ਬੇਨਾਮੀ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Benami_ਬੇਨਾਮੀ: ਇਹ ਸ਼ਬਦ ਫ਼ਾਰਸੀ ਮੂਲ ਦੇ ਦੋ ਸ਼ਬਦਾਂ ਬੇ (ਬਿਨਾਂ) ਅਤੇ ਨਾਮ ਤੋਂ ਮਿਲਕੇ ਬਣਿਆ ਹੈ। ਇਸ ਦਾ ਮਤਲਬ ਉਸ ਵਿਹਾਰ ਤੋਂ ਹੈ ਜਿਥੇ ਕੋਈ ਵਿਅਕਤੀ ਕੋਈ ਚੁੱਕਵੀਂ ਜਾਂ ਅਚੁੱਕਵੀਂ ਸੰਪਤੀ ਆਪਣੇ ਨਾਂ ਤੇ ਨ ਖ਼ਰੀਦ ਕੇ ਕਿਸੇ ਹੋਰ ਦੇ ਨਾਂ ਤੇ ਖ਼ਰੀਦਦਾ ਹੈ, ਪੱਟੇ ਤੇ ਲੈਂਦਾ ਹੈ ਜਾਂ ਰਹਿਨ ਲੈਂਦਾ ਹੈ ਅਤੇ ਉਸ ਦਾ ਇਰਾਦਾ ਇਹ ਨਹੀਂ ਹੁੰਦਾ ਕਿ ਉਸ ਸੰਪਤੀ , ਪੱਟੇ ਜਾਂ ਰਹਿਨ ਦਾ ਲਾਭ ਪਾਤਰ ਉਹ ਵਿਅਕਤੀ ਹੋਵੇ ਜਿਸ ਦੇ ਨਾਂ ਤੇ ਕੋਈ ਸੰਪਤੀ ਖ਼ਰੀਦੀ, ਪੱਟੇ ਤੇ ਲਈ ਜਾਂ ਗਿਰਵੀ ਲਈ ਗਈ ਹੈ। ਜੇ ਇਕ ਵਿਅਕਤੀ ਕਿਸੇ ਦੂਜੇ ਦੇ ਨਾਂ ਤੇ ਬੈਂਕ ਵਿਚ ਕੋਈ ਰਕਮ ਜਮ੍ਹਾਂ ਕਰਵਾ ਦਿੰਦਾ ਹੈ ਅਤੇ ਉਸਦਾ ਮਨਸ਼ਾ ਇਹ ਨ ਹੋਵੇ ਕਿ ਉਹ ਰਕਮ ਉਸ ਵਿਅਕਤੀ ਦੀ ਬਣ ਜਾਵੇ ਜਿਸ ਦੇ ਨਾਂ ਜਮ੍ਹਾਂ ਕਰਵਾਈ ਗਈ ਹੈ ਤਾਂ ਇਸ ਵਿਹਾਰ ਨੂੰ ਵੀ ਬੇਨਾਮੀ ਕਿਹਾ ਜਾਵੇਗਾ ਲੇਕਿਨ ਜੇ ਪਤੀ ਕੋਈ ਸੰਪਤੀ ਆਪਣੀ ਪਤਨੀ ਦੇ ਨਾਂ ਤੇ ਜਾਂ ਪਿਤਾ ਆਪਣੇ ਨਾਬਾਲਗ਼ ਬੱਚੇ ਦੇ ਨਾਂ ਤੇ ਖ਼ਰੀਦ ਕਰਦਾ ਹੈ ਤਾਂ ਉਸ ਨੂੰ ਬੇਨਾਮੀ ਨਹੀਂ ਕਿਹਾ ਜਾ ਸਕਦਾ। ਮੁਸਲਮਾਨੀ ਕਾਨੂੰਨ ਵਿਚ ਵੀ ਇਹ ਤਰੀਕਾ ਪ੍ਰਚਲਤ ਰਿਹਾ ਹੈ ਅਤੇ ਉਸ ਕਾਨੂੰਨ ਵਿਚ ਇਸ ਨੂੰ ‘ਫ਼ਰਜ਼ੀ ’ ਕਿਹਾ ਜਾਂਦਾ ਹੈ। ਹਿੰਦੂ ਕਾਨੂੰਨ ਵੀ ਇਸ ਤੋਂ ਭੀਲਭਾਂਤ ਜਾਣੂ ਹੈ।

       ਬੇਨਾਮੀ ਖ਼ਰੀਦੋ ਫ਼ਰੋਖ਼ਤ ਦੋ ਪ੍ਰਕਾਰ ਦੀ ਹੋ ਸਕਦੀ ਹੈ। ਦੋਹਾਂ ਦੀ ਕਾਨੂੰਨੀ ਪ੍ਰਕਿਰਤੀ ਅਤੇ ਅਨੁਸੰਗਕ ਪਰਿਣਾਮ ਵਖ ਵਖ ਹਨ। ਇਕ ਕਿਸਮ ਦੀ ਬੇਨਾਮੀ ਖ਼ਰੀਦ ਫ਼ਰੋਖਤ ਉਹ ਹੁੰਦੀ ਹੈ ਜਿਸ ਵਿਚ ਖ਼ਰੀਦ ਜਾਂ ਵਿਕਰੀ ਤਾਂ ਸੱਚਮੁਚ ਕੀਤੀ ਜਾਂਦੀ ਹੈ ਪਰ ਅਸਲ ਵਿਚ ਖ਼ਰੀਦਦਾਰ ਹੋਰ ਹੁੰਦਾ ਹੈ ਅਤੇ ਜਿਸ ਵਿਅਕਤੀ ਦੇ ਨਾਂ ਤੇ ਸੰਪਤੀ ਖ਼ਰੀਦੀ ਜਾਂਦੀ ਹੈ ਉਹ ਹੋਰ ਹੁੰਦਾ ਹੈ। ਮਿਸਾਲ ਲਈ ‘ੳ’ ਆਪਣੀ ਕੋਈ ਸੰਪਤੀ ‘ਅ’ ਨੂੰ ਵੇਚਦਾ ਹੈ, ਪਰ ਬੈਨਾਮੇ ਵਿਚ ਖ਼ਰੀਦਦਾਰ ਦਾ ਨਾਂ ‘ਸ’ ਦਿੱਤਾ ਜਾਂਦਾ ਹੈ। ਇਸ ਖ਼ਰੀਦ ਫ਼ਰੋਖ਼ਤ ਵਿਚ ਖ਼ਰੀਦਦਾਰ ‘ਅ’ ਹੈ ਅਤੇ ‘ਸ’ ਉਸ ਦਾ ਬੈਨਾਮੀਦਾਰ ਹੈ। ਪਰ ਇਕ ਗੱਲ ਸਪਸ਼ਟ ਹੈ ਕਿ ਖ਼ਰੀਦ ਫ਼ਰੋਖ਼ਤ ਹੋਈ ਹੈ। ਦੂਜੀ ਤਰ੍ਹਾਂ ਦੀ ਖ਼ਰੀਦ ਜਿਸ ਨੂੰ ਬੈਨਾਮੀ ਖ਼ਰੀਦ ਦਾ ਨਾਂ ਦਿੱਤਾ ਜਾਂਦਾ ਹੈ ਉਸ ਵਿਚ ਦਰਅਸਲ ਖ਼ਰੀਦ ਫ਼ਰੋਖ਼ਤ ਹੁੰਦੀ ਹੀ ਨਹੀਂ। ਮਿਸਾਲ ਲਈ ‘ੳ’ ਜਾਹਲੀ ਖ਼ਰੀਦ ਫ਼ਰੋਖ਼ਤ ਵਿਖਾ ਕੇ ਆਪਣੀ ਜਾਇਦਾਦ ‘ਅ’ ਦੇ ਨਾਂ ਕਰ ਦਿੰਦਾ ਹੈ, ਪਰ ਉਸ ਦਾ ਕੋਈ ਇਰਾਦਾ ਨਹੀਂ ਹੁੰਦਾ ਕਿ ਜਾਇਦਾਦ ਦਾ ਹੱਕਮਾਲਕੀ ‘ਅ’ ਨੂੰ ਮਿਲ ਜਾਵੇ। ਉਪਰੋਕਤ ਦੋ ਵਿਹਾਰਾਂ ਵਿਚ ਬੁਨਿਆਦੀ ਫ਼ਰਕ ਇਹ ਹੈ ਕਿ ਪਹਿਲੀ ਕਿਸਮ ਦੀ ਬੇਨਾਮੀ ਵਿਚ ਹੱਕਮਾਲਕੀ ਇੰਤਕਾਲਪਾਤਰ ਨੂੰ ਮਿਲ ਜਾਂਦਾ ਹੈ, ਪਰ ਦੂਜੀ ਕਿਸਮ ਦੇ ਵਿਹਾਰ ਵਿਚ ਬੈਨਾਮੇ ਦੇ ਬਾਵਜੂਦ ਹੱਕ ਮਾਲਕੀ ਇੰਤਕਾਲਕਾਰ ਪਾਸ ਹੀ ਰਹਿੰਦਾ ਹੈ। ਪਹਿਲੀ ਕਿਸਮ ਦੇ ਵਿਹਾਰ ਵਿਚ ਜੇ ਕੋਈ ਝਗੜਾ ਖੜਾ ਹੋਵੇ ਤਾਂ ਇਹ ਵੇਖਿਆ ਜਾਵੇਗਾ ਕਿ ਖ਼ਰੀਦ ਲਈ ਬਦਲ ਕਿਸ ਨੇ ਅਦਾ ਕੀਤਾ ਸੀ ਪਰ ਦੂਜੀ ਕਿਸਮ ਵਿਚ ਇਹ ਵੇਖਣਾ ਪਵੇਗਾ ਕਿ ਬਦਲ ਅਦਾ ਵੀ ਕੀਤਾ ਗਿਆ ਸੀ ਜਾਂ ਨਹੀਂ?

       ਇਸ ਤਰ੍ਹਾਂ ਦੀ ਬੇਨਾਮੀ ਖ਼ਰੀਦ ਫ਼ਰੋਖ਼ਤ ਪਿਛੇ ਇਰਾਦਾ ਆਪਣੀ ਸੰਪਤੀ ਉਤੇ ਪਰਦਾ ਪਾਉਣਾ ਜਾਂ ਲਹਿਣੇਦਾਰਾਂ ਨਾਲ ਕਪਟ ਕਰਨਾ ਵੀ ਹੋ ਸਕਦਾ ਹੈ। ਭੋਂ ਦੀ ਉੱਚਤਮ ਸੀਮਾਂ ਦੇ ਕਾਨੂੰਨ ਦੀ ਮਾਰ ਤੋਂ ਬਚਣ ਲਈ ਵੀ ਲੋਕੀ ਬੇਨਾਮੀ ਲੈਣ ਦੇਣ ਕਰਵਾਉਂਦੇ ਰਹੇ ਹਨ। ਇਸ ਪਿਛੇ ਇਹ ਵਿਚਾਰ ਵੀ ਕੰਮ ਕਰਦਾ ਰਿਹਾ ਹੈ ਕਿ ਸੰਪਤੀ ਉਸ ਵਿਅਕਤੀ ਦੇ ਨਾਂ ਤੇ ਖ਼ਰੀਦੀ ਜਾਵੇ ਜਿਸ ਨੂੰ ਖ਼ੁਸ਼ਕਿਸਮਤ ਸਮਝਿਆ ਜਾਂਦਾ ਹੋਵੇ। ਬੇਨਾਮੀ ਵਿਹਾਰਾਂ ਨੂੰ 1988 ਤਕ ਕਾਨੂੰਨੀ ਮਾਨਤਾ ਪ੍ਰਾਪਤ ਸੀ। ਜਦ ਤਕ ਇਹ ਪ੍ਰਥਾ ਕਾਨੂੰਨ ਮੰਨਵੀਂ ਰਹੀ ਹੈ ਆਮ ਜਨਤਾ ਦੀ ਦ੍ਰਿਸ਼ਟੀ ਤੋਂ ਬੇਨਾਮੀਦਾਰ ਸਬੰਧਤ ਸੰਪਤੀ ਦਾ ਮਾਲਕ ਸਮਝਿਆ ਜਾਂਦਾ ਰਿਹਾ ਹੈ। ਅਚੁੱਕਵੀਂ ਸੰਪਤੀ ਦਾ ਬੇਨਾਮੀਦਾਰ ਉਸ ਸੰਪਤੀ ਦੀ ਵਸੂਲੀ ਲਈ ਆਪਣੇ ਨਾਂ ਤੇ ਦਾਵਾ ਕਰ ਸਕਦਾ ਸੀ (ਗੁਰਨਾਰਾਇਣ ਬਨਾਮ ਸ਼ਿਉ ਲਾਲ (1919) 46 ਆਏ. ਏ.।) ਇਸ ਹੀ ਕੇਸ ਵਿਚ ਪ੍ਰੀਵੀ ਕੌਂਸਲ ਨੇ ਕਰਾਰ ਦਿੱਤਾ ਸੀ ਕਿ ਬੇਨਾਮੀਦਾਰ ਦਾ ਉਸ ਸੰਪਤੀ ਵਿਚ ਕੋਈ ਲਾਭਪਾਤਰੀ ਹਿਤ ਨਹੀਂ ਹੁੰਦਾ ਜੋ ਉਸ ਦੇ ਨਾਂ ਤੇ ਹੁੰਦੀ ਹੈ। ਉਹ ਅਸਲੀ ਮਾਲਕ ਲਈ ਇਕ ਟਰੱਸਟੀ ਹੁੰਦਾ ਹੈ। ਪਰ ਹੇਠ-ਲਿਖੀਆਂ ਸੂਰਤਾਂ ਵਿਚ ਅਸਲੀ ਮਾਲਕ ਆਪਣਾ ਹੱਕ ਨਹੀਂ ਜਤਾ ਸਕਦਾ :-

(i)    ਜਦ ਉਸ ਸੰਪਤੀ ਦੀ ਵਿਕਰੀ ਅਦਾਲਤ ਦੀ ਡਿਗਰੀ ਅਧੀਨ ਜਾਂ ਮਾਲੀਏ ਦੇ ਬਕਾਏ ਲਈ ਕੀਤੀ ਜਾ ਰਹੀ ਹੋਵੇ;

(ii)    ਜਦ ਬੇਨਾਮੀਦਾਰ ਨੇ ਸੰਪਤੀ ਮੁੱਲ ਲੈ ਕੇ ਮੁੰਤਕਿਲ ਕੀਤੀ ਹੋਵੇ;

(iii)   ਜਦ ਅਸਲੀ ਮਾਲਕ ਦਾ ਪ੍ਰਯੋਜਨ ਲਹਿਣੇਦਾਰਾਂ ਨਾਲ ਕਪਟ ਕਰਨਾ ਹੋਵੇ;

(iv)   ਜਦ ਅਸਲ ਮਾਲਕ ਦੇ ਹੱਕ ਨੂੰ ਅਮਲੀ ਰੂਪ ਦੇਣਾ ਨੀਤੀ ਦੇ ਵਿਰੁਧ ਹੋਵੇ।

‘     ਬੇਨਾਮੀ ਲੈਣ ਦੇਣ (ਮਨਾਹੀ) ਐਕਟ, 1988 ਦੁਆਰਾ ਬੇਨਾਮੀ ਸੌਦਿਆਂ ਦੀ ਮਨਾਹੀ ਕਰ ਦਿੱਤਾ ਗਈ ਹੈ। ਪਰ ਵਿਅਕਤੀ ਆਪਣੀ ਪਤਨੀ ਜਾਂ ਅਣਵਿਆਹੀ ਪੁਤਰੀ ਦੇ ਨਾਂ ਤੇ ਸੰਪਤੀ ਖ਼ਰੀਦ ਸਕਦਾ ਹੈ ਅਤੇ ਉਸ ਸੂਰਤ ਵਿਚ ਕਿਆਸ ਇਹ ਕੀਤਾ ਜਾਵੇਗਾ ਕਿ ਸੰਪਤੀ ਪਤਨੀ ਜਾਂ ਪੁੱਤਰੀ ਦੇ ਫ਼ਾਇਦੇ ਲਈ ਖ਼ਰੀਦੀ ਗਈ ਹੈ। ਬੇਨਾਮੀ ਖ਼ਰੀਦ ਫ਼ਰੋਖ਼ਤ ਕਰਨ ਵਾਲੇ ਨੂੰ ਤਿੰਨ ਸਾਲ ਦੀ ਕੈਦ ਜਾਂ ਜੁਰਮਾਨੇ ਜਾਂ ਦੋਹਾਂ ਦੀ ਸ਼ਜਾ ਦਿੱਤੀ ਜਾ ਸਕਦੀ ਹੈ। ਪਰ ਇਸ ਅਪਰਾਧ ਵਿਚ ਪੁਲਿਸ ਹੱਥ ਨਹੀਂ ਪਾ ਸਕਦੀ ਅਤੇ ਇਹ ਜ਼ਮਾਨਤਯੋਗ ਹੈ। ਉਪਰੋਕਤ ਐਕਟ ਅਧੀਨ ਸਰਕਾਰ ਬੇਨਾਮੀ ਧਾਰਨ ਕੀਤੀ ਸੰਪਤੀ ਬਿਨਾਂ ਕਿਸੇ ਮੁਆਵਜ਼ੇ ਦੇ ਅਰਜਤ ਕਰ ਸਕਦੀ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1568, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.