ਫ਼ਖ਼ਰ ਜ਼ਮਾਨ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਫ਼ਖ਼ਰ ਜ਼ਮਾਨ: ਫ਼ਖ਼ਰ ਜ਼ਮਾਨ ਇੱਕ ਅਜਿਹਾ ਪਾਕਿਸਤਾਨੀ ਲੇਖਕ ਹੈ ਜਿਸ ਨੂੰ ਕੇਵਲ ਪਾਕਿਸਤਾਨ ਦੇ ਹੀ ਨਹੀਂ ਬਲਕਿ ਹਿੰਦੁਸਤਾਨ ਸਮੇਤ ਦੁਨੀਆਂ ਭਰ ਵਿੱਚ ਵੱਸੇ ਪੰਜਾਬੀਆਂ ਨੇ ਪਾਕਿਸਤਾਨੀ ਪੰਜਾਬ ਦਾ ਮਹਾਨ ਸਾਹਿਤਕਾਰ ਸਵੀਕਾਰ ਕੀਤਾ ਹੈ। ਉਸ ਦਾ ਜਨਮ ਗੁਜਰਾਤ ਦੇ ਮਾਅਰੂਫ ਜੱਟ ਘਰਾਣੇ ਵਿੱਚ 1946 ਨੂੰ ਹੋਇਆ। ਪਿਤਾ, ਮੇਜਰ ਮੁਹੰਮਦ ਜ਼ਮਾਨ ਆਪਣੇ ਵੇਲੇ ਦੀ ਪ੍ਰਸਿੱਧ ਸ਼ਖ਼ਸੀਅਤ ਸਨ। ਪਿਤਾ ਕੋਲੋਂ ਹੀ ਫ਼ਖ਼ਰ ਜ਼ਮਾਨ ਨੂੰ ਰਾਜਨੀਤਿਕ ਸੂਝ ਅਤੇ ਸਮਾਜਿਕ ਰੁਚੀ ਪ੍ਰਾਪਤ ਹੋਈ। ਮੁਢਲੀ ਵਿਦਿਆ ਗੁਜਰਾਤ ਦੇ ਮਿਸ਼ਨ ਹਾਈ ਸਕੂਲ ਤੋਂ ਪ੍ਰਾਪਤ ਕੀਤੀ। ਜ਼ਿਮੀਦਾਰਾ ਕਾਲਜ ਗੁਜਰਾਤ ਵਿੱਚੋਂ ਬੀ.ਏ. ਆਨਰਜ਼ ਦੀ ਡਿਗਰੀ ਪਹਿਲੀ ਪੁਜੀਸ਼ਨ ਵਿੱਚ ਹਾਸਲ ਕੀਤੀ ਅਤੇ ਕਾਲਜ ਵੱਲੋਂ ਰੋਲ ਆਫ਼ ਆਨਰਜ਼ ਨਾਲ ਸਨਮਾਨਿਤ ਕੀਤਾ ਗਿਆ। ਬਚਪਨ ਤੋਂ ਹੀ ਸਾਹਿਤ, ਸਿਆਸਤ ਅਤੇ ਕਲਾ ਵਿੱਚ ਰੁਚੀ ਪੈਦਾ ਹੋ ਗਈ ਸੀ। ਉਰਦੂ, ਪੰਜਾਬੀ, ਅੰਗਰੇਜ਼ੀ ਦੇ ਰਸਾਲੇ ਲਗਾਤਾਰ ਪੜ੍ਹਨੇ ਜਾਰੀ ਰੱਖੇ। ਸੰਗੀਤ ਪ੍ਰਤਿ ਮੋਹ ਨੇ ਉਸ ਨੂੰ ਰਵਾਇਤੀ ਅਤੇ ਕਲਾਸੀਕਲ ਦੀ ਸਮਝ ਪ੍ਰਦਾਨ ਕੀਤੀ। ਸਿਨਮਾ, ਪਤੰਗਬਾਜ਼ੀ ਅਤੇ ਕਬੂਤਰਬਾਜ਼ੀ ਦੇ ਸ਼ੌਕ ਪੂਰੇ ਕੀਤੇ। ਸਾਹਿਤ ਅਤੇ ਕਲਾ ਦੇ ਸ਼ੌਕ ਨੇ ਸਾਹਿਤ ਰਚਨਾ ਵੱਲ ਪਰੇਰਿਆ ਅਤੇ ਬੀ.ਏ. ਵਿੱਚ ਪੜ੍ਹਦਿਆਂ ਇੱਕ ਉਰਦੂ ਅਫ਼ਸਾਨਾ ਮਾਵਾਂ ਠੰਡੀਆਂ ਛਾਵਾਂ ਲਿਖਿਆ ਜੋ ਕਾਲਜ ਦੇ ਰਸਾਲੇ ਸ਼ਹੀਨ ਵਿੱਚ ਛਪਿਆ। ਅੰਗਰੇਜ਼ੀ ਵਿੱਚ ਵੀ ਲਿਖਿਆ ਅਤੇ ਰਸਾਲੇ ਵਿੱਚ ਛਪਦਾ ਰਿਹਾ। ਕਾਲਜ ਪੜ੍ਹਾਈ ਦੌਰਾਨ ਮੋਹਨ ਸਿੰਘ ਅੰਮ੍ਰਿਤਾ ਪ੍ਰੀਤਮ, ਸ਼ਰੀਫ਼ ਕੁੰਜਾਹੀ ਦੀਆਂ ਰਚਨਾਵਾਂ ਪੜ੍ਹਨ ਦੇ ਨਾਲ-ਨਾਲ ਸੂਫ਼ੀ ਸ਼ਾਇਰਾਂ ਦਾ ਅਧਿਐਨ ਵੀ ਕੀਤਾ। ਇਸ ਦੇ ਨਾਲ- ਨਾਲ ਖੇਡਾਂ ਦਾ ਵੀ ਸ਼ੌਕ ਪਲਦਾ ਰਿਹਾ ਤੇ ਫ਼ਖ਼ਰ ਜ਼ਮਾਨ ਕਾਲਜ ਦੀ ਕ੍ਰਿਕਟ ਟੀਮ ਦੇ ਕਪਤਾਨ ਹੋਣ ਦੇ ਨਾਲ- ਨਾਲ ਬੈਡਮਿੰਟਨ ਅਤੇ ਟੇਬਲ ਟੈਨਿਸ ਦਾ ਵੀ ਵਧੀਆ ਖਿਡਾਰੀ ਸੀ। ਕਾਲਜ ਯੂਨੀਅਨ ਦੀ ਪ੍ਰਧਾਨਗੀ ਵੀ ਕੀਤੀ। ਇਸ ਤਰ੍ਹਾਂ ਕਲਾ, ਸਾਹਿਤ, ਖੇਡਾਂ ਅਤੇ ਰਾਜਨੀਤੀ ਦੇ ਸੁਮੇਲ ਨੇ ਫ਼ਖ਼ਰ ਜ਼ਮਾਨ ਨੂੰ ਕਾਮਯਾਬ ਵਿਅਕਤੀ ਬਣਨ ਲਈ ਆਧਾਰ ਪ੍ਰਦਾਨ ਕੀਤਾ। ਐਮ.ਏ. ਇਕਨਾਮਿਕਸ ਕਰਨ ਲਈ ਪੰਜਾਬ ਯੂਨੀਵਰਸਿਟੀ ਲਾਹੌਰ ਚਲਾ ਗਿਆ। ਕੁਝ ਦਿਨ ਇਕਨਾਮਿਕਸ, ਕੁਝ ਮਹੀਨੇ ਅੰਗਰੇਜ਼ੀ ਪੜ੍ਹਨ ਉਪਰੰਤ ਅੰਤ ਨੂੰ ਐਮ.ਏ. ਸੋਸ਼ਲ ਵਰਕਸ ਵਿੱਚ ਕੀਤੀ। ਯੂਨੀਵਰਸਿਟੀ ਦੀ ਪੜ੍ਹਾਈ ਦੌਰਾਨ, ਯੂਨੀਵਰਸਿਟੀ ਮੈਗਜ਼ੀਨ ਦਾ ਸੰਪਾਦਕ ਅਤੇ ਵਿਦਿਆਰਥੀ ਯੂਨੀਅਨ ਦਾ ਅਹੁਦੇਦਾਰ ਵੀ ਬਣਿਆ। ਇਸ ਤੋਂ ਬਾਅਦ ਵਕਾਲਤ ਵਿੱਚ ਡਿਗਰੀ ਪ੍ਰਾਪਤ ਕਰ ਕੇ ‘ਇੰਟਰਨੈਸ਼ਨਲ ਅਫੇਅਰਜ਼` ਵਿੱਚ ਪੋਸਟ ਗਰੈਜੂਏਟ ਡਿਪਲੋਮਾ ਕੀਤਾ। ਇਸ ਦੇ ਆਧਾਰ ਤੇ ਹਾਲੈਂਡ ਤੋਂ ਸਕਾਲਰਸ਼ਿਪ ਪ੍ਰਾਪਤ ਹੋ ਗਿਆ ਤੇ ਉਥੋਂ ਸੋਸ਼ਲ ਵੈਲਫ਼ੇਅਰ ਅਤੇ ਕੈਸ਼ ਇੰਟਰਨੈਸ਼ਨਲ ਕੋਰਟ ਆਫ਼ ਜਸਟਿਸ ਦਾ ਸਰਟੀਫ਼ਿਕੇਟ ਪ੍ਰਾਪਤ ਕੀਤਾ। ਵਾਪਸ ਪਾਕਿਸਤਾਨ ਆ ਕੇ ਵਕਾਲਤ ਦੀ ਪ੍ਰੈਕਟਿਸ ਸ਼ੁਰੂ ਕਰਨ ਬਾਰੇ ਸੋਚਿਆ ਪਰ ਆਰਥਿਕ ਪੱਖੋਂ ਹਾਲਾਤ ਬਹੁਤ ਸੁਖਾਵੇਂ ਨਾ ਹੋਣ ਕਰ ਕੇ ਫਰੀਲਾਂਸ ਪੱਤਰਕਾਰ ਬਣ ਗਿਆ। ਕੁਝ ਸਮਾਂ ਸਰਕਾਰੀ ਅਫ਼ਸਰੀ ਵੀ ਕੀਤੀ ਪਰ ਰਾਜਨੀਤੀ ਵਿੱਚ ਦਿਲਚਸਪੀ ਹੋਣ ਕਰ ਕੇ ਥੋੜ੍ਹੇ ਸਮੇਂ ਦੀ ਨੌਕਰੀ ਵਿੱਚ ਹੀ ਐਸੋਸੀਏਸ਼ਨ ਦੀ ਪ੍ਰਧਾਨਗੀ ਅਤੇ ਫੈਮਿਲੀ ਪਲੈਨਿੰਗ ਇਮਪਲਾਈਜ਼ ਐਕਸ਼ਨ ਕਮੇਟੀ ਦੀ ਚੇਅਰਮੈਨੀ ਕੀਤੀ। ਫਿਰ ਛੇਤੀ ਹੀ ਸਰਕਾਰੀ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਗੁਜਰਾਤ ਤੋਂ ਇੱਕ ਅੰਗਰੇਜ਼ੀ ਰਸਾਲਾ ਦਾ ਵਾਈਸ ਕੱਢਿਆ। ਉਹਨਾਂ ਦਿਨਾਂ ਵਿੱਚ ਜ਼ੁਲਿਫ਼ਕਾਰੀ ਅਲੀ ਭੁੱਟੋ ਨੇ ਅਯੂਬ ਖ਼ਾਨ ਵਿਰੁੱਧ ਅੰਦੋਲਨ ਸ਼ੁਰੂ ਕੀਤਾ ਹੋਇਆ ਸੀ। ਫ਼ਖ਼ਰ ਜ਼ਮਾਨ ਦੀ ਆਪਣੇ ਪ੍ਰਗਤੀਵਾਦੀ ਵਿਚਾਰਾਂ ਕਰ ਕੇ ਭੁੱਟੋ ਨਾਲ ਸਾਂਝ ਬਣ ਗਈ ਜਿਸ ਕਰ ਕੇ ਆਪਣੇ ਰਸਾਲੇ ਵਿੱਚ ਅਯੂਬ ਖ਼ਾਨ ਦੇ ਵਿਰੁੱਧ ਕੁਝ ਸਖ਼ਤ ਲੇਖ ਲਿਖੇ ਗਏ ਅਤੇ ਫਲਸਰੂਪ ਸਰਕਾਰ ਨੇ ਇਸ ਰਸਾਲੇ ਤੇ ਰੋਕ ਲਗਾ ਦਿੱਤੀ। ਫਿਰ ਬਾਜ਼ਗਸ਼ਤ ਨਾਂ ਦਾ ਉਰਦੂ ਵਿੱਚ ਰਸਾਲਾ ਕੱਢਿਆ ਜੋ ਫਿਰ ਸਰਕਾਰ ਨੇ ਜਬਰੀ ਬੰਦ ਕਰਵਾ ਦਿੱਤਾ। ਭੁੱਟੋ ਸਰਕਾਰ ਆਉਣ ਤੇ ਫ਼ਖ਼ਰ ਜ਼ਮਾਨ ਨੂੰ ਸ੍ਰੀਮਤੀ ਭੁੱਟੋ ਜੋ ਭੁੱਟੋ ਦੀ ਪੀਪਲਜ਼ ਪਾਰਟੀ ਦੀ ਚੀਫ਼ ਆਰਗੇਨਾਈਜ਼ਰ ਸੀ, ਦਾ ਰਾਜਨੀਤਿਕ ਸਲਾਹਕਾਰ ਨਿਯੁਕਤ ਕਰ ਦਿੱਤਾ। ਬਾਅਦ ਵਿੱਚ ਉਹ ਪਾਕਿਸਤਾਨ ਦੀ ਸਾਹਿਤ ਅਕਾਦਮੀ ਦਾ ਢਾਈ ਸਾਲ ਚੇਅਰਮੈਨ ਵੀ ਬਣਿਆ ਰਿਹਾ। ਉਸ ਦੀ ਨਿਗਰਾਨੀ ਵਿੱਚ ਪਹਿਲੀ ਵਾਰੀ ਪਾਕਿਸਤਾਨ ਦੇ ਪੰਦ੍ਹਰਾਂ ਸੂਫ਼ੀ ਸ਼ਾਇਰਾਂ ਦੀਆਂ ਕਿਤਾਬਾਂ ਦਾ ਦੁਨੀਆ ਦੀਆਂ ਵੱਖ-ਵੱਖ ਪੰਦ੍ਹਰਾਂ ਭਾਸ਼ਾਵਾਂ ਵਿੱਚ ਅਨੁਵਾਦ ਹੋਇਆ। ਪਾਕਿਸਤਾਨ ਦੀਆਂ ਵਿਭਿੰਨ ਸੂਬਾਈ ਭਾਸ਼ਾਵਾਂ ਦਾ ਬਹੁਤ ਸਾਰਾ ਸਾਹਿਤ ਦੁਨੀਆਂ ਦੀਆਂ ਸਤ ਪ੍ਰਮੁਖ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ। ਇਸ ਤੋਂ ਬਿਨਾਂ ਇਸਤਰੀ ਕਵਿਤਰੀਆਂ ਅਤੇ ਗਲਪਕਾਰਾਂ ਦੀਆਂ ਰਚਨਾਵਾਂ ਦੇ ਵੀ ਅਨੁਵਾਦ ਕਰਵਾਏ ਗਏ। ਫ਼ਖ਼ਰ ਜ਼ਮਾਨ ਦੇ ਇਹਨਾਂ ਯਤਨਾਂ ਨਾਲ ਸੰਸਾਰ ਦੇ ਲੋਕਾਂ ਦੀ ਪਾਕਿਸਤਾਨੀ ਸਮਾਜ ਬਾਰੇ ਜਾਣਕਾਰੀ ਵਿੱਚ ਵਾਧਾ ਹੋਇਆ। ਫ਼ਖ਼ਰ ਜ਼ਮਾਨ ਸਾਹਿਤਕਾਰ ਹੋਣ ਦੇ ਨਾਲ-ਨਾਲ ਸੈਨੇਟਰ, ਮੰਤਰੀ ਅਤੇ ਨੈਸ਼ਨਲ ਕਮਿਸ਼ਨ ਆਨ ਹਿਸਟਰੀ ਐਂਡ ਕਲਚਰ ਦਾ ਚੇਅਰਮੈਨ ਵੀ ਰਹਿ ਚੁੱਕਾ ਹੈ। ਉਸ ਦੀਆਂ ਹੁਣ ਤਕ ਕਈ ਪੰਜਾਬੀ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ।

     ਸਤ ਗੁਆਚੇ ਲੋਕ, ਇੱਕ ਮਰੇ ਬੰਦੇ ਦੀ ਕਹਾਣੀ, ਬੰਦੀਵਾਨ, ਬੇ ਵਤਨਾ, ਕਮਜ਼ਾਤ, ਤੂੰ ਕਿ ਮੈਂ ਉਸ ਦੇ ਨਾਵਲ ਹਨ। ਕਨਸੋਅ ਵੇਲੇ ਦੀ, ਵੰਗਾਰ, ਜ਼ਵਾਲ ਦੀ ਘੜੀ ਕਾਵਿ ਸੰਗ੍ਰਹਿ ਹਨ ਅਤੇ ਚਿੜੀਆਂ ਦਾ ਚੰਬਾ, ਵਣ ਦਾ ਬੂਟਾ (ਰੇਡੀਓ ਟੀ.ਵੀ. ਤੋਂ ਵੀ ਪ੍ਰਸਾਰਿਤ) ਨਾਟਕ ਹਨ।

      ਫ਼ਖ਼ਰ ਜ਼ਮਾਨ ਦੀਆਂ ਕਈ ਕਿਤਾਬਾਂ ਨੂੰ ਰਾਸ਼ਟਰੀ, ਅੰਤਰਰਾਸ਼ਟਰੀ ਇਨਾਮ, ਸਨਮਾਨ ਪ੍ਰਾਪਤ ਹੋ ਚੁੱਕੇ ਹਨ। ਪਾਕਿਸਤਾਨ ਸਰਕਾਰ ਨੇ 1994 ਵਿੱਚ ਸਾਹਿਤ ਸੇਵਾ ਬਦਲੇ ਸਿਤਾਰਾ-ਏ-ਇਮਤਿਆਜ਼ ਦੇ ਖ਼ਿਤਾਬ ਨਾਲ ਸਨਮਾਨਿਤ ਕੀਤਾ। ਭਾਰਤ ਦੀ ਰਾਜਧਾਨੀ ਦਿੱਲੀ ਵਿਖੇ 2001 ਵਿੱਚ ਉਸ ਦੀ ਗਲਪ ਰਚਨਾ ਬਦਲੇ ਮਿਲੇਨੀਅਮ ਅਵਾਰਡ-2000 ਨਾਲ ਨਿਵਾਜਿਆ ਗਿਆ ਜਿਸ ਦੀ ਪਾਕਿਸਤਾਨ ਸਮੇਤ ਸਾਰੀ ਦੁਨੀਆ ਵੱਲੋਂ ਭਰਪੂਰ ਪ੍ਰਸੰਸਾ ਕੀਤੀ ਗਈ।

     ਫ਼ਖ਼ਰ ਜ਼ਮਾਨ ਪਾਕਿਸਤਾਨੀ ਪੰਜਾਬੀ ਸਾਹਿਤ ਦਾ ਚਮਕਦਾ ਸਿਤਾਰਾ ਹੈ। ਪੰਜਾਬੀ ਨਾਵਲ, ਕਵਿਤਾ ਅਤੇ ਨਾਟਕ ਨੂੰ ਉਸ ਦੀ ਵਡਮੁੱਲੀ ਦੇਣ ਹੈ। ਉਸ ਦੀ ਸਾਹਿਤ ਰਚਨਾ ਵਿੱਚ ਮਾਨਵੀ ਜਜ਼ਬਿਆਂ ਦੀ ਪੇਸ਼ਕਾਰੀ ਨੂੰ ਮਹੱਤਵਪੂਰਨ ਸਥਾਨ ਪ੍ਰਾਪਤ ਹੈ। ਇਹਨਾਂ ਵਿੱਚ ਜਨ-ਸਧਾਰਨ ਦੀ ਪੀੜਾ, ਨਫ਼ਰਤ, ਦੁਸ਼ਮਣੀਆਂ, ਵਿਰੋਧ ਅਤੇ ਕਰੋਧ ਦੇ ਪ੍ਰਗਟਾਵੇ ਦੇ ਨਾਲ-ਨਾਲ ਪਿਆਰ, ਮੁਹੱਬਤ, ਖਲੂਸ, ਇਕਰਾਰ ਤੇ ਦੋਸਤੀ ਦਾ ਨਿੱਘ, ਕਾਵਿਕਤਾ ਭਰਪੂਰ ਸ਼ਾਮਲ ਹੈ।

     ਫ਼ਖ਼ਰ ਜ਼ਮਾਨ ਕੇਵਲ ਸਾਹਿਤਕਾਰ ਹੀ ਨਹੀਂ ਬਲਕਿ ਰਾਜਨੀਤੀ ਨਾਲ ਸਿਧੀ ਤਰ੍ਹਾਂ ਜੁੜਿਆ ਹੋਇਆ ਪੰਜਾਬੀ ਲੇਖਕ ਹੈ। ਪਾਕਿਸਤਾਨ ਵਿੱਚ ਚਲਾਈ ਜਾ ਰਹੀ ਪੰਜਾਬੀ ਭਾਸ਼ਾ ਦੀ ਮੁਹਿੰਮ ਦਾ ਸਿਰ-ਕੱਢ ਅਤੇ ਹਿੰਮਤੀ ਆਗੂ ਵੀ ਹੈ ਜਿਸ ਬਦਲੇ ਉਸ ਨੂੰ ਸਮੇਂ ਦੀ ਸਰਕਾਰ ਹੱਥੋਂ ਸਖਤੀ ਵੀ ਝੱਲਣੀ ਪਈ ਹੈ ਪਰ ਫਿਰ ਵੀ ਪਿੱਛੇ ਨਹੀਂ ਹੱਟਿਆ। ਉਸ ਨੇ ਪੰਜਾਬੀ ਭਾਸ਼ਾ ਦੇ ਉਭਾਰ ਲਈ ਪਾਕਿਸਤਾਨ ਵਿੱਚ ਹੀ ਨਹੀਂ ਭਾਰਤ ਅਤੇ ਦੁਨੀਆ ਦੇ ਹੋਰ ਮੁਲਕਾਂ ਵਿੱਚ ਅੰਤਰਰਾਸ਼ਟਰੀ ਪੰਜਾਬੀ ਸਾਹਿਤਿਕ ਕਾਨਫਰੰਸਾਂ ਕਰਵਾ ਕੇ ਨਾਮਣਾ ਖਟਿਆ ਅਤੇ ਪੰਜਾਬੀ ਭਾਸ਼ਾ ਨੂੰ ਸੰਸਾਰ ਪੱਧਰ ਤੇ ਉੱਨਤ ਅਤੇ ਪ੍ਰਚਲਿਤ ਕਰਨ ਵਿੱਚ ਅਹਿਮ ਰੋਲ ਅਦਾ ਕੀਤਾ ਹੈ। ਫ਼ਖ਼ਰ ਜ਼ਮਾਨ ਦੀ ਰਾਜਨੀਤਿਕ ਦ੍ਰਿਸ਼ਟੀ ਨੇ ਉਸ ਨੂੰ ਸਾਹਿਤ ਅਤੇ ਸਮਾਜ ਦੇ ਰਿਸ਼ਤੇ ਨੂੰ ਸਮਝਣ ਵਿੱਚ ਸਹਾਇਤਾ ਕੀਤੀ ਹੈ। ਉਹ ਸਾਹਿਤ ਨੂੰ ਸਮਾਜਿਕ ਅਤੇ ਰਾਜਨੀਤਿਕ ਤਬਦੀਲੀ ਲਈ ਹਥਿਆਰ ਸਮਝਦਾ ਹੈ। ਉਸ ਨੇ ਅੰਗਰੇਜ਼ੀ ਹਕੂਮਤ ਤੋਂ ਅਜ਼ਾਦੀ ਅਤੇ ਪਾਕਿਸਤਾਨ ਦੀ ਸਿਰਜਣਾ ਨੂੰ ਇੱਕ ਪੰਜਾਬੀ ਹੋਣ ਦੇ ਪੱਖ ਤੋਂ ਵੇਖਿਆ, ਮਹਿਸੂਸਿਆ ਅਤੇ ਪੇਸ਼ ਕੀਤਾ ਹੈ। ਉਸ ਦੀ ਵਿਕਸਿਤ ਚੇਤਨਾ ਮਨੁੱਖੀ ਸ਼ਖ਼ਸੀਅਤ ਦੇ ਵਿਰਾਸਤੀ ਵਿਕਾਸ ਨੂੰ ਆਧਾਰ ਬਣਾਉਂਦੀ ਹੈ। ਉਸ ਦੇ ਨਾਵਲਾਂ ਦਾ ਵਿਸ਼ਾ-ਵਸਤੂ ਮਨੁੱਖੀ ਅਜ਼ਾਦੀ ਲਈ ਕੀਤੇ ਸੰਘਰਸ਼ ਦੀ ਦਾਸਤਾਨ ਹੈ ਜਿਨ੍ਹਾਂ ਵਿੱਚ ਕਿਆਸ ਕੀਤੀ ਅਜ਼ਾਦੀ ਦਾ ਸੰਕਲਪ ਉਭਰ ਕੇ ਪੇਸ਼ ਹੁੰਦਾ ਹੈ। ਉਸ ਨੇ ਪੂੰਜੀਵਾਦੀ ਪ੍ਰਵਿਰਤੀ ਅਧੀਨ ਉਭਰ ਰਹੇ ਸਮਾਜ ਵਿੱਚ ਵਿਅਕਤੀ ਅਜ਼ਾਦੀ ਅਤੇ ਲੋਕ ਅਜ਼ਾਦੀ ਦੇ ਮਸਲੇ ਨੂੰ ਉਭਾਰਿਆ ਹੈ। ਅਜ਼ਾਦੀ ਦੇ ਵਿਸ਼ੇ ਨੂੰ ਜੀਵਨ ਹਕੀਕਤਾਂ ਨਾਲ ਮੇਲ ਕੇ ਗਲਪੀ ਰੂਪ ਪ੍ਰਦਾਨ ਕੀਤਾ ਹੈ। ਉਸ ਦਾ ਇਹ ਯਤਨ ਉਸ ਦੇ ਦਾਰਸ਼ਨਿਕ ਦ੍ਰਿਸ਼ਟੀਕੋਣ ਦੀ ਗਵਾਹੀ ਭਰਦਾ ਹੈ। ਇਸ ਵਿਚਾਰਧਾਰਾ ਪਿਛੇ ਪੰਜਾਬ ਦਾ, ਪੰਜਾਬੀ ਕੌਮ ਦਾ ਇਤਿਹਾਸਿਕ ਵਿਰਸਾ ਕਾਰਜਸ਼ੀਲ ਹੈ। ਉਸ ਦੇ ਪਾਤਰ ਰਵਾਇਤੀ ਨਾਂਵਾਂ ਵਾਲੇ ਨਹੀਂ ਹਨ ਬਲਕਿ ਉਹਨਾਂ ਦੇ ਗੁਣ, ਔਗੁਣ ਹੀ ਉਹਨਾਂ ਦੀ ਪਛਾਣ ਬਣਦੇ ਹਨ। ਉਸ ਨੇ ਆਪਣੇ ਪ੍ਰਤੀਕਾਤਮਿਕ ਪਾਤਰਾਂ ਕੋਲੋਂ ਸਮਾਜ ਦੀ ਪ੍ਰਤਿਨਿਧਤਾ ਕਰਵਾਉਣ ਦਾ ਯਤਨ ਕੀਤਾ ਹੈ। ਉਸ ਦੇ ਪਾਤਰ ਪ੍ਰਿਜ਼ਮੀ ਹਨ ਜੋ ਇੱਕ ਕਿਰਨ ਨੂੰ ਕਈ ਰੰਗਾਂ ਵਿੱਚ ਤਬਦੀਲ ਕਰ ਦਿੰਦੇ ਹਨ। ਪਾਤਰ ਸਿਰਜਣਾ, ਸ਼ਾਇਰੀ ਅਤੇ ਸੰਬੋਧਕ ਢੰਗਾਂ ਦੁਆਰਾ ਉਹ ਜ਼ਿੰਦਗੀ ਨੂੰ ਵੱਖ-ਵੱਖ ਕੋਣਾਂ ਤੋਂ ਵਿਖਾਉਣ ਦੇ ਸਮਰੱਥ ਸਾਬਤ ਹੁੰਦਾ ਹੈ। ਪਹਿਲੇ ਦੋ ਨਾਵਲਾਂ ਵਿੱਚ ਪ੍ਰਸਤੁਤ ਜੀਵਨ ਪ੍ਰਤਿ ਪ੍ਰਗਟਾਈ ਨਫ਼ਰਤ ਤੀਸਰੇ ਨਾਵਲ ਬੰਦੀਵਾਨ ਵਿੱਚ ਬਦਲ ਕੇ ਜੀਵਨ ਪ੍ਰਤਿ ਉਸਾਰੂ ਉਤਸ਼ਾਹ ਦੀ ਸੂਚਕ ਬਣਦੀ ਹੈ। ਫ਼ਖ਼ਰ ਜ਼ਮਾਨ ਦੀ ਵਿਸ਼ੇਸ਼ਤਾ ਇਹ ਹੈ ਕਿ ਉਸ ਨੇ ਪ੍ਰਤੀਕਾਂ ਦੀ ਭਰਪੂਰ ਵਰਤੋਂ ਕੀਤੀ ਹੈ। ਪ੍ਰਤੀਕਾਂ, ਚਿੰਨ੍ਹਾਂ ਅਤੇ ਵਿਅੰਗ ਦੁਆਰਾ ਪੰਜਾਬੀਅਤ ਦੇ ਇਤਿਹਾਸ ਨੂੰ ਗਲਪੀ ਰੂਪ ਪ੍ਰਦਾਨ ਕੀਤਾ ਹੈ।

     1978 ਵਿੱਚ ਪਾਕਿਸਤਾਨ ਦੀ, ਸਮੇਂ ਦੀ ਸਰਕਾਰ ਨੇ ਫ਼ਖ਼ਰ ਜ਼ਮਾਨ ਦੀਆਂ ਚਾਰ ਪੰਜਾਬੀ ਕਿਤਾਬਾਂ-ਇੱਕ ਮਰੇ ਬੰਦੀ ਦੀ ਕਹਾਣੀ, ਸੱਤ ਗਵਾਚੇ ਲੋਕ, ਕਨਸੋਅ ਵੇਲੇ ਦੀ ਅਤੇ ਵੰਗਾਰ ਜ਼ਬਤ ਕਰ ਲਈਆਂ ਸਨ। ਇਸ ਪਾਬੰਦੀ ਬਾਰੇ ਫ਼ਖ਼ਰ ਜ਼ਮਾਨ ਦਾ ਕਹਿਣਾ ਹੈ ਕਿ ਹਰ ਦੌਰ ਵਿੱਚ ਕੁਝ ਅੱਖਾਂ ਦੇ ਅੰਨ੍ਹੇ ਅਹਿਲਕਾਰ ਹੁੰ਼ਦੇ ਹਨ ਜੋ ਲੋਕਾਈ ਦੀਆਂ ਲੋੜਾਂ, ਥੁੜ੍ਹਾਂ ਦੇ ਮਹੱਤਵ ਨੂੰ਼ ਸਮਝਣਾ ਨਹੀਂ ਚਾਹੁੰਦੇ ਤੇ ਨਾ ਹੀ ਚਾਹੁੰਦੇ ਹਨ ਕਿ ਆਮ ਲੋਕਾਂ ਨੂੰ ਆਪਣੀ ਸਥਿਤੀ ਬਾਰੇ ਪਤਾ ਲਗੇ। ਇਸ ਲਈ ਉਹ ਅਜਿਹੀਆਂ ਪੁਸਤਕਾਂ, ਜਿਨ੍ਹਾਂ ਵਿੱਚ ਲੋਕਾਂ ਦੇ ਦੁਖਾਂ ਦੀ, ਮੁਸੀਬਤਾਂ ਦੀ ਗੱਲ ਕੀਤੀ ਗਈ ਹੋਵੇ ਜਿਨ੍ਹਾਂ ਨੂੰ ਪੜ੍ਹਕੇ ਜਨ ਸਧਾਰਨ ਦੇ ਜਾਗ੍ਰਿਤ ਹੋ ਜਾਣ ਦਾ ਖ਼ਤਰਾ ਹੋਵੇ, ਉਹਨਾਂ ਨੂੰ ਜ਼ਬਤ ਕਰਵਾ ਦਿੰਦੇ ਹਨ। ਫ਼ਖ਼ਰ ਜ਼ਮਾਨ ਦਾ ਮਤ ਹੈ ਕਿ ਸਾਹਿਤ ਤੇ ਸਿਆਸਤ ਦਾ ਗੂੜ੍ਹਾ ਸੰਬੰਧ ਹੋਣਾ ਚਾਹੀਦਾ ਹੈ। ਕੋਈ ਵੀ ਸਾਹਿਤਕਾਰ ਆਪਣੇ ਚੁਗਿਰਦੇ ਤੋਂ ਅੱਖਾਂ ਮੀਟ ਕੇ ਚੰਗਾ ਲੇਖਕ ਨਹੀਂ ਬਣ ਸਕਦਾ। ਉਸ ਨੂੰ ਹਰ ਹਾਲ ਵਿੱਚ ਸਾਹਿਤ ਅਤੇ ਸਿਆਸਤ ਵਿੱਚ ਸੁਮੇਲ ਰੱਖਣਾ ਚਾਹੀਦਾ ਹੈ। ਜਿਹੜਾ ਲੇਖਕ ਇਨਸਾਨੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਹਿਤ ਯਤਨਸ਼ੀਲ ਨਹੀਂ, ਉਹ ਸੱਚਾ ਸਾਹਿਤਕਾਰ ਨਹੀਂ ਹੋ ਸਕਦਾ। ਸਾਹਿਤ ਸਿਆਸਤ ਨੂੰ ਸਾਫ਼, ਸ਼ਫਾਫ ਅਤੇ ਉੱਤਮ ਕਦਰਾਂ-ਕੀਮਤਾਂ ਵਾਲੀ ਬਣਾਉਣ ਵਿੱਚ ਸਹਾਇਤਾ ਕਰਦਾ ਹੈ। ਸਾਹਿਤ ਦੀ ਸਮਾਜ ਪ੍ਰਤਿ ਵਫ਼ਾਦਾਰੀ ਜ਼ਰੂਰ ਰਹਿਣੀ ਚਾਹੀਦੀ ਹੈ।

     ਫ਼ਖ਼ਰ ਜ਼ਮਾਨ ਨੇ ਸੰਘਰਸ਼ ਕਰ ਕੇ ਪਾਕਿਸਤਾਨ ਵਿੱਚ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਲਈ ਵਿਸ਼ੇਸ਼ ਪ੍ਰਕਾਰ ਦੀ ਲਹਿਰ ਚਲਾਈ ਹੈ।ਉਸ ਨੇ ਅੰਤਰਰਾਸ਼ਟਰੀ ਕਾਨਫੰਰਸਾਂ ਕਰ ਕੇ ਦੁਨੀਆ ਦੇ ਕੋਨੇ-ਕੋਨੇ ਵਿੱਚ ਬੈਠੇ ਪੰਜਾਬੀਆਂ ਨੂੰ ਆਪਸ ਵਿੱਚ ਜੋੜਿਆ ਹੈ। ਖ਼ਾਸ ਤੌਰ ਤੇ ਭਾਰਤ ਪਾਕਿਸਤਾਨ ਮਿਤਰਤਾ ਦੀ ਅਵਾਜ਼ ਨੂੰ ਬੁਲੰਦ ਕੀਤਾ ਹੈ। ਇੱਕ ਚੰਗੇ ਇਨਸਾਨ ਅਤੇ ਸਾਹਿਤਕਾਰ ਵਜੋਂ ਉਸ ਦਾ ਇਹ ਯੋਗਦਾਨ ਬਹੁਤ ਮਹੱਤਵਪੂਰਨ ਹੈ।


ਲੇਖਕ : ਗੁਰਦੇਵ ਸਿੰਘ ਚੰਦੀ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 5378, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.