ਸੰਤੋਖ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੰਤੋਖ [ ਨਾਂਪੁ ] ਸਬਰ , ਸੰਤੁਸ਼ਟੀ , ਧੀਰਜ , ਤਸੱਲੀ , ਤ੍ਰਿਪਤੀ , ਸਿਦਕ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4981, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸੰਤੋਖ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਸੰਤੋਖ : ਗੁਰਬਾਣੀ ਵਿਚ ਮਨੁੱਖ ਨੂੰ ‘ ਸੰਤੋਖ’ ਧਾਰਣ ਕਰਨ ਲਈ ਥਾਂ ਥਾਂ’ ਤੇ ਪ੍ਰੇਰਣਾ ਦਿੱਤੀ ਗਈ ਹੈ । ਇਥੋਂ ਤਕ ਕਿ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਕਰਨ ਉਪਰੰਤ ਅਖ਼ੀਰ ਉਤੇ ਮੁੰਦਾਵਣੀ ਅੰਕਿਤ ਕਰਨ ਵੇਲੇ ‘ ਸੰਤੋਖ’ ਸ਼ਬਦ ਨੂੰ ਵੀ ਸ਼ਾਮਲ ਕੀਤਾ ਹੈ— ਥਾਲ ਵਿਚਿ ਤਿੰਨਿ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ ਅੰਮ੍ਰਿਤ ਨਾਮੁ ਠਾਕੁਰ ਕਾ ਪਇਓ ਜਿਸ ਕਾ ਸਭਸੁ ਅਧਾਰੋ ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਇ ਉਧਾਰੋ ਏਹ ਵਸਤੁ ਤਜੀ ਨਹ ਜਾਈ ਨਿਤ ਨਿਤ ਰਖੁ ਉਰਿ ਧਾਰੋ ( ਗੁ.ਗ੍ਰੰ.1429 ) ।

                      ਇਥੇ ਥਾਲ ਕਿਹੜਾ ਹੈ ? ਉੱਤਰ ਹੈ ਗੁਰੂ ਗ੍ਰੰਥ ਸਾਹਿਬ , ਜਿਸ ਵਿਚ ਤਿੰਨ ਵਸਤੂਆਂ ਪਈਆਂ ਹਨ— ਸਤੁ , ਸੰਤੋਖ ਅਤੇ ਵਿਚਾਰ । ‘ ਸਤੁ’ ਤੋਂ ਭਾਵ ਹੈ ਸਦਾਚਰਣ , ‘ ਸੰਤੋਖ’ ਤੋਂ ਭਾਵ ਹੈ ਸੁਖ-ਦੁਖ ਨੂੰ ਸਮਾਨ ਜਾਣ ਕੇ ਉਸ ਵਿਚ ਸਬਰ ਕਰਨ ਦੀ ਅਵਸਥਾ , ਅਤੇ ‘ ਵਿਚਾਰ’ ਤੋਂ ਭਾਵ ਹੈ ਵਿਵੇਕ । ਇਨ੍ਹਾਂ ਤਿੰਨ ਵਸਤੂਆਂ ਨੂੰ ਮਿਲਾ ਕੇ ਤਿਆਰ ਕੀਤੇ ਗਏ ਭੋਜਨ ਵਿਚ ਚੌਥੀ ਵਸਤੂ ਨਾਮ ਰੂਪੀ ਅੰਮ੍ਰਿਤ ਹੈ । ਇਸ ਪ੍ਰਕਾਰ ਦੀ ਤਿਆਰ ਕੀਤੀ ਖ਼ੁਰਾਕ ਦਾ ਜੋ ਸੇਵਨ ਕਰਦਾ ਹੈ , ਨਿਸਚੇ ਹੀ ਉਸ ਦਾ ਜਗਤ ਤੋਂ ਉੱਧਾਰ ਹੋ ਜਾਂਦਾ ਹੈ । ਅਜਿਹੀ ਵਸਤੂ ਨੂੰ ਛਡਣਾ ਨਹੀਂ ਚਾਹੀਦਾ , ਇਸ ਨੂੰ ਸਦਾ ਹਿਰਦੇ ਵਿਚ ਵਸਾਉਣਾ ਹੀ ਕਲਿਆਣਕਾਰੀ ਹੈ । ਇਨ੍ਹਾਂ ਚਾਰ ਪਦਾਰਥਾਂ ਵਿਚੋਂ ਪਹਿਲੇ ਤਿੰਨ ਮਨੁੱਖ ਦੀਆਂ ਸਦ-ਬਿਰਤੀਆਂ ਹਨ ਅਤੇ ਇਨ੍ਹਾਂ ਤਿੰਨਾਂ ਨੂੰ ਧਾਰਣ ਕਰਨ ਵਾਲੇ ਸਦਾਚਾਰੀ ਵਿਅਕਤੀ ਦੀ ਮਨੋ-ਭੂਮੀ ਹਰਿ-ਨਾਮ ਰੂਪੀ ਅੰਮ੍ਰਿਤ ਨੂੰ ਗ੍ਰਹਿਣ ਕਰਨ ਦੇ ਯੋਗ ਹੈ । ਇਸ ਤੋਂ ਸਾਫ਼ ਹੈ ਕਿ ਗੁਰਮਤਿ ਧਰਮ-ਸਾਧਨਾ ਵਿਚ ਸੰਤੋਖ ਦਾ ਵਿਸ਼ੇਸ਼ ਸਥਾਨ ਹੈ ।

                      ‘ ਸੰਤੋਖ’ ਸ਼ਬਦ ਦੇ ਪਿਛੋਕੜ ਵਿਚ ਜਾਈਏ ਤਾਂ ਪਤਾ ਲਗਦਾ ਹੈ ਕਿ ਇਹ ਸੰਸਕ੍ਰਿਤ ਦੇ ‘ ਸੰਤੋਸ਼’ ਸ਼ਬਦ ਦਾ ਤਦਭਵ ਰੂਪ ਹੈ ਅਤੇ ਇਸ ਦਾ ਅਰਥ ਹੈ— ਮਨ ਦੀ ਉਹ ਬਿਰਤੀ ਜਾਂ ਅਵਸਥਾ ਜਿਸ ਵਿਚ ਮਨੁੱਖ ਆਪਣੀ ਵਰਤਮਾਨ ਦਸ਼ਾ ਵਿਚ ਹੀ ਪੂਰਣ ਸੁਖ ਅਨੁਭਵ ਕਰਦਾ ਹੋਇਆ ਤ੍ਰਿਪਤ ਰਹਿੰਦਾ ਹੈ । ਭਾਰਤੀ ਦਰਸ਼ਨ ਅਤੇ ਸੰਸਕ੍ਰਿਤੀ ਵਿਚ ਸੰਤੋਖ ਨੂੰ ਸਦਾ ਮਹੱਤਵ ਦਿੱਤਾ ਜਾਂਦਾ ਰਿਹਾ ਹੈ । ‘ ਪਾਤੰਜਲ ਯੋਗਸੂਤ੍ਰ’ ਅਨੁਸਾਰ ਅਸ਼ਟਾਂਗ ਮਾਰਗ ਦੇ ਨਿਯਮਾਂ ਵਿਚ ਸੰਤੋਖ ਨੂੰ ਦੂਜਾ ਸਥਾਨ ਪ੍ਰਾਪਤ ਹੈ । ਉਥੇ ਇਸ ਤੋਂ ਭਾਵ ਹੈ ਕਰਤੱਵ ਕਰਮ ਦੀ ਪਾਲਨਾ ਕਰਦੇ ਹੋਇਆਂ , ਉਸ ਦਾ ਜੋ ਕੁਝ ਵੀ ਸਿੱਟਾ ਨਿਕਲੇ ਅਤੇ ਪ੍ਰਾਲਬਧ ਅਨੁਸਾਰ ਆਪਣੇ ਆਪ ਨੂੰ ਜੋ ਕੁਝ ਵੀ ਪ੍ਰਾਪਤ ਹੋਵੇ , ਉਸੇ ਵਿਚ ਤ੍ਰਿਪਤ ਰਹਿਣਾ ਅਤੇ ਕਿਸੇ ਪ੍ਰਕਾਰ ਦੀ ਕਾਮਨਾ , ਇੱਛਾ ਜਾਂ ਤ੍ਰਿਸ਼ਨਾ ਨ ਕਰਨਾ ‘ ਸੰਤੋਸ਼’ ਹੈ ।

                      ਧਿਆਨ ਰਹੇ ਕਿ ਗੁਰਮਤਿ ਵਿਚ ਸੰਤੋਸ਼ ਤੋਂ ਭਾਵ ਕਰਮਹੀਨਤਾ ਜਾਂ ਨਿਸ਼ਕਰਮਣਤਾ ਨਹੀਂ , ਸਗੋਂ ਉਹ ਅਵਸਥਾ ਹੈ ਜਦੋਂ ਭੌਤਿਕ ਪਦਾਰਥਾਂ ਨੂੰ ਚਾਹੁੰਣ ਦੀ ਕ੍ਰਿਆਸ਼ੀਲਤਾ ਆਪਣਾ ਰੁਖ ਅਧਿਆਤਮ-ਪਦਾਰਥਾਂ ਵਲ ਮੋੜ ਲੈਂਦੀ ਹੈ , ਜਿਸ ਦੇ ਫਲਸਰੂਪ ਸਾਧਕ ਨੂੰ ਸ੍ਰੇਸ਼ਠ ਸੁਖ ਦੀ ਪ੍ਰਾਪਤੀ ਹੁੰਦੀ ਹੈ ।

                      ਸੂਫ਼ੀ-ਮਤ ਵਿਚ ਵੀ ਸੰਤੋਖ ਦੇ ਸਮਾਨਾਂਤਰ ‘ ਸਬਰ’ ਦੀ ਬਿਰਤੀ ਦਾ ਸੂਫ਼ੀ-ਸਾਧਕ ਦੇ ਜੀਵਨ ਵਿਚ ਮਹੱਤਵ ਦਸਿਆ ਗਿਆ ਹੈ । ਇਸ ਨੂੰ ਸੂਫ਼ੀ-ਸਾਧਨਾ ਦਾ ਇਕ ਪੜਾ ਮੰਨਿਆ ਗਿਆ ਹੈ । ਇਸ ਬਿਰਤੀ ਦੇ ਫਲਸਰੂਪ ਸਾਧਕ ਦੁਨਿਆਵੀ ਸੁਖਾਂ ਸੁਵਿਧਾਵਾਂ ਦਾ ਤਿਆਗ ਕਰਕੇ ਫ਼ਕਰ ਦੀ ਅਵਸਥਾ ਵਿਚ ਪਹੁੰਚ ਜਾਂਦਾ ਹੈ , ਉਹ ਦੁਨਿਆਵੀ ਸੁਖਾਂ ਦੇ ਮੁਕਾਬਲੇ ਈਸ਼ਵਰ-ਪ੍ਰਾਪਤੀ ਨੂੰ ਉਚੇਰਾ ਸਮਝਣ ਲਗ ਜਾਂਦਾ ਹੈ । ਇਹ ਅਵਸਥਾ ਸਾਰੀਆਂ ਦੁਨਿਆਵੀ ਇੱਛਾਵਾਂ ਉਤੇ ਪ੍ਰਾਪਤ ਕੀਤੀ ਜਿਤ ਹੈ । ਸ਼ੇਖ਼ ਫ਼ਰੀਦ ਨੇ ਸਬਰ ਦੇ ਸਰਬਾਂਗੀ ਰੂਪ ਨੂੰ ਪੇਸ਼ ਕਰਦਿਆਂ ਕਿਹਾ ਹੈ ਕਿ ਜੇ ਮਨ ਸਬਰ ਦੀ ਕਮਾਣ ਹੋਵੇ ਅਤੇ ਸਬਰ ਦਾ ਹੀ ਚਿਲਾ ਹੋਵੇ ਅਤੇ ਸਬਰ ਦਾ ਬਾਣ ਇਸ ਕਮਾਣ ਉਤੇ ਚੜ੍ਹਾਇਆ ਗਿਆ ਹੋਵੇ ਤਾਂ ਪਰਮਾਤਮਾ ਉਸ ਤੀਰ ਨੂੰ ਨਿਸ਼ਾਨਿਓਂ ਚੁਕਣ ਨਹੀਂ ਦਿੰਦਾ , ਪਰਮ-ਪਦ ਦੀ ਪ੍ਰਾਪਤੀ ਅਵੱਸ਼ ਹੁੰਦੀ ਹੈ— ਸਬਰ ਮੰਝਿ ਕਮਾਣ ਸਬਰੁ ਕਾ ਨੀਹਣੋ ਸਬਰ ਸੰਦਾ ਬਾਣੁ ਖਾਲਕੁ ਖਤਾ ਕਰੀ ( ਗੁ.ਗ੍ਰੰ.1384 ) । ਇਸ ਬਿਰਤੀ ਨੂੰ ਜੀਵਨ ਵਿਚ ਢਾਲਦੇ ਹੋਇਆਂ ਫ਼ਰੀਦ ਜੀ ਨੇ ਦਸਿਆ ਹੈ— ਰੁਖੀ ਸੁਖੀ ਖਾਇ ਕੈ ਠੰਢਾ ਪਾਣੀ ਪੀਉ ਫਰੀਦਾ ਦੇਖਿ ਪਰਾਈ ਚੋਪੜੀ ਨਾ ਤਰਸਾਏ ਜੀਉ ( ਗੁ.ਗ੍ਰੰ.1379 ) ।

                      ਸੰਤੋਖ ਦੇ ਇਸ ਭਾਰਤੀ ਅਤੇ ਸਾਮੀ ਸੰਦਰਭ ਤੋਂ ਮਨੁੱਖੀ ਜੀਵਨ ਵਿਚ ਇਸ ਦੇ ਮਹੱਤਵ ਦੀ ਗੱਲ ਸਪੱਸ਼ਟ ਹੈ । ਗੁਰੂ ਸਾਹਿਬਾਨ ਨੇ ਵੀ ਆਪਣੇ ਢੰਗ ਨਾਲ ਮਾਨਵ ਜੀਵਨ ਵਿਚ ਇਸ ਦੇ ਮਹੱਤਵ ਉਤੇ ਵਿਸਥਾਰ ਸਹਿਤ ਪ੍ਰਕਾਸ਼ ਪਾਇਆ ਹੈ । ‘ ਸੁਖਮਨੀ ’ ਵਿਚ ਗੁਰੂ ਅਰਜਨ ਦੇਵ ਜੀ ਨੇ ਦਸਿਆ ਹੈ ਕਿ ਜਦ ਵਿਅਕਤੀ ਹਜ਼ਾਰ ਰੁਪਏ ਕਮਾ ਲੈਂਦਾ ਹੈ ਤਾਂ ਲਖ ਖਟਣ ਲਈ ਉਤਾਵਲਾ ਹੋ ਜਾਂਦਾ ਹੈ , ਉਹ ਮਾਇਆ ਨੂੰ ਇਕੱਠੀ ਕਰਨੋ ਤ੍ਰਿਪਤ ਨਹੀਂ ਹੁੰਦਾ , ਅਨੇਕ ਪ੍ਰਕਾਰ ਦੇ ਵਿਸ਼ੇ-ਭੋਗ ਕਰਨ’ ਤੇ ਵੀ ਨਹੀਂ ਰਜਦਾ ਅਤੇ ਖੁਆਰ ਹੋ ਕੇ ਮਰਦਾ ਹੈ । ਅਸਲ ਵਿਚ , ਸੰਤੋਖ ਧਾਰਣ ਕੀਤੇ ਬਿਨਾ ਕੋਈ ਵਿਅਕਤੀ ਤ੍ਰਿਪਤ ਨਹੀਂ ਹੋ ਸਕਦਾ ਅਤੇ ਉਸ ਦੇ ਸਾਰੇ ਕੰਮ-ਕਾਰ ਸੁਪਨੇ ਦੇ ਮਨੋਰਥ ਵਾਂਗ ਨਿਸਫਲ ਜਾਂਦੇ ਹਨ— ਸਹਸ ਖਟੇ ਲਖ ਕਉ ਉਠਿ ਧਾਵੈ ਤ੍ਰਿਪਤਿ ਆਵੈ ਮਾਇਆ ਪਾਛੈ ਪਾਵੈ ਅਨਿਕ ਭੋਗ ਬਿਖਿਆ ਕੇ ਕਰੈ ਨਹ ਤਿੑਪਤਾਵੈ ਖਪਿ ਖਪਿ ਮਰੈ ਬਿਨਾ ਸੰਤੋਖ ਨਹੀ ਕੋਊ ਰਾਜੈ ਸੁਪਨ ਮਨੋਰਥ ਬ੍ਰਿੑਥੇ ਸਭ ਕਾਜੈ ( ਗੁ.ਗ੍ਰੰ.278-79 ) ।

                      ਗੁਰੂ ਨਾਨਕ ਦੇਵ ਜੀ ‘ ਆਸਾ ਕੀ ਵਾਰ ’ ਵਿਚ ਸੰਤੋਖ ਧਾਰਣ ਕਰਨ ਵਾਲੇ ਜਿਗਿਆਸੂ ਦੇ ਵਿਅਕਤਿਤਵ ਨੂੰ ਸਪੱਸ਼ਟ ਕਰਦਿਆਂ ਕਹਿੰਦੇ ਹਨ ਕਿ ਪਰਮਾਤਮਾ ਦੀ ਅਰਾਧਨਾ ਕਰਨ ਵਾਲੇ ਸੰਤੋਖੀ ਸਾਧਕ ਹੀ ਸੇਵਾ ਵਿਚ ਸਫਲਤਾ ਪ੍ਰਾਪਤ ਕਰਦੇ ਹਨ , ਉਹ ਕਦੇ ਮੰਦੇ ਕੰਮਾਂ ਵਲ ਆਪਣੇ ਕਦਮ ਨਹੀਂ ਰਖਦੇ , ਸਦਾ ਚੰਗੇ ਕੰਮ ਕਰਦੇ ਹਨ , ਧਰਮ ਅਨੁਸਾਰੀ ਜੀਵਨ ਜੀਉਂਦੇ ਹਨ । ਉਨ੍ਹਾਂ ਨੇ ਦੁਨੀਆ ਦੇ ਮਾਇਕ ਪ੍ਰਪੰਚ ਅਤੇ ਬੰਧਨ ਤੋੜ ਦਿੱਤੇ ਹਨ ਅਤੇ ਸਦਾ ਅਲਪਾਹਾਰ ਕਰਦੇ ਹਨ । ਸਭ ਉਤੇ ਮਿਹਰਾਂ ਅਤੇ ਬਖ਼ਸ਼ਿਸ਼ਾਂ ਕਰਨ ਵਾਲੇ ਪਰਮਾਤਮਾ ਨੂੰ ਪ੍ਰਾਪਤ ਕਰਨ ਲਈ ਸੰਤੋਖੀ ਮਨੁੱਖ ਹੀ ਪ੍ਰਭੂ-ਉਸਤਤ ਰਾਹੀਂ ਸਫਲ ਹੁੰਦੇ ਹਨ— ਸੇਵ ਕੀਤੀ ਸੰਤੋਖੀਈਂ ਜਿਨ੍ਹੀ ਸਚੋ ਸਚੁ ਧਿਆਇਆ ਓਨ੍ਹੀ ਮੰਦੈ ਪੈਰੁ ਰਖਿਓ ਕਰਿ ਸੁਕ੍ਰਿਤੁ ਧਰਮੁ ਕਮਾਇਆ ਓਨ੍ਹੀ ਦੁਨੀਆ ਤੋੜੇ ਬੰਧਨਾ ਅੰਨੁ ਪਾਣੀ ਥੋੜਾ ਖਾਇਆ ਤੂੰ ਬਖਸੀਸੀ ਅਗਲਾ ਨਿਤ ਦੇਵਹਿ ਚੜਹਿ ਸਵਾਇਆ ਵਡਿਆਈ ਵਡਾ ਪਾਇਆ ( ਗੁ.ਗ੍ਰੰ.466-67 ) । ਗੁਰਬਾਣੀ ਵਿਚ ਸੰਤੋਖ ਨੂੰ ਸ੍ਰੇਸ਼ਠ ਕਰਨੀਆਂ ਵਿਚ ਵੀ ਸ਼ਾਮਲ ਕੀਤਾ ਗਿਆ ਹੈ— ਸਤੁ ਸੰਤੋਖੁ ਦਇਆ ਕਮਾਵੈ ਏਹ ਕਰਣੀ ਸਾਰ ( ਗੁ.ਗ੍ਰੰ.51 ) ।

                      ਬਿਰਤੀਆਂ ਦੇ ਪਰਿਵਾਰ ਦੀ ਕਲਪਨਾ ਕਰਦਿਆਂ ਗੁਰਬਾਣੀ ਵਿਚ ਗੁਰੂ ਦੀ ਮਤਿ ਨੂੰ ਮਾਤਾ , ਸੰਤੋਖ ਨੂੰ ਪਿਤਾ ਅਤੇ ਸਦਾਚਰਣ ਨੂੰ ਭਰਾ ਮੰਨਿਆ ਗਿਆ ਹੈ— ਮਾਤਾ ਮਤਿ ਪਿਤਾ ਸੰਤੋਖੁ ਸਤੁ ਭਾਈ ਕਰਿ ਏਹੁ ਵਿਸੇਖੁ ( ਗੁ.ਗ੍ਰੰ.151 ) । ਵਾਸਤਵਿਕ ਜਨੇਊ ਦਾ ਪਰਿਚਯ ਦਿੰਦਿਆਂ ਗੁਰੂ ਨਾਨਕ ਦੇਵ ਜੀ ਨੇ ਸੰਤੋਖ ਨੂੰ ਉਸ ਵਿਚਲਾ ਸੂਤਰ ਦਸਿਆ ਹੈ— ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ ( ਗੁ.ਗ੍ਰੰ. 471 ) ਅਤੇ ਜੋਗ ਦੇ ਸਹੀ ਰੂਪ ਨੂੰ ਪੇਸ਼ ਕਰਦਿਆਂ ਸੰਤੋਖ ਦੀਆਂ ਮੁੰਦਰਾਂ ਧਾਰਣ ਕਰਨ ਦਾ ਉਪਦੇਸ਼ ਦਿੱਤਾ ਹੈ— ਮੁੰਦਾ ਸੰਤੋਖੁ ਸਰਮੁ ਪਤੁ ਝੋਲੀ ਧਿਆਨ ਕੀ ਕਰਹਿ ਬਿਭੂਤਿ ( ਗੁ. ਗ੍ਰੰ.6 ) । ਹੋਰ ਵੀ ਕਈਆਂ ਪ੍ਰਸੰਗਾਂ ਵਿਚ ਰੂਪਾਤਮਕ ਵਿਧਾਨ ਰਾਹੀਂ ਸੰਤੋਖ ਦੇ ਮਹੱਤਵ ਦਾ ਪ੍ਰਤਿਪਾਦਨ ਹੋਇਆ ਹੈ । ਕਿਤੇ ਕਿਤੇ ਗੁਰੂ ਨੂੰ ਸੰਤੋਖ ਦਾ ਸਰੋਵਰ ਕਹਿ ਕੇ ਉਸ ਵਿਚ ਇਸ਼ਨਾਨ ਕਰਨ ਵਾਲਿਆਂ ਨੂੰ ਵਡਭਾਗੀ ਦਸਿਆ ਗਿਆ ਹੈ— ਜਿਨ ਕਉ ਲਿਖਿਤੁ ਲਿਖੇ ਧੁਰਿ ਮਸਤਕਿ ਤੇ ਗੁਰ ਸੰਤੋਖ ਸਰਿ ਨਾਤੇ ( ਗੁ.ਗ੍ਰੰ.169 ) । ਇਕ ਥਾਂ ਗੁਰੂ ਨੂੰ ਸੰਤੋਖ ਦਾ ਬ੍ਰਿਛ ਦਸ ਕੇ ਧਰਮ ਅਤੇ ਗਿਆਨ ਨੂੰ ਇਸ ਦੇ ਫੁਲ ਫਲ ਮੰਨਿਆ ਗਿਆ ਹੈ — ਨਾਨਕ ਗੁਰੁ ਸੰਤੋਖੁ ਰੁਖੁ ਧਰਮੁ ਫੁਲੁ ਫਲੁ ਗਿਆਨੁ ( ਗੁ.ਗ੍ਰੰ.147 ) ।

                      ਗੁਰਬਾਣੀ ਵਿਚ ਸੰਤੋਖ ਦੀ ਪ੍ਰਾਪਤੀ ਲਈ ਸ਼੍ਰਵਣ , ਸਤਿਸੰਗਤ , ਪ੍ਰੇਮ-ਭਾਵ , ਗੁਰੂ ਸੇਵਾ ਆਦਿ ਉਪਾ ਵੀ ਦਸੇ ਗਏ ਹਨ । ਸਦਾਚਰਣ ਅਤੇ ਸੰਤੋਖ ਦੀਆਂ ਬਿਰਤੀਆਂ ਧਾਰਣ ਕਰਕੇ ਕੀਤੀ ਅਰਦਾਸ ਅਵੱਸ਼ ਸੁਣੀ ਜਾਂਦੀ ਹੈ । ਸੰਤੋਖ ਦੀ ਅਵਸਥਾ ਵਿਚ ਪਹੁੰਚਿਆ ਪ੍ਰਾਣੀ ਦੁਬਿਧਾ ਤੋਂ ਮੁਕਤ ਹੋ ਕੇ ਇਕ ਪਰਮਾਤਮਾ ਦੀ ਟੇਕ ਰਖਦਾ ਹੋਇਆ ਇਹ ਸੰਸਾਰਿਕ ਯਾਤ੍ਰਾ ਸੰਪੰਨ ਕਰਦਾ ਹੈ— ਜੇਤਾ ਦੇਹਿ ਤੇਤਾ ਹਉ ਖਾਉ ਬਿਆ ਦਰੁ ਨਾਹੀ ਕੈ ਦਰਿ ਜਾਉ ( ਗੁ.ਗ੍ਰੰ.25 ) ।

                      ਗੁਰਬਾਣੀ ਦੇ ਵਿਆਖਿਆ-ਮੁਖੀ ਸਾਹਿਤ ਵਿਚ ਵੀ ‘ ਸੰਤੋਖ’ ਦੇ ਮਹੱਤਵ ਦੀ ਸਥਾਪਨਾ ਹੋਈ ਹੈ । ਗੁਰਬਾਣੀ ਦੇ ਸੁਪ੍ਰਸਿੱਧ ਵਿਆਖਿਆਕਾਰ ਭਾਈ ਗੁਰਦਾਸ ਨੇ ਆਪਣੀਆਂ ਵਾਰਾਂ ਵਿਚ ਸਿੱਖ ਦੇ ਆਚਰਣ ਦੇ ਪ੍ਰਸੰਗ ਵਿਚ ਸੰਤੋਖ ਦੀ ਆਵੱਸ਼ਕਤਾ ਉਤੇ ਬਲ ਦਿੱਤਾ ਹੈ । ਉਨ੍ਹਾਂ ਅਨੁਸਾਰ ਇਹ ਸ੍ਰੇਸ਼ਠ ਪਦਾਰਥ ਹਰ ਗੁਰਸਿੱਖ ਨੂੰ ਧਾਰਣ ਕਰਨਾ ਚਾਹੀਦਾ ਹੈ , ਕਿਉਂਕਿ ਇਹ ਪਰਮ-ਪਦ ਦੀ ਪ੍ਰਾਪਤੀ ਦੇ ਸਮਰਥ ਵਿਧਾਨਾਂ ਵਿਚੋਂ ਇਕ ਹੈ— ਸਤ ਸੰਤੋਖੁ ਦਇਆ ਧਰਮੁ ਅਰਥੁ ਸਮਰਥੁ ਸਭੋ ਬੰਧਾਨਾ ( 30/15 ) ।

                      ਜਨਮਸਾਖੀ ਜਾਂ ਸਾਖੀ-ਸਾਹਿਤ ਦੇ ਅਨੇਕ ਪ੍ਰਸੰਗਾਂ ਵਿਚ ਜਿਗਿਆਸੂ ਨੂੰ ਗੁਰੂ ਨਾਨਕ ਦੇਵ ਨੇ ਸੰਤੋਖ ਨੂੰ ਧਾਰਣ ਕਰਨ ਲਈ ਉਪਦੇਸ਼ ਦਿੱਤੇ ਹਨ ਕਿਉਂਕਿ ਗੁਰਮੁਖਤਾ ਦੀ ਅਵਸਥਾ ਜਾਂ ਸਹਿਜ ਬਿਰਤੀ ਨੂੰ ਪ੍ਰਾਪਤ ਕਰਨ ਦਾ ਇਹ ਇਕ ਮਹੱਤਵਪੂਰਣ ਅਤੇ ਅਚੁਕ ਸਾਧਨ ਹੈ ।

                      ਸਪੱਸ਼ਟ ਹੈ ਕਿ ਗੁਰਬਾਣੀ ਵਿਚ ‘ ਸੰਤੋਖ’ ਨੂੰ ਧਾਰਣ ਕਰਨ ਉਤੇ ਇਸ ਲਈ ਬਲ ਦਿੱਤਾ ਗਿਆ ਹੈ , ਕਿਉਂਕਿ ਇਸ ਨਾਲ ਜਿਗਿਆਸੂ ਸਰਵ-ਉਚ ਅਧਿਆਤਮਿਕ ਅਵਸਥਾ ਜਾਂ ਮੋਖ-ਪਦ ਨੂੰ ਪ੍ਰਾਪਤ ਕਰਦਾ ਹੈ । ਇਸ ਅਧਿਆਤਮਿਕ ਪ੍ਰਾਪਤੀ ਤੋਂ ਇਲਾਵਾ ਸੰਤੋਖ ਬਿਰਤੀ ਦੇ ਵਿਕਸਣ ਨਾਲ ਅਤ੍ਰਿਪਤੀ ਤੋਂ ਪੈਦਾ ਹੋਣ ਵਾਲੇ ਸਾਰੇ ਸਮਾਜਿਕ ਦੁਰਾਚਾਰ ਅਤੇ ਵਿਕਾਰ ਵੀ ਖ਼ਤਮ ਹੋ ਜਾਂਦੇ ਹਨ । ਇਸ ਤਰ੍ਹਾਂ ‘ ਸੰਤੋਖ’ ਦੀ ਦੋਹਰੀ ਉਪਯੋਗਤਾ ਹੈ— ਅਧਿਆਤਮਿਕ ਵੀ ਅਤੇ ਸਮਾਜਿਕ ਵੀ । ਸੰਤੁਸ਼ਟ ਵਿਅਕਤੀਆਂ ਨਾਲ ਸ੍ਰੇਸ਼ਠ ਸਮਾਜ ਦਾ ਵਿਧਾਨ ਹੁੰਦਾ ਹੈ ਅਤੇ ਸ੍ਰੇਸ਼ਠ ਸਮਾਜ ਹੀ ਕਿਸੇ ਦੇਸ਼ , ਰਾਸ਼ਟਰ ਜਾਂ ਜਾਤਿ ਦੀ ਸਦਾ ਮਹੱਤਵ-ਆਕਾਂਖਿਆ ਰਹੀ ਹੈ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4702, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਸੰਤੋਖ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਸੰਤੋਖ ( ਸੰ. । ਸੰਸਕ੍ਰਿਤ ਸੰਤੋਖ । ਤੁਖ਼ੑ = ਖੁਸ਼ ਹੋਣਾ , ਧਾਤੂ ਹੈ ) ਪ੍ਰਸੰਨ , ਜੋ ਪਰਮੇਸ਼ਰ ਨੇ ਦਿੱਤਾ ਹੋਵੇ ਉਸ ਪਰ ਪ੍ਰਸੰਨ ਰਹਿਣਾ , ਰੱਜ , ਸਬਰ । ਯਥਾ-‘ ਬਿਨਾ ਸੰਤੋਖ ਨਹੀ ਕੋਊ ਰਾਜੈ ’ ਸੰਤੋਖ ਤੋਂ ਬਿਨਾ ਕੋਈ ਖੁਸ਼ੀ ਨਹੀਂ ਯਾ ਕੋਈ ਰਜਿਆ ਨਹੀਂ ।

ਦੇਖੋ , ‘ ਸੰਤੋਖ ਗੁਰ ਸਰਾ’ ‘ ਸੰਤੋਖੁ ਮੜੀ ’


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 4702, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਸੰਤੋਖ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੰਤੋਖ . ਸੰ. सन्तेाषिन्. ਵਿ— ਸੰਤੋਖ ਵਾਲਾ. ਸਾਬਰ. ਲੋਭ ਦਾ ਤਿਆਗੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4759, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-24, ਹਵਾਲੇ/ਟਿੱਪਣੀਆਂ: no

ਸੰਤੋਖ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਸੰਤੋਖ : ਇਸ ਦੇ ਸ਼ਾਬਦਿਕ ਅਰਥ ‘ ਸਬਰ’ ਜਾਂ ‘ ਲੋਭ ਦਾ ਤਿਆਗ’ ਹਨ । ਇਹ ਸ਼ਬਦ ਸੰਸਕ੍ਰਿਤ ਦੇ ਸ਼ਬਦ ‘ संतोष’ ਦਾ ਤਦਭਵ ਹੈ ਜਿਸ ਦੇ ਅਰਥ ਤ੍ਰਿਪਤੀ ਹਨ । ਆਪਣੀਆਂ ਇੱਛਾਵਾਂ ਜਾਂ ਜ਼ਰੂਰਤਾਂ ਦੇ ਘੇਰੇ ਨੂੰ ਪਰਮਾਤਮਾ ਉੱਪਰ ਭਰੋਸਾ ਕਰਦਿਆਂ , ਸੀਮਤ ਕਰਨ ਨੂੰ ਹੀ ‘ ਸੰਤੋਖ’ ਕਿਹਾ ਜਾਂਦਾ ਹੈ । ਸਭ ਕੁੱਝ ਕੋਲ ਹੁੰਦਿਆਂ ਇੱਛਾਵਾਂ ਨੂੰ ਸੀਮਤ ਰਖ ਕੇ ਚਲਣਾ ਸੰਤੋਖੀ ਦਾ ਬਹੁਤ ਵੱਡਾ ਚਿੰਨ੍ਹ ਹੁੰਦਾ ਹੈ ਪਰ ਇਸ ਨੂੰ ਕੰਜੂਸੀ ਨਾਲ ਜੋੜਨਾ ਠੀਕ ਨਹੀਂ । ਇਕ ਗ਼ਰੀਬ ਵਿਅਕਤੀ ਅੰਦਰ ਵੀ ਸੰਤੋਖ ਹੋ ਸਕਦਾ ਹੈ ਕਿਉਂਕਿ ਇਸ ਦਾ ਸਬੰਧ ਮਨੁੱਖ ਦੀ ਅੰਦਰਲੀ ਅਵਸਥਾ ਨਾਲ ਹੈ । ਇਹ ਅਵਸਥਾ ਉਹ ਹੈ ਜਿਸ ਵਿਚ ਮਨੁੱਖ ਆਪਣੇ ਆਪ ਨਾਲ ਅਤੇ ਦੁਨੀਆ ਨਾਲ ਅਜਿਹਾ ਤਾਲਮੇਲ ਪੈਦਾ ਕਰਦਾ ਹੈ ਜਿਸ ਨਾਲ ਉਸ ਨੂੰ ਖੁਸ਼ੀ ਅਤੇ ਤਸੱਲੀ ਦਾ ਅਹਿਸਾਸ ਹੁੰਦਾ ਹੈ ।

              ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੰਤੋਖ ਦਾ ਸਬੰਧ ਧਰਮ ਅਤੇ ਦਇਆ ਨਾਲ ਮੰਨਿਆ ਹੈ । ਉਨ੍ਹਾਂ ਅਨੁਸਾਰ , ਧਰਮ ਦੀ ਉਤਪਤੀ ਸੰਤੋਖ ਪਿਤਾ ਅਤੇ ਦਇਆ ਦੇ ਮੇਲ ਤੋਂ ਮੰਨੀ ਜਾਂਦੀ ਹੈ । ਸ੍ਰੀ ਗੁਰੂ ਰਾਮਦਾਸ ਜੀ ਨੇ ‘ ਸੰਤੋਖ’ ਨੂੰ ਪਿਤਾ ਕਿਹਾ ਹੈ ।

              ਜੀਵਨ ਦੇ ਉਚੇ ਰੇ ਉਦੇਸ਼ਾਂ ਦੀ ਪ੍ਰਾਪਤੀ ਲਈ ਸੰਤੋਖ ਦਾ ਹੋਣਾ ਜ਼ਰੂਰੀ ਹੈ । ਇਸ ਗੱਲ ਵੱਲ ਸਾਰੇ ਮਹਾਨ ਚਿੰਤਕਾਂ ਨੇ ਧਿਆਨ ਦਵਾਇਆ ਹੈ । ਉਰਦੂ ਵਿਚ ਸੰਤੋਖ ਨੂੰ ‘ ਕਨਾਅਤ’ ਕਿਹਾ ਜਾਂਦਾ ਹੈ । ਇਸਲਾਮੀ ਵਿਚਾਰਧਾਰਾ ਅਨੁਸਾਰ ‘ ਕਨਾਅਤ’ ਤੋਂ ਭਾਵ ਆਪਣੀਆਂ ਖ਼ਾਹਸ਼ਾਂ ਉੱਪਰ ਕਾਬੂ ਪਾਉਣਾ , ਆਪਣੀਆਂ ਲੋੜਾਂ ਨੂੰ ਘਟਾਉਣਾ , ਹੱਕਾਂ ਦੀ ਅਦਾਇਗੀ , ਮੁਸ਼ਕਲਾਂ ਨੂੰ ਹੱਸ ਕੇ ਬਰਦਾਸ਼ਤ ਕਰਨਾ ਆਦਿ ਹਨ ।

              ਸੰਤੋਖ ਦੇ ਵਿਸ਼ਾਲ ਅਰਥ ਰੱਬ ਦੀ ਰਜ਼ਾ ਵਿਚ ਚਲਣਾ ਹਨ ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1076, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-11-13-04-52-47, ਹਵਾਲੇ/ਟਿੱਪਣੀਆਂ: ਹ. ਪੁ.–ਮ. ਕੋ.:244; ਹੂ ਇਜ਼ ਏ ਮੁਸਲਿਮ: 43

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.