ਸੋਰਠਿ ਕੀ ਵਾਰ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੋਰਠਿ ਕੀ ਵਾਰ : ਜਾਂ ਰਾਗੁ ਸੋਰਠਿ ਵਾਰ ਮਹਲੇ 4 ( ਚੌਥੇ ) ਕੀ ਪੂਰੇ ਸਿਰਲੇਖ ਵਜੋਂ ਗੁਰੂ ਗ੍ਰੰਥ ਸਾਹਿਬ ( ਪੰਨਾ 642 ) ਵਿਚ ਦਰਜ ਹੈ । ਦੋਵਾਂ ਸਿਰਲੇਖਾਂ ਦੇ ਅੰਤਰ ਵਜੋਂ ਤਤਕਰੇ ਵਿਚ ਇਹ ਸਿਰਲੇਖ ਸੰਖੇਪ ਰੂਪ ਵਿਚ ਦਿੱਤਾ ਹੋਇਆ ਹੈ । ਗੁਰੂ ਰਾਮ ਦਾਸ ਜੀ ਦੁਆਰਾ ਰਚਿਤ ਅੱਠ ਵਾਰਾਂ ਵਿਚੋਂ ਇਹ ਇਕ ਵਾਰ ਹੈ । ਇਸ ਵਾਰ ਦੀਆਂ ਉਨੱਤੀ ਪਉੜੀਆਂ ਹਨ ਅਰਥਾਤ ਹਰ ਪਉੜੀ ਪੰਜ ਪੰਗਤੀਆਂ ਦੀ ਹੈ ਅਤੇ ਇਹਨਾਂ ਵਿਚਕਾਰ ਅੱਠਵੰਜਾ ਸਲੋਕ ਦਿੱਤੇ ਹੋਏ ਹਨ ਜਿਨ੍ਹਾਂ ਵਿਚੋਂ ਤਿੰਨ ਗੁਰੂ ਨਾਨਕ ਦੇਵ ਜੀ ਦੇ ਹਨ , ਇਕ ਗੁਰੂ ਅੰਗਦ ਦੇਵ ਜੀ ਦਾ , ਸੰਤਾਲੀ ਗੁਰੂ ਅਮਰਦਾਸ ਜੀ ਦੇ ਅਤੇ ਸੱਤ ਇਸ ਵਾਰ ਦੇ ਕਰਤਾ ਗੁਰੂ ਰਾਮ ਦਾਸ ਜੀ ਦੇ ਲਿਖੇ ਹੋਏ ਹਨ ।

      ਇਹ ਵਾਰ ਗੁਰੂ ਨਾਨਕ ਦੇਵ ਜੀ ਦੀ ਪੰਗਤੀ ਨਾਲ ਅਰੰਭ ਹੁੰਦੀ ਹੈ : ਸੋਰਠਿ ਸਦਾ ਸੁਹਾਵਣੀ ਜੇ ਸਚਾ ਮਨਿ ਹੋਇ ( ਗੁ.ਗ੍ਰੰ. 642 ) । ਅਖੀਰਲੀ ਪੰਗਤੀ ਹੈ : ਤੂ ਕਰਨ ਕਾਰਣ ਸਮਰਥ ਹੈ ਕਰਤੇ ਮੈ ਤੁਝ ਬਿਨੁ ਅਵਰੁ ਨ ਕੋਇ ( ਗੁ.ਗ੍ਰੰ.653 ) । ਇਹ ਇਸ ਸਾਰੀ ਵਾਰ ਦਾ ਮੁਖ ਵਿਚਾਰ ਹੈ । ਜੋ ਕੁਝ ਉਪਜਿਆ ਹੈ ਇਸ ਸਭ ਦਾ ਕਰਤਾ ਪਰਮਾਤਮਾ ਹੈ ; ਇਹ ਸਾਰੀ ਸ੍ਰਿਸ਼ਟੀ ਉਸੇ ਦਾ ਪ੍ਰਗਟਾਵਾ ਹੈ । ਉਸੇ ਤੋਂ ਹੀ ਸੱਚਾ ਨਾਮ ਹੈ ਜੋ ਸਾਰੇ ਪਾਸੇ ਪਸਰਿਆ ਹੋਇਆ ਹੈ । ਪਰਮਾਤਮਾ ਹੀ ਬਖਸ਼ਿਸ਼ ਕਰਨ ਵਾਲਾ ਹੈ । ਪਰਮਾਤਮਾ ਨਾਲ ਮਿਲਾਪ ਗੁਰਮੁਖਾਂ ਦੀ ਸੰਗਤ ਜਾਂ ਸਤ ਸੰਗਤ ਰਾਹੀਂ ਪ੍ਰਾਪਤ ਕੀਤਾ ਜਾਂਦਾ ਹੈ ਪਰੰਤੂ ਅਜਿਹਾ ਉਸ ਪਰਮਾਤਮਾ ਦੀ ਕਿਰਪਾ ਨਾਲ ਹੀ ਹੋ ਸਕਦਾ ਹੈ । ਇਸ ਵਾਰ ਵਿਚ ਆਲੋਚਨਾ ਦਾ ਮੁੱਖ ਵਿਸ਼ਾ ਤਤਕਾਲੀਨ ਰਾਜੇ ਅਤੇ ਹੋਰ ਅਜਿਹੇ ਲੋਗ ਹਨ ਜਿਹੜੇ ਐਸ਼ ਇਸ਼ਰਤ ਵਿਚ ਗਲਤਾਨ ਹਨ ਅਤੇ ਆਮ ਮਨੁੱਖ ਦਾ ਖਿਆਲ ਨਹੀਂ ਕਰਦੇ ।

      ਗੁਰੂ ਰਾਮ ਦਾਸ ਜੀ ਨੇ ਉਸ ਕਰਤਾ ਲਈ ਹਰੀ ਅਤੇ ਬ੍ਰਹਮ ਸ਼ਬਦ ਵਰਤੇ ਹਨ ਅਤੇ ਉਸਨੂੰ ਦੋ ਰੂਪਾਂ ਨਿਰਗੁਣ ਨਿਰਾਕਾਰ ਅਤੇ ਸਰਗੁਣ ਰੂਪਾਂ ਵਿਚ ਚਿਤਵਿਆ ਹੈ । ਪਰਮਾਤਮਾ ਅੰਤਿਮ ਅਤੇ ਪਰਮ ਸੰਪੂਰਨ ਸੱਚ ਹੈ । ਪਰਮਾਤਮਾ ਸਿਰਜਣਹਾਰ ਹੈ , ਸ੍ਰਿਸ਼ਟੀ ਅਤੇ ਜੀਵ ਸਾਰੇ ਉਸ ਇਕ ਵਿਚ ਹੀ ਹਨ ਭਾਵ ਉਸੇ ਦਾ ਹੀ ਰੂਪ ਹਨ । ਉਹ ਪਰਮਾਤਮਾ ਹੀ ਕਾਰਣ ਅਤੇ ਕਾਰਜ ਹੈ । ਇਹ ਸੰਸਾਰ ਉਸਦੇ ਹੁਕਮ ਵਿਚ ਚਲਦਾ ਹੈ । ਪਰਮਾਤਮਾ ਬਖਸ਼ਸ਼ ਕਰਨ ਵਾਲਾ , ਦਾਤਾਂ ਦੇਣ ਵਾਲਾ ਅਤੇ ਮਿੱਤਰ ਹੈ । ਪਰਮਾਤਮਾ ਹੀ ਅੰਤਿਮ ਅਨੰਦ ਹੈ । ਦਿੱਬ ਸਾਰ-ਤੱਤ ( ਪਰਮਾਤਮਾ ) ਨਾਲ ਮਿਲਣਾ ਹੀ ਮਨੁੱਖੀ ਆਤਮਾ ਦੀ ਮੁਕਤੀ ਹੈ ਪਰੰਤੂ ਮਨੁੱਖੀ ਹਉਮੈ ਅਧਿਆਤਮਿਕ ਅੰਤਰ ਪ੍ਰੇਰਨਾ ਨੂੰ ਦੂਰ ਰੱਖਦੀ ਹੋਈ ਮਨੁੱਖ ਨੂੰ ਬੰਧਨ ਵਿਚ ਪਾਈ ਰਹਿੰਦੀ ਹੈ । ਇਸ ਤਰ੍ਹਾਂ ਇਹ ਦੋਵੇਂ ਵਿਰੋਧੀ ਪ੍ਰਵਿਰਤੀਆਂ ਹੀ ਹਨ ਜਿਨ੍ਹਾਂ ਉੱਤੇ ਵਾਰ ਦਾ ਮੁੱਖ ਵਿਸ਼ਾ ਆਧਾਰਿਤ ਹੈ । ਪਵਿੱਤਰ ਗ੍ਰੰਥ ਸਾਹਿਬ ਦੀ ਪਹਿਲੀ ਬੀੜ ਤਿਆਰ ਕਰਨ ਵਾਲੇ ਗੁਰੂ ਅਰਜਨ ਦੇਵ ਜੀ ਦੁਆਰਾ ਅੰਕਿਤ ਕੀਤੇ ਗਏ ਸਲੋਕਾਂ ਵਿਚ ਇਸ ਤਰ੍ਹਾਂ ਸਮਾਨਾਂਤਰਤਾ ਕਾਇਮ ਰੱਖੀ ਗਈ ਹੈ ਕਿ ਮਨਮੁਖ ਨੂੰ ਗੁਰਮੁਖ ਦੇ ਬਿਲਕੁਲ ਨਾਲ ਹੀ ਨਾਲ ਰੱਖਿਆ ਗਿਆ ਹੈ । ਮਨਮੁਖ ਹਉਮੈ ਗ੍ਰਸਤ ਹੋਣ ਕਰਕੇ ਸੰਸਾਰਿਕ ਕੰਮਾਂ ਵਿਚ ਖਚਿਤ ਰਹਿੰਦਾ ਹੈ ਜਦੋਂ ਕਿ ਗੁਰਮੁਖ ਪਰਮਾਤਮਾ ਦੇ ਸ਼ਬਦ ਦਾ ਅੰਮ੍ਰਿਤ ਪੀਂਦਾ ਹੈ , ਮਨਮੁਖ ਨੂੰ ਨਾ ਪਦਵੀ ਅਤੇ ਨਾ ਹੀ ਸੁਰੱਖਿਆ ਪ੍ਰਾਪਤ ਹੁੰਦੀ ਹੈ ਜਦੋਂ ਕਿ ਗੁਰਮੁਖ ਗੁਰੂ ਦੇ ਚਰਨਾਂ ਵਿਚ ਜੁੜਿਆ ਹੋਣ ਕਰਕੇ ਅਨੰਦ ਵਿਚ ਰਹਿੰਦਾ ਹੈ ; ਮਨਮੁਖ ਮਾਇਆ ਵਿਚ ਖਚਿਤ ਹੋਣ ਕਰਕੇ ਸੰਸਾਰਿਕ ਲਾਲਸਾਵਾਂ ਵਿਚ ਹੀ ਮਰ-ਖਪ ਜਾਂਦਾ ਹੈ ਜਦੋਂ ਕਿ ਗੁਰਮੁਖ ਨਾਮ ਵਿਚ ਮਸਤ ਹੋ ਇਸ ਮਾਇਆ ਦੇ ਪ੍ਰਭਾਵ ਤੋਂ ਬਚਾ ਲਿਆ ਜਾਂਦਾ ਹੈ । ਇਹਨਾਂ ਸਲੋਕਾਂ ਵਿਚੋਂ ਇਕ ਅਨੁਸਾਰ ਅਜਿਹੇ ਗੁਰਮੁਖਾਂ ਨਾਲ ਪਰਮਾਤਮਾ ਆਪ ਮਿੱਤਰਤਾ ਗੰਢਦਾ ਹੈ । ਉਹਨਾਂ ਦੀ ਸਮਰੱਥਾ ਵਿਚ ਪਰਮਾਤਮਾ ਹੁੰਦਾ ਹੈ ਅਤੇ ਉਹ ਉਹੀ ਬਣ ਜਾਂਦੇ ਹਨ । ਇਹ ਵਾਰ ਅਧਿਆਤਮਿਕ ਸ਼ਰਧਾ ਵਾਲੇ ਕਾਵਿ ਦਾ ਇਕ ਵਧੀਆ ਨਮੂਨਾ ਹੈ ।


ਲੇਖਕ : ਮ.ਮ.ਸ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 547, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.