ਹੀਰਾ ਸਿੰਘ ਡੋਗਰਾ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹੀਰਾ ਸਿੰਘ ਡੋਗਰਾ (1816-1844): 17 ਸਤੰਬਰ 1843 ਤੋਂ 21 ਦਸੰਬਰ 1844 ਤਕ ਲਾਹੌਰ ਸਿੱਖ ਰਾਜ ਦਾ ਪ੍ਰਧਾਨ- ਮੰਤਰੀ ਸੀ। ਇਹ ਰਾਜਾ ਧਿਆਨ ਸਿੰਘ ਦਾ ਜੇਠਾ ਪੁੱਤਰ ਸੀ ਅਤੇ ਜੰਮੂ ਤੋਂ ਲਗ-ਪਗ 25 ਕਿਲੋਮੀਟਰ ਦੀ ਦੂਰੀ ਤੇ ਰਾਮਗੜ੍ਹ ਵਿਖੇ 1816 ਵਿਚ ਇਸ ਦਾ ਜਨਮ ਹੋਇਆ ਸੀ। ਧਿਆਨ ਸਿੰਘ ਇਕ ਪ੍ਰਭਾਵਸ਼ਾਲੀ ਦਰਬਾਰੀ ਸੀ ਅਤੇ ਇਸਨੇ ਆਪਣੇ ਲੜਕੇ ਨੂੰ ਆਪਣੇ ਸਰਪ੍ਰਸਤ ਮਹਾਰਾਜਾ ਰਣਜੀਤ ਸਿੰਘ ਦੀ ਹਜ਼ੂਰੀ ਵਿਚ ਲੈ ਆਂਦਾ ਜਿਸਨੇ ਨੌਜਵਾਨ ਲੜਕੇ ਨੂੰ ਬਹੁਤ ਪਿਆਰ ਅਤੇ ਸਤਿਕਾਰ ਦਿੱਤਾ। ਉਸ ਨੇ ਅਰੰਭ ਵਿਚ ਹੀ ਇਸ ਨੂੰ ਬੜੀ ਉਦਾਰਤਾ ਨਾਲ ਰੱਖਿਆ ਅਤੇ 1828 ਵਿਚ ਇਸ ਨੂੰ ਰਾਜਾ ਦੀ ਉਪਾਧੀ ਦੇ ਦਿੱਤੀ ਅਤੇ ਫਿਰ ਇਸ ਨੂੰ ਫਰਜ਼ੰਦ-ੲ-ਖ਼ਾਸ ਐਲਾਨ ਕਰ ਦਿੱਤਾ। ਮਹਾਰਾਜਾ ਨੇ ਇਸ ਨੂੰ ਬਹੁਤ ਜਗੀਰਾਂ ਦੇ ਦਿੱਤੀਆਂ ਜਿਨ੍ਹਾਂ ਦੀ ਸਾਲਾਨਾ ਕੀਮਤ ਲਗ-ਪਗ ਪੰਜ ਲੱਖ ਸੀ। ਜਦੋਂ ਮਹਾਰਾਜਾ ਸ਼ੇਰ ਸਿੰਘ ਅਤੇ ਰਾਜਾ ਧਿਆਨ ਸਿੰਘ ਦੇ ਕਤਲ ਪਿੱਛੋਂ ਰਣਜੀਤ ਸਿੰਘ ਦੇ ਪੰਜ ਸਾਲ ਦੇ ਲੜਕੇ ਦਲੀਪ ਸਿੰਘ ਨੂੰ 17 ਸਤੰਬਰ 1843 ਨੂੰ ਪੰਜਾਬ ਦਾ ਮਹਾਰਾਜਾ ਬਣਾ ਦਿੱਤਾ ਗਿਆ ਤਦ ਹੀਰਾ ਸਿੰਘ ਨੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲ ਲਿਆ। ਪਰੰਤੂ ਇਹ ਆਪਣੀ ਪਦਵੀ ਤੇ ਟਿਕੇ ਰਹਿਣ ਤੋਂ ਅਸਫ਼ਲ ਰਿਹਾ। ਪੰਡਤ ਜੱਲਾ ਨੂੰ ਆਪਣਾ ਉਪ-ਪ੍ਰਧਾਨ ਬਣਾਉਣ ਨਾਲ ਇਹ ਬਦਨਾਮ ਹੋ ਗਿਆ। ਇਸ ਨੇ ਸੰਧਾਵਾਲੀਆ ਸਰਦਾਰਾਂ ਦੀਆਂ ਜਗੀਰਾਂ ਜ਼ਬਤ ਕਰ ਲਈਆਂ ਜਿਹੜੇ ਮਹਾਰਾਜਾ ਸ਼ੇਰ ਸਿੰਘ, ਕੰਵਰ ਪਰਤਾਪ ਸਿੰਘ ਅਤੇ ਰਾਜਾ ਧਿਆਨ ਸਿੰਘ ਦੇ ਕਤਲਾਂ ਲਈ ਜ਼ੁੰਮੇਵਾਰ ਸਨ। ਹੀਰਾ ਸਿੰਘ ਨੇ ਇਕ ਸਤਿਕਾਰਿਤ ਸਿੱਖ ਭਾਈ ਗੁਰਮੁਖ ਸਿੰਘ ਅਤੇ ਮਿਸਰ ਬੇਲੀ ਰਾਮ ਨੂੰ ਇਸ ਕਰਕੇ ਕਤਲ ਕਰਵਾ ਦਿੱਤਾ ਕਿਉਂਕਿ ਇਹਨਾਂ ਨੇ ਕੰਵਰ ਨੌ ਨਿਹਾਲ ਸਿੰਘ ਦੀ ਮੌਤ ਤੋਂ ਪਿੱਛੋਂ ਰਾਜਾ ਧਿਆਨ ਸਿੰਘ ਦੇ ਇਸ ਨੂੰ ਮਹਾਰਾਜਾ ਬਣਾਉਣ ਦੇ ਵਿਚਾਰ ਦਾ ਵਿਰੋਧ ਕੀਤਾ ਸੀ। ਇਸ ਨੇ ਮਹਾਰਾਣੀ ਜਿੰਦ ਕੌਰ ਦੇ ਭਰਾ ਜਵਾਹਰ ਸਿੰਘ ਨੂੰ ਜੇਲ੍ਹ ਵਿਚ ਬੰਦ ਕਰਵਾ ਦਿੱਤਾ ਅਤੇ ਲਾਹੌਰ ਤੋਂ ਆਪਣੇ ਚਾਚੇ ਸੁਚੇਤ ਸਿੰਘ ਡੋਗਰੇ ਨੂੰ ਜਲਾਵਤਨ ਕਰ ਦਿੱਤਾ ਕਿਉਂਕਿ ਇਹ ਦੋਵੇਂ ਇਸਦੇ ਵਿਰੋਧੀ ਸਮਝੇ ਜਾਂਦੇ ਸਨ। ਇਸ ਨੇ ਆਪਣੇ ਚਾਚੇ ਗੁਲਾਬ ਸਿੰਘ ਡੋਗਰੇ ਦੀ ਚੁੱਕ ਤੇ ਜਿਸਨੇ ਕੁਝ ਫ਼ਰਜ਼ੀ ਚਿੱਠੀਆਂ ਪੈਦਾ ਕਰਨ ਵਿਚ ਇਸ ਦੀ ਮਦਦ ਕੀਤੀ ਸੀ, ਰਣਜੀਤ ਸਿੰਘ ਦੇ ਦੋ ਜਿਊਂਦੇ ਪੁੱਤਰਾਂ ਕੰਵਰ ਕਸ਼ਮੀਰਾ ਸਿੰਘ ਅਤੇ ਕੰਵਰ ਪਸ਼ੌਰਾ ਸਿੰਘ ਦੀਆਂ ਜਾਇਦਾਦਾਂ ਜ਼ਬਤ ਕਰ ਲਈਆਂ ਸਨ। ਇਸਨੇ ਗੁਲਾਬ ਸਿੰਘ ਨੂੰ ਇਹਨਾਂ ਦੇ ਖ਼ਿਲਾਫ਼ ਫ਼ੌਜਾਂ ਦੇ ਕੇ ਭੇਜਿਆ। ਕੰਵਰਾਂ ਉੱਤੇ ਇਸ ਹਮਲੇ ਨੇ ਫ਼ੌਜਾਂ ਵਿਚ ਭਾਰੀ ਰੋਸ ਪੈਦਾ ਕੀਤਾ ਜਿਸ ਨਾਲ ਫ਼ੌਜ ਡੋਗਰਾ ਪ੍ਰਧਾਨ ਮੰਤਰੀ ਦੇ ਵਿਰੁੱਧ ਹੋ ਗਈ ਅਤੇ ਇਸ ਨੂੰ ਜਗੀਰਾਂ ਵਾਪਸ ਦੇਣ ਅਤੇ ਜਵਾਹਰ ਸਿੰਘ ਨੂੰ ਰਿਹਾਅ ਕਰਨ ਲਈ ਮਜਬੂਰ ਕਰ ਦਿੱਤਾ। ਹੀਰਾ ਸਿੰਘ ਦੀਆਂ ਸਾਜ਼ਸ਼ਾਂ ਦੀ ਹੱਦ ਹੋ ਗਈ ਜਦੋਂ ਇਸ ਨੇ ਸਿਪਾਹੀ ਤੋਂ ਸੰਤ ਬਣੇ ਬਾਬਾ ਬੀਰ ਸਿੰਘ ਦੇ ਖ਼ਿਲਾਫ਼ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ। ਬਾਬਾ ਬੀਰ ਸਿੰਘ ਨੇ ਆਪਣਾ ਡੇਰਾ ਅੰਮ੍ਰਿਤਸਰ ਜ਼ਿਲੇ ਵਿਚ ਦਰਬਾਰ ਦੀਆਂ ਸਾਜ਼ਸ਼ਾਂ ਤੋਂ ਦੂਰ ਇਕ ਛੋਟੇ ਜਿਹੇ ਪਿੰਡ ਨੌਰੰਗਾਬਾਦ ਵਿਖੇ ਸਥਾਪਿਤ ਕਰ ਲਿਆ ਸੀ। ਇਹ ਰਣਜੀਤ ਸਿੰਘ ਦੇ ਰਾਜ ਦਾ ਸੱਚਾ ਸ਼ੁਭ-ਚਿੰਤਕ ਸੀ ਅਤੇ ਦਰਬਾਰੀਆਂ ਦੀ ਆਪਸੀ ਈਰਖ਼ਾ ਨਾਲ ਹੋਏ ਨੁਕਸਾਨ ਤੋਂ ਇਹ ਬਹੁਤ ਦੁਖੀ ਸੀ। ਇਸ ਦੇ ਨਿੱਜੀ ਪ੍ਰਭਾਵ ਨੇ ਹੀਰਾ ਸਿੰਘ ਨੂੰ ਬਹੁਤ ਦੁਖੀ ਕੀਤਾ ਹੋਇਆ ਸੀ। ਪਿੰਡ ਵਿਚ ਇਸਦੇ ਕਿਲ੍ਹੇ ਉੱਤੇ ਹਮਲਾ ਕਰਨ ਲਈ ਹੀਰਾ ਸਿੰਘ ਨੇ ਫ਼ੌਜਾਂ ਭੇਜ ਦਿੱਤੀਆਂ ਜਿੱਥੇ ਕੰਵਰ ਕਸ਼ਮੀਰਾ ਸਿੰਘ ਅਤੇ ਅਤਰ ਸਿੰਘ ਸੰਧਾਵਾਲੀਆਂ ਨੇ ਵੀ ਸ਼ਰਨ ਲਈ ਹੋਈ ਸੀ। ਬਾਬਾ ਬੀਰ ਸਿੰਘ ਉੱਤੇ ਹਮਲਾ ਅਤੇ ਹੀਰਾ ਸਿੰਘ ਦੇ ਚਹੇਤੇ ਪੰਡਤ ਜੱਲਾ ਦੇ ਮਹਾਰਾਣੀ ਜਿੰਦ ਕੌਰ ਨੂੰ ਜ਼ਹਿਰ ਦੇਣ ਦੀ ਕੋਸ਼ਿਸ਼ ਨਾਲ ਸਿੱਖ ਫ਼ੌਜ ਵਿਚ ਗੁੱਸੇ ਦੀ ਲਹਿਰ ਦੌੜ ਗਈ। ਹੀਰਾ ਸਿੰਘ ਆਪਣੇ 400 ਵਿਸ਼ਵਾਸਪਾਤਰ ਸਿਪਾਹੀ ਲੈ ਕੇ ਲਾਹੌਰ ਛੱਡ ਕੇ ਭੱਜ ਗਿਆ ਅਤੇ ਕਈ ਗੱਡੇ ਸੋਨੇ ਅਤੇ ਚਾਂਦੀ ਦੇ ਖ਼ਜ਼ਾਨੇ ਵਿਚੋਂ ਭਰਕੇ ਲੈ ਗਿਆ। ਪਰੰਤੂ ਜਵਾਹਰ ਸਿੰਘ ਅਤੇ ਸ਼ਾਮ ਸਿੰਘ ਅਟਾਰੀਵਾਲੇ ਦੀ ਸਿੱਖ ਫ਼ੌਜ ਨੇ ਇਸ ਨੂੰ ਰਸਤੇ ਵਿਚ ਹੀ ਘੇਰ ਲਿਆ ਅਤੇ ਇਸ ਨੂੰ ਇਸਦੇ ਸਲਾਹਕਾਰ ਪੰਡਤ ਜੱਲਾ ਨਾਲ 21 ਦਸੰਬਰ 1844 ਨੂੰ ਮਾਰ ਦਿੱਤਾ।


ਲੇਖਕ : ਸ.ਸ.ਚ. ਅਤੇ ਅਨੁ.: ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1130, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.