ਹਰਸ਼ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਹਰਸ਼ : ਸੰਸਕ੍ਰਿਤ ਸਾਹਿਤ ਵਿੱਚ ਪਹਿਲੀ ਕਤਾਰ ਦੇ ਕਵੀਆਂ ਦੀ ਸ਼੍ਰੇਣੀ ਵਿੱਚ ਹਰਸ਼ ਇੱਕ ਅਤਿ ਸਤਿਕਾਰਿਤ ਕਵੀ ਮੰਨਿਆ ਜਾਂਦਾ ਹੈ। ਮਹਾਂਕਵੀ ਭਾਰਵੀ ਅਤੇ ਸ਼ਿਸ਼ੁਪਾਲ ਵਧ ਦੇ ਰਚੈਤਾ ਮਾਘ ਤੋਂ ਮਗਰੋਂ ਮਹਾਂਕਵੀਆਂ ਦੀ ਪਰੰਪਰਾ ਵਿੱਚ ਕਲਪਨਾ ਦੀ ਉੱਚੀ ਉਡਾਣ, ਸ਼ਿੰਗਾਰ ਦੇ ਵਿਭਿੰਨ ਵਿਲਾਸ ਵਰਣਨ ਅਤੇ ਵਿਲੱਖਣ ਵਿਦਵਤਾ ਦੀ ਦ੍ਰਿਸ਼ਟੀ ਤੋਂ ਹਰਸ਼ ਰਚਿਤ ਨੈਸ਼ਧੀਯਚਰਿਤ ਇੱਕ ਨਵੇਕਲਾ ਮਹਾਂਕਾਵਿ ਮੰਨਿਆ ਜਾਂਦਾ ਹੈ।
ਹਰਸ਼ ਦੇ ਜੀਵਨ ਬਿਰਤਾਂਤ ਅਤੇ ਸਮੇਂ ਦੇ ਬਾਰੇ ਕੋਈ ਵਾਦ-ਵਿਵਾਦ ਨਹੀਂ ਹੈ ਕਿਉਂਕਿ ਕਵੀ ਨੇ ਆਪਣੀ ਪ੍ਰਸਿੱਧ ਰਚਨਾ ਨੈਸ਼ਧੀਯਚਰਿਤ ਮਹਾਂਕਾਵਿ ਦੇ ਹਰ ਵਰਗ ਦੇ ਅਖੀਰਲੇ ਸਲੋਕਾਂ ਵਿੱਚ ਆਪਣੇ ਮਾਤਾ-ਪਿਤਾ, ਆਪਣੀਆਂ ਰਚਨਾਵਾਂ ਅਤੇ ਆਪਣੇ ਆਸਰੇ-ਦਾਤਾ ਦਾ ਸਪਸ਼ਟ ਸੰਕੇਤ ਦਿੱਤਾ ਹੈ। ਇਸ ਤੋਂ ਇਲਾਵਾ ਰਾਜਸ਼ੇਖਰ ਸੂਰੀ (1348) ਨੇ ਆਪਣੇ ਪ੍ਰਬੰਧ ਕੋਸ਼ ਵਿੱਚ ਹਰਸ਼ ਦਾ ਸੰਖਿਪਤ ਜੀਵਨ ਬਿਰਤਾਂਤ ਵਰਣਨ ਕੀਤਾ ਹੈ। ਉਕਤ ਗ੍ਰੰਥਾਂ ਦੇ ਆਧਾਰ ਤੇ ਇਹ ਕਿਹਾ ਜਾ ਸਕਦਾ ਹੈ ਕਿ ਲੇਖਕ ਦੇ ਪਿਤਾ ਦਾ ਨਾਂ ਹੀਰ ਅਤੇ ਮਾਤਾ ਮਾਮੱਲ ਦੇਵੀ ਸੀ, ਨਾਲ ਹੀ ਕਨੌਜ ਦੇ ਰਾਜਾ ਵਿਜੈ ਚੰਦਰ ਅਤੇ ਉਸ ਦੇ ਪੁੱਤਰ ਜੈ ਚੰਦ ਰਾਜ-ਸਭਾ ਦੇ ਪ੍ਰਧਾਨ ਪੰਡਤ ਸਨ। ਇਸ ਰਾਜਾ ਜੈ ਚੰਦ ਨੇ ਦਿੱਲੀ ਦੇ ਰਾਜਾ ਪ੍ਰਿਥਵੀ ਰਾਜ ਚੌਹਾਨ ਨੂੰ ਯੁੱਧ ਵਿੱਚ ਹਰਾਇਆ ਸੀ। ਇਹਨਾਂ ਰਾਜਿਆਂ ਦਾ ਸਮਾਂ 1168 ਤੋਂ 1195 ਮੰਨਿਆ ਗਿਆ ਹੈ। ਇਸ ਕਰ ਕੇ ਹਰਸ਼ ਦਾ ਸਮਾਂ ਵੀ ਬਾਰ੍ਹਵੀਂ ਸਦੀ ਦਾ ਪਿਛਲਾ ਹਿੱਸਾ ਮੰਨਣ ਵਿੱਚ ਕੋਈ ਸੰਕੋਚ ਨਹੀਂ ਕੀਤਾ ਜਾ ਸਕਦਾ।
ਹਰਸ਼ ਦੀ ਪ੍ਰਬਲ ਕਾਵਿ-ਸ਼ਕਤੀ ਅਤੇ ਵਿਦਵਤਾ ਦੇ ਸੰਬੰਧ ਵਿੱਚ ਇੱਕ ਦੰਤ-ਕਥਾ ਪ੍ਰਚਲਿਤ ਹੈ, ਜਿਸ ਅਨੁਸਾਰ ਹਰਸ਼ ਦੇ ਪਿਤਾ ਹੀਰ ਦਾ ਪ੍ਰਸਿੱਧ ਨਿਆਂਇਕ ਉਦਯਨਾਚਾਰਯ ਦੇ ਨਾਲ ਦਾਰਸ਼ਨਿਕ ਦ੍ਰਿਸ਼ਟੀ ਤੋਂ ਸ਼ਾਸਤ੍ਰਾਰਥ (ਭਾਵ ਸ਼ਾਸਤਰਾਂ ਸੰਬੰਧੀ ਵਾਦ-ਵਿਵਾਦ) ਹੋਇਆ ਜਿਸ ਵਿੱਚ ਹੀਰ ਦੀ ਹਾਰ ਹੋਈ। ਹੀਰ ਇਸ ਅਨਾਦਰ ਨੂੰ ਸਹਿਨ ਨਾ ਕਰ ਸਕਿਆ ਅਤੇ ਸਵਰਗ ਸਿਧਾਰ ਗਿਆ। ਮਰਦੇ ਵਕਤ ਉਸ ਨੇ ਆਪਣੇ ਪੁੱਤਰ ਨੂੰ ਉਦਯਨਾਚਾਰਯ ਤੋਂ ਆਪਣੇ ਅਪਮਾਨ ਦਾ ਬਦਲਾ ਲੈਣ ਦੀ ਪ੍ਰਤਿੱਗਿਆ ਕਰਵਾਈ। ਇਸ ਉਪਰੰਤ ਹਰਸ਼ ਨੇ ਦਰਸ਼ਨ ਸ਼ਾਸਤਰ ਦਾ ਕਠਨ ਅਧਿਐਨ ਕੀਤਾ ਅਤੇ ਗੰਗਾ ਦੇ ਕਿਨਾਰੇ ਤ੍ਰਿਪੁਰਾ ਨਾਂ ਦੀ ਦੇਵੀ ਦੀ ਇੱਕ ਸਾਲ ਤੱਕ ਕਠੋਰ ਤਪੱਸਿਆ ਕਰ ਕੇ ਉਸ ਤੋਂ ਮਹਾਨ ਵਿਦਵਾਨ ਹੋਣ ਦਾ ਵਰਦਾਨ ਪ੍ਰਾਪਤ ਕੀਤਾ।
ਰਾਜਸ਼ੇਖਰ ਸੂਰੀ ਦਾ ਕਹਿਣਾ ਹੈ ਕਿ ਹਰਸ਼ ਨੇ ਸੌ ਤੋਂ ਵੱਧ ਗ੍ਰੰਥਾਂ ਦੀ ਰਚਨਾ ਕੀਤੀ ਪਰੰਤੂ ਇਹਨਾਂ ਗ੍ਰੰਥਾਂ ਦੇ ਨਾ ਤਾਂ ਕਿਧਰੇ ਨਾਂ ਹੀ ਮਿਲਦੇ ਹਨ ਅਤੇ ਨਾ ਹੀ ਕੋਈ ਹੋਰ ਪ੍ਰਮਾਣ ਉਪਲਬਧ ਹਨ। ਵਿਦਵਾਨਾਂ ਨੇ ਸਿਰਫ਼ ਦਸ ਰਚਨਾਵਾਂ; ਨੈਸ਼ਧੀਯਚਰਿਤ, ਸਥੈਰਯਵਿਚਾਰਪ੍ਰਕਰਣ, ਵਿਜੈਪ੍ਰਸ਼ਸਤਿ, ਖੰਡਨਖੰਡਖਾਦਿ, ਗੋਡੋਰਵੀਕੁਲਪ੍ਰਸ਼ਸਤਿ, ਅਰਣਵਵਰਣਨ, ਛਿਨਦਪ੍ਰਸ਼ਸਤਿ, ਸ਼ਿਵਸ਼ਕਤੀਸਿੱਧੀ, ਨਵਸਾਹਸਾਂਕਚਰਿਤਚੰਪੂ ਅਤੇ ਈਸ਼ਵਰਾਭਿਸੰਧੀ, ਨੂੰ ਹੀ ਹਰਸ਼ ਦੀਆਂ ਸਵੀਕਾਰ ਕੀਤਾ ਹੈ।
ਉਕਤ ਰਚਨਾਵਾਂ ਵਿੱਚੋਂ ਸਿਰਫ਼ ਖੰਡਨਖੰਡਖਾਦਿ ਅਤੇ ਨੈਸ਼ਧੀਯਚਰਿਤ (ਮਹਾਂਕਾਵਿ) ਹੀ ਪ੍ਰਾਪਤ ਹਨ। ਬਾਕੀ ਰਚਨਾਵਾਂ ਦੀਆਂ ਹੱਥ ਲਿਖਤਾਂ ਵੀ ਕਿਧਰੇ ਪ੍ਰਾਪਤ ਨਹੀਂ ਹੁੰਦੀਆਂ। ਖੰਡਨਖੰਡਖਾਦਿ ਅਦ੍ਵੈਤ ਵੇਦਾਂਤ ਦਾ ਇੱਕ ਪ੍ਰਸਿੱਧ ਦਾਰਸ਼ਨਿਕ ਗ੍ਰੰਥ ਹੈ ਜਿਸ ਵਿੱਚ ਕਵੀ ਨੇ ਨਿਆਂਇਕ ਤਰਕ-ਸ਼ੈਲੀ ਰਾਹੀਂ ਨਿਆਏ ਦੇ ਸਿਧਾਂਤ ਦਾ ਖੰਡਨ ਅਤੇ ਅਦ੍ਵੈਤ ਵੇਦਾਂਤ ਦੇ ਸਿਧਾਂਤ ਦੀ ਸਥਾਪਨਾ ਕੀਤੀ ਹੈ।
ਮਹਾਂਕਵੀ ਦੁਆਰਾ ਲਿਖੀਆਂ ਗਈਆਂ ਅਤੇ ਪ੍ਰਾਪਤ ਰਚਨਾਵਾਂ ਵਿਚੋਂ ਨੈਸ਼ਧੀਯਚਰਿਤ ਮਹਾਂਕਾਵਿ ਨੂੰ ਹੀ ਸਰਬ ਸ੍ਰੇਸ਼ਠ ਸਥਾਨ ਪ੍ਰਾਪਤ ਹੈ। ਮਹਾਂਕਾਵਿ ਦੇ 22 ਸਰਗਾਂ ਵਿੱਚ 2830 ਸਲੋਕ ਹਨ। ਕਥਾ-ਵਸਤੂ ਦਾ ਮੂਲ ਆਧਾਰ ਮਹਾਂਭਾਰਤ ਦਾ ਨਲੋਪਾਖਿਆਨ ਹੈ ਕਿੰਤੂ ਕਵੀ ਨੇ ਇਸ ਆਖਿਆਨ ਦੀ ਸੰਪੂਰਨ ਕਥਾ ਨੂੰ ਸਵੀਕਾਰ ਨਾ ਕਰ ਕੇ ‘ਨਲ-ਦਮਯੰਤੀ’ ਦੇ ਪ੍ਰੇਮ ਦੀ ਕਥਾ ਤੋਂ ਸ਼ੁਰੂ ਕਰ ਕੇ ਵਿਆਹ ਤੱਕ ਦੇ ਸ਼ਿੰਗਾਰ-ਵਿਲਾਸਾਂ ਦਾ ਵਰਣਨ ਕਰਨ ਉਪਰੰਤ ਕਥਾ ਨੂੰ ਸਮਾਪਤ ਕੀਤਾ ਹੈ। ਇਸ ਦੀ ਸਰਗਾਂ ਅਨੁਸਾਰ ਸੰਖਿਪਤ ਕਥਾ ਹੇਠਾਂ ਦਿੱਤੀ ਜਾ ਰਹੀ ਹੈ :
ਕਾਵਿ ਦਾ ਪਹਿਲਾ ਸਰਗ ਰਾਜਾ ‘ਨਲ’ ਦੇ ਗੁਣਾਂ ਦੇ ਵਿਆਖਿਆਨ ਤੋਂ ਅਰੰਭ ਹੁੰਦਾ ਹੈ। ਉਸ ਨੂੰ ‘ਦਮਯੰਤੀ’ ਦੇ ਅਤਿ ਸੁੰਦਰ ਰੂਪ ਦੀ ਜਾਣਕਾਰੀ ਮਿਲਦੀ ਹੈ। ਉਹ ਉਸ ਦੇ ਪਿਤਾ ਤੋਂ ਉਸ (ਦਮਯੰਤੀ) ਦੇ ਰਿਸ਼ਤੇ ਦੀ ਮੰਗ ਨਾ ਕਰ ਕੇ, ਬਿਰਹਾ ਦੇ ਦੁੱਖ ਨੂੰ ਦੂਰ ਕਰਨ ਹਿਤ ਆਪਣੇ ਰਾਜ ਵਿੱਚ ਸਥਿਤ ਇੱਕ ਸੁੰਦਰ ਜੰਗਲ ਵਿੱਚ ਚੱਲਾ ਜਾਂਦਾ ਹੈ। ਜੰਗਲ ਵਿੱਚ ਸਰੋਵਰ ਦੇ ਕਿਨਾਰੇ ਇੱਕ ਸੁੰਦਰ ਹੰਸ ਨੂੰ ਦੇਖ ਕੇ ‘ਨਲ’ ਉਸ ਹੰਸ ਨੂੰ ਪਕੜ ਲੈਂਦਾ ਹੈ ਅਤੇ ਬਾਅਦ ਵਿੱਚ ਉਸ ਦੀ ਤਰਸਯੋਗ ਹਾਲਤ ਵੇਖ ਕੇ ਉਸ ਨੂੰ ਛੱਡ ਦਿੰਦਾ ਹੈ।
ਦੂਸਰੇ ਸਰਗ ਵਿੱਚ ਹੰਸ ਅਤੇ ਸੁੰਦਰੀ ‘ਦਮਯੰਤੀ’ ਦਾ ਵਰਣਨ ਕਰਦਾ ਹੋਇਆ ਇਹ ਦੱਸਦਾ ਹੈ ਕਿ ‘ਦਮਯੰਤੀ’ ਦੇ ਦਿਲ ਵਿੱਚ ‘ਨਲ’ ਦੇ ਪ੍ਰਤਿ ਅਨੁਰਾਗ ਦੀ ਭਾਵਨਾ ਹੈ। ਰਾਜਾ ਹੰਸ ਨੂੰ ਆਪਣਾ ਸੰਦੇਸ਼ ਦੇ ਕੇ ਕੁੰਡਿਨਪੁਰ ਜਾਣ ਦੀ ਬੇਨਤੀ ਕਰਦਾ ਹੈ।
ਤੀਸਰੇ ਸਰਗ ਵਿੱਚ ਹੰਸ ਸੈਰ ਕਰਦਾ ਹੋਇਆ ‘ਦਮਯੰਤੀ’ ਦੇ ਬਿਲਕੁਲ ਨੇੜੇ ਚੱਲਾ ਜਾਂਦਾ ਹੈ। ‘ਦਮਯੰਤੀ’ ਉਸ ਨੂੰ ਪਕੜਨ ਦੀ ਕੋਸ਼ਿਸ਼ ਕਰਦੀ ਹੈ। ਹੰਸ ਉਸ ਨੂੰ ਇੱਕ ਸੁੰਞੇ ਸਥਾਨ ਤੇ ਲੈ ਜਾਂਦਾ ਹੈ ਅਤੇ ਆਪਣੀ ਪਛਾਣ ਦੱਸਦਾ ਹੋਇਆ ਰਾਜਾ ‘ਨਲ’ ਦੇ ਚੰਗੇ ਗੁਣਾਂ ਅਤੇ ਉਸ ਦੀ ਸੁੰਦਰਤਾ ਦਾ ਵਰਣਨ ਕਰਦਾ ਹੈ। ‘ਦਮਯੰਤੀ’ ਵੀ ‘ਨਲ’ ਦੇ ਪ੍ਰਤਿ ਆਪਣਾ ਪ੍ਰੇਮ ਪ੍ਰਗਟ ਕਰਦੀ ਹੈ। ਹੰਸ ਵਾਪਸ ‘ਨਲ’ ਕੋਲ ਆ ਕੇ ਆਪਣੀ ਸਫਲਤਾ ਦੀ ਸੂਚਨਾ ਦਿੰਦਾ ਹੈ।
ਚੌਥੇ ਸਰਗ ਵਿੱਚ ‘ਦਮਯੰਤੀ’ ਰਾਜਾ ‘ਨਲ’ ਨੂੰ ਮਿਲਣ ਲਈ ਬਹੁਤ ਵਿਆਕੁਲ ਦਿਖਾਈ ਦਿੰਦਾ ਹੈ। ਉਸ ਦਾ ਪਿਤਾ ਆਪਣੀ ਸਪੁੱਤਰੀ ਦੀ ਇਹ ਹਾਲਤ ਦੇਖ ਕੇ ਸੁਵੰਬਰ ਰਚਾਉਣ ਦਾ ਫ਼ੈਸਲਾ ਕਰਦਾ ਹੈ।
ਪੰਜਵੇਂ ਸਰਗ ਵਿੱਚ ਦੱਸਿਆ ਗਿਆ ਹੈ ਕਿ ਦੇਵ-ਲੋਕ ਵਿੱਚ ਨਾਰਦ ਵੀ ਇੰਦਰ ਅਤੇ ਦੇਵਤਿਆਂ ਕੋਲ ਜਾ ਕੇ ਉਹਨਾਂ ਨੂੰ ‘ਦਮਯੰਤੀ’ ਦੇ ਸੁੰਦਰ ਰੂਪ ਅਤੇ ਸੁਵੰਬਰ ਦੀ ਸੂਚਨਾ ਦਿੰਦਾ ਹੈ, ਜਿਸ ਨੂੰ ਸੁਣ ਕੇ ਇੰਦਰ, ਅਗਨੀ, ਯਮ ਅਤੇ ਵਰੁਣ ਦੇਵਤੇ ਵੀ ਪ੍ਰਿਥਵੀ ਲੋਕ `ਤੇ ਆ ਕੇ ਸੁਵੰਬਰ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ। ਰਸਤੇ ਵਿੱਚ ਰਾਜਾ ‘ਨਲ’ ਕੁੰਡਿਨਪੁਰ ਜਾਂਦਾ ਹੋਇਆ ਮਿਲ ਜਾਂਦਾ ਹੈ। ਦੇਵਤੇ ‘ਨਲ’ ਨੂੰ ਆਪਣਾ ਸੰਦੇਸ਼ ਦੇ ਕੇ ‘ਦਮਯੰਤੀ’ ਕੋਲ ਭੇਜਣਾ ਚਾਹੁੰਦੇ ਹਨ ਕਿ ਸਾਡੇ ਚੌਹਾਂ ਦੇਵਤਿਆਂ ਵਿੱਚੋਂ ਕਿਸੇ ਇੱਕ ਨੂੰ ‘ਦਮਯੰਤੀ’ ਪਤੀ ਰੂਪ ਵਿੱਚ ਸਵੀਕਾਰ ਕਰੇ। ਰਾਜਾ ‘ਨਲ’ ਦੱਸਦਾ ਹੈ ਕਿ ਉਹ ‘ਦਮਯੰਤੀ’ ਨੂੰ ਬਹੁਤ ਪਿਆਰ ਕਰਦਾ ਹੈ ਅਤੇ ਦਮਯੰਤੀ ਵੀ ਉਸ ਤੋਂ ਬਿਨਾਂ ਨਹੀਂ ਰਹਿ ਸਕਦੀ। ਪਰ ਦੇਵਤੇ ਉਸ ਨੂੰ ਆਪਣਾ ਸੰਦੇਸ਼ ਲੈ ਜਾਣ ਲਈ ਮਜਬੂਰ ਕਰਦੇ ਹਨ। ਇੰਦਰ ਦੇ ਪ੍ਰਭਾਵ ਕਾਰਨ ਰਾਜਾ ‘ਨਲ’ ਨੂੰ ਅਦ੍ਰਿਸ਼ ਹੋਣ ਦੀ ਸ਼ਕਤੀ ਪ੍ਰਾਪਤ ਹੋ ਜਾਂਦੀ ਹੈ।
ਛੇਵੇਂ ਸਰਗ ਵਿੱਚ ਅਦ੍ਰਿਸ਼ ‘ਨਲ’ ‘ਦਮਯੰਤੀ’ ਦੇ ਮਹਿਲ ਵਿੱਚ ਪੁੱਜਦਾ ਹੈ। ਉੱਥੇ ਦੇਵਤਿਆਂ ਦੀਆਂ ਦੂਤੀਆਂ ‘ਦਮਯੰਤੀ’ ਅਤੇ ਕਿਸੇ ਇੱਕ ਦੇਵ ਨੂੰ ਪਤੀ ਰੂਪ ਵਿੱਚ ਸਵੀਕਾਰ ਕਰਨ ਲਈ ਬੇਨਤੀ ਕਰਦੀਆਂ ਹਨ ਪਰ ‘ਦਮਯੰਤੀ` ਸਭ ਨੂੰ ਮਨ੍ਹਾ ਕਰ ਦਿੰਦੀ ਹੈ।
ਸੱਤਵੇਂ ਸਰਗ ਵਿੱਚ ਰਾਜਾ ‘ਨਲ’ ‘ਦਮਯੰਤੀ’ ਦੀ ਸੁੰਦਰਤਾ ਨੂੰ ਵੇਖਦਾ ਹੈ। ਇਸ ਅੰਕ ਵਿੱਚ ‘ਦਮਯੰਤੀ’ ਦੇ ਰੂਪ ਦੀ ਸੁੰਦਰਤਾ ਦਾ ਬਹੁਤ ਸੁੰਦਰ ਵਰਣਨ ਕੀਤਾ ਗਿਆ ਹੈ।
ਅੱਠਵੇਂ ਸਰਗ ਵਿੱਚ ਰਾਜਾ ‘ਨਲ’ ਆਪਣੇ ਸਰੂਪ ਨੂੰ ਪ੍ਰਗਟ ਕਰਦਾ ਹੈ। ‘ਦਮਯੰਤੀ’ ਅਤੇ ਉਸ ਦੀਆਂ ਸਹੇਲੀਆਂ ‘ਨਲ’ ਦੇ ਰੂਪ ਅਤੇ ਸੁੰਦਰਤਾ ਨੂੰ ਵੇਖ ਕੇ ਹੈਰਾਨ ਹੋ ਜਾਂਦੀਆਂ ਹਨ। ਰਾਜਾ ‘ਨਲ’ ਆਪਣੇ-ਆਪ ਨੂੰ ਦੇਵਦੂਤ ਦੱਸਦਾ ਹੈ ਅਤੇ ਚੌਹਾਂ ਦੇਵਤਿਆਂ ਵਿੱਚੋਂ ਕਿਸੇ ਇੱਕ ਨੂੰ ਪਤੀ ਰੂਪ ਵਿੱਚ ਸਵੀਕਾਰ ਕਰਨ ਲਈ ਬੇਨਤੀ ਕਰਦਾ ਹੈ।
‘ਦਮਯੰਤੀ’ ਕਿਸੇ ਵੀ ਦੇਵ ਨੂੰ ਪਤੀ ਰੂਪ ਵਿੱਚ ਸਵੀਕਾਰ ਨਾ ਕਰਨ ਦਾ ਆਪਣਾ ਦ੍ਰਿੜ੍ਹ ਇਰਾਦਾ ਸੁਣਾਂਦੀ ਹੈ ਅਤੇ ‘ਨਲ’ ਅਗੇ ਸੁਵੰਬਰ ਵਿੱਚ ਆਉਣ ਲਈ ਬੇਨਤੀ ਕਰਦੀ ਹੈ।
ਸੁਵੰਬਰ ਅਰੰਭ ਹੁੰਦਾ ਹੈ। ਇੰਦਰ ਆਦਿ ਦੇਵਤਾ ‘ਨਲ’ ਦੇ ਭੇਸ ਵਿੱਚ ਸੁਵੰਬਰ ਵਿੱਚ ਪੁੱਜਦੇ ਹਨ।
ਸਰਸਵਤੀ ਸਾਰੇ ਰਾਜਿਆਂ ਦੀ ਜਾਣ-ਪਛਾਣ ਕਰਵਾਉਂਦੀ ਹੈ। ‘ਦਮਯੰਤੀ’ ਉੱਥੇ ਪੰਜ ‘ਨਲਾਂ’ ਨੂੰ ਵੇਖ ਕੇ ਹੈਰਾਨ ਹੁੰਦੀ ਹੈ।
ਸਰਸਵਤੀ ਪੰਜ ‘ਨਲਾਂ’ ਦੀ ਜਾਣ-ਪਛਾਣ ਬੜੀ ਔਖੀ ਸ਼ੈਲੀ ਵਿੱਚ ਕਰਵਾਉਂਦੀ ਹੈ। ‘ਦਮਯੰਤੀ’ ਦੇਵਤਿਆਂ ਅਤੇ ‘ਨਲ’ ਵਿੱਚ ਭੇਦ ਨਾ ਕਰ ਸਕਣ ਕਾਰਨ ਦੁਖੀ ਹੁੰਦੀ ਹੈ।
‘ਦਮਯੰਤੀ’ ਮਨ ਹੀ ਮਨ ਦੇਵਤਿਆਂ ਨੂੰ ਯਾਦ ਕਰਦੀ ਹੈ ਅਤੇ ਅਸਲੀ ‘ਨਲ’ ਨੂੰ ਪਛਾਣਨ ਦੀ ਸ਼ਕਤੀ ਮੰਗਦੀ ਹੈ। ਦੇਵਤਿਆਂ ਦੇ ਅਸ਼ੀਰਵਾਦ ਨਾਲ ‘ਦਮਯੰਤੀ’ ਅਸਲੀ ‘ਨਲ’ ਨੂੰ ਪਛਾਣ ਲੈਂਦੀ ਹੈ।
ਪੰਦਰ੍ਹਵੇਂ ਸਰਗ ਵਿੱਚ ਰਾਜਾ ਭੀਮ ਦੁਆਰਾ ‘ਦਮਯੰਤੀ’ ਦੇ ਵਿਆਹ ਦੀਆਂ ਤਿਆਰੀਆਂ ਦਾ ਵਰਣਨ ਹੈ।
ਰਾਜਾ ਭੀਮ ਬਰਾਤ ਦਾ ਸਵਾਗਤ-ਸਤਿਕਾਰ ਕਰਦਾ ਹੈ। ਵਿਆਹ ਤੋਂ ਮਗਰੋਂ 5-6 ਦਿਨਾਂ ਤੱਕ ਰਾਜਾ ਭੀਮ ਦੇ ਰਾਜ ਵਿੱਚ ਰਹਿ ਕੇ ‘ਨਲ’ ਆਪਣੀ ਰਾਜਧਾਨੀ ਵਾਪਸ ਆਉਂਦਾ ਹੈ।
ਸਤਾਰ੍ਹਵੇਂ ਸਰਗ ਵਿੱਚ ਸਵਰਗ ਵਾਪਸ ਜਾਂਦਿਆਂ ਦੇਵਤਿਆਂ ਦੀ ਮੁਲਾਕਾਤ ਕਲਿਜੁਗ ਨਾਲ ਹੁੰਦੀ ਹੈ।‘ਨਲ` ਅਤੇ ‘ਦਮਯੰਤੀ` ਦੇ ਸੁਵੰਬਰ ਦੀ ਗੱਲ ਸੁਣ ਕੇ ਕਲਿਜੁਗ ‘ਨਲ’ ਅਤੇ ‘ਦਮਯੰਤੀ’ ਨੂੰ ਸਰਾਪ ਦੇ ਦਿੰਦਾ ਹੈ।
ਅਠਾਰ੍ਹਵੇਂ ਸਰਗ ਵਿੱਚ ‘ਨਲ’ ਅਤੇ ‘ਦਮਯੰਤੀ’ ਦੇ ਮਿਲਾਪ ਦਾ ਜ਼ਿਕਰ ਹੈ।
ਅੰਤਿਮ ਚੌਹਾਂ ਸਰਗਾਂ ਵਿੱਚ ‘ਨਲ’ ਅਤੇ ‘ਦਮਯੰਤੀ’ ਦੀ ਦਿਨ-ਕਿਰਿਆ, ਦੇਵਤਿਆਂ ਦੀ ਪੂਜਾ-ਅਰਾਧਨਾ ਅਤੇ ਉਹਨਾਂ ਦੇ ਗ੍ਰਹਿਸਥੀ ਜੀਵਨ ਦਾ ਬੜਾ ਸੁੰਦਰ ਵਰਣਨ ਕੀਤਾ ਗਿਆ ਹੈ।
ਇਸ ਮਹਾਂਕਾਵਿ ਦਾ ਮੁੱਖ ਰਸ ਤਾਂ ਸੰਜੋਗ-ਸ਼ਿੰਗਾਰ ਹੈ ਪਰ ਬੀਰ, ਕਰੁਣ ਅਤੇ ਹਾਸ ਆਦਿ ਰਸਾਂ ਦੇ ਵੀ ਬਹੁਤ ਸੋਹਣੇ ਦ੍ਰਿਸ਼ਟਾਂਤ ਦੇਖਣ ਨੂੰ ਮਿਲਦੇ ਹਨ। ਕਵੀ ਦਾ ਪ੍ਰਕਿਰਤੀ ਚਿਤਰਨ ਅਤਿ ਉੱਚ-ਕੋਟੀ ਦਾ ਅਤੇ ਵਿਵਹਾਰਿਕ ਕਿਸਮ ਦਾ ਹੈ। ਹਰਸ਼ ਨੇ ਪ੍ਰਕਿਰਤੀ ਦਾ ਚਿਤਰਨ ਕਰਨ ਵੇਲੇ ਉਪਮਾਨਾਂ ਦੀ ਚੋਣ ਲੋਕ-ਜੀਵਨ ਅਤੇ ਲੋਕ-ਪ੍ਰਸੰਗਾਂ ਤੋਂ ਗ੍ਰਹਿਣ ਕੀਤੀ ਹੈ। ਕਾਵਿ ਵਿੱਚ ਲਗਪਗ ਸਭ ਪ੍ਰਕਾਰ ਦੇ ਅਲੰਕਾਰਾਂ ਦਾ ਪ੍ਰਯੋਗ ਕੀਤਾ ਗਿਆ ਹੈ ਪਰ ਕਿਰਾਤਾਰਜੁਨਿਯਮ ਅਤੇ ਸ਼ਿਸ਼ੁਪਾਲ ਵਧ ਦੀ ਤਰ੍ਹਾਂ ਚਿੱਤਰ-ਅਲੰਕਾਰ ਦਾ ਪ੍ਰਯੋਗ ਵਿਖਾਈ ਨਹੀਂ ਦਿੰਦਾ। ਕਵੀ ਦਾ ਸ਼ਬਦ-ਅਲੰਕਾਰ ਪ੍ਰਯੋਗ ਕਵਿਤਾ ਨੂੰ ਕਲਾਤਮਿਕ ਬਣਾਉਣ ਲਈ ਨਹੀਂ ਪਰੰਤੂ ਅਰਥਾਂ ਦੀ ਸੁੰਦਰਤਾ ਦੇ ਵਾਧੇ ਲਈ ਹੀ ਹੈ। ਕਵੀ ਦੇ ਅਨੁਪ੍ਰਾਸ, ਸਲੇਸ਼ ਅਤੇ ਯਮਕ ਅਲੰਕਾਰ ਦੇ ਅਤਿ ਸੁੰਦਰ ਪ੍ਰਯੋਗ ਕਾਵਿ ਦੀ ਖ਼ੂਬਸੂਰਤੀ ਵਿੱਚ ਵਾਧਾ ਕਰਦੇ ਹਨ। ਨੈਸ਼ਧੀਯਚਰਿਤ ਦਾ ਸਲੇਸ਼ ਆਪਣੇ ਕਿਸਮ ਦਾ ਨਵੇਕਲਾ ਹੈ।
ਹਰਸ਼ ਮਹਾਂਕਵੀ ਹੋਣ ਦੇ ਨਾਲ ਹੀ ਮਹਾਨ ਦਾਰਸ਼ਨਿਕ ਵੀ ਸੀ। ਨੈਸ਼ਧੀਯਚਰਿਤ ਦੇ 17ਵੇਂ ਸਰਗ ਤੋਂ ਪਤਾ ਚੱਲਦਾ ਹੈ ਕਿ ਉਸ ਨੂੰ ਨਿਆਇ, ਵੈਸ਼ੇਸ਼ਿਕ, ਸਾਂਖ, ਮੀਮਾਂਯਾ, ਬੁੱਧ, ਚਾਰਵਾਕ ਅਤੇ ਵੇਦਾਂਤ ਆਦਿ ਸਾਰੇ ਦਰਸ਼ਨਾਂ ਦਾ ਸੂਖਮ ਗਿਆਨ ਸੀ। ਇਸ ਤੋਂ ਇਲਾਵਾ ਉਹ ਵੇਦ, ਵੇਦਾਂਗ, ਪੁਰਾਣ, ਆਯੁਰਵੇਦ, ਧਨੁਰਵੇਦ, ਧਰਮ-ਸ਼ਾਸਤਰ, ਅਰਥ-ਸ਼ਾਸਤਰ, ਕਾਮ-ਸ਼ਾਸਤਰ, ਅਲੰਕਾਰ ਆਦਿ ਸਾਰੇ ਸ਼ਾਸਤਰਾਂ ਦਾ ਗਿਆਤਾ ਸੀ।
ਲੇਖਕ : ਸ਼ਰਨ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 3478, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-19, ਹਵਾਲੇ/ਟਿੱਪਣੀਆਂ: no
ਹਰਸ਼ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹਰਸ਼ [ਨਾਂਪੁ] ਖ਼ੁਸ਼ੀ, ਅਨੰਦ , ਪ੍ਰਸੰਨਤਾ, ਸੁੱਖ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3473, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First