ਹਰਿਭਜਨ ਸਿੰਘ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਹਰਿਭਜਨ ਸਿੰਘ ( 1920– 2002 ) : ਆਧੁਨਿਕ ਪੰਜਾਬੀ ਸਾਹਿਤ ਵਿੱਚ ਹਰਿਭਜਨ ਸਿੰਘ ਇੱਕ ਕਵੀ ਅਤੇ ਆਲੋਚਕ ਵਜੋਂ ਸਥਾਪਿਤ ਨਾਂ ਹੈ । ਇਸ ਤੋਂ ਇਲਾਵਾ ਇੱਕ ਚੰਗੇ ਸੰਪਾਦਕ ਅਤੇ ਅਨੁਵਾਦਕ ਵਜੋਂ ਵੀ । ਹਰਿਭਜਨ ਸਿੰਘ ਦਾ ਜਨਮ 1920 ਨੂੰ ਲੰਮਡਿੰਗ , ਅਸਾਮ ਵਿੱਚ ਪਿਤਾ ਸ. ਗੰਢਾ ਸਿੰਘ ਅਤੇ ਮਾਤਾ ਕਰਮ ਕੌਰ ਦੇ ਘਰ ਹੋਇਆ । ਪਿਤਾ ਦੇ ਚਲਾਣੇ ਤੋਂ ਬਾਅਦ ਉਹ ਪੰਜਾਬ ਆ ਗਿਆ ਅਤੇ ਉੱਥੇ ਮੁੜ ਜਾਣ ਦਾ ਮੌਕਾ ਨਹੀਂ ਬਣਿਆ । ਹਰਿਭਜਨ ਸਿੰਘ ਦੀ ਵਿੱਦਿਅਕ ਯੋਗਤਾ ਐਮ.ਏ. , ਪੀ-ਐਚ.ਡੀ. ਸੀ । 1942– 43 ਵਿੱਚ ਉਸ ਨੇ ਕਲਰਕੀ ਕੀਤੀ , 1943– 51 ਵਿੱਚ ਸਕੂਲ ਅਧਿਆਪਕ ਰਿਹਾ , 1951– 67 ਵਿੱਚ ਕਾਲਜ ਲੈਕਚਰਾਰ ਲੱਗਾ ਅਤੇ 1968– 84 ਵਿੱਚ ਪ੍ਰੋਫ਼ੈਸਰ ਆਫ਼ ਪੰਜਾਬੀ , ਦਿੱਲੀ ਯੂਨੀਵਰਸਿਟੀ ਵਜੋਂ ਰਿਟਾਇਰ ਹੋਇਆ । ਹਰਿਭਜਨ ਸਿੰਘ ਨੇ ਅੰਤਲਾ ਸਮਾਂ ਦਿੱਲੀ ਵਿੱਚ ਹੀ ਗੁਜ਼ਾਰਿਆ ਅਤੇ 21 ਅਕਤੂਬਰ 2002 ਨੂੰ ਉਸ ਦਾ ਦਿਹਾਂਤ ਹੋ ਗਿਆ ।

        ਹਰਿਭਜਨ ਸਿੰਘ ਅਜਿਹਾ ਲੇਖਕ ਸੀ ਜਿਸਨੇ ਸਿਰਜਣਾ ਅਤੇ ਸਮੀਖਿਆ ਵਿਚਲੀ ਖੜੋਤ ਨੂੰ ਤੋੜ ਕੇ ਨਵੀਆਂ ਲੀਹਾਂ ਪਾਈਆਂ । ਇਹ ਨਵੀਆਂ ਲੀਹਾਂ ਨਵੇਂ ਆਉਣ ਵਾਲੇ ਲੇਖਕਾਂ ਲਈ ਇੱਕ ਮਿੱਥ ਅਤੇ ਵੰਗਾਰ ਵੀ ਬਣ ਗਈਆਂ । ਹਰਿਭਜਨ ਸਿੰਘ ਲਈ ਕਵਿਤਾ ਭਾਵਾਂ ਦਾ ਵਿਰੇਚਨ ਨਹੀਂ ਬਲਕਿ ਸੁਹਜ ਸਿਰਜਣਾ ਹੈ ਜਿਸ ਵਿੱਚ ਕਵਿਤਾ ਦਾ ਆਧਾਰ ਬਿੰਬ ਹਨ । ਉਹ ਸਿਧਾਂਤਾਂ ਦੀ ਨੀਂਹ ਉਪਰ ਕਵਿਤਾ ਦੀ ਉਸਾਰੀ ਕਰਨ ਦੀ ਥਾਂ ਬਿੰਬ ਨੂੰ ਉਡੀਕਦਾ ਸੀ । ਸ਼ਾਇਰੀ ਦਾ ਇਹ ਬਿੰਬ ਉਸ ਲਈ ਅਸਮਾਨੀ ਪ੍ਰਤਿਭਾ ਦਾ ਪ੍ਰਤਿਫਲ ਨਹੀਂ ਬਲਕਿ ਮਨੁੱਖੀ ਭਾਈਚਾਰੇ ਦੀ ਉਪਜ ਹੈ । ਇਹ ਉਪਜ ਆਪਣਿਆਂ ਤੋਂ ਵਿਗੋਚੇ ਜਾਣ ਅਤੇ ਪ੍ਰਾਪਤੀ ਦੀ ਰਲੀ-ਮਿਲੀ ਕਹਾਣੀ ਵੀ ਹੈ । ਅਜਿਹਾ ਹੋਣ ਕਾਰਨ ਹਰਿਭਜਨ ਸਿੰਘ ਲਈ ਸੱਚ ਅਤੇ ਸੁੰਦਰਤਾ ਇੱਕ ਅਜਿਹੀ ਅੰਦਰ ਵੱਸਦੀ ਇਕਾਗਰ ਆਤਮਿਕਤਾ ਹੈ ਜੋ ਬਾਹਰ ਫ਼ੈਲੀ ਅਤੇ ਸੁਖੀ ਵਾਸਤ-ਵਿਕਤਾ ਨਹੀਂ । ਕਵਿਤਾ ਉਸ ਲਈ ਅੰਦਰਲੀ ਕਚਹਿਰੀ ਵਿੱਚ ਖਲੋ ਕੇ ਦਿੱਤਾ ਨਿਰੰਤਰ ਬਿਆਨ ਹੈ । ਉਸ ਦੇ ਇਸ ਕਾਵਿ-ਬਿਆਨ ਦੇ ਕੇਂਦਰ ਵਿੱਚ ਨਵਾਂ ਮਨੁੱਖ ਹੈ ਜੋ ਵਿਗਿਆਨ , ਤਕਨਾਲੋਜੀ ਦੀ ਉੱਨਤੀ ਨਾਲ ਪੈਦਾ ਹੋਈ ਨਵੀਂ ਚੇਤਨਾ ਅਤੇ ਕਈ ਕਿਸਮ ਦੇ ਸਮਾਜਿਕ ਵਿਰੋਧਾਂ ਵਿੱਚ ਘਿਰਿਆ ਹੋਇਆ ਹੈ , ਜਿਸ ਦੀ ਸਥਿਤੀ ‘ ਨਾ ਧੁੱਪੇ ਨਾ ਛਾਵੇਂ’ ਦੀ ਹੈ । ਲਾਸਾਂ , ਅਧਰੈਣੀ , ਨਾ ਧੁੱਪੇ ਨਾ ਛਾਵੇਂ , ਰੁੱਖ ਤੇ ਰਿਸ਼ੀ , ਮੱਥਾ ਦੀਵੇ ਵਾਲਾ , ਤਾਰ ਤੁਪਕਾ ਆਦਿ ਉਸਦੀਆਂ ਕਾਵਿ-ਪੁਸਤਕਾਂ ਹਨ । ਨਾ ਧੁੱਪੇ ਨਾ ਛਾਵੇਂ ਉੱਤੇ 1969 ਵਿੱਚ ਉਸ ਨੂੰ ਸਾਹਿਤ ਅਕਾਦਮੀ ਦਾ ਪੁਰਸਕਾਰ ਵੀ ਮਿਲਿਆ ।

        ਇੱਕ ਆਲੋਚਕ ਵਜੋਂ ਪਾਰਗਾਮੀ , ਰੂਪਕੀ , ਰਚਨਾ- ਵਿਰਚਨਾ , ਸਾਹਿਤ ਵਿਗਿਆਨ , ਸਾਹਿਤ ਅਧਿਐਨ , ਖਾਮੋਸ਼ੀ ਦਾ ਜ਼ਜ਼ੀਰਾ , ਮੇਰੀ ਪਸੰਦ ਅਤੇ ਪਿਆਰ ਤੇ ਪਰਿਵਾਰ ਆਦਿ ਹਰਿਭਜਨ ਸਿੰਘ ਦੀਆਂ ਆਲੋਚਨਾ ਪੁਸਤਕਾਂ ਹਨ । ਪੱਛਮੀ ਚਿੰਤਨ ਅਤੇ ਵਿਭਿੰਨ ਆਲੋਚਨਾ- ਦ੍ਰਿਸ਼ਟੀਆਂ ਇਹਨਾਂ ਪੁਸਤਕਾਂ ਦਾ ਆਧਾਰ ਬਣਦੀਆਂ ਹਨ । ਕਿਸੇ ਇੱਕ ਦ੍ਰਿਸ਼ਟੀ ਨੂੰ ਸਮਗਰ ਰੂਪ ਵਿੱਚ ਗ੍ਰਹਿਣ ਕਰਨ ਅਤੇ ਲਾਗੂ ਕਰਨ ਦੀ ਥਾਂ ਸਮੇਂ-ਸਮੇਂ ਪ੍ਰਚਲਿਤ ਹੋਈਆਂ ਦ੍ਰਿਸ਼ਟੀਆਂ ਨੂੰ ਉਸ ਨੇ ਬੜੀ ਕਾਹਲ ਨਾਲ ਲਾਗੂ ਕੀਤਾ । ਹਰਿਭਜਨ ਸਿੰਘ ਦੀ ਆਲੋਚਨਾ ਬਾਰੇ ਇਹ ਧਾਰਨਾ ਪ੍ਰਚਲਿਤ ਰਹੀ ਕਿ ਉਸ ਦੀ ਆਲੋਚਨਾ ਸਾਹਿਤ ਨੂੰ ਸਮਾਜ ਨਾਲੋਂ ਤੋੜ ਕੇ ਵੇਖਣ ਵਾਲੀ , ਸਾਹਿਤ ਦੀ ਮੁਖ਼ਤਿਆਰੀ ਅਤੇ ਜੁਗਤਾਂ ਵਿੱਚ ਘਿਰੀ/ਮਹਿਦੂਦ ਆਲੋਚਨਾ ਹੈ । ਅਸਲ ਵਿੱਚ ਹਰਿਭਜਨ ਸਿੰਘ ਦੀਆਂ ਆਲੋਚਨਾ ਵਿਧੀਆਂ ਅਤੇ ਸਿਧਾਂਤ ਮਾਰਕਸਵਾਦੀ ਆਲੋਚਨਾ ਦੇ ਵਿਰੋਧ ਵਿੱਚ ਉਪਜਦੇ ਹਨ । ਇਸੇ ਕਾਰਨ ਹੀ ਇਸ ਆਲੋਚਨਾ ਉੱਤੇ ਮਾਰਕਸਵਾਦੀ ਆਲੋਚਨਾ ਦੇ ਤਿੱਖੇ ਵਾਰ ਵੀ ਹੋਏ ।

        ਹਰਿਭਜਨ ਸਿੰਘ ਨੇ ਆਪਣੀ ਯੋਗਤਾ ਅਤੇ ਕਾਬਲੀਅਤ ਸਦਕਾ ਅਕਾਦਮਿਕ ਖੇਤਰ ਵਿੱਚ ਵਿਲੱਖਣ ਪਛਾਣ ਬਣਾਈ । ਉਸ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਵਿਜ਼ਿਟਿੰਗ ਪ੍ਰੋਫ਼ੈਸਰਸ਼ਿਪ ਪ੍ਰਦਾਨ ਕੀਤੀ ਗਈ ਅਤੇ ਦਿੱਲੀ ਯੂਨੀਵਰਸਿਟੀ ਵੱਲੋਂ ਪ੍ਰੋਫ਼ੈਸਰ ਅਮੈਰਿਟਸ ਵਜੋਂ ਮਾਣ ਪ੍ਰਾਪਤ ਹੋਇਆ । ਇਸ ਤੋਂ ਇਲਾਵਾ ਗਿਆਨੀ ਗੁਰਮੁਖ ਸਿੰਘ ਅਵਾਰਡ , ਕਰਤਾਰ ਸਿੰਘ ਧਾਲੀਵਾਲ ਅਵਾਰਡ , ਪੰਜਾਬ ਸਟੇਟ ਅਵਾਰਡ , ਸੋਵੀਅਤ ਲੈਂਡ ਨਹਿਰੂ ਅਵਾਰਡ , ਕਬੀਰ ਸਨਮਾਨ ਅਤੇ ਹੋਰ ਬਹੁਤ ਪੁਰਸਕਾਰ ਮਿਲੇ ਹਨ । ਹਰਿਭਜਨ ਸਿੰਘ ਦੀ ਸਾਹਿਤ- ਯੋਜਨਾ ਸਦਕਾ ਉਸ ਨੂੰ ਸੁਹਜ ਸਿਰਜੀ , ਸੁਖ਼ਨਵਰ , ਸਾਹਿਤ-ਸੰਦ , ਉਸਤਾਦ , ਕਵੀ , ਆਲੋਚਕ , ਅਨੁਵਾਦਕ ਅਤੇ ਸੰਪਾਦਕ ਵਜੋਂ ਅੱਜ ਵੀ ਯਾਦ ਕੀਤਾ ਜਾਂਦਾ ਹੈ । ਉਹ ਤੰਗ ਸੋਚਣੀ ਅਤੇ ਸੰਕੀਰਨਤਾ ਤੋਂ ਮੁਕਤ ਲੇਖਕ ਸੀ ਜੋ ਕਿਸੇ ਇੱਕ ਵਾਦ-ਵਿਚਾਰਧਾਰਾ ਨਾਲ ਜੁੜਨ ਦੀ ਥਾਂ ਨਵੀਆਂ ਸੋਚਾਂ ਨੂੰ ਗ੍ਰਹਿਣ ਕਰਦਾ ਅਤੇ ਅਪਣਾਉਂਦਾ ਰਿਹਾ ਹੈ । ਕਿਸੇ ਇੱਕ ਵਾਦ-ਵਿਚਾਰਧਾਰਾ ਨਾਲ ਪ੍ਰਤਿਬੱਧਤਾ ਦੀ ਥਾਂ ਉਸ ਦੀ ਸ਼ਖ਼ਸੀਅਤ , ਲੇਖਣੀ ਅਤੇ ਸੁਭਾਉ ਬਹੁ-ਰੰਗੀ ਅਤੇ ਡੱਬ-ਖੜੱਬਾ ਹੈ ।


ਲੇਖਕ : ਬਲਕਾਰ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 7118, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-19, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.