ਸ੍ਰੀ ਗੁਰ ਸੋਭਾ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸ੍ਰੀ ਗੁਰ ਸੋਭਾ : ਇਕ ਕਾਵਿ-ਰਚਨਾ ਹੈ ਜਿਸਦੇ ਇਕ ਹਿੱਸੇ ਵਿਚ ਉਸਤਤ ਕੀਤੀ ਗਈ ਹੈ ਅਤੇ ਇਕ ਹਿੱਸਾ ਇਤਿਹਾਸਿਕ ਹੈ। ਇਸ ਰਚਨਾ ਵਿਚ ਬ੍ਰਜ ਅਤੇ ਪੂਰਬੀ ਪੰਜਾਬੀ ਦਾ ਮਿਸ਼ਰਨ ਹੈ। ਇਹ ਰਚਨਾ ਸੈਨਾਪਤਿ ਦੁਆਰਾ ਲਿਖੀ ਗਈ ਹੈ ਜਿਸਨੇ ਬਹੁਤ ਸਾਲਾਂ ਤਕ ਗੁਰੂ ਗੋਬਿੰਦ ਸਿੰਘ ਜੀ ਦੀ ਸਰਪ੍ਰਸਤੀ ਮਾਣੀ ਸੀ। ਅਜੋਕੇ ਸਮੇਂ ਦੇ ਵਿਦਵਾਨਾਂ ਲਈ ਅਗਿਆਤ ਬਣੀ ਰਹੀ ਇਸ ਰਚਨਾ ਨੂੰ ਅਕਾਲੀ ਕੌਰ ਸਿੰਘ ਨੇ ਮੁੜ ਲੱਭਿਆ ਅਤੇ ਦਸੰਬਰ 1925 ਵਿਚ ਭਾਈ ਨਾਨਕ ਸਿੰਘ , ਕ੍ਰਿਪਾਲ ਸਿੰਘ ਹਜ਼ੂਰੀਆ, ਅੰਮ੍ਰਿਤਸਰ ਰਾਹੀਂ ਇਸ ਨੂੰ ਪ੍ਰਕਾਸ਼ਿਤ ਕਰਵਾਇਆ ਗਿਆ। ਇਸਦਾ ਦੂਸਰਾ ਸੰਸਕਰਨ ਡਾ. ਗੰਡਾ ਸਿੰਘ (ਪੰਜਾਬੀ ਯੂਨੀਵਰਸਿਟੀ, ਪਟਿਆਲਾ , 1967) ਦੁਆਰਾ ਪ੍ਰਕਾਸ਼ਿਤ ਕੀਤਾ ਗਿਆ। ਇਸ ਖਰੜੇ ਦੀਆਂ ਦੋ ਕਾਪੀਆਂ ਸਿੱਖ ਰੈਫਰੈਂਸ ਲਾਇਬ੍ਰੇਰੀ , ਅੰਮ੍ਰਿਤਸਰ ਵਿਚ ਪਈਆਂ ਸਨ , ਜਿਹੜੀਆਂ 1984 ਵਿਚ ਹੋਈ ਫ਼ੌਜੀ ਕਾਰਵਾਈ ਦੇ ਦੌਰਾਨ ਨਸ਼ਟ ਹੋ ਗਈਆਂ ਸਨ। ਸ੍ਰੀ ਗੁਰ ਸੋਭਾ ਵਿਚ, ਕਵੀ ਨੇ ਨਾ ਆਪਣੇ ਨਾਂ ਦੀ ਅਤੇ ਨਾ ਹੀ ਆਪਣੇ ਤਖੱਲਸ ਦੀ ਕਿਧਰੇ ਵਰਤੋਂ ਕੀਤੀ ਹੈ। ਕਵੀ ਦੀਆਂ ਦੋ ਹੋਰ ਰਚਨਾਵਾਂ, ਚਾਣਕਯ ਨੀਤੀ ਅਤੇ ਸ੍ਰੀ ਸੈਨ ਸੁੱਖ ਤੋਂ ਸਾਨੂੰ ਉਸਦੇ ਨਾਂ ਦਾ ਸੰਕੇਤ ਮਿਲਦਾ ਹੈ। ਸ੍ਰੀ ਗੁਰ ਸੋਭਾ ਦਾ ਅਰੰਭ ਆਮ ਤੌਰ ਤੇ ਵਰਤੇ ਜਾਣ ਵਾਲੇ ਕਵਿਯੋਵਾਚ ਬੰਦ ਦੀ ਥਾਂ ਤੇ ‘ਖਾਲਸਾ ਬਾਚ`(ਖ਼ਾਲਸਾ ਦਾ ਕਥਨ) ਨਾਲ ਹੁੰਦਾ ਹੈ ਜਿਸ ਤੋਂ ਇਹ ਸਮਝਿਆ ਜਾਂਦਾ ਹੈ ਕਿ ਸ਼ਾਇਦ ਸੈਨਾਪਤਿ ਨੇ ਖ਼ਾਲਸੇ ਦਾ ਅੰਮ੍ਰਿਤ ਛੱਕ ਲਿਆ ਹੋਵੇ ਅਤੇ ‘ਸਿੰਘ` ਬਣ ਗਿਆ ਹੋਵੇ। ਇਸ ਕਰਕੇ ਹੀ ਬਾਵਾ ਸੁਮੇਰ ਸਿੰਘ ਨੇ ਉਸਦਾ ਨਾਂ ਸੈਨਾ ਸਿੰਘ ਦਸਿਆ ਹੈ। ਇਹ ਸੈਨਾਪਤਿ ਆਪਣੇ ਹਮਨਾਮ ਸੈਨਾਪਤਿ ਤੋਂ ਵੱਖਰਾ ਸੀ ਜੋ ਪੂਰਬੀ ਰਾਜ ਦਾ ਵਾਸੀ ਸੀ ਅਤੇ ਜਿਸਨੇ ਕਾਵਯਕਲਪਦਰੁਮ ਅਤੇ ਕਵਿੱਤ ਰਤਨਾਕਾਰ ਲਿਖੇ ਸਨ। ਇਹ ਲਾਹੌਰ ਦੇ ਮਾਨ ਜੱਟ , ਬਾਲ ਚੰਦ ਦਾ ਸੁਪੁੱਤਰ ਸੀ, ਜੋ ਆਪ ਵੀ ਵਿਦਵਾਨ ਅਤੇ ਲੇਖਕ ਸੀ। ਸੈਨਾਪਤਿ ਦਾ ਅਸਲ ਨਾਮ ਚੰਦ੍ਰ ਸੈਨ ਸੀ। ਸੈਨਾਪਤਿ ਅਤੇ ਸੈਨ ਕਵੀ ਉਸਦੇ ਤਖੱਲਸ ਸਨ। ਚੰਦ੍ਰ ਸੈਨ ਅਨੰਦਪੁਰ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਕਵੀਆਂ ਵਿਚ ਇਕ ਕਵੀ ਦੇ ਤੌਰ ਤੇ ਸ਼ਾਮਲ ਹੋਇਆ ਸੀ। ਉਥੇ ਇਸਨੇ ਰਾਜਨੀਤੀ ਅਤੇ ਕੂਟਨੀਤੀ ਉੱਤੇ ਆਧਾਰਿਤ ਪੁਰਾਤਨ ਗ੍ਰੰਥ ਚਾਣਕਯ-ਨੀਤੀ ਦਾ ਪ੍ਰਾਚੀਨ ਹਿੰਦੀ ਬੰਦ ਵਿਚ ਅਨੁਵਾਦ ਕੀਤਾ ਸੀ। ਸਤਾਰ੍ਹਵੀਂ ਸਦੀ ਦੇ ਖ਼ਤਮ ਹੋਣ ਦੇ ਕੁਝ ਨੇੜੇ-ਤੇੜੇ ਜਾਂ ਸ਼ਾਇਦ 1705 ਵਿਚ ਅਨੰਦਪੁਰ ਖਾਲੀ ਕਰਨ ਤੋਂ ਬਾਅਦ, ਚੰਦ੍ਰ ਸੈਨ ਵਜ਼ੀਰਾਬਾਦ ਰਹਿਣ ਲਈ ਚਲਾ ਗਿਆ ਸੀ ਜੋ ਅਜੋਕੇ ਪਾਕਿਸਤਾਨ ਦੇ ਗੁਜਰਾਂਵਾਲਾ ਜ਼ਿਲੇ ਵਿਚ ਹੈ। ਉੱਥੇ ਇਸਨੇ ਆਪਣੇ ਮਿੱਤਰ ਵੈਦ ਜਗਤ ਰਾਇ ਦੇ ਕਹਿਣ ਤੇ ਨਿਰੋਲ ਚਿਕਿਤਸਾ ਉੱਤੇ ਆਧਾਰਿਤ ਰਾਮ ਚੰਦ ਦੇ ਪੁਰਾਤਨ ਚਿਕਿਤਸਾ-ਗ੍ਰੰਥ ਰਾਮ ਬਿਨੋਦ ਦਾ ਸ੍ਰੀ ਸੈਨ ਸੁੱਖ ਸਿਰਲੇਖ ਅਧੀਨ ਭਾਖਾ ਵਿਚ ਅਨੁਵਾਦ ਕੀਤਾ ਸੀ।
ਲੇਖਕ ਦੇ ਕਥਨ ਅਨੁਸਾਰ ਸ੍ਰੀ ਗੁਰ ਸੋਭਾ 1701 (ਭਾਦੋਂ ਸੁਦੀ 15, 1758 ਬਿਕਰਮੀ/6 ਸਤੰਬਰ 1701 ਨੂੰ ਸੰਪੰਨ) ਵਿਚ ਲਿਖਿਆ ਗਿਆ ਸੀ, ਪਰੰਤੂ ਸੱਚਾਈ ਇਹ ਹੈ ਕਿ ਇਸ ਰਚਨਾ ਵਿਚ 1701 ਤੋਂ ਬਾਅਦ 6 ਅਕਤੂਬਰ 1708 ਤਕ ਹੋਈਆਂ ਘਟਨਾਵਾਂ ਦਾ ਬਿਰਤਾਂਤ ਵੀ ਦਿੱਤਾ ਗਿਆ ਹੈ ਜਿਸ ਤੋਂ ਵਿਦਵਾਨ ਇਹ ਅੰਦਾਜ਼ਾ ਲਾਉਂਦੇ ਹਨ ਕਿ ਸ਼ਾਇਦ 1701 ਦੀ ਤਿਥੀ ਵਾਲਾ ਖਰੜਾ ਪਹਿਲਾ ਹੋਵੇਗਾ ਅਤੇ ਬਾਅਦ ਵਿਚ ਕਵੀ ਨੇ ਇਸ ਨੂੰ ਹੋਰ ਵਧਾ ਦਿੱਤਾ ਹੋਣਾ ਹੈ ਅਤੇ ਸੰਭਵ ਹੈ ਕਿ ਇਸ ਰਚਨਾ ਨੂੰ 1711 ਵਿਚ ਸੰਪੂਰਨ ਕੀਤਾ ਗਿਆ ਹੋਵੇ। ਉਸਤਤੀ ਵਾਲੇ ਬੰਦਾਂ ਦੇ ਸੰਕੇਤ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਦੀ ਉਸਤਤ ਕਰਨਾ, ਇਸ ਰਚਨਾ ਦਾ ਮੁੱਖ ਵਿਸ਼ਾ ਹੈ। ਵੀਹ ਅਧਿਆਵਾਂ ਵਿਚੋਂ ਘੱਟੋ-ਘੱਟ ਛੇ ਅਧਿਆਵਾਂ ਵਿਚ ਅਤੇ ਹੋਰ ਕਈ ਬੰਦਾਂ ਵਿਚ, ਗੁਰੂ ਅਤੇ ਖ਼ਾਲਸਾ ਦੀ ਪ੍ਰਤੱਖ ਰੂਪ ਵਿਚ ਉਸਤਤ ਕੀਤੀ ਗਈ ਹੈ। ਘਟਨਾਵਾਂ ਵਿਚ ਇਸ ਕਾਵਿ ਰਚਨਾ ਦੁਆਰਾ ਉਹਨਾਂ (ਗੁਰੂ ਅਤੇ ਖ਼ਾਲਸਾ) ਦੁਆਰਾ ਕੀਤੇ ਗਏ ਬਹਾਦਰੀ ਦੇ ਕਾਰਨਾਮਿਆਂ ਨੂੰ ਜੋ ਅਸਲ ਇਤਿਹਾਸਿਕ ਮਹੱਤਵ ਵਾਲੇ ਹਨ ਉਜਾਗਰ ਕਰਕੇ ਪੇਸ਼ ਕੀਤਾ ਗਿਆ ਹੈ। ਘਟਨਾਵਾਂ ਦੇ ਵਿਚੋਂ ਜਿਨ੍ਹਾਂ ਘਟਨਾਵਾਂ ਨੂੰ ਬਹੁਤ ਕਾਵਿਕ ਮਹਾਨਤਾ ਦਿੱਤੀ ਗਈ ਹੈ ਉਹਨਾਂ ਵਿਚੋਂ ਸਿੱਖਾਂ ਦੁਆਰਾ ਗੁਰੂ ਗੋਬਿੰਦ ਸਿੰਘ ਜੀ ਦੀ ਸਰਪ੍ਰਸਤੀ ਅਧੀਨ ਲੜੀਆਂ ਲੜਾਈਆਂ, ਬਾਦਸ਼ਾਹ ਬਹਾਦੁਰਸ਼ਾਹ ਨਾਲ ਮੁਲਾਕਾਤ ਅਤੇ ਗੁਰੂ ਜੀ ਦਾ ਨਾਂਦੇੜ ਵਿਖੇ ਧੋਖੇ ਵਿਚ ਕਤਲ ਹੋਣਾ ਹਨ। ਇਸ ਰਚਨਾ ਵਿਚੋਂ, ਸਮੁੱਚੇ ਰੂਪ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬ੍ਰਿਤਾਂਤ ਦੀ ਸਪਸ਼ਟ ਰੂਪ ਵਿਚ ਪੇਸ਼ਕਾਰੀ ਹੋਈ ਮਿਲਦੀ ਹੈ। ਇਸ ਰਚਨਾ ਦੀ ਇਤਿਹਾਸਿਕ ਮਹੱਤਤਾ ਅਤੇ ਕਾਵਿਕ ਉੱਚਤਾ ਤੋਂ ਇਲਾਵਾ, ਸ੍ਰੀ ਗੁਰ ਸੋਭਾ ਘੱਟੋ ਘੱਟ ਦੋ ਥਾਂਵਾਂ ਤੇ ਸਮਕਾਲੀ ਪਰਿਭਾਸ਼ਿਕ ਸ਼ੈਲੀ ਨੂੰ ਸਪਸ਼ਟ ਕਰਨ ਵਿਚ ਮਦਦ ਕਰਦੀ ਹੈ; ਸੈਨਾਪਤਿ ਨੇ ਮਿਸਲ ਸ਼ਬਦ ਦੀ ਵਰਤੋਂ ਫ਼ੌਜ ਦੇ ਛੋਟੇ ਦਸਤੇ (ii, 12,52, xviii, 6, 771) ਵਜੋਂ ਕੀਤੀ ਹੈ ; ਅਤੇ ਕਵੀ ਨੇ ਖ਼ਾਲਸਾ ਦੀ ਪਰਿਭਾਸ਼ਾ ਇਸ ਪ੍ਰਕਾਰ ਬਿਆਨ ਕੀਤੀ ਹੈ ਕਿ ਖ਼ਾਲਸਾ ਦਾ ਗੁਰੂ ਨਾਲ ਸਿੱਧਾ ਸੰਬੰਧ ਹੈ ਅਤੇ ਗੁਰੂ ਅਤੇ ਖ਼ਾਲਸਾ ਵਿਚਕਾਰ ਵਿਚੋਲਗਿਰੀ ਕਰਨ ਵਾਲੇ ਮਸੰਦਾਂ ਨੂੰ ਗੁਰੂ ਨੇ ਖ਼ਤਮ ਕਰ ਦਿੱਤਾ ਸੀ।
ਇਸ ਰਚਨਾ ਦੇ ਵੱਖ ਵੱਖ 20 ਅਧਿਆਵਾਂ ਦਾ ਵੇਰਵਾ ਇਸ ਪ੍ਰਕਾਰ ਹੈ: ਪਹਿਲੇ ਅਧਿਆਇ ਦਾ ਸਿਰਲੇਖ “ਪੰਥ ਪ੍ਰਗਾਸ ਬਰਨਨ`` ਹੈ ਜਿਸ ਵਿਚ ਮੁੱਢਲੇ ਪਰਿਚੈਕਾਰੀ ਬੰਦਾਂ ਤੋਂ ਇਲਾਵਾ ਦਸ ਗੁਰੂ ਸਾਹਿਬਾਨ ਦੇ ਨਾਂ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਬਚਿੱਤ੍ਰ ਨਾਟਕ ਦੇ ਪੰਜਵੇਂ ਅਧਿਆਇ ਦੀਆਂ ਲੀਹਾਂ ਤੇ ਹੀ ਇਹ ਵਰਨਨ ਹੈ ਕਿ ਦਸਵੇਂ ਗੁਰੂ ਨੇ ਖ਼ਾਲਸਾ ਪੰਥ ਦੀ ਸਿਰਜਨਾ ਰੱਬੀ ਆਦੇਸ਼ ਨਾਲ ਕੀਤੀ ਸੀ। ਇਸ ਤੋਂ ਅੱਗੇ ਅਧਿਆਇ ਇਸ ਪ੍ਰਕਾਰ ਹਨ-(2) “ਤੇਗ ਪ੍ਰਗਾਸ” ਵਿਚ ਭੰਗਾਣੀ ਦੀ ਜੰਗ ਦਾ ਵਰਨਨ ਹੈ;(3) “ਰਾਜਨ ਹੇਤ ਸੰਗ੍ਰਾਮ" ਨਾਦੌਣ ਦਾ ਯੁੱਧ; (4) ਖਾਨਜ਼ਾਦੇ ਦੀ ਚੜ੍ਹਾਈ ਅਤੇ ਹੁਸੈਨੀ ਦਾ ਯੁੱਧ; (5) “ਬਚਨ ਪ੍ਰਗਾਸ” ਮਸੰਦ ਪ੍ਰਥਾ ਦਾ ਅੰਤ ਅਤੇ ਖ਼ਾਲਸਾ ਪੰਥ ਦੀ ਸਾਜਨਾ ਦਾ ਵਰਨਨ;(6) “ਬਚਨ ਬਿਚਾਰ”, ਖ਼ਾਲਸਾ ਦੇ ਆਦਰਸ਼ਾਂ ਦਾ ਵਰਨਨ;(7) ‘ਰਹਿਤ ਪ੍ਰਗਾਸ` ਖ਼ਾਲਸਾ ਦੇ ਜੀਵਨ ਢੰਗ ਬਾਰੇ ਦੱਸਣਾ;(8) ਅਨੰਦਪੁਰ ਦਾ ਪਹਿਲਾ ਯੁੱਧ (9) ਨਿਰਮੋਹਗੜ ਦਾ ਯੁੱਧ (10) ਬਸਾਲੀ ਅਤੇ ਕਲਮੋਟ ਦਾ ਯੁੱਧ;(11) ਅਨੰਦਪੁਰ ਦਾ ਦੂਜਾ ਯੁੱਧ:(12) ਚਮਕੌਰ ਦਾ ਯੁੱਧ:(13) “ਕਲਾ ਪ੍ਰਗਾਸ”, ਗੁਰੂ ਜੀ ਦੀ ਚਮਕੌਰ ਤੋਂ ਮਾਲਵੇ ਤਕ ਦੀ ਯਾਤਰਾ ਦਾ ਵਰਨਨ, ਮੁਕਤਸਰ ਦਾ ਯੁੱਧ ਅਤੇ ਜਫ਼ਰਨਾਮਾ ਭੇਜਣਾ:(14) ‘ਕੀਚਕ ਮਾਰ`, ਦੱਖਣ ਵੱਲ ਦੀ ਯਾਤਰਾ ਦਾ ਪੂਰਾ ਬਿਓਰਾ ਅਤੇ ਬਘੌਰ ਦਾ ਯੁੱਧ (15) “ਜ਼ਿਕ੍ਰ ਬਾਦਸ਼ਾਹੀ” ਵਿਚ ਔਰੰਗਜ਼ੇਬ ਦੇ ਦੋ ਪੁੱਤਰਾਂ ਵਿਚਾਲੇ ਸ਼ਾਹੀ ਤਖ਼ਤ ਲਈ ਲੜਾਈ ਦਾ ਵੇਰਵਾ;(16) “ਮੁਲਾਕਾਤ ਬਾਦਸ਼ਾਹ ਕੀ”, ਭਾਵ ਬਾਦਸ਼ਾਹ ਬਹਾਦੁਰ ਸ਼ਾਹ ਨਾਲ ਮੁਲਾਕਾਤ;(17) ਸਾਹਿਬਜ਼ਾਦਾ ਕਾ ਜੁੱਧ ਔਰ ਜ਼ਿਕ੍ਰ ਰਾਹ ਕਾ”, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਦੀ ਰਾਜਸਥਾਨ ਵਿਚੋਂ ਦੀ ਯਾਤਰਾ ਅਤੇ ਚਿਤੌੜਗੜ੍ਹ ਵਿਖੇ ਯੁੱਧ ਦਾ ਵਰਨਨ, (18) “ਜੋਤੀ ਜੋਤ ਸਮਾਵਣਾ”, ਗੁਰੂ ਗੋਬਿੰਦ ਸਿੰਘ ਜੀ ਦਾ ਜੋਤੀ ਜੋਤ ਸਮਾਉਣਾ;(19) “ਅਗਮ ਪ੍ਰਗਾਸ” ਖ਼ਾਲਸਾ ਦੇ ਭਵਿੱਖ ਬਾਰੇ ਕਵੀ ਦੇ ਵਿਚਾਰ; ਅਤੇ (20) “ਸਰਬ ਉਪਮਾ”, ਕਵੀ ਦਾ ਸਰਬਵਿਆਪਕ ਪਰਮਾਤਮਾ ਨੂੰ ਨਮਸਕਾਰ ਹੈ।
ਲੇਖਕ : ਮ.ਗ.ਸ. ਅਤੇ ਅਨੁ. ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4108, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First