ਹਰਸ਼ਵਰਧਨ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਹਰਸ਼ਵਰਧਨ : ਸੰਸਕ੍ਰਿਤ ਸਾਹਿਤ ਵਿੱਚ ਚਾਰ ਚੰਦ ਲਗਾਉਣ ਵਾਲੇ ਕੁਝ ਇਹੋ ਜਿਹੇ ਵਿਦਵਾਨ ਵੀ ਹੋਏ ਹਨ ਜਿਨ੍ਹਾਂ ਦਾ ਕਾਰਜ-ਖੇਤਰ ਸਾਹਿਤ ਰਚਨਾ ਤੋਂ ਵੱਖਰਾ ਹੀ ਰਿਹਾ । ਉਹਨਾਂ ਨੇ ਜੀਵਨ ਵਿੱਚ ਹੋਰ ਕੰਮਾਂ ਦੇ ਨਾਲ-ਨਾਲ ਸਾਹਿਤ ਰਚਨਾ ਵੀ ਕੀਤੀ । ਸਮਰਾਟ ਹਰਸ਼ਵਰਧਨ ਇਹੋ ਜਿਹਾ ਵਿਅਕਤੀ ਹੋਇਆ ਜਿਸ ਨੇ ਰਾਜਪਾਟ ਦੀਆਂ ਜ਼ੁੰਮੇਵਾਰੀਆਂ ਨੂੰ ਬਖ਼ੂਬੀ ਨਿਭਾਉਂਦੇ ਹੋਏ ਸਾਹਿਤ ਰਚਨਾ ਵਿੱਚ ਵੀ ਕਾਫ਼ੀ ਉੱਘਾ ਸਥਾਨ ਪ੍ਰਾਪਤ ਕੀਤਾ । ਹਰਸ਼ਵਰਧਨ ਦੇ ਪਿਤਾ ਦਾ ਨਾਂ ਪ੍ਰਭਾਕਰ ਵਰਧਨ ਅਤੇ ਮਾਤਾ ਦਾ ਨਾਂ ਯਸ਼ੋਮਤੀ ਸੀ

        ਬਚਪਨ ਵਿੱਚ ਉਸ ਨੂੰ ਸਿੱਖਿਆ ਪ੍ਰਾਪਤ ਕਰਨ ਦਾ ਚੰਗਾ ਮਾਹੌਲ ਮਿਲਿਆ । ਉਸ ਦਾ ਸਮਾਂ ਸੱਤਵੀਂ ਸ਼ਤਾਬਦੀ ਮੰਨਿਆ ਜਾਂਦਾ ਹੈ । ਇੱਕ ਸੁਯੋਗ ਪ੍ਰਸ਼ਾਸਕ ਹੁੰਦੇ ਹੋਏ ਹਰਸ਼ਵਰਧਨ ਉੱਚ-ਕੋਟੀ ਦਾ ਵਿਦਵਾਨ ਵੀ ਸੀ । ਉਸ ਦੀ ਰਾਜ ਸਭਾ ਵਿੱਚ ਬਣਭੱਟ , ਮਯੂਰਭੱਟ ਅਤੇ ਮਾਤੰਗ ਵਿਭਾਕਰ ਵਰਗੇ ਉੱਘੇ ਵਿਦਵਾਨ ਸਨ । ਉਸ ਉੱਤੇ ਵਿੱਦਿਆ ਦੀ ਦੇਵੀ ਸਰਸਵਤੀ ਦਾ ਵਿਸ਼ੇਸ਼ ਪ੍ਰਭਾਵ ਸੀ । ਰਾਜਸ਼ੇਖਰ ਅਤੇ ਮਹਾਂਕਵੀ ਪਦਮਗੁਪਤ ਨੇ ਆਪਣੇ ਸ਼ਲੋਕਾਂ ਵਿੱਚ ਇਸ ਦਾ ਜ਼ਿਕਰ ਕੀਤਾ ਹੈ ।

        ਹਰਸ਼ਵਰਧਨ ਨੇ ਤਿੰਨ ਗ੍ਰੰਥ ਲਿਖੇ ਹਨ , ਜਿਨ੍ਹਾਂ ਵਿੱਚ ਰਤਨਾਵਲੀ ਅਤੇ ਪ੍ਰਿਯਦਰਸ਼ਿਕਾ ਦੋ ਨਾਟਿਕਾਵਾਂ ਅਤੇ ਨਾਗਾਨੰਦ ਇੱਕ ਨਾਟਕ ਹੈ । ਹਰਸ਼ਵਰਧਨ ਦੀਆਂ ਰਚਨਾਵਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ :

        ਰਤਨਾਵਲੀ ਨਾਟਿਕਾ ਰਾਜਾ ਉਦਯਨ ਅਤੇ ਰਾਜ ਕੁਮਾਰੀ ਰਤਨਾਵਲੀ ਨਾਲ ਸੰਬੰਧਿਤ ਹੈ । ਇਸ ਨਾਟਿਕਾ ਵਿੱਚ ਚਾਰ ਅੰਕ ਹਨ । ਰਤਨਾਵਲੀ ਨਾਟਿਕਾ ਦੇ ਸ਼ੁਰੂ ਵਿੱਚ ਕਵੀ ਨੇ ਆਪਣਾ ਤੇ ਆਪਣੇ ਕਥਾਨਾਇਕ ਉਦਯਨ ਦਾ ਜ਼ਿਕਰ ਕੀਤਾ ਹੈ ।

        ਰਤਨਾਵਲੀ ਦੀ ਕਥਾ-ਵਸਤੂ ਕਿਸਮਤ ਦੇ ਖੇਲ `ਤੇ ਆਧਾਰਿਤ ਹੈ । ਨਾਟਿਕਾ ਦੇ ਸ਼ੁਰੂ ਵਿੱਚ ਸੂਤਰਧਾਰ ਕਹਿੰਦਾ ਹੈ ਕਿ ਜਿਸ ਦੀ ਕਿਸਮਤ ਵਿੱਚ ਜੋ ਚੀਜ਼ ਹੋਵੇ , ਉਹ ਉਸ ਨੂੰ ਦੂਜੇ ਦੇਸ਼ਾਂ ਤੋਂ ਵੀ , ਸਮੁੰਦਰ ਦੇ ਵਿੱਚੋਂ ਵੀ ਜਾਂ ਧਰਤੀ ਦੇ ਆਖ਼ਰੀ ਕਿਨਾਰੇ ਤੋਂ ਵੀ ਮਿਲ ਹੀ ਜਾਂਦੀ ਹੈ । ਰਤਨਾਵਲੀ ਦੀ ਕਹਾਣੀ ਵੀ ਕੁਝ ਇਸ ਤਰ੍ਹਾਂ ਦੀ ਹੀ ਹੈ ਤੇ ਕਈ ਰੁਕਾਵਟਾਂ ਸਦਕਾ ਵੀ ਰਤਨਾਵਲੀ ਰਾਜਾ ਵਸਤਰਾਜ ਨੂੰ ਮਿਲ ਹੀ ਜਾਂਦੀ ਹੈ ।

        ਪਹਿਲੇ ਅੰਕ ਵਿੱਚ ਸਿੰਘਲੇਸ਼ਵਰ ਦੀ ਰਾਜਕੁਮਾਰੀ ਰਤਨਾਵਲੀ ਉਦਯਨ ਨਾਲ ਵਿਆਹ ਕਰਵਾਉਣ ਨੂੰ ਸਮੁੰਦਰੀ ਜਹਾਜ਼ ਰਾਹੀਂ ਆ ਰਹੀ ਹੁੰਦੀ ਹੈ ਪਰ ਜਹਾਜ਼ ਡੁੱਬ ਜਾਂਦਾ ਹੈ । ਸਮੁੰਦਰੀ ਜਹਾਜ਼ ਦਾ ਇੱਕ ਵਪਾਰੀ ਕਿਸੇ ਤਰ੍ਹਾਂ ਉਸ ਲੜਕੀ ਨੂੰ ਬਚਾ ਲੈਂਦਾ ਹੈ ਅਤੇ ਅਨਾਥ ਲੜਕੀ ਸਮਝ ਕੇ ਰਾਜਾ ਦੇ ਮੰਤਰੀ ਦੇ ਹਵਾਲੇ ਕਰ ਦਿੰਦਾ ਹੈ । ਮੰਤਰੀ ਉਸ ਲੜਕੀ ਦਾ ਸਾਗਰਿਕਾ ਨਾਂ ਰੱਖ ਕੇ ਉਸ ਨੂੰ ਮਹਾਰਾਣੀ ਵਾਸਵੱਦਤਾ ਦੀ ਦੇਖ-ਰੇਖ ਵਿੱਚ ਰੱਖ ਦਿੰਦਾ ਹੈ । ਸਾਗਰਿਕਾ ਕਾਮਦੇਵ ਉਤਸਵ ਦੇ ਪ੍ਰਸੰਗ ਵਿੱਚ ਰੁੱਖਾਂ `ਚੋਂ ਛੁੱਪ ਕੇ ਪਹਿਲੀ ਵਾਰ ਰਾਜਾ ਨੂੰ ਵੇਖਦੀ ਹੈ ਅਤੇ ਰਾਜੇ ਦੇ ਪ੍ਰਤਿ ਮੋਹਿਤ ਹੋ ਜਾਂਦੀ ਹੈ । ਦੂਜੇ ਅੰਕ ਵਿੱਚ ਸਾਗਰਿਕਾ ਆਪਣੀ ਸਹੇਲੀ ਦੇ ਨਾਲ ਮਨਪ੍ਰਚਾਵੇ ਲਈ ਰਾਜਾ ਦਾ ਚਿੱਤਰ ਬਣਾਉਂਦੀ ਹੈ । ਇਸੇ ਦੌਰਾਨ ਇੱਕ ਬਾਂਦਰ ਆ ਜਾਂਦਾ ਹੈ ਅਤੇ ਸਾਗਰਿਕਾ ਡਰ ਦੇ ਮਾਰੇ ਦੌੜ ਜਾਂਦੀ ਹੈ ਪਰੰਤੂ ਰਾਜੇ ਦਾ ਬਣਾਇਆ ਹੋਇਆ ਚਿੱਤਰ ਉੱਥੇ ਹੀ ਰਹਿ ਜਾਂਦਾ ਹੈ । ਜਦ ਰਾਜਾ ਸਾਗਰਿਕਾ ਦਾ ਬਣਾਇਆ ਹੋਇਆ ਚਿੱਤਰ ਦੇਖਦਾ ਹੈ ਤਾਂ ਉਹ ਵੀ ਉਸਦੇ ਪ੍ਰਤਿ ਮੋਹਿਤ ਹੋ ਜਾਂਦਾ ਹੈ । ਤੀਜੇ ਅੰਕ ਨੂੰ ਇਸ ਨਾਟਿਕਾ ਦਾ ਦਿਲ ਮੰਨਿਆ ਜਾਂਦਾ ਹੈ । ਇਸ ਅੰਕ ਵਿੱਚ ਸਾਗਰਿਕਾ ਭੇਸ ਬਦਲ ਕੇ ਆਪ ਵਾਸਵੱਦਤਾ ਬਣ ਜਾਂਦੀ ਹੈ ਅਤੇ ਆਪਣੀ ਦਾਸੀ ਸੁਸੰਗਤਾ ਨੂੰ ਰਾਣੀ ਦੀ ਦਾਸੀ ਕੰਚਨਮਾਲਾ ਦਾ ਭੇਸ ਧਾਰਨ ਕਰਵਾ ਦਿੰਦੀ ਹੈ ਅਤੇ ਰਾਜੇ ਨੂੰ ਮਿਲਣ ਲਈ ਚਲੀ ਜਾਂਦੀ ਹੈ ਪਰ ਅਸਲੀ ਵਾਸਵੱਦਤਾ ਰਾਜਾ ਕੋਲ ਪਹਿਲਾਂ ਹੀ ਮੌਜੂਦ ਹੈ ਅਤੇ ਉਸ ਦੀ ਰਾਜੇ ਨੂੰ ਮਿਲਣ ਦੀ ਯੋਜਨਾ ਅਸਫਲ ਰਹਿ ਜਾਂਦੀ ਹੈ । ਸਾਗਰਿਕਾ ਇਸ ਘਟਨਾ ਤੋਂ ਦੁੱਖੀ ਹੋ ਕੇ ਖ਼ੁਦਕੁਸ਼ੀ ਕਰਨਾ ਚਾਹੁੰਦੀ ਹੈ , ਪਰ ਰਾਜਾ ਉਸ ਨੂੰ ਬਚਾ ਲੈਂਦਾ ਹੈ । ਚੌਥੇ ਅੰਕ ਵਿੱਚ ਜਾਦੂਗਰ ਅੱਗ ਲਾਉਣ ਦਾ ਦ੍ਰਿਸ਼ ਪੇਸ਼ ਕਰਦਾ ਹੈ ਅਤੇ ਉਸ ਅੱਗ ਦੇ ਲੱਗਣ ਕਰ ਕੇ ਭੋਰੇ ਵਿੱਚ ਕੈਦ ਰੱਖੀ ਗਈ ਸਾਗਰਿਕਾ ਨੂੰ ਰਾਜ ਸਭਾ ਵਿੱਚ ਲਿਆਇਆ ਜਾਂਦਾ ਹੈ । ਰਾਜਸਭਾ ਵਿੱਚ ਮੌਜੂਦ ਉਸਦੇ ਪਿਤਾ ਦਾ ਵਜ਼ੀਰ ਵਸੂਭੂਤੀ ਅਤੇ ਕੰਚੁਕੀ ਵਾਭ੍ਰਵਯ ਰਤਨਾ ਦੀ ਮਾਲਾ ਸਦਕਾ ਉਸ ਨੂੰ ਪਹਿਚਾਣ ਲੈਂਦੇ ਹਨ । ਸਾਗਰਿਕਾ ਇੱਕ ਰਾਜਕੁਮਾਰੀ ਹੈ , ਇਹ ਭੇਤ ਖੁੱਲ੍ਹਣ `ਤੇ ਮਹਾਰਾਣੀ ਵਾਸਵੱਦਤਾ ਖ਼ੁਸ਼ ਹੋ ਕੇ ਰਤਨਾਵਲੀ ਦਾ ਵਿਆਹ ਆਪ ਰਾਜੇ ਨਾਲ ਕਰਵਾ ਦਿੰਦੀ ਹੈ ਅਤੇ ਇਹ ਗੱਲ ਸੱਚ ਸਾਬਤ ਹੋ ਜਾਂਦੀ ਹੈ ਕਿ ਜੋ ਚੀਜ਼ ਜਿਸ ਦੀ ਕਿਸਮਤ ਵਿੱਚ ਹੋਵੇ , ਉਹ ਉਸ ਨੂੰ ਮਿਲ ਹੀ ਜਾਂਦੀ ਹੈ ।

        ਪ੍ਰਿਯਦਰਸ਼ਿਕਾ ਨਾਟਿਕਾ ਦਾ ਸੰਬੰਧ ਵੀ ਉਦਯਨ ਦੇ ਕਥਾਚੱਕਰ ਨਾਲ ਹੀ ਹੈ । ਇਸ ਦੇ ਵਿੱਚ ਵੀ ਚਾਰ ਅੰਕ ਹਨ ਤੇ ਇਹ ਵੀ ਇੱਕ ਪ੍ਰੇਮ ਕਹਾਣੀ ਹੀ ਹੈ । ਸੈਨਾਪਤੀ ਵਿਜੇਸੈਨ ਦ੍ਰਿੜਵਰਮਾ ਦੀ ਪੁੱਤਰੀ ਪ੍ਰਿਯਦਰਸ਼ਿਕਾ ਨੂੰ ਦਰਬਾਰ ਵਿੱਚ ਲਿਆਉਂਦਾ ਹੈ । ਮਹਾਰਾਜਾ ਉਦਯਨ ਉਸ ਲੜਕੀ ਨੂੰ ਵਾਸਵੱਦਤਾ ਦੇ ਹਵਾਲੇ ਕਰ ਦਿੰਦਾ ਹੈ । ਪ੍ਰਿਯਦਰਸ਼ਿਕਾ ਬਾਗ਼ ਵਿੱਚ ਫੁੱਲ ਚੁਣ ਰਹੀ ਹੁੰਦੀ ਹੈ ਤੇ ਕਮਲ ਦੇ ਫੁੱਲਾਂ `ਤੇ ਬੈਠੇ ਹੋਏ ਭੰਵਰੇ ਉਸ ਨੂੰ ਪਰੇਸ਼ਾਨ ਕਰਦੇ ਹਨ । ਰਾਜਾ ਵੀ ਬਾਗ਼ ਵਿੱਚ ਘੁੰਮਣ ਲਈ ਗਿਆ ਹੁੰਦਾ ਹੈ । ਪ੍ਰਿਯਦਰਸ਼ਿਕਾ ਦੀ ਚੀਕ ਸੁਣ ਕੇ ਉਸ ਨੂੰ ਭੰਵਰੇ ਕੋਲੋਂ ਬਚਾਉਂਦਾ ਹੈ । ਇਸ ਘਟਨਾ ਤੋਂ ਹੀ ਦੋਨਾਂ ਦਾ ਇੱਕ-ਦੂਜੇ ਦੇ ਪ੍ਰਤਿ ਲਗਾਵ ਹੋ ਜਾਂਦਾ ਹੈ । ਇੱਕ ਨਾਟਕ ਖੇਲਣ ਲਈ ਪ੍ਰਿਯਦਰਸ਼ਿਕਾ ਵਾਸਵੱਦਤਾ ਬਣਦੀ ਹੈ ਅਤੇ ਉਸ ਦੀ ਸਹੇਲੀ ਮਨੋਰਮਾ ਉਦਯਨ ਬਣਦੀ ਹੈ । ਮਜ਼ੇ ਦੀ ਗੱਲ ਇਹ ਹੈ ਕਿ ਨਾਟਕ ਦੇ ਦੌਰਾਨ ਰਾਜਾ ਉਦਯਨ ਆਪ ਪਹੁੰਚ ਜਾਂਦਾ ਹੈ ਅਤੇ ਮਨੋਰਮਾ ਦੀ ਸਾਰੀ ਚਾਲ ਦਾ ਭੇਤ ਖੁੱਲ੍ਹ ਜਾਂਦਾ ਹੈ । ਨਾਟਕ ਦੇ ਅੰਤ ਵਿੱਚ ਇਹ ਭੇਤ ਖੁੱਲ੍ਹ ਜਾਂਦਾ ਹੈ ਕਿ ਪ੍ਰਿਯਦਰਸ਼ਿਕਾ ਕੋਈ ਹੋਰ ਨਹੀਂ ਸਗੋਂ ਦ੍ਰਿੜਵਰਮਾ ਦੀ ਪੁੱਤਰੀ ਹੀ ਹੈ । ਉਹਦੀ ਪਹਿਚਾਣ ਹੋ ਜਾਣ ਕਰ ਕੇ ਵਾਸਵੱਦਤਾ ਖ਼ੁਦ ਪ੍ਰਿਯਦਰਸ਼ਿਕਾ ਦਾ ਵਿਆਹ ਉਦਯਨ ਨਾਲ ਕਰਵਾ ਦਿੰਦੀ ਹੈ ।

        ਨਾਗਾਨੰਦ ਪੰਜ ਅੰਕਾਂ ਵਾਲਾ ਨਾਟਕ ਹੈ ਅਤੇ ਇਸ ਦੀ ਕਥਾ-ਵਸਤੂ ਬੌਧ ਅਵਦਾਨ ਤੇ ਆਧਾਰਿਤ ਹੈ । ਇਸ ਨਾਟਕ ਵਿੱਚ ਜੀਮੂਤਵਾਹਨ ਦੇ ਤਿਆਗ ਅਤੇ ਦਯਾ ਭਾਵ ਦਾ ਵਰਣਨ ਹੈ । ਨਾਟਕ ਦੀ ਕਥਾ ਦੇ ਅਨੁਸਾਰ ਜੀਮੂਤਵਾਹਨ ਇੱਕ ਆਸ਼੍ਰਮ ਵਿੱਚ ਚਲਾ ਜਾਂਦਾ ਹੈ ਅਤੇ ਉਸ ਦਾ ਪੁੱਤਰ ਜੀਮੂਤਕੇਤੂ ਰਾਜਪਾਟ ਛੱਡ ਕੇ ਸੇਵਾ ਲਈ ਉੱਥੇ ਹੀ ਚੱਲਾ ਜਾਂਦਾ ਹੈ । ਆਸ਼੍ਰਮ ਵਿੱਚ ਰਹਿੰਦੇ ਹੋਏ ਗੌਰੀ ਦੇ ਮੰਦਰ ਵਿੱਚ ਮਲਯਵਤੀ ਦੀ ਵੀਣਾ ਨੂੰ ਸੁਣ ਕੇ ਜੀਮੂਤਵਾਹਨ ਉਸਦੇ ਪ੍ਰਤਿ ਆਕਰਸ਼ਿਤ ਹੋ ਜਾਂਦਾ ਹੈ ਅਤੇ ਉਹਨਾਂ ਦੋਨਾਂ ਦਾ ਵਿਆਹ ਹੋ ਜਾਂਦਾ ਹੈ । ਦੂਜੇ ਅਤੇ ਤੀਜੇ ਅੰਕ ਵਿੱਚ ਇਹਨਾਂ ਦੀ ਵਿਆਹ ਕਥਾ ਦਾ ਹੀ ਵਰਣਨ ਹੈ ।

        ਚੌਥੇ ਅੰਕ ਵਿੱਚ ਜੀਮੂਤਵਾਹਨ ਦਾ ਸਮੁੰਦਰ ਦੇ ਕਿਨਾਰੇ ਜਾਣਾ ਅਤੇ ਗਰੁੜ ਦੇ ਭੋਜਨ ਲਈ ਇੱਕ ਨਾਗ ( ਸੱਪ ) ਦੇ ਭੇਜੇ ਜਾਣ ਦਾ ਵਰਣਨ ਹੈ । ਇਸੇ ਵਰਣਨ ਦੇ ਅਨੁਸਾਰ ਇੱਕ ਦਿਨ ਸੰਖਚੂੜ ਨਾਗ ਦੀ ਭੋਜਨ ਲਈ ਜਾਣ ਦੀ ਵਾਰੀ ਹੈ । ਉਹ ਮਾਂ ਦਾ ਇਕਲੌਤਾ ਬੇਟਾ ਹੈ । ਉਸ ਦੀ ਮਾਂ ਦੇ ਵਿਰਲਾਪ ਨੂੰ ਸੁਣ ਕੇ ਜੀਮੂਤਵਾਹਨ ਸੰਖਚੂੜ ਨੂੰ ਬਚਾਉਣ ਲਈ ਖ਼ੁਦ ਗਰੁੜ ਦਾ ਭੋਜਨ ਬਣਨ ਲਈ ਤਿਆਰ ਹੋ ਜਾਂਦਾ ਹੈ । ਜੀਮੂਤਵਾਹਨ ਆਪਣੇ ਸਰੀਰ ਨੂੰ ਲਾਲ ਕੱਪੜੇ ਨਾਲ ਢੱਕ ਕੇ ਉਸ ਪੱਥਰ `ਤੇ ਬੈਠ ਜਾਂਦਾ ਹੈ , ਜਿੱਥੇ ਗਰੁੜ ਨੇ ਉਸ ਨੂੰ ਖਾਣਾ ਹੈ । ਗਰੁੜ ਉਸ ਨੂੰ ਜਦ ਖਾਣਾ ਸ਼ੁਰੂ ਕਰਦਾ ਹੈ ਤਾਂ ਉਸਦੇ ਤਿਆਗ ਤੇ ਅਸਮਾਨ `ਚੋਂ ਫੁੱਲਾਂ ਦੀ ਵਰਖਾ ਹੁੰਦੀ ਹੈ । ਪੰਜਵੇਂ ਅੰਕ ਵਿੱਚ ਜਦ ਸੰਖਚੂੜ ਕੋਲੋਂ ਗਰੁੜ ਨੂੰ ਜੀਮੂਤਵਾਹਨ ਦੀ ਅਸਲੀਅਤ ਦਾ ਪਤਾ ਲੱਗਦਾ ਹੈ ਤਾਂ ਗਰੁੜ ਵੀ ਨਾਗਾਂ ਨੂੰ ਨਾ ਖਾਣ ਦੀ ਪ੍ਰਤਿੱਗਿਆ ਕਰਦਾ ਹੈ ।

      ਹਰਸ਼ਵਰਧਨ ਨੇ ਜਿੱਥੇ ਦੋ ਨਾਟਿਕਾਵਾਂ ਉਦਯਨ ਦੀ ਪ੍ਰੇਮ ਕਹਾਣੀ ਤੇ ਲਿਖੀਆਂ ਹਨ , ਉੱਥੇ ਬੋਧ ਅਵਦਾਨ ਨੂੰ ਸੋਮਾ ਬਣਾ ਕੇ ਨਾਗਾਨੰਦ ਦੀ ਰਚਨਾ ਵੀ ਕੀਤੀ ਹੈ , ਜੋ ਤਿਆਗ ਅਤੇ ਕੁਰਬਾਨੀ ਦੇ ਜਜ਼ਬੇ ਨਾਲ ਭਰਪੂਰ ਹੈ ।


ਲੇਖਕ : ਰੇਣੂ ਬਾਲਾ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 947, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-19, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.