ਹਾਰਡਵੇਅਰ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Hardware

ਸਾਡਾ ਕੰਪਿਊਟਰ ਬਹੁਤ ਸਾਰੇ ਭੌਤਿਕ ਭਾਗਾਂ ( Physical Parts ) ਤੋਂ ਮਿਲ ਕੇ ਬਣਿਆ ਹੁੰਦਾ ਹੈ । ਜਿਸ ਨੂੰ ਕੰਪਿਊਟਰ ਹਾਰਡਵੇਅਰ ਕਿਹਾ ਜਾਂਦਾ ਹੈ । ਕੰਪਿਊਟਰ ਦੇ ਸਾਰੇ ( ਹਾਰਡਵੇਅਰ ) ਭਾਗ ਮਿਲ ਕੇ ਕੰਪਿਊਟਰ ਪ੍ਰਣਾਲੀ ਦੀ ਰਚਨਾ ਕਰਦੇ ਹਨ । ਹਾਰਡਵੇਅਰ ਉੱਤੇ ਓਪਰੇਟਿੰਗ ਸਿਸਟਮ ਜਾਂ ਹੋਰ ਸਾਫਟਵੇਅਰ ਇੰਸਟਾਲ ਕੀਤੇ ਜਾਂਦੇ ਹਨ । ਹਾਰਡਵੇਅਰ ਭਾਗਾਂ ਦਾ ਭਾਰ ਹੁੰਦਾ ਹੈ , ਇਹ ਥਾਂ ਘੇਰਦੇ ਹਨ ਤੇ ਇਹਨਾਂ ਨੂੰ ਪਕੜਿਆ ਜਾ ਸਕਦਾ ਹੈ ।

( i ) ਮੌਨੀਟਰ ( Monitor )

ਇਹ ਟੀਵੀ ਸਕਰੀਨ ਵਰਗਾ ਹੁੰਦਾ ਹੈ । ਇਸ ਨੂੰ ਵੀਜ਼ੂਅਲ ਡਿਸਪਲੇਅ ਯੂਨਿਟ ( ਵੀਡੀਯੂ ) ਜਾਂ ਇਕੱਲਾ ਡਿਸਪਲੇਅ ਯੂਨਿਟ ਵੀ ਕਿਹਾ ਜਾਂਦਾ ਹੈ । ਕੰਪਿਊਟਰ ਵਿੱਚ ਇਸ ਦੀ ਵਰਤੋਂ ਨਤੀਜੇ ਦਿਖਾਉਣ ਲਈ ਕੀਤੀ ਜਾਂਦੀ ਹੈ । ਇਸ ਲਈ ਇਸ ਨੂੰ ਨਤੀਜਾ ਇਕਾਈ ਜਾਂ ਆਊਟਪੁਟ ਯੂਨਿਟ ਕਿਹਾ ਜਾਂਦਾ ਹੈ । ਇਹ ਕੰਪਿਊਟਰ ਦਾ ਬਹੁਤ ਹੀ ਜ਼ਰੂਰੀ ਭਾਗ ਹੈ ਤੇ ਇਸ ਨੂੰ ਸਾਫਟ ਕਾਪੀ ਆਉਟਪੁਟ ਯੂਨਿਟ ਵੀ ਕਿਹਾ ਜਾਂਦਾ ਹੈ ।

( ii ) ਕੀਬੋਰਡ ( Keyboard )

ਕੀਬੋਰਡ ਕੰਪਿਊਟਰ ਦੀ ਇਨਪੁਟ ਇਕਾਈ ਹੈ । ਇਹ ਇਕ ਟਾਈਪਰਾਈਟਰ ਦੀ ਤਰ੍ਹਾਂ ਹੁੰਦਾ ਹੈ । ਇਸ ਦੀ ਵਰਤੋਂ ਕੰਪਿਊਟਰ ਵਿੱਚ ਅੰਕੜੇ ਆਦਿ ਭੇਜਣ ਲਈ ਕੀਤੀ ਜਾਂਦੀ ਹੈ । ਇਸ ਉੱਤੇ ਟਾਈਪਰਾਈਟਰ ਵਰਗੀਆਂ ਕੁਝ ਕੁੰਜੀਆਂ ਜਾਂ ਕੀਆਂ ਲੱਗੀਆਂ ਹੁੰਦੀਆਂ ਹਨ । ਕੁਝ ਵਾਧੂ ਕੀਆਂ ਜਿਵੇਂ- Alt , Esc ਆਦਿ ਵੀ ਉਪਲਬਧ ਹੁੰਦੀਆਂ ਹਨ । ਇਹ ਕੀਆਂ ਟਾਈਪਰਾਈਟਰ ਨਾਲੋਂ ਕੁਝ ਵਾਧੂ ਕੰਮ ਲੈਣ ਵਿੱਚ ਮਦਦ ਕਰਦੀਆਂ ਹਨ ।

( iii ) ਮਾਊਸ ( Mouse )

ਇਹ ਇਕ ਨਿੱਕਾ ਜਿਹਾ ਭਾਗ ਹੈ ਜੋ ਇਨਪੁਟ ਇਕਾਈ ਵਜੋਂ ਵਰਤਿਆ ਜਾਂਦਾ ਹੈ । ਇਹ ਸੀਪੀਯੂ ਨਾਲ ਤਾਰ ਦੇ ਜ਼ਰੀਏ ਜੁੜਿਆ ਹੁੰਦਾ ਹੈ । ਜਦੋਂ ਮਾਊਸ ਨੂੰ ਪੱਧਰੇ ਤਲ ਤੇ ਸਰਕਾਇਆ ਜਾਂਦਾ ਹੈ ਤਾਂ ਸਕਰੀਨ ' ਤੇ ਨਜ਼ਰ ਆਉਣ ਵਾਲਾ ਨਿਸ਼ਾਨ ( ਪੌਆਇੰਟਰ ) ਘੁੰਮਦਾ ਹੋਇਆ ਨਜ਼ਰ ਆਉਂਦਾ ਹੈ । ਇਸ ਦੀ ਵਰਤੋਂ ਸੰਕੇਤ ਦੇਣ ਅਤੇ ਮੌਨੀਟਰ ਉੱਤੇ ਉਪਲਬਧ ਵਿਕਲਪਾਂ ( Options ) ਨੂੰ ਚੁਣਨ ਲਈ ਕੀਤੀ ਜਾਂਦੀ ਹੈ । ਮਾਊਸ ਉੱਤੇ ਦੋ ਜਾਂ ਤਿੰਨ ਬਟਨ ਲੱਗੇ ਹੁੰਦੇ ਹਨ ।

( iv ) ਸੀਪੀਯੂ ( CPU )

ਸੀਪੀਯੂ ਦਾ ਪੂਰਾ ਨਾਂ ਸੈਂਟਰਲ ਪ੍ਰੋਸੈਸਿੰਗ ਯੂਨਿਟ ਹੈ । ਇਸ ਨੂੰ ਕੇਂਦਰੀ ਪ੍ਰਕਿਰਿਆ ਇਕਾਈ ਜਾਂ ਸਿਸਟਮ ਯੂਨਿਟ ਵੀ ਕਿਹਾ ਜਾਂਦਾ ਹੈ । ਇਹ ਇਕ ( ਘਣਾਵ ਅਕਾਰੀ ) ਡੱਬੇ ਦੀ ਸ਼ਕਲ ਵਰਗਾ ਹੁੰਦਾ ਹੈ । ਇਸ ਵਿੱਚ ਕੰਪਿਊਟਰ ਨੂੰ ਚਲਾਉਣ ਲਈ ਲੋੜੀਂਦੇ ਸਾਰੇ ਹਿੱਸੇ ਲੱਗੇ ਹੁੰਦੇ ਹਨ । ਸੀਪੀਯੂ ਦੇ ਮੁੱਖ ਭਾਗ ਹਨ- ਗਣਿਤਕ ਅਤੇ ਲੌਜਿਕ ਇਕਾਈ ( ਏਐਲਯੂ ) , ਨਿਯੰਤਰਨ ਇਕਾਈ ( ਸੀਯੂ ) ਅਤੇ ਯਾਦਦਾਸ਼ਤ ਜਾਂ ਮੈਮਰੀ ( ਐਮਯੂ ) ।

( v ) ਪ੍ਰਿੰਟਰ ( Printer )

ਕੰਪਿਊਟਰ ਦੇ ਨਤੀਜੇ ਨੂੰ ਛਾਪਣ ਲਈ ਪ੍ਰਿੰਟਰ ਦੀ ਵਰਤੋਂ ਕੀਤੀ ਜਾਂਦੀ ਹੈ । ਇਹ ਕੰਪਿਊਟਰ ਦਾ ਆਉਟਪੁਟ ਯੂਨਿਟ ਹੈ । ਇਹ ਕੰਪਿਊਟਰ ਦਾ ਇਕ ਜ਼ਰੂਰੀ ਹਿੱਸਾ ਹੈ । ਇਸ ਨੂੰ ਹਾਰਡ ਕਾਪੀ ਆਉਟਪੁਟ ਯੂਨਿਟ ਵੀ ਕਿਹਾ ਜਾਂਦਾ ਹੈ ।

( vi ) ਮਦਰਬੋਰਡ ( Motherboard )

ਕੰਪਿਊਟਰ ਦੇ ਬਕਸੇ ( Case ) ਵਿੱਚ ਮਦਰਬੋਰਡ ਇਕ ਮੁੱਖ ਭਾਗ ਵਜੋਂ ਨਜ਼ਰ ਆਉਂਦਾ ਹੈ । ਇਹ ਇਕ ਵੱਡਾ ਆਇਤਾਕਾਰ ਬੋਰਡ ਹੁੰਦਾ ਹੈ । ਇਸ ਉੱਤੇ ਬਹੁਤ ਸਾਰੇ ਇੰਟੇਗ੍ਰੇਟਿਡ ਸਰਕਿਟ ( IC ) ਲੱਗੇ ਹੁੰਦੇ ਹਨ । ਕੰਪਿਊਟਰ ਦੇ ਬਾਕੀ ਭਾਗ ਜਿਵੇਂ ਕਿ ਪ੍ਰੋਸੈਸਰ , ਰੈਮ , ਹਾਰਡ ਡਿਸਕ , ਸੀਡੀ ਡਰਾਈਵ ਆਦਿ ਮਦਰਬੋਰਡ ਨਾਲ ਵੱਖ-ਵੱਖ ਤਾਰਾਂ , ਪੋਰਟਸ ਜਾਂ ਅਕਸਟੈਂਸ਼ਨ ਸਲੌਟਸ ਰਾਹੀਂ ਜੁੜੇ ਹੁੰਦੇ ਹਨ ।

( vii ) ਪਾਵਰ ਸਪਲਾਈ ( Power Supply )

ਇਸ ਨੂੰ ਪਾਵਰ ਸਪਲਾਈ ਯੂਨਿਟ ( Power Supply Unit ) ਵੀ ਕਿਹਾ ਜਾਂਦਾ ਹੈ । ਇਹ ਕੰਪਿਊਟਰ ਨੂੰ ਲੌੜੀਂਦੀ ਵੋਲਟੇਜ ਸਪਲਾਈ ਪ੍ਰਦਾਨ ਕਰਵਾਉਂਦਾ ਹੈ । ਇਹ ਉੱਚ ਵੋਲਟੇਜ ਏਸੀ ਨੂੰ ਘੱਟ ਵੋਲਟੇਜ ਡੀਸੀ ਵਿੱਚ ਬਦਲ ਕੇ ਕੰਪਿਊਟਰ ਨੂੰ ਦਿੰਦਾ ਹੈ । ਕੰਪਿਊਟਰ ਵਿੱਚ ਆਮ ਤੌਰ ' ਤੇ ਸਵਿੱਚ ਮੋਡ ਪਾਵਰ ਸਪਲਾਈ ( SMPS ) ਵਰਤੀ ਜਾਂਦੀ ਹੈ । ਇਹ ਸਪਲਾਈ ਬਿਜਲੀ ਧਾਰਾ ਦੇ ਵੱਧ-ਘੱਟ ਹੋਣ ਨੂੰ ਕੰਟਰੋਲ ਕਰ ਲੈਂਦੀ ਹੈ ।

ਉਪਰੋਕਤ ਤੋਂ ਇਲਾਵਾ ਕੰਪਿਊਟਰ ਦੇ ਹੋਰਨਾਂ ਹਾਰਡਵੇਅਰ ਭਾਗਾਂ ਦੇ ਨਾਮ ਇਸ ਪ੍ਰਕਾਰ ਹਨ :

· ਸੀਡੀ                                       

· ਸੀਡੀ ਰੋਮ ਡਰਾਈਵ

· ਸੀਡੀ ਰਾਈਟਰ                   

· ਡੀਵੀਡੀ

· ਡੀਵੀਡੀ ਰੋਮ ਡਰਾਈਵ                       

· ਡੀਵੀਡੀ ਰਾਈਟਰ

· ਹਾਰਡ ਡਿਸਕ                                         

· ਹਾਰਡ ਡਿਸਕ ਡਰਾਈਵ

· ਫਲੌਪੀ ਡਿਸਕ                                         

· ਫਲੌਪੀ ਡਿਸਕ ਡਰਾਈਵ

· ਯੂਐਸਬੀ ਫਲੈਸ਼ ਡਰਾਈਵ

· ਟੇਪ ਡਰਾਈਵ

· ਸਾਊਂਡ ਕਾਰਡ                                         

· ਸਪੀਕਰ ਤੇ ਮਾਈਕਰੋਫੋਨ ਆਦਿ ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 844, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਹਾਰਡਵੇਅਰ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Hardware

ਕੰਪਿਊਟਰ ਦੇ ਭੌਤਿਕ ਭਾਗਾਂ ਨੂੰ ਹਾਰਡਵੇਅਰ ਕਿਹਾ ਜਾਂਦਾ ਹੈ । ਇਸ ਵਿੱਚ ਸਾਰੇ ਚੁੰਬਕੀ , ਬਿਜਲਈ , ਇਲੈਕਟ੍ਰੋਨਿਕ ਅਤੇ ਯੰਤਰਿਕ ਭਾਗ ਸ਼ਾਮਿਲ ਹੁੰਦੇ ਹਨ ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 844, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.