ਸੋਹਣੀ ਮਹੀਂਵਾਲ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸੋਹਣੀ ਮਹੀਂਵਾਲ : ਪੰਜਾਬੀ ਸਾਹਿਤ , ਸੱਭਿਆਚਾਰ ਅਤੇ ਲੋਕ ਸਾਹਿਤ ਦੇ ਖੇਤਰ ਵਿੱਚ ਪ੍ਰਚਲਿਤ ਲੋਕ ਕਹਾਣੀਆਂ ਵਿੱਚੋਂ ਸੋਹਣੀ ਮਹੀਂਵਾਲ ਦੀ ਪ੍ਰੀਤ ਕਹਾਣੀ ਇੱਕ ਮਹੱਤਵਪੂਰਨ ਲੋਕ ਕਹਾਣੀ ਹੈ ਜਿਸਦਾ ਜ਼ਿਕਰ ਸਭ ਤੋਂ ਪਹਿਲਾਂ ਸੋਲ੍ਹਵੀਂ ਸਦੀ ਵਿੱਚ ਭਾਈ ਗੁਰਦਾਸ ਨੇ ਆਪਣੀਆਂ ਵਾਰਾਂ ਵਿੱਚ ਕੀਤਾ । ਦਸਮ ਗ੍ਰੰਥ ਵਿੱਚ ਵੀ ਪ੍ਰਚਲਿਤ ਕਹਾਣੀ ਤੋਂ ਕੁਝ ਫ਼ਰਕ ਨਾਲ ਸੋਹਣੀ ਮਹੀਂਵਾਲ ਦੀ ਕਹਾਣੀ ਮਿਲਦੀ ਹੈ । ਇਸ ਪ੍ਰੀਤ ਕਹਾਣੀ ਨੂੰ ਆਧਾਰ ਬਣਾ ਕੇ ਬਹੁਤ ਸਾਰੇ ਕਿੱਸਾਕਾਰਾਂ ਨੇ ਕਿੱਸੇ ਲਿਖੇ । ਸਭ ਤੋਂ ਪਹਿਲਾਂ ਹਾਸ਼ਮ ਨੇ ਸੋਹਣੀ ਮਹੀਂਵਾਲ ਕਿੱਸਾ ਲਿਖਿਆ । ਇਸ ਤੋਂ ਪਿਛੋਂ ਕਾਦਰਯਾਰ ਨੇ ਸੋਹਣੀ   ਲਿਖੀ । ਕਿੱਸਾਕਾਰ ਫ਼ਜ਼ਲ ਸ਼ਾਹ ਨੇ ਇਸ ਲੋਕ ਕਹਾਣੀ ਨੂੰ ਆਧਾਰ ਬਣਾ ਕੇ ਸੋਹਣੀ ਨਾਮੀ ਕਿੱਸਾ ਲਿਖਿਆ , ਜਿਸਨੂੰ ਬਹੁਤ ਪੜ੍ਹਿਆ ਤੇ ਸਲਾਹਿਆ ਗਿਆ । ਇਹ ਕਿਹਾ ਜਾਣ ਲੱਗ ਪਿਆ ਕਿ “ ਹੀਰ ਪੜ੍ਹਨੀ ਹੋਵੇ ਤਾਂ ਵਾਰਿਸ ਦੀ ਸੱਸੀ ਪੜ੍ਹਨੀ ਹੋਵੇ ਤਾਂ ਹਾਸ਼ਮ ਦੀ ਅਤੇ ਸੋਹਣੀ ਪੜ੍ਹਨੀ ਹੋਵੇ ਤਾਂ ਫ਼ਜ਼ਲ ਸ਼ਾਹ ਦੀ" । ਸੋਹਣੀ ਮਹੀਂਵਾਲ ਦੀ ਪ੍ਰਚਲਿਤ ਲੋਕ ਕਹਾਣੀ ਦਾ ਵੇਰਵਾ ਇਸ ਪ੍ਰਕਾਰ ਹੈ :

        ਸੋਹਣੀ ਦੇ ਪਿਤਾ ਦਾ ਨਾਂ ਤੁੱਲਾ ਸੀ । ਜਿਹੜਾ ਕਿ ਸ਼ਾਹਜਹਾਨ ਦੇ ਜ਼ਮਾਨੇ ਹੋਇਆ ਦੱਸਿਆ ਜਾਂਦਾ ਹੈ । ਤੁੱਲਾ ਪੇਸ਼ੇ ਵਜੋਂ ਘੁਮਿਆਰ ਸੀ ਤੇ ਮਿੱਟੀ ਦੇ ਬਹੁਤ ਵਧੀਆ ਭਾਂਡੇ ਬਣਾਉਂਦਾ ਸੀ । ਦੂਰੋਂ-ਦੂਰੋਂ ਵਪਾਰੀ ਉਸ ਦਾ ਮਾਲ ਖ਼ਰੀਦਣ ਲਈ ਆਉਂਦੇ । ਤੁੱਲੇ ਦੇ ਪਹਿਲਾਂ ਕੋਈ ਔਲਾਦ ਨਹੀਂ ਸੀ । ਉਸਨੂੰ ਬੜੀ ਤਰਸ ਕੇ ਲੜਕੀ ਦੀ ਪ੍ਰਾਪਤੀ ਹੋਈ ਜਿਸਦਾ ਨਾਂ ਉਸ ਨੇ ਸੋਹਣੀ ਰੱਖਿਆ । ਮਹੀਂਵਾਲ ( ਅਸਲ ਨਾਂ ਮਿਰਜ਼ਾ ਇੱਜ਼ਤ ਬੇਗ਼ ) ਬਲਖ਼ ਬੁਖ਼ਾਰੇ ਦਾ ਇੱਕ ਅਮੀਰ ਸੁਦਾਗਰ ਸੀ । ਉਹ ਵਪਾਰ ਲਈ ਜਾਂਦਾ ਹੋਇਆ ਰਾਹ ਵਿੱਚ ਗੁਜਰਾਤ ਰੁਕ ਗਿਆ । ਗੁਜਰਾਤ ਵਿੱਚ ਇਹ ਉਹ ਥਾਂ ਸੀ ਜਿੱਥੇ ਤੁੱਲਾ ਭਾਂਡੇ ਬਣਾਇਆ ਕਰਦਾ ਸੀ । ਮਿਰਜ਼ਾ ਇੱਜ਼ਤ ਬੇਗ਼ ਦੇ ਨੌਕਰ ਨੇ ਤੁੱਲੇ ਕੋਲੋਂ ਇੱਕ ਪਿਆਲਾ ਤੋਹਫ਼ੇ ਵਜੋਂ ਲਿਆ ਕੇ ਮਿਰਜ਼ਾ ਇੱਜ਼ਤ ਬੇਗ਼ ਨੂੰ ਭੇਂਟ ਕੀਤਾ । ਇੱਜ਼ਤ ਬੇਗ਼ ਤੁੱਲੇ ਦੀ ਕਾਰੀਗਰੀ ਦੇਖ ਕੇ ਹੈਰਾਨ ਰਹਿ ਗਿਆ ਅਤੇ ਉਸਨੂੰ ਮਿਲਣ ਚਲਾ ਗਿਆ । ਉਸ ਦੀ ਨਜ਼ਰ ਤੁੱਲੇ ਦੇ ਘਰ ਉਸ ਦੀ ਲੜਕੀ ਸੋਹਣੀ ਤੇ ਪਈ , ਜੋ ਅੰਤਾਂ ਦੀ ਸੋਹਣੀ ਸੀ । ਉਸਨੂੰ ਸੋਹਣੀ ਨਾਲ ਪ੍ਰੇਮ ਹੋ ਗਿਆ । ਬਿਰਹੋਂ ਦੇ ਮਾਰੇ ਇੱਜ਼ਤ ਬੇਗ਼ ਨੂੰ ਨਾ ਭੁੱਖ ਲੱਗਦੀ ਨਾ ਤ੍ਰੇਹ । ਉਹ ਆਪਣੀ ਸੁਧ-ਬੁਧ ਭੁੱਲ ਗਿਆ । ਉਸ ਨੇ ਖੋਹੇ ਹੋਏ ਮਨ ਦੇ ਚੈਨ ਨੂੰ ਪ੍ਰਾਪਤ ਕਰਨ ਲਈ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ । ਉਹ ਆਪਣੀ ਪ੍ਰੇਮਿਕਾ ਨੂੰ ਦੇਖਣ ਲਈ ਭਾਂਡੇ ਖ਼ਰੀਦਣ ਦੇ ਬਹਾਨੇ ਤੁੱਲੇ ਦੇ ਘਰ ਦੇ ਚੱਕਰ ਕੱਟਦਾ । ਜਿਹੜੇ ਵੀ ਭਾਂਡੇ ਉਹ ਖ਼ਰੀਦਦਾ ਉਹਨਾਂ ਨੂੰ ਸਸਤੇ ਭਾਅ ਬਜ਼ਾਰ ਵਿੱਚ ਵੇਚ ਦਿੰਦਾ । ਉਸ ਦੀ ਅਵਸਥਾ ਹੌਲੀ-ਹੌਲੀ ਪਾਗਲਾਂ ਵਾਲੀ ਹੋ ਗਈ । ਉਸ ਦੇ ਸਾਰੇ ਸਾਥੀ ਉਸਨੂੰ ਛੱਡ ਕੇ ਚਲੇ ਗਏ । ਉਸ ਕੋਲ ਪੈਸੇ ਵੀ ਖ਼ਤਮ ਹੋ ਗਏ , ਅਖੀਰ ਉਸਨੂੰ ਮਹੀਂਵਾਲ ਬਣਨਾ ਪਿਆ ।

        ਮਹੀਂਵਾਲ ਦੇ ਰੂਪ ਵਿੱਚ ਜਦੋਂ ਉਹ ਬਾਹਰ ਜਾਂਦਾ ਤਾਂ ਪਾਲੀ ਉਸ ਨੂੰ ਮਖੌਲ ਕਰਦੇ । ਫਿਰ ਵੀ ਉਹ ਸੋਹਣੀ ਦੀ ਖ਼ਾਤਰ ਸਭ ਕੁਝ ਸਹਿੰਦਾ । ਸੋਹਣੀ ਨੂੰ ਦੇਖ ਲੈਣਾ ਹੀ ਉਸ ਲਈ ਬਹੁਤ ਸੀ । ਹੌਲੀ-ਹੌਲੀ ਸੋਹਣੀ ਦਾ ਦਿਲ ਵੀ ਮਹੀਂਵਾਲ ਦੇ ਪਿਆਰ ਨੂੰ ਦੇਖ ਕੇ ਪਸੀਜ ਗਿਆ । ਮਹੀਂਵਾਲ ਨੇ ਸੋਹਣੀ ਵਿੱਚ ਆਈ ਤਬਦੀਲੀ ਨੂੰ ਭਾਂਪ ਕੇ ਆਪਣੇ ਮਨ ਦੀ ਗੱਲ ਸੋਹਣੀ ਨੂੰ ਕਹੀ । ਸੋਹਣੀ ਸਭ ਕੁਝ ਸੁਣ ਕੇ ਮੁਸਕਰਾ ਕੇ ਚੁੱਪ ਹੋ ਗਈ ਪਰ ਹੌਲੀ-ਹੌਲੀ ਮਨ ਵਿੱਚ ਮਹੀਂਵਾਲ ਨਾਲ ਪ੍ਰੇਮ ਹੋਣ ਤੇ ਉਸ ਨੇ ਮਹੀਂਵਾਲ ਨੂੰ ਚੋਰੀ ਛਿਪੇ ਮਿਲਣਾ ਵੀ ਸ਼ੁਰੂ ਕਰ ਦਿੱਤਾ ਪਰ ਸਮਾਜ ਨੇ ਇਹਨਾਂ ਦੋਹਾਂ ਦੇ ਪਿਆਰ ਵਿੱਚ ਅੜਿੱਕੇ ਪਾਉਣੇ ਸ਼ੁਰੂ ਕਰ ਦਿੱਤੇ ਜਿਸ ਕਰ ਕੇ ਇਹਨਾਂ ਦੋਹਾਂ ਨੇ ਲੁਕ ਛਿਪ ਕੇ ਚੋਰੀਓਂ ਮਿਲਣ ਦੀਆਂ ਤਜਵੀਜਾਂ ਬਣਾਉਣੀਆਂ ਸ਼ੁਰੂ ਕੀਤੀਆਂ ।

        ਸੋਹਣੀ ਦੇ ਮਾਂ-ਪਿਉ ਨੇ ਬਦਨਾਮੀ ਤੋਂ ਬਚਣ ਲਈ ਸੋਹਣੀ ਦਾ ਵਿਆਹ ਕਰ ਦਿੱਤਾ । ਵਿਆਹ ਸ਼ਹਿਰ ਦੀ ਦੂਜੀ ਨੁੱਕਰ ਤੇ ਰਹਿ ਰਹੇ ਕਿਸੇ ਪਰਿਵਾਰ ਵਿੱਚ ਹੋਇਆ । ਸੋਹਣੀ ਤੇ ਮਹੀਂਵਾਲ ਦਾ ਪ੍ਰੇਮ ਓਵੇਂ ਹੀ ਬਰਕਰਾਰ ਰਿਹਾ । ਮਹੀਂਵਾਲ ਦਰਿਆ ਤੋਂ ਪਾਰ ਕੁਟੀਆ ਬਣਾ ਕੇ ਰਹਿਣ ਲੱਗਾ । ਮਹੀਂਵਾਲ ਸੋਹਣੀ ਨੂੰ ਹਰ ਰੋਜ਼ ਮਿਲਣ ਆਉਂਦਾ ਤੇ ਮੱਛੀ ਦਾ ਮਾਸ ਖਵਾਉਂਦਾ । ਇੱਕ ਦਿਨ ਦਰਿਆ ਵਿੱਚ ਹੜ੍ਹ ਆਉਣ ਕਰ ਕੇ ਉਸਨੂੰ ਮੱਛੀ ਨਾ ਮਿਲੀ ਤਾਂ ਉਹ ਆਪਣਾ ਪੱਟ ਚੀਰ ਕੇ ਕਬਾਬ ਬਣਾ ਲਿਆਇਆ । ਸੁਆਦ ਲੱਗਣ ਤੇ ਸੋਹਣੀ ਨੇ ਪੁੱਛਿਆ ਤਾਂ ਉਸ ਨੂੰ ਅਸਲੀਅਤ ਪਤਾ ਲੱਗੀ । ਉਸ ਨੇ ਕਿਹਾ ਕਿ ਉਹ ਖ਼ੁਦ ਮਹੀਂਵਾਲ ਨੂੰ ਦਰਿਆ ਪਾਰ ਕਰ ਕੇ ਮਿਲਣ ਆਇਆ ਕਰੇਗੀ । ਸੋਹਣੀ ਖ਼ੁਦ ਦਰਿਆ ਪਾਰ ਕਰ ਕੇ ਮਿਲਣ ਜਾਣ ਲੱਗ ਪਈ । ਤੈਰਨ ਲਈ ਉਹ ਘੜੇ ਦੀ ਵਰਤੋਂ ਕਰਦੀ । ਅਖੀਰ ਸਹੁਰੇ ਪਰਿਵਾਰ ਨੂੰ ਪਤਾ ਲੱਗ ਗਿਆ । ਉਹਨਾਂ ਨੇ ਸਲਾਹ ਕਰ ਕੇ ਰਾਤ ਘੜਾ ਬਦਲ ਕੇ ਪੱਕੇ ਘੜੇ ਦੀ ਥਾਂ ਕੱਚਾ ਘੜਾ ਰੱਖ ਦਿੱਤਾ । ਜਦੋਂ ਸੋਹਣੀ ਆਈ ਉਸਨੂੰ ਪਤਾ ਲੱਗ ਗਿਆ ਕਿ ਪੱਕੇ ਦੀ ਥਾਂ ਕੱਚਾ ਘੜਾ ਰੱਖ ਕੇ ਉਸਨੂੰ ਠੱਗਿਆ ਜਾ ਚੁੱਕਿਆ ਹੈ ਪਰ ਪਾਕਿ ਤੇ ਪੱਕੇ ਇਸ਼ਕ ਵਿੱਚ ਸਾਬਤ ਰਹਿੰਦੀ ਉਹ ਕੱਚੇ ਘੜੇ ਤੇ ਹੀ ਦਰਿਆ ਵਿੱਚ ਠਿਲ੍ਹ ਪਈ । ਦਰਿਆ ਵਿੱਚ ਭਿਆਨਕ ਹੜ੍ਹ ਆਇਆ ਹੋਇਆ ਸੀ । ਉਸ ਦੇ ਰਾਹ ਵਿੱਚ ਮੱਛ , ਕੱਛ ਅਤੇ ਹੋਰ ਕਈ ਪ੍ਰਕਾਰ ਦੇ ਜਲ ਜੀਵ ਆਏ ਪਰ ਉਸ ਨੇ ਪਰਵਾਹ ਨਾ ਕੀਤੀ । ਅਖੀਰ ਕੱਚੇ ਘੜੇ ਨੇ ਦਗ਼ਾ ਕੀਤਾ ਘੜਾ ਖੁਰਨ ਲੱਗਾ ਤੇ ਉਹ ਡੁੱਬਣ ਲੱਗੀ । ਸੋਹਣੀ ਦੀ ਕੂਕ ਪੁਕਾਰ ਸੁਣ ਕੇ ਮਹੀਂਵਾਲ ਨੇ ਵੀ ਪਰਲੇ ਕਿਨਾਰੇ ਤੋਂ ਦਰਿਆ ਵਿੱਚ ਛਾਲ ਮਾਰ ਦਿੱਤੀ । ਇਸ ਤਰ੍ਹਾਂ ਇਹਨਾਂ ਦੋਹਾਂ ਰੂਹਾਂ ਦੀ ਪ੍ਰੀਤ ਕਹਾਣੀ ਦਾ ਅੰਤ ਹੋ ਗਿਆ ।

        ਸੋਹਣੀ ਅਤੇ ਮਹੀਂਵਾਲ ਦੀ ਲੋਕ ਕਹਾਣੀ ਨੂੰ ਆਧਾਰ ਬਣਾ ਕੇ ਪੰਜਾਬੀ ਤੋਂ ਇਲਾਵਾ ਰਾਜਸਥਾਨੀ , ਸਿੰਧੀ ਅਤੇ ਗੁਜਰਾਤੀ ਆਦਿ ਹੋਰ ਭਾਸ਼ਾਵਾਂ ਵਿੱਚ ਕਿੱਸੇ ਲਿਖੇ ਮਿਲਦੇ ਹਨ , ਜਿਨ੍ਹਾਂ ਕਰ ਕੇ ਇਹ ਪ੍ਰੀਤ ਕਹਾਣੀ ਬਹੁਤ ਪ੍ਰਸਿੱਧ ਹੋਈ ।


ਲੇਖਕ : ਵੀਰਪਾਲ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 3872, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਸੋਹਣੀ ਮਹੀਂਵਾਲ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ

ਸੋਹਣੀ ਮਹੀਂਵਾਲ : ਸੋਹਣੀ ਅਤੇ ਮਹੀਂਵਾਲ ਦੀ ਪ੍ਰੀਤ ਗਾਥਾ ‘ ਸੋਹਣੀ ਮਹੀਂਵਾਲ’ ਦੇ ਕਿੱਸੇ ਦੇ ਰੂਪ ਵਿਚ ਪੰਜਾਬ ਵਿਚ ਆਮ ਪ੍ਰਚਲਤ ਹੈ । ਇਸ ਪ੍ਰੀਤ ਜੋੜੀ ਦਾ ਜ਼ਿਕਰ ਸਭ ਤੋਂ ਪਹਿਲਾਂ 16 ਵੀਂ ਸਦੀ ਵਿਚ ਭਾਈ ਗੁਰਦਾਸ ਜੀ ਨੇ ਆਪਣੀ ਬਾਣੀ ਵਿਚ ਕੀਤਾ । ਇਸ ਤੋਂ ਪਤਾ ਲੱਗਦਾ ਹੈ ਕਿ ਇਹ ਪ੍ਰੀਤ ਕਹਾਣੀ ਇਸ ਤੋਂ ਬਹੁਤ ਪਹਿਲਾਂ ਪ੍ਰਚਲਤ ਹੋਵੇਗੀ । ਦਸਮ ਗ੍ਰੰਥ ਵਿਚ ਵੀ ਆਮ ਕਹਾਣੀ ਤੋਂ ਕੁਝ ਅੰਤਰ ਨਾਲ ਸੋਹਣੀ ਮਹੀਂਵਾਲ ਦੀ ਕਹਾਣੀ ਮਿਲਦੀ ਹੈ ।

                  ਸੋਹਣੀ ਮਹੀਂਵਾਲ ਦਾ ਮਿਲਣ ਵਾਲਾ ਸਭ ਤੋਂ ਪਹਿਲਾ ਕਿੱਸਾ ਹਾਸ਼ਮ ਦਾ ਹੈ । ਇਸ ਪਿੱਛੋਂ ਕਾਦਰ ਯਾਰ ਨੇ ਸੋਹਣੀ ਲਿਖੀ । ਇਨ੍ਹਾਂ ਦੋਹਾਂ ਦੇ ਕਿੱਸੇ ਕਾਫ਼ੀ ਪੜ੍ਹੇ ਸੁਣੇ ਗਏ । ਇਸ ਤੋਂ ਬਾਅਦ ਫ਼ਜ਼ਲ ਸ਼ਾਹ ਨੇ ਸੋਹਣੀ ਲਿਖੀ । ਇਸ ਸੋਹਣੀ ਨੇ ਤਾਂ ਧੁੰਮਾਂ ਹੀ ਪਾ ਦਿੱਤੀਆਂ । ਇਹ ਕਿਹਾ ਜਾਣ ਲੱਗ ਪਿਆ ਕਿ ‘ ਹੀਰ ਪੜ੍ਹਨੀ ਹੋਵੇ ਤਾ ਵਾਰਸ ਦੀ , ਸੱਸੀ ਪੜ੍ਹਨੀ ਹੋਵੇ ਤਾਂ ਹਾਸ਼ਮ ਦੀ ਅਤੇ ਸੋਹਣੀ ਪੜ੍ਹਨੀ ਹੋਵੇ ਤਾਂ ਫ਼ਜ਼ਲ ਸ਼ਾਹ । ’ ਦੀ ਫ਼ਜ਼ਲ ਸ਼ਾਹ ਤੋਂ ਮਗਰੋਂ ਮੁਹੰਮਦ ਬਖ਼ਸ਼ , ਮੁਹੰਮਦ ਬੂਟਾ , ਭਗਵਾਨ ਸਿੰਘ , ਗੰਗਾ ਰਾਮ ਅਤੇ ਸਦਾ ਰਾਮ ਨੇ ਵੀ ਸੋਹਣੀ ਲਿਖੀ । ਵੈਦ ਇੰਦਰ ਸਿੰਘ ( ਬੁਢਲਾਡਾ ) ਨੇ ਵੀ ‘ ਸੋਹਣੀ’ ਲਿਖੀ ਹੈ ਜਿਸ ਉੱਪਰ ਮਾਅਰਫ਼ਤ ਦਾ ਰੰਗ ਹੈ ।

                  ਹਾਸ਼ਮ ਨੇ ਸੋਹਣੀ ਮਹੀਂਵਾਲ ਦੀ ਕਹਾਣੀ ਇਸ ਪ੍ਰਕਾਰ ਦਿੱਤੀ ਹੈ ।

                  ਸੋਹਣੀ ਦੇ ਪਿਤਾ ਦਾ ਨਾਂ ਤੁੱਲਾ ਸੀ ਜਿਹੜਾ ਕਿ ਸ਼ਾਹਜਹਾਂ ਦੇ ਜ਼ਮਾਨੇ ਹੋਇਆ ਹੈ । ਤੁੱਲਾ ਪੇਸ਼ੇ ਵਜੋਂ ਘੁਮਾਰ ਸੀ । ਉਹ ਮਿੱਟੀ ਦੇ ਬਹੁਤ ਵਧੀਆ ਪਿਆਲੇ ਬਣਾਉਂਦਾ ਸੀ । ਦੂਰੋਂ ਦੂਰੋਂ ਵਪਾਰੀ ਉਸਦਾ ਮਾਲ ਖਰੀਦਣ ਲਈ ਆਉਂਦੇ । ਤੁੱਲੇ ਦੇ ਪਹਿਲਾਂ ਕੋਈ ਔਲਾਦ ਨਹੀਂ ਸੀ । ਉਸ ਨੂੰ ਸਿਕਦਿਆਂ ਸਿਕਦਿਆਂ ਲੜਕੀ ਦੀ ਪ੍ਰਾਪਤੀ ਹੋਈ ਜਿਸਦਾ ਨਾਂ ਸੋਹਣੀ ਰੱਖਿਆ ਗਿਆ । ਹਾਸ਼ਮ ਅਨੁਸਾਰ ਮਹੀਂਵਾਲ ( ਅਸਲ ਨਾਂ ਮਿਰਜ਼ਾ ਇੱਜ਼ਤ ਬੇਗ ) ਬਲਖ਼ ਬੁਖਾਰੇ ਦਾ ਇਕ ਸੌਦਾਗਰ ਸੀ । ਉਹ ਵਪਾਰ ਲਈ ਦਿੱਲੀ ਜਾਂਦਾ ਹੋਇਆ ਰਾਹ ਵਿਚ ਗੁਜ਼ਰਾਤ ਰੁਕ ਗਿਆ । ਇਹ ਗੁਜਰਾਤ ਉਹ ਥਾਂ ਸੀ ਜਿੱਥੇ ਤੁੱਲਾ ਬਰਤਨ ਬਣਾਇਆ ਕਰਦਾ ਸੀ । ਮਿਰਜ਼ਾ ਇੱਜ਼ਤ ਬੇਗ ਦੇ ਨੌਕਰ ਨੇ ਤੁੱਲੇ ਕੋਲੋਂ ਇਕ ਪਿਆਲਾ ਤੁਹਫ਼ੇ ਵਜੋਂ ਲਿਆ ਕੇ ਮਿਰਜ਼ਾ ਇੱਜ਼ਤ ਬੇਗ ਦੀ ਭੇਟਾ ਕੀਤਾ । ਇੱਜ਼ਤ ਬੇਗ ਤੁੱਲੇ ਦੀ ਕਾਰੀਗਰੀ ਵੇਖ ਕੇ ਹੈਰਾਨ ਰਹਿ ਗਿਆ ਅਤੇ ਉਸ ਨੂੰ ਮਿਲਣ ਚਲਾ ਗਿਆ । ਉਸ ਦੀ ਨਜ਼ਰ ਤੁੱਲੇ ਦੇ ਘਰ , ਤੁੱਲੇ ਦੀ ਲੜਕੀ ਸੋਹਣੀ ਉੱਪਰ ਪੈ ਗਈ ਜੋ ਪੁੱਜ ਕੇ ਸੋਹਣੀ ਸੀ । ਮਹੀਂਵਾਲ ਸੋਹਣੀ ਨੂੰ ਵੇਖ ਕੇ ਹੋਸ਼ ਗਵਾ ਬੈਠਾ । ਉਸ ਅੰਦਰ ਹੁਣ ਸੋਹਣੀ ਦਾ ਇਸ਼ਕ ਸਮਾ ਗਿਆ ਸੀ । ਬ੍ਰਿਹੋਂ ਦੇ ਮਾਰੇ ਇੱਜ਼ਤ ਬੇਗ ਦੀ ਹਾਲਤ ਬਹੁਤ ਖ਼ਰਾਬ ਰਹਿਣ ਲੱਗੀ । ਨਾ ਉਸ ਨੂੰ ਭੁੱਖ ਲੱਗਦੀ ਤੇ ਨਾ ਨੀਂਦ ਆਉਂਦੀ । ਉਸ ਨੇ ਖੋਏ ਹੋਏ ਮਨ ਦੇ ਚੈਨ ਨੂੰ ਪ੍ਰਾਪਤ ਕਰਨ ਲਈ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ । ਉਹ ਭਾਂਡੇ ਖਰੀਦਣ ਦੇ ਬਹਾਨੇ ਤੁੱਲੇ ਦੇ ਘਰ ਦੇ ਚੱਕਰ ਕੱਟਦਾ ਅਤੇ ਆਪਣੇ ਯਾਰ ਦਿਲਬਰ ਦਾ ਦੀਦਾਰ ਕਰਕੇ ਆਪਣੇ ਅੰਦਰ ਦੀ ਪਿਆਸ ਬੁਝਾਉਂਦਾ । ਜਿਹੜੇ ਵੀ ਭਾਂਡੇ ਉਹ ਖਰੀਦਦਾ ਉਨ੍ਹਾਂ ਨੂੰ ਸਸਤੇ ਭਾਅ ਬਾਜ਼ਾਰ ਵਿਚ ਵੇਚ ਦਿੰਦਾ । ਉਸਦੀ ਅਵਸਥਾ ਹੌਲੇ ਹੌਲੇ ਪਾਗਲਾਂ ਵਾਲੀ ਹੋ ਗਈ । ਉਸਦੇ ਸਾਰੇ ਸਾਥੀ ਉਸਨੂੰ ਛੱਡ ਕੇ ਚਲੇ ਗਏ । ਉਸ ਕੋਲ ਪੈਸੇ ਵੀ ਖ਼ਤਮ ਹੋ ਗਏ । ਅਖੀਰ ਉਸਨੂੰ ਮਹੀਂਵਾਲ ਬਣਨਾ ਪਿਆ ।

                  ਮਹੀਂਵਾਲ ਦੇ ਰੂਪ ਵਿਚ ਜਦੋਂ ਉਹ ਬਾਹਰ ਜਾਂਦਾ ਤਾਂ ਪਾਲੀ ਉਸ ਨਾਲ ਮਖੌਲ ਕਰਦੇ । ਫਿਰ ਵੀ ਉਹ ਸੋਹਣੀ ਦੀ ਖਾਤਰ ਸਭ ਕੁਝ ਜਰਦਾ । ਸੋਹਣੀ ਦਾ ਦੀਦਾਰ ਹੋ ਜਾਣਾ ਵੀ ਉਸ ਲਈ ਬਹੁਤ ਕੁਝ ਸੀ । ਹੌਲੇ ਹੌਲੇ ਸੋਹਣੀ ਦਾ ਦਿਲ ਵੀ ਮਹੀਂਵਾਲ ਦੇ ਪਿਆਰ ਨੂੰ ਵੇਖ ਕੇ ਪਿਘਲ ਗਿਆ । ਮਹੀਂਵਾਲ ਨੇ ਸੋਹਣੀ ਵਿਚ ਆਈ ਤਬਦੀਲੀ ਨੂੰ ਭਾਂਪ ਕੇ ਆਪਣੇ ਮਨ ਦੀ ਗੱਲ ਸੋਹਣੀ ਨੂੰ ਕਹੀ । ਸੋਹਣੀ ਸਭ ਕੁਝ ਸੁਣ ਕੇ , ਮੁਸਕਰਾ ਕੇ ਚੁੱਪ ਹੋ ਗਈ ਪਰ ਹੌਲੇ ਹੌਲੇ ਮਨ ਵਿਚ ਮਹੀਂਵਾਲ ਦਾ ਪ੍ਰੇਮ ਜਾਗਣ ਤੇ ਉਸ ਨੇ ਮਹੀਂਵਾਲ ਨੂੰ ਚੋਰੀ ਛੱਪੀ ਮਿਲਣਾ ਵੀ ਆਰੰਭ ਕਰ ਦਿੱਤਾ । ਸਮਾਜ ਦੇ ਠੇਕੇਦਾਰਾਂ ਨੇ ਸੋਹਣੀ ਅਤੇ ਮਹੀਂਵਾਲ ਦੇ ਪਿਆਰ ਨੂੰ ਉਛਾਲਣਾ ਸ਼ੁਰੂ ਕਰ ਦਿੱਤਾ ਜਿਸ ਨਾਲ ਸੋਹਣੀ ਅਤੇ ਮਹੀਂਵਾਲ ਦੋਹਾਂ ਨੂੰ ਮੁਸ਼ਕਲਾਂ ਪੇਸ਼ ਆਉਣ ਲੱਗੀਆਂ । ਦੋਹਾਂ ਨੇ ਰੋਜ਼ ਲੁਕ  ਛਿਪ ਕੇ ਚੋਰੀਉਂ ਮਿਲਣ ਦੀਆਂ ਵਿਉਂਤਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ । ਅਖੀਰ ਤਜਵੀਜ਼ ਇਹ ਬਣੀ ਕਿ ਮਹੀਂਵਾਲ ਦਰਿਆ ਤੋਂ ਪਰ ਕੁਟੀਆਂ ਬਣਾ ਕੇ ਰਹੇ ਇਹ ਸਕੀਮ ਸਿਰੇ ਚੜ੍ਹਾ ਲਈ ਗਈ ।

                  ਸੋਹਣੀ ਦੇ ਮਾਂ ਪਿਉ ਨੇ ਬਦਨਾਮੀ ਤੋਂ ਬਚਣ ਲਈ ਸੋਹਣੀ ਦਾ ਵਿਆਹ ਕਰ ਦਿੱਤਾ । ਵਿਆਹ ਸ਼ਹਿਰ ਦੇ ਦੂਜੀ ਨੁੱਕਰ ਤੇ ਰਿਹ ਰਹੇ ਕਿਸੇ ਪਰਿਵਾਰ ਵਿਚ ਹੋਇਆ ਸੀ ਪਰ ਸੋਹਣੀ ਦਾ ਮਹੀਂਵਾਲ ਲਈ ਪ੍ਰੇਮ ਪਹਿਲਾਂ ਵਾਂਗ ਹੀ ਕਾਇਮ ਸੀ । ਮਹੀਂਵਲ ਸੋਹਣੀ ਨੂੰ ਹਰ ਰੋਜ਼ ਮਿਲਣ ਆਉਂਦਾ ਤੇ ਮੱਛੀ ਦਾ ਮਾਸ ਖਵਾਇਆ ਕਰਦਾ ਸੀ । ਇਕ ਦਿਨ ਦਰਿਆ ਵਿਚ ਹੜ੍ਹ ਆਉਣ ਕਰਕੇ ਉਸ ਨੂੰ ਮੱਛੀ ਨਾ ਮਿਲੀ ਤਾਂ ਉਹ ਆਪਣਾ ਪੱਟ ਚੀਰ ਕੇ ਕਬਾਬ ਬਣਾ ਲਿਆਇਆ । ਸੁਆਦ ਤੋਂ ਸੁਹਣੀ ਅਸਲੀਅਤ ਨੂੰ ਪਛਾਣ ਗਈ ਅਤੇ ਉਸ ਕਿਹਾ ਕਿ ਉਹ ਖੁਦ ਮਹੀਂਵਾਲ ਨੂੰ ਦਰਿਆ ਪਰ ਕੇ ਕੇ ਮਿਲਣ ਜਾਇਆ ਕਰੇਗੀ । ਹੁਣ ਸੋਹਣੀ ਖੁਦ ਦਰਿਆ ਪਰ ਕਰਕੇ ਮਿਲਣ ਜਾਣ ਲੱਗ ਪਈ । ਤਰਨ ਲਈ ਉਹ ਘੜੇ ਦੀ ਵਰਤੋਂ ਕਰਦੀ । ਅਖੀਰ ਗੱਲ ਨਿਕਲ ਗਈ । ਸੋਹਣੀ ਦੇ ਰਿਸ਼ਤੇਦਾਰਾਂ ਨੇ ਇਕ ਰਾਤ ਘੜਾ ਬਦਲ ਕੇ ਪੱਕੇ ਦੀ ਥਾਂ ਕੱਚਾ ਘੜਾ ਰੱਖ ਦਿੱਤਾ । ਜਦੋਂ ਸੋਹਣੀ ਆਈ ਉਹ ਘੜਾ ਲੈ ਕੇ ਦਰਿਆ ਵਿਚ ਠਿਲ੍ਹ ਪਈ । ਛੇਤੀ ਹੀ ਉਹ ਭਾਪ ਗਈ ਕਿ ਘੜਾ ਕੱਚਾ ਹੈ । ਉਸਦੇ ਮਨ ਵਿਚ ਸੰਘਰਸ਼ ਸ਼ੁਰੂ ਹੋ ਗਿਆ ਕਿ ਉਹ ਵਾਪਸ ਮੁੜੇ ਜਾਂ ਅੱਗੇ ਜਾਵੇ ਪਰ ਅੰਤ ਵਿਚ ਉਸਨੇ ਮਨ ਨਾਲ ਅੱਗੇ ਵਧਣ ਦਾ ਫੈਸਲਾ ਕੀਤਾ । ਉਹ ਤਰਦੀ ਗਈ । ਉਸਦੇ ਰਾਹ ਵਿਚ ਮੱਛ , ਕੱਛ ਅਤੇ ਹੋਰ ਕਈ ਪ੍ਰਕਾਰ ਦੇ ਜਲ ਜੀਵ ਆਏ ਪਰ ਉਸਨੇ ਪਰਵਾਹ ਨਾ ਕੀਤੀ । ਅਖ਼ੀਰ ਕੱਚੇ ਘੜੇ ਨੇ ਦਗ਼੍ਹਾ ਕੀਤਾ ਤੇ ਉਹ ਡੁੱਬਣ ਲੱਗੀ । ਸੋਹਣੀ ਦੀ ਕੂਕ ਪੂਕਾਰ ਸੁਣ ਕੇ ਮਹੀਂਵਾਲ ਨੇ ਵੀ ਪਰਲੇ ਕਿਨਾਰੇ ਤੋਂ ਦਰਿਆ ਵਿਚ ਛਾਲ ਮਾਰੀ । ਇਸ ਪ੍ਰਕਰ ਸੋਹਣੀ ਅਤੇ ਮਹੀਂਵਾਲ ਦੋਹਾਂ ਦਾ ਅੰਤ ਹੋ ਗਿਆ ਅਤੇ ਦੋਹਾਂ ਦੀਆਂ ਰੂਹਾਂ ਮਿਲ ਕੇ ਇਕ ਹੋ ਗਈਆਂ ।

                  ਕਾਦਰਯਾਰ ਨੇ ਵੀ ਸੋਹਣੀ ਮਹੀਂਵਾਲ ਦਾ ਕਿੱਸਾ ਲਿਖਿਆ ਹੈ । ਉਸ ਦੁਆਰਾ ਲਿਖੀ ਕਹਾਣੀ ਹਾਸ਼ਮ ਨਾਲੋਂ ਥੋੜੀ ਜਿਹੀ ਵੱਖਰੀ ਕਿਸਮ ਦੀ ਹੈ । ਜਿਥੇ ਹਾਸ਼ਮ ਇਹ ਲਿਖਦਾ ਹੈ ਕਿ ਮਿਰਜ਼ਾ ਇੱਜ਼ਤ ਬੇਗ , ਬਲਖ ਬੁਖਾਰੇ ਦਾ ਸੌਦਾਗਰ , ਵਪਾਰ ਕਰਨ ਲਈ ਦਿੱਤੀ ਜਾ ਰਿਹਾ ਸੀ , ਉੱਥੇ ਕਾਦਰਯਰ ਇਹ ਲਿਖਦਾ ਹੈ ਕਿ ਉਹ ਦਿੱਲੀ ਤੋਂ ਸ਼ਹਿਨਸ਼ਾਹ ਸ਼ਾਹਜਹਾਂ ਨੂੰ ਤੁਹਫੇ ਭੇਟ ਕਰਨ ਉਪਰੰਤ ਅਤੇ ਆਪਣਾ ਮਾਲ ਵੇਚਣ ਤੇ ਉਥੋਂ ਨਵਾਂ ਖਰੀਦਣ ਉਪਰੰਤ ਵਾਪਸ ਆਪਣੇ ਦੇਸ਼ ਮੁੜ ਰਿਹਾ ਸੀ । ਜਦੋਂ ਉਸਨੇ ਤੁੱਲੇ ਦੀ ਕਾਰੀਗਰੀ ਦੀਆਂ ਧੁੰਮਾਂ ਸੁਣੀਆਂ ਉਸਨੇ ਆਪਣੇ ਗੁਲਾਮ ਨੂੰ ਤੁੱਲੇ ਕੋਲ ਮਾਲ ਲੈਣ ਲਈ ਭੇਜਿਆ । ਗੁਲਾਮ ਕੋਲੋਂ ਸੋਹਣੀ ਦੀ ਪ੍ਰਸੰਸਾ ਸੁਣ ਕੇ ਮਿਰਜ਼ਾ ਇੱਜ਼ਤ ਬੇਗ ਆਪਣੇ ਅੰਦਰ ਇਸ਼ਕ ਦੀ ਅੱਗ ਲਗਾ ਬੈਠਾ । ਬਾਕੀ ਦੀਆਂ ਘਟਨਾਵਾਂ ਲਗਭਗ ਹਾਸ਼ਮ ਨਾਲ ਮਿਲਦੀਆਂ ਹਨ ।

                  ਭਗਵਾਨ ਸਿੰਘ ਦੀ ਸੋਹਣੀ ਵਿਚ ਇਹ ਦੱਸਿਆ ਗਿਆ ਹੈ ਕਿ ਮਿਰਜ਼ਾ ਇੱਜ਼ਤ ਬੇਗ ਦੇ ਮਹੀਂਵਾਲ ਬਣਨ ਤੋਂ ਪਹਿਲਾਂ ਹੀ ਸੋਹਣੀ ਮਹੀਂਵਾਲ ਦੇ ਪ੍ਰੇਮ ਦੀ ਚਰਚਾ ਆਮ ਹੋ ਗਈ ਸੀ । ਇਸ ਦੇ ਉਲਟ ਹਾਸ਼ਮ ਨੇ ਇੱਜ਼ਤ ਬੇਗ ਦੇ ਮਹੀਂਵਾਲ ਬਣਨ ਪਿੱਛੋਂ ਬਦਨਾਮ ਹੋਣਾ ਦੱਸਿਆ ਹੈ । ਇਕ ਹੋਰ ਅਸੁਭਾਵਕ ਗੱਲ ਕਾਦਰਯਾਰ ਨੇ ਆਪਣੀ ਸੋਹਣੀ ਵਿਚ ਦਰਸਾਈ ਹੈ ਕਿ ਬਦਨਾਮੀ ਹੋਣ ਤੇ ਤੁੱਲਾ ਮਹੀਂਵਾਲ ਨੂੰ ਬੁਲਾ ਕੇ ਝਾੜਦਾ ਹੈ ਪਰ ਬੁਲਾਉਣ ਲਈ ਸੋਹਣੀ ਨੂੰ ਹੀ ਭੇਜਦਾ ਹੈ । ਇਸ ਪ੍ਰਕਾਰ ਦੀ ਗੱਲ ਹਾਸੋਹੀਣੀ ਜਾਪਦੀ ਹੈ । ਜਿਥੇ ਹਾਸ਼ਮ ਇਹ ਕਹਿੰਦਾ ਹੈ ਕਿ ਘੜਾ ਸੋਹਣੀ ਦੇ ਰਿਸ਼ਤੇਦਾਰਾਂ ਨੇ ਬਦਲਿਆ , ਉਥੇ ਭਗਵਾਨ ਸਿੰਘ ਕਹਿੰਦਾ ਹੈ ਕਿ ਪੱਕੇ ਘੜੇ ਦੀ ਥਾਂ ਕੱਚਾ ਘੜਾ ਸੋਹਣੀ ਦੀ ਨਿਨਾਣ ਨੇ ਰੱਖਿਆ । ਭਗਵਾਨ ਸਿੰਘ ਨੇ ਪਹਿਲੀ ਵਾਰ ਆਪਣੇ ਕਿੱਸੇ ਵਿਚ ਵਿਯੋਗ ਦੇ ਪ੍ਰਗਆ ਲਈ ਬਾਰ੍ਹਾਂ ਮਾਹ ਲਿਖੇ ।

                  ਫ਼ਜ਼ਲ ਸ਼ਾਹ ਨੇ ਵੀ ਸੋਹਣੀ ਲਿਖੀ ਹੈ । ਉਹ ਇਸ ਗੱਲ ਤੇ ਜ਼ੋਰ ਦਿੰਦਾ ਹੈ ਕਿ ਵਿਆਹੇ ਜਾਣ ਤਕ ਸੋਹਣੀ ਨੂੰ ਮਹੀਂਵਾਲ ਦੇ ਪ੍ਰੇਮ ਦੇ ਸਬੰਧ ਵਿਚ ਉੱਕਾ ਹੀ ਪਤਾ ਨਹੀਂ ਸੀ । ਡਾ. ਸ਼ੇਰ ਸਿੰਘ ਅਨੁਸਾਰ “ ਫ਼ਜ਼ਲ ਸ਼ਾਹ ਨੇ ਸੋਹਣੀ ਤੇ ਇੱਜ਼ਤ ਬੇਗ ਦੇ ਬਚਪਨ ਦਾ ਬਿਆਨ , ਦਰਿਆ ਵਿਚ ਰੁੜਦੀ ਦੇ ਵੈਣ ਅਤੇ ਦਰਿਆ ਦਾ ਵਰਣਨ , ਇੰਜ ਹੀ ਇੱਜ਼ਤ ਬੇਗ ਦੀ ਦਿੱਲੀ ਦੇ ਸ਼ਾਹ ਨਾਲ ਮੁਲਾਕਾਤ , ਲਾਹੌਰ ਤੇ ਦਿੱਲੀ ਦੇ ਬਜ਼ਾਰਾਂ ਦੀਆਂ ਰੌਣਕਾਂ ਆਦਿ ਬਿਉੇਰੇ ਆਪਣੀ ਕਲਪਨਾ ਸ਼ਕਤੀ ਨਾਲ ਇਸ ਕਿੱਸੇ ਵਿਚ ਲਿਆਂਦੇ ਹਨ । ”

                  ਰਾਜਸਥਾਨੀ , ਸਿੰਧੀ , ਗੁਜਰਾਤੀ ਆਦਿ ਭਾਸ਼ਾਵਾਂ ਵਿਚ ਸੋਹਣੀ ਦੇ ਕਿੱਸੇ ਮਿਲਦੇ ਹਨ , ਫ਼ਾਰਸੀ ਵਿਚ ਵੀ ਸੋਹਣੀ ਮਹੀਂਵਾਲ ਦੇ ਕਿੱਸੇ ਦਾ ਹੋਣਾ ਦੱਸਿਆ ਜਾਂਦਾ ਹੈ । ਇਸ ਬਾਰੇ ਕਾਜ਼ੀ ਫ਼ਜ਼ਲ ਹੱਕ ਨੇ ਜ਼ਿਕਰ ਵੀ ਕੀਤਾ ਹੈ । ਹਾਸ਼ਮ ਦੀ ‘ ਸੋਹਣੀ’ ਪਹਿਲੀ ਕਾਵਿ-ਰਚਨਾ ਹੋਣ ਦੇ ਬਾਵਜੂਦ ਬਹੁਤ ਜ਼ਿਆਦਾ ਪ੍ਰਸਿੱਧ ਨਹੀਂ ਹੋ ਸਕੀ । ਇਹ ਦਵੱਈਏ ਛੰਦ ਦੇ ਚੁਪਾਲੇ ਬੰਦ ਵਿਚ ਹੈ । ਇਸਦੇ ਮੁਕਾਬਲੇ ਕਾਦਰਯਾਰ ਦੀ ਸੋਹਣੀ ਦੋਹਿਆਂ ਜਾਂ ਸੱਦ-ਛੰਦ ਵਿਚ , ਭਗਵਾਨ ਸਿੰਘ ਤੇ ਸਾਧੂ ਸਦਾ ਰਾਮ ਦੀ ਸੋਹਣੀ ਕਬਿੱਤਾਂ ਵਿਚ ਅਤੇ ਫ਼ਜ਼ਲ ਸ਼ਾਹ ਦੀ ਸੋਹਣੀ ਬੈਂਤਾਂ ਵਿਚ ਹੈ ।

                  ਹ. ਪੁ.– – ਏ ਹਿਸਟਰੀ ਆਫ਼ ਪੰਜਾਬੀ ਲਿਟਰੇਚਰ– – ਡਾ. ਮੋਹਨ ਸਿੰਘ; ਪੰ. ਹੀ.; ਸੋਹਣੀ ਹਾਸ਼ਮ– ਪਿਆਰਾ ਸਿੰਘ; ਸਾਹਿਤ ਸਮਾਚਾਰ ( ਕਿੱਸਾ ਕਾਵਿ ਅੰਕ ) ; ਪੰ. ਸਾ. ਇ. – ਡਾ. ਈਸ਼ਰ ਸਿੰਘ ਤਾਂਘ ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2307, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.