ਜੂਏਬਾਜ਼ੀ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Gambling_ਜੂਏਬਾਜ਼ੀ: ਕਿਸੇ ਅਜਿਹੀ ਗੱਲ ਜਾਂ ਘਟਨਾ ਜਾਂ ਖੇਡ ਜਿਸ ਦਾ ਨਤੀਜਾ ਹਾਲੀ ਸਾਹਮਣੇ ਆਉਣਾ ਹੋਵੇ ਉਸ ਦੇ ਇਕ ਖ਼ਾਸ ਤਰ੍ਹਾਂ ਵਾਪਰਨ ਬਾਰੇ ਪੈਸੇ ਜਾਂ ਕੋਈ ਮੁਲਵਾਨ ਚੀਜ਼ ਦਾਅ ਉਤੇ ਲਾਉਣਾ। ਕਿਸੇ ਪ੍ਰਾਈਵੇਟ ਘਰ ਵਿਚ ਜੂਆ ਖੇਡਣਾ ਸਜ਼ਾਯੋਗ ਨਹੀਂ ਹੈ।

       ਅਜਿਹੇ ਇਨਾਮੀ ਮੁਕਾਬਲੇ ਜਿਨ੍ਹਾਂ ਵਿਚ ਹੁਨਰ ਦੀ ਲੋੜ ਨ ਹੋਵੇ ਉਨ੍ਹਾਂ ਨੂੰ ਜੂਏਬਾਜ਼ੀ ਨਹੀਂ ਸਮਝਿਆ ਜਾ ਸਕਦਾ। [ਜੇ. ਐਨ. ਗੁਪਤਾ ਬਨਾਮ ਰਾਜ-ਏ ਆਈ ਆਰ 1955 ਮੈਸੂਰ 149]

       ਬਲੈਕ ਦੀ ਲਾ ਡਿਕਸ਼ਨਰੀ ਅਨੁਸਾਰ ਜੂਏਬਾਜ਼ੀ ਦਾ ਮਤਲਬ ਹੈ ਕੋਈ ਮੁੱਲਵਾਨ ਚੀਜ਼, ਖ਼ਾਸਕਰ ਧਨ , ਜਿੱਤਣ ਦੀ ਆਸ ਵਿਚ ਦਾਅ ਤੇ ਲਾਉਣਾ।

       ਜੇ. ਐਨ.ਗੁਪਤ ਬਨਾਮ ਰਾਜ (ਏ ਆਈ ਆਰ 1959 ਕਲਕੱਤਾ 141) ਅਨੁਸਾਰ ਜੂਏ ਵਿਚ ਸ਼ਰਤ ਬਿਦਣ (wagering) ਸ਼ਾਮਲ ਹੈ। ਪਰ ਦਸੇ ਤਰੀਕੇ ਅਨੁਸਾਰ ਘੋੜ ਦੌੜ ਤੇ ਸ਼ਰਤ ਬਿਦਣ ਸ਼ਾਮਲ ਨਹੀਂ ਹੈ। ਸ਼ਰਤ ਬਿਦਣ ਅਤੇ ਜੂਏ ਵਿਚ ਫ਼ਰਕ ਇਹ ਹੈ ਕਿ ਜੂਏ ਵਿਚ ਖੇਡਣ ਵਾਲੇ ਵਿਅਕਤੀਆਂ ਦੁਆਰਾ ਸ਼ਰਤ ਖੇਡ ਵਿਚ ਜਿਤ ਜਾਂ ਹਾਰ ਤੇ ਬਿਦੀ ਜਾਂਦੀ ਹੈ ਅਤੇ ਉਸ ਸੂਰਤ ਵਿਚ ਨਤੀਜਾ ਕਿਸੇ ਹਦ ਤਕ ਹੁਨਰ ਤੇ ਵੀ ਨਿਰਭਰ ਕਰ ਸਕਦਾ ਹੈ। ਇਸ ਦੇ ਮੁਕਾਬਲੇ ਵਿਚ ਸ਼ਰਤ ਬਿਦਣ ਵਿਚ ਸ਼ਰਤ ਵਿਚ ਜਿਤ ਜਾਂ ਹਾਰ ਕੇਵਲ ਕਿਸੇ ਅਨਸਿਚਿਤ ਘਟਨਾ ਦੇ ਵਾਪਰਨ ਤੇ ਨਿਰਭਰ ਕਰਦੀ ਹੈ।

       ਭਾਰਤੀ ਮੁਆਇਦਾ ਐਕਟ, 1872 ਦੀ ਧਾਰਾ 30 ਅਨੁਸਾਰ ਸ਼ਰਤ ਬਿਦਣ ਦੇ ਤੌਰ ਤੇ ਕੀਤੇ ਗਈ ਇਕਰਾਰ ਨਾਫ਼ਜ਼ ਨਹੀਂ ਕੀਤੇ ਜਾ ਸਕਦੇ। ਉਹ ਧਾਰਾ ਨਿਮਨ ਅਨੁਸਾਰ ਹੈ:-

       ‘‘ਸ਼ਰਤ ਬਿਦਣ ਦੇ ਤੌਰ ਤੇ ਕੀਤੇ ਗੲੈ ਕਰਾਰ ਸੁੰਨ ਹਨ; ਅਤੇ ਕਿਸੇ ਅਜਿਹੀ ਚੀਜ਼ ਦੀ ਵਸੂਲੀ ਲਈ ਦਾਵਾ ਨਹੀਂ ਕੀਤਾ ਜਾਵੇਗਾ ਜੋ ਸ਼ਰਤ ਬਿੱਦ ਕੇ ਜਿੱਤੀ ਗਈ ਕਥਿਤ ਹੋਵੇ, ਜਾਂ ਜੋ ਕਿਸੇ ਵਿਅਕਤੀ ਨੂੰ ਕਿਸੇ ਅਜਿਹੀ ਖੇਡ ਜਾਂ ਹੋਰ ਅਨਿਸਚਿਤ ਘਟਨਾ ਦੇ, ਜਿਸ ਦੇ ਬਾਰੇ ਕੋਈ ਸ਼ਰਤ ਬਿਦੀ ਗਈ ਹੈ, ਨਤੀਜੇ ਦੇ ਅਨੁਸਾਰ ਨਿਪਟਾਰਾ ਕਰਨ ਲਈ ਸੌਂਪੀ ਗਈ ਹੋਵੇ।’’

       ਇਹ ਧਾਰਾ ਅਜਿਹੇ ਚੰਦੇ ਜਾਂ ਅੰਸ਼ਦਾਨ ਜਾਂ ਚੰਦਾ ਦੇਣ ਜਾਂ ਅੰਸ਼ਦਾਨ ਕਰਨ ਦੇ ਅਜਿਹੇ ਕਰਾਰ ਨੂੰ ਕਾਨੂੰਨ ਵਿਰੁੱਧ ਬਣਾ ਦੇਣ ਵਾਲੀ ਨਹੀਂ ਸਮਝੀ ਜਾਵੇਗੀ ਜੋ ਕਿਸੇ ਘੋੜ-ਦੌੜ ਦੇ ਜੇਤੂ ਜਾਂ ਜੇਤੂਆਂ ਨੂੰ ਦਿੱਤੀ ਜਾਣ ਵਾਲੀ ਕਿਸੇ ਪਲੇਟ , ਇਨਾਮ ਜਾਂ ਧਨ ਦੀ ਰਕਮ ਲਈ ਜਾਂ ਵਲ ਦਿੱਤਾ ਜਾਂ ਕੀਤਾ ਜਾਵੇ ਜਿਸ ਦਾ ਮੁੱਲ ਜਾਂ ਰਕਮ 500 ਰੁਪਏ ਜਾਂ ਉਸ ਤੋਂ ਵੱਧ ਹੋਵੇ।’

       ਇਸ ਧਾਰਾ ਦੀ ਕੋਈ ਗੱਲ ਘੋੜ ਦੌੜ ਨਾਲ ਸਬੰਧਤ ਕਿਸੇ ਅਜਿਹੇ ਵਿਹਾਰ ਨੂੰ ਕਾਨੂੰਨ- ਪੂਰਣ ਬਣਾ ਦੇਣ ਵਾਲੀ ਨਹੀਂ ਸਮਝੀ ਜਾਵੇਗੀ ਜਿਸ ਨੂੰ ਭਾਰਤੀ ਦੰਡ ਸੰਘਤਾ ਦੀ ਧਾਰਾ 294 ੳ ਦੇ ਉਪਬੰਧ ਲਾਗੂ ਹੁੰਦੇ ਹਨ।’’

       ਹੁਣ ਸਵਾਲ ਇਹ ਹੈ ਕਿ ਸ਼ਰਤ ਬਿਦਣ ਤੋਂ ਕੀ ਭਾਵ ਹੈ? ਕਾਰਲਿਲ ਬਨਾਮ ਕਾਰਬੋਲਿਕ ਸਮੋਕ ਬਾਲ ਕੰਪਨੀ [(1892) 2Q B 484, affirmed (1893) QB 256] ਵਿਚ ਜਸਟਿਸ ਹਾਕਿੰਨਸ ਦੇ ਲਫ਼ਜ਼ਾਂ ਵਿਚ:-

       ‘‘ਸ਼ਰਤ ਬਿਦਣ ਦੇ ਤੌਰ ਤੇ ਮੁਆਇਦਾ ਉਹ ਹੁੰਦਾ ਹੈ ਜਿਸ ਦੁਆਰਾ ਦੋ ਵਿਅਕਤੀ ਜੋ ਭਵਿਖ ਵਿਚ ਵਾਪਰਨ ਵਾਲੀ ਕਿਸੇ ਅਨਿਸਚਿਤ ਘਟਨਾ ਦੇ ਬਾਰੇ ਇਕ ਦੂਜੇ ਦੇ ਉਲਟ ਵਿਚਾਰ ਰਖਦੇ ਹੋਣ, ਆਪਸ ਵਿਚ ਕਰਾਰ ਕਰਦੇ ਹਨ ਕਿ ਉਸ ਘਟਨਾ ਦੇ ਨਿਸਚਿਤ ਹੋ ਜਾਣ ਤੇ ਕਰਾਰ ਮੁਤਾਬਕ ਇਕ ਧਿਰ ਦੂਜੀ ਧਿਰ ਨੂੰ ਕੋਈ ਧਨ ਅਦਾ ਕਰੇਗੀ ਜਾਂ ਕੋਈ ਹੋਰ ਮਾਲ ਦੇਵੇਗੀ। ਧਨ ਜਾਂ ਮਾਲ ਜਿਤਣ ਜਾਂ ਹਾਰਨ ਤੋਂ ਬਿਨਾਂ ਉਸ ਮੁਆਇਦੇ ਵਿਚ ਧਿਰਾਂ ਦਾ ਹੋਰ ਕੋਈ ਹਿੱਤ ਨਹੀਂ ਹੁੰਦਾ, ਕਿਉਂਕਿ ਧਿਰਾਂ ਵਲੋਂ ਮੁਆਇਦੇ ਵਾਸਤੇ ਕੋਈ ਹੋਰ ਬਦਲ ਨਹੀਂ ਦਿੱਤਾ ਜਾਂਦਾ। ਸ਼ਰਤ ਬਿਦਣ ਦੇ ਮੁਆਇਦੇ ਵਿਚ ਜ਼ਰੂਰੀ ਤੌਰ ਤੇ ਹਰੇਕ ਧਿਰ ਜਾਂ ਤਾਂ ਜਿਤੇਗੀ ਜਾਂ ਹਾਰੇਗੀ ਅਤੇ ਹਾਰ ਜਿਤ ਦਾ ਫ਼ੈਸਲਾ ਕਿਸੇ ਘਟਨਾ ਦੇ ਵਾਪਰਨ ਤੇ ਨਿਰਭਰ ਹੋਣ ਕਾਰਨ ਉਹ ਘਟਨਾ ਵਾਪਰਨ ਤਕ ਅਨਿਸਚਿਤ ਹੁੰਦਾ ਹੈ। ਜੇ ਕੋਈ ਇਕ ਧਿਰ ਕੇਵਲ ਜਿਤ ਸਕਦੀ ਹੈ ਅਤੇ ਹਾਰ ਨਹੀਂ ਸਕਦੀ ਜਾਂ ਕੇਵਲ ਹਾਰ ਹੀ ਸਕਦੀ ਹੈ ਅਤੇ ਜਿਤ ਨਹੀਂ ਸਕਦੀ ਤਾਂ ਉਹ ਮੁਆਇਦਾ ਸ਼ਰਤ ਬਿਦਣ ਦਾ ਮੁਆਇਦਾ ਨਹੀਂ ਹੋ ਸਕਦਾ।’’


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 647, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.