵਿੱਚ ਰੁਕਾਵਟ ਪੈਦਾ ਕਰਦੀ ਹੈ :

ਵਿਚਿ ਹਉਮੈ ਸੇਵਾ ਥਾਇ ਨ ਪਾਏ ॥

ਜਨਮਿ ਮਰੈ ਫਿਰਿ ਆਵੈ ਜਾਏ ॥

( ਸ੍ਰੀ ਗੁਰੂ ਗ੍ਰੰਥ ਸਾਹਿਬ , ਪੰਨਾ 1070 )

ਹਉਮੈਂ ਮੁਕਤ ਸੇਵਾ ਦੇ ਮਨੁੱਖ ਹੀ ਜੀਵਨ ਵਿੱਚ ਸਹਿਜ ਅਤੇ ਨਿਮਰਤਾ ਦੀ ਭਾਵਨਾ ਪੈਦਾ ਕਰ ਸਕਦੀ ਹੈ ਜੋ ਕਿ ਮਨੁੱਖੀ ਸਮਾਜ ਅਤੇ ਮਨੁੱਖ ਦੇ ਅਧਿਆਤਮਿਕ ਵਿਕਾਸ ਵਿੱਚ ਸਹਾਈ ਹੁੰਦੀ ਹੈ । ਹਉਮੈਂ ਮੁਕਤ ਸੇਵਾ ਮਨੁੱਖ ਨੂੰ ਪਰਮਾਤਮਾ ਦੇ ਸਤਿਕਾਰ ਦਾ ਪਾਤਰ ਬਣਾਉਂਦੀ ਹੈ ।

ਆਪੁ ਗਵਾਇ ਸੇਵਾ ਕਰੇ ਤਾ ਕਿਛੁ ਪਾਏ ਮਾਨੁ ॥

( ਸ੍ਰੀ ਗੁਰੂ ਗ੍ਰੰਥ ਸਾਹਿਬ , ਪੰਨਾ 474 )

ਸੇਵਾ ਮਨੁੱਖ ਦੇ ਜੀਵਨ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ । ਇਹ ਮਨੁੱਖ ਦੇ ਸਮਾਜ ਵਿਚਲੇ ਮਾਣ-ਸਤਿਕਾਰ ਵਿੱਚ ਵਾਧਾ ਕਰਦੀ ਹੈ । ਵਿਅਕਤੀ ਅੰਦਰ ਗੁਣਾਂ ਦਾ ਸੰਚਾਰ ਕਰਕੇ ਸਮਾਜ ਵਿੱਚ ਪ੍ਰੇਮ ਅਤੇ ਭਾਈਚਾਰੇ ਦੀ ਭਾਵਨਾ ਨੂੰ ਮਜ਼ਬੂਤ ਕਰਦੀ ਹੈ ।


ਲੇਖਕ : ਪਰਮਵੀਰ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ , ਹੁਣ ਤੱਕ ਵੇਖਿਆ ਗਿਆ : 556, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2019-03-20-03-37-41, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.