ਸੁਨਾਮ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੁਨਾਮ. ਰਿਆਸਤ ਪਟਿਆਲੇ ਵਿੱਚ ਇੱਕ ਪੁਰਾਣਾ ਸ਼ਹਿਰ ਹੈ. ਇਸ ਦੀ ਨਜਾਮਤ, ਤਸੀਲ ਅਤੇ ਥਾਣਾ ਖਾਸ ਸੁਨਾਮ ਹੈ. ਇਸ ਸ਼ਹਿਰ ਦੇ ਗੁਰੁਦ੍ਵਾਰਾ ਮਹੱਲੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰੁਦ੍ਵਾਰਾ ਹੈ. ਗੁਰੂ ਜੀ ਨੇ ਜਦੋਂ ਇੱਥੇ ਚਰਣ ਪਾਏ ਤਾਂ ਸ਼ਹਿਰੋਂ ਬਾਹਰ ਨਦੀ ਕਿਨਾਰੇ ਪਹਿਲਾਂ ਠਹਿਰੇ. ਇੱਥੋਂ ਦੇ ਲਾਹੜੇ ਖਤ੍ਰੀਆਂ ਨੇ ਗੁਰੂ ਜੀ ਦੀ ਸੇਵਾ ਕੀਤੀ ਅਤੇ ਆਪਣੇ ਘਰ ਵਿੱਚ ਗੁਰੂ ਜੀ ਨੂੰ ਲਿਆਏ, ਜਿੱਥੇ ਹੁਣ ਗੁਰੁਦ੍ਵਾਰਾ ਹੈ. ਬਾਹਰ ਦੇ ਗੁਰੁਅਸਥਾਨ ਦਾ ਅਜੇ ਪਤਾ ਨਹੀਂ. ਸੰਮਤ ੧੯੭੬ ਵਿੱਚ ਵਡਾ ਸੁੰਦਰ ਗੁਰੁਦ੍ਵਾਰਾ ਬਣਾਇਆ ਗਿਆ ਹੈ, ਜਿਸ ਦੀ ਬਹੁਤ ਸਾਰੀ ਸੇਵਾ ਕਪਤਾਨ ਰਾਮ ਸਿੰਘ ਜੀ ਨੇ ਕਰਾਈ ਹੈ. ਸੁਨਾਮ ਧੂਰੀ ਜਾਖਲ ਲੈਨ ਉੱਪਰ ਖਾਸ ਸਟੇਸ਼ਨ ਹੈ। ੨ ਵਿ—ਉੱਤਮ ਨਾਮ । ੩ ਸੰਗ੍ਯਾ—ਯਸ਼. ਕੀਰਤਿ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2246, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸੁਨਾਮ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੁਨਾਮ : ਪੰਜਾਬ ਦੇ ਸੰਗਰੂਰ ਜ਼ਿਲੇ ਵਿਚ ਇਕ ਪੁਰਾਣਾ ਕਸਬਾ ਹੈ ਜਿਥੇ ਗੁਰੂ ਨਾਨਕ ਦੇਵ ਜੀ ਆਪਣੀਆਂ ਮਾਲਵਾ ਖੇਤਰ ਦੀਆਂ ਫੇਰੀਆਂ ਵੇਲੇ ਪਧਾਰੇ ਸਨ। ਸਥਾਨਿਕ ਪਰੰਪਰਾ ਅਨੁਸਾਰ ਗੁਰੂ ਜੀ ਸਿਰਹਿੰਦ ਵਹਿਣ ਦੇ ਨੇੜੇ ਜਿਸ ਨੂੰ ਅੱਜ-ਕੱਲ੍ਹ ਸੀਤਾ ਸਰ ਕਹਿੰਦੇ ਹਨ ਠਹਿਰੇ ਸਨ। ਇਥੋਂ ਇਕ ਸ਼ਰਧਾਲੂ ਇਹਨਾਂ ਨੂੰ ਆਪਣੇ ਘਰ ਲੈ ਗਿਆ ਜਿਥੇ ਪਿਛੋਂ ਜਾ ਕੇ ਗੁਰਦੁਆਰਾ ਬਣਾਇਆ ਗਿਆ ਸੀ। ਇਹ ਧਾਰਮਿਕ ਅਸਥਾਨ ‘ਗੁਰਦੁਆਰਾ ਮੋਹੱਲਾ` ਵਿਚ ਸਥਿਤ ਹੈ ਅਤੇ ‘ਗੁਰਦੁਆਰਾ ਪਹਿਲੀ ਪਾਤਸ਼ਾਹੀ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। 1919 ਵਿਚ ਬਣੀ ਇਮਾਰਤ ਦੀ 1966 ਵਿਚ ਮੁਰੰਮਤ ਕੀਤੀ ਗਈ ਸੀ। ਇਸ ਵਿਚ ਇਕ ਆਇਤਕਾਰ ‘ਹਾਲ` ਹੈ ਜਿਸ ਦੇ ਇਕ ਕੋਨੇ ਤੇ ਗੈਲਰੀ ਹੈ ਅਤੇ ਇਸ ਅੱਗੇ ਇਕ ਬਰਾਂਡਾ ਹੈ। ਹਾਲ ਕਮਰੇ ਦੇ ਕੇਂਦਰ ਵਿਚ ਪ੍ਰਕਾਸ਼ ਅਸਥਾਨ ਉੱਤੇ ਭਰਪੂਰ ਫੁੱਲ ਬੂਟੇ ਅਤੇ ਰੇਖਾ-ਗਣਿਤੀ ਤਸਵੀਰਾਂ ਬਣੀਆਂ ਹੋਈਆਂ ਹਨ। ਪਿਪਲਪੱਤੇ ਵਰਗੀ ਡਿਉੜੀ ਦੇ ਪਿੱਛੇ ਇਸ ਉੱਤੇ ਗੁਰੂ ਗ੍ਰੰਥ ਸਾਹਿਬ ਦੇ ਤਿੰਨ ਸਰੂਪਾਂ ਦਾ ਪ੍ਰਕਾਸ਼ ਕੀਤਾ ਜਾਂਦਾ ਹੈ। ਬਰਾਂਡੇ ਦੇ ਅੱਗੇ ਇਕ ਗੁੰਬਦਨੁਮਾ ਸਤੰਭ ਹੈ। ਗ੍ਰੰਥੀ ਲਈ ਕਮਰੇ ਅਤੇ ਗੁਰੂ ਕਾ ਲੰਗਰ ਇੱਟਾਂ ਜੜੇ ਤੰਗ ਵਿਹੜੇ ਤੋਂ ਅੱਗੇ ਹਨ। ਇਸ ਗੁਰਦੁਆਰੇ ਦਾ ਪ੍ਰਬੰਧ ਉਸ ਇਲਾਕੇ ਦੀ ਸੰਗਤ ਦੁਆਰਾ ਕੀਤਾ ਜਾਂਦਾ ਹੈ।


ਲੇਖਕ : ਮ.ਗ.ਸ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2206, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਸੁਨਾਮ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ

ਸੁਨਾਮ : ਇਹ ਪੰਜਾਬ ਰਾਜ (ਭਾਰਤ) ਦੇ ਜ਼ਿਲ੍ਹਾ ਸੰਗਰੂਰ ਵਿਚ ਇਸੇ ਹੀ ਨਾਂ ਦੀ ਤਹਿਸੀਲ ਦਾ ਸਦਰ ਮੁਕਾਮ ਅਤੇ ਇਕ ਪ੍ਰਸਿੱਧ ਕਸਬਾ ਹੈ ਜੋ ਪਟਿਆਲੇ ਦੇ ਪੱਛਮ-ਦੱਖਣ ਵੱਲ ਲਗਭਗ 70 ਕਿ. ਮੀ., ਸਮਾਣੇ ਤੋਂ ਪੱਛਮ ਨੂੰ ਲਗਭਗ 40 ਕਿ. ਮੀ. ਅਤੇ ਸੰਗਰੂਰ ਤੋਂ ਦੱਖਣ ਵੱਲ ਲਗਭਗ 13 ਕਿ. ਮੀ. ਦੀ ਦੂਰੀ ਉੱਤੇ, ਧੂਰੀ-ਜਾਖਲ ਰੇਲਵੇ ਲਾਈਨ ਉੱਤੇ ਸਥਿਤ ਹੈ।

          ਅਜੋਕੇ ਸ਼ਹਿਰ ਦੀ ਸਥਾਪਨਾ ਅਤੇ ਇਸ ਦੇ ਨਾਂ ਬਾਰੇ ਕੋਈ ਪ੍ਰਮਾਣੀਕ ਸਬੂਤ ਨਹੀਂ ਮਿਲਦਾ। ਅਜੋਕੇ ਸ਼ਹਿਰ ਦੀ ਥਾਂ ਉੱਤੇ ਹਿੰਦੂ ਕਾਲ ਵਿਚ ਇਕ ਕਿਲ੍ਹਾ ਹੁੰਦਾ ਸੀ ਅਤੇ ਸ਼ਹਿਰੀ ਆਬਾਦੀ ਸੂਰਜਕੁੰਡ (ਸੂਰਜ ਦਾ ਤਲਾਬ) ਨਾਲ ਲਗਦੇ ਸੂਰਜਪੁਰ ਦੇ ਥੇਹ ਵਾਲੀ ਥਾਂ ਤੇ ਸੀ। ਮਗਰੋਂ ਇਹ ਆਬਾਦੀ ਕਿਲ੍ਹੇ ਦੇ ਅੰਦਰ ਆਣ ਵਸੀ। ਨਵੀਂ ਆਬਾਦੀ ਦਾ ਨਾਂ ਸੁਨਾਮ ਪੈ ਗਿਆ। ਸ਼ਹਿਰ ਦੀ ਸਥਾਪਨਾ ਸਬੰਧੀ ਕਈ ਰਿਵਾਇਤਾਂ ਵੀ ਪ੍ਰਚਲਿਤ ਹਨ। ਇਕ ਰਿਵਾਇਤ ਅਨੁਸਾਰ ਸੂਰਜਪੁਰ ਵਿਚ ਇਕ ‘ਸੋਨਾ ਗੁਜਰੀ’ ਰਹਿੰਦੀ ਸੀ। ਇਸ ਨੇ ਕਿਸੇ ਬਾਦਸ਼ਾਹ ਨੂੰ ਖੁਸ਼ ਕਰਕੇ ਸੂਰਜਪੁਰ ਦੇ ਲੋਕਾਂ ਨੂੰ ਲੁਟੇਰਿਆਂ ਤੋਂ ਬਚਾਉਣ ਲਈ ਉਨ੍ਹਾਂ ਨੂੰ ਕਿਲ੍ਹੇ ਦੇ ਅੰਦਰ ਵਸਾਉਣ ਦੀ ਆਗਿਆ ਲੈ ਲਈ ਤੇ ਇਹ ਕਸਬਾ ਵਸਾਇਆ। ਇਸੇ ਸੋਨਾ ਗੁਜਰੀ ਦੇ ਨਾਂ ਤੇ ਇਸ ਸ਼ਹਿਰ ਦਾ ਨਾਂ ਸੁਨਾਮ ਪੈ ਗਿਆ। ਇਕ ਹੋਰ ਰਿਵਾਇਤ ਅਨੁਸਾਰ ਸ੍ਰੀ ਕ੍ਰਿਸ਼ਨ ਜੀ ਦੀ ਅੰਸ਼ ਵਿੱਚੋਂ ਸੁਮਨਪਾਲ ਨਾਂ ਦੇ ਇਕ ਰਾਜੇ ਨੇ 1100 ਈ. ਪੂ. ਵਿਚ ਇਸ ਥਾਂ ਨੂੰ ਵਸਾਇਆ ਸੀ। ਕਿਹਾ ਜਾਂਦਾ ਹੈ ਕਿ ਇਸੇ ਰਾਜੇ ਨੇ ਇਸ ਦਾ ਨਾਂ ‘ਸੁਮਾਨ’ ਰੱਖਿਆ ਸੀ ਜੋ ਮਗਰੋਂ ਵਿਗੜ ਕੇ ‘ਸੋਨਮ’ ਤੇ ਫਿਰ ਸੁਨਾਮ ਬਣ ਗਿਆ। ਇਹ ਵੀ ਕਿਹਾ ਜਾਂਦਾ ਹੈ ਕਿ ਕਿਸੇ ਮੁਸਲਮਾਨ ਬਾਦਸ਼ਾਹ ਨੇ ਉਸ ਉੱਚੀ ਥਾਂ, ਜਿਥੇ ਅਜੋਕਾ ਸ਼ਹਿਰ ਵਸਿਆ ਹੋਇਆ ਹੈ, ਨੂੰ ਵੇਖ ਕੇ ਸੁਨਾਮ (ਤੁਰਕੀ ਭਾਸ਼ਾ ਵਿਚ ਸੁਨਾਮ ਦੇ ਅਰਥ ਊਠ ਦੀ ਕੁਹਾਨ ਹਨ) ਦਾ ਨਾਂ ਦਿੱਤਾ ਪਰ ਇਹ ਰਿਵਾਇਤ ਬਹੁਤੀ ਸਹੀ ਨਹੀਂ ਲਗਦੀ ਕਿਉਂਕਿ ਜਿਸ ਸਮੇਂ ਮਹਿਮੂਦ ਗ਼ਜ਼ਨਵੀ, ਪਹਿਲਾ ਮੁਸਲਮਾਨ ਬਾਦਸ਼ਾਹ, ਪੰਜਾਬ ਵਿਚ ਆਇਆ ਤਾਂ ਉਸ ਵੇਲੇ ਸੁਨਾਮ ਵਸਦਾ ਸੀ। ਉਸ ਦੇ ਨਾਲ ਆਉਣ ਵਾਲੇ ਇਤਿਹਾਸਕਾਰ ਅਲਬਰੂਨੀ ਨੇ ਆਪਣੀ ਪੁਸਤਕ ‘ਅਲ ਹਿੰਦ’ ਵਿਚ ਸੁਨਾਮ ਦਾ ਜ਼ਿਕਰ ਕੀਤਾ ਹੈ ਅਤੇ ਇਸ ਨੂੰ ਕਨੌਜ ਅਤੇ ਗ਼ਜ਼ਨੀ ਵਿਚਕਾਰ ਵੱਡੇ ਪ੍ਰਸਿੱਧ ਸ਼ਹਿਰਾਂ ਵਿਚੋਂ ਦੱਸਿਆ ਹੈ। ਇਸ ਲੇਖਣੀ ਤੋਂ ਇਸ ਸ਼ਹਿਰ ਦੇ ਲਗਭਗ 1000 ਵਰ੍ਹੇ ਪੁਰਾਣਾ ਹੋਣ ਦਾ ਸਬੂਤ ਮਿਲਦਾ ਹੈ ਅਤੇ ਜੇ ਸੂਰਜਪੁਰ ਨੂੰ ਨਾਲ ਰਲਾ ਕੇ ਵੇਖੀਏ ਤਾਂ ਇਸ ਸ਼ਹਿਰ ਇਸ ਤੋਂ ਵੀ ਪਹਿਲਾਂ ਦਾ ਹੈ। ਸ਼ਹਿਰ ਵਿਚ ਇਕ ਵੱਡਾ ਤਲਾਬ ਹੈ ਜਿਸ ਦਾ ਨਾਂ ‘ਸੀਤਾਸਰ’ ਹੈ। ਕਿਹਾ ਜਾਂਦਾ ਹੈ ਕਿ ਸੀਤਾ ਜੀ ਇਥੇ ਆਏ ਸਨ ਅਤੇ ਉਨ੍ਹਾਂ ਨੇ ਇਸ ਤਲਾਬ ਵਿਚ ਇਸ਼ਨਾਨ ਕੀਤਾ ਸੀ। ਜੇ ਇਹ ਵਿਚਾਰ ਮੰਨ ਲਿਆ ਜਾਵੇ ਤਾਂ ਇਹ ਸ਼ਹਿਰ ਰਾਮਾਇਣ ਕਾਲ ਦਾ ਹੈ।

          ਇਤਿਹਾਸਕ ਤੌਰ ਤੇ ਇਹ ਸ਼ਹਿਰ 1000 ਸਾਲ ਪੁਰਾਣਾ ਹੈ। ਮਹਿਮੂਦ ਗਜ਼ਨਵੀ ਨੇ ਹਿੰਦੁਸਤਾਨ ਉੱਤੇ ਹਮਲੇ ਸਮੇਂ ਬਠਿੰਡੇ ਤੋਂ ਮਗਰੋਂ ਸੁਨਾਮ ਨੂੰ ਜਿੱਤਿਆ ਅਤੇ ਇਥੋਂ ਸੂਰਜ ਦੇਵਤਾ ਦੇ ਮੰਦਰ ਸਮੇਤ ਕਈ ਹੋਰ ਮੰਦਰਾਂ ਨੂੰ ਢਾਹ ਦਿੱਤਾ। ਜਿਸ ਵੇਲੇ ਮੁਹੰਮਦ ਗ਼ੌਰੀ ਨੇ ਹਿੰਦੁਸਤਾਨ ਉੱਤੇ ਹੱਲੇ ਕੀਤੇ, ਉਸ ਵੇਲੇ ਸੁਨਾਮ ਉੱਤੇ ਹਿੰਦੂ ਰਾਜੇ ਰਾਜ ਕਰਦੇ ਸਨ। ਗ਼ੁਲਾਮ ਖ਼ਾਨਦਾਨ ਦੇ ਬਾਦਸ਼ਾਹ ਸ਼ਮਸਉੱਦੀਨ ਅਲਤਮਸ਼ ਨੇ ਇਹ ਸ਼ਹਿਰ ਸ਼ੇਰ ਖ਼ਾਨ ਨੂੰ ਜਾਗੀਰ ਵਜੋਂ ਦੇ ਦਿੱਤਾ। ਨਾਸਰ-ਉੱਦੀਨ-ਮਹਿਮੂਦ (Nasir-uddin-Mahmud) ਦੇ ਰਾਜ ਕਾਲ ਸਮੇਂ ਇਹ ਸ਼ਹਿਰ ਇਕ ਸੂਬੇ ਦੀ ਰਾਜਧਾਨੀ ਸੀ। ਸ਼ੇਰ ਖ਼ਾਨ ਦੀ ਮੌਤ ਪਿੱਛੋਂ ਗ਼ਿਆਸ-ਉੱਦੀਨ ਬਲਬਲ (Ghiyas-uddin Balban) ਨੇ ਪਹਿਲਾਂ ਤਿਮਾਰ ਖ਼ਾਨ ਅਤੇ ਫਿਰ ਆਪਣੇ ਪੁੱਤਰ ਬੁਗਰਾ ਖ਼ਾਨ ਨੂੰ ਦੇ ਦਿੱਤਾ। ਇਸ ਵੇਲੇ ਸਮਾਣਾ ਅਤੇ ਸੁਨਾਮ ਇਕੋ ਜਾਗੀਰ ਵਿਚ ਸ਼ਾਮਲ ਸਨ। ਆਈਨਿ-ਅਕਬਰੀ ਵਿਚ ਵੀ ਸੁਨਾਮ ਦਾ ਜ਼ਿਕਰ ਸ਼ਹਿਰ ਅਤੇ ਪਰਗਣੇ ਵਜੋਂ ਆਉਂਦਾ ਹੈ। ਮੁਹੰਮਦ ਸ਼ਾਹ ਤੁਗ਼ਲਕ ਦੇ ਰਾਜ ਵੇਲੇ ਇਥੋਂ ਦੇ ਲੋਕਾਂ ਨੇ ਬਗ਼ਾਵਤ ਕਰ ਦਿੱਤੀ ਜਿਸ ਨੂੰ ਬੜੀ ਸਖ਼ਤੀ ਨਾਲ ਦਬਾਇਆ ਗਿਆ। ਸੰਨ 1360 ਵਿਚ ਫੀਰੋਜ਼ ਸ਼ਾਹ ਤੁਗ਼ਲਕ ਨੇ ਸਰਹਿੰਦ ਅਤੇ ਮਨਸੂਰਪੁਰ (ਛੀਟਾਂ ਵਾਲੇ) ਵਿਚੋਂ ਹੀ ਸੁਨਾਮ ਸ਼ਹਿਰ ਵੱਲ ਇਕ ਨਹਿਰ ਕੱਢ ਕੇ ਲਿਆਂਦੀ। ਸੰਨ 1398 ਵਿਚ ਤੈਮੂਰ ਨੇ ਇਥੇ ਹੱਲਾ ਕਰਕੇ ਇਸ ਨੂੰ ਉਜਾੜ ਦਿੱਤਾ।

          ਮੁਗ਼ਲ ਬਾਦਸ਼ਾਹ ਅਕਬਰ ਦੇ ਰਾਜ ਵੇਲੇ ਸਰਹਿੰਦ ਦੀ ਪੁੱਛ-ਗਿੱਛ ਵੱਧ ਗਈ ਅਤੇ ਸਮਾਣਾ ਅਤੇ ਸੁਨਾਮ ਪਿੱਛੇ ਰਹਿ ਗਏ। ਸੁਨਾਮ ਦਾ ਪਰਗਣਾ ਵੀ ‘ਸਮਾਣੇ’ ਦੀ ਤਰ੍ਹਾਂ ਸਰਹਿੰਦ ਦੇ ਹੀ ਅਧੀਨ ਹੋ ਗਿਆ।

          ਮੁਗ਼ਲਾਂ ਦੇ ਰਾਜ ਦੇ ਅੰਤਲੇ ਸਮੇਂ ਜਦੋਂ ਮਹਾਰਾਜਾ ਆਲਾ ਸਿੰਘ ਨੇ ਆਪਣਾ ਰਾਜ ਵਧਾਉਣਾ ਸ਼ੁਰੂ ਕੀਤਾ ਤਾਂ ਉਸ ਨੇ ‘ਸੁਨਾਮ’ ਉੱਤੇ ਕਬਜ਼ਾ ਕਰ ਲਿਆ। ਬਾਬਾ ਆਲਾ ਸਿੰਘ ਅਤੇ ਮਹਾਰਾਜਾ ਰਾਜਿੰਦਰ ਸਿੰਘ ਨੇ ਇਥੇ ਇਕ ਛੋਟਾ ਜਿਹਾ ਕਿਲ੍ਹਾ ਅਤੇ ਬਾਰਾਂਦਰੀ ਬਣਵਾਈ। ਰਿਆਸਤ ਪਟਿਆਲੇ ਦੇ ਅੰਤ (1948) ਤੀਕ ‘ਸੁਨਾਮ’ ਕਰਮਗੜ੍ਹ ਨਜ਼ਾਮਤ ਦਾ ਸਦਰ ਮੁਕਾਮ ਰਿਹਾ। ਸੰਨ 1956 ਵਿਚ ਇਹ ਪਟਿਆਲਾ ਯੂਨੀਅਨ ਦੇ ਨਾਲ ਹੀ ਪੰਜਾਬ ਰਾਜ ਵਿਚ ਆ ਗਿਆ। 4 ਜੁਲਾਈ, 1974 ਨੂੰ ਜਦੋਂ ਪੰਜਾਬ ਸਰਕਾਰ ਨੇ ਸ਼ਹੀਦ ਊਧਮ ਸਿੰਘ ਦੀਆਂ ਅਸਥੀਆਂ ਇੰਗਲੈਂਡ ਤੋਂ ਸੁਨਾਮ ਲਿਆਂਦੀਆਂ ਤਾਂ ਸਰਕਾਰ ਨੇ ਇਸ ਸ਼ਹਿਰ ਦਾ ਨਾਂ ‘ਸੁਨਾਮ ਊਧਮ ਸਿੰਘ ਵਾਲਾ’ ਰੱਖ ਦਿੱਤਾ।

          ਪੁਰਾਣੇ ਸਮੇਂ ਵਿਚ ਇਥੇ ਹਥਿਆਰ ਬਣਾਉਣ ਅਤੇ ਲਕੜੀ ਦੀ ਖੁਦਾਈ ਦਾ ਬਹੁਤ ਕੰਮ ਕੀਤਾ ਜਾਂਦਾ ਸੀ। ਅਜੋਕਾ ਕਸਬਾ ਰੂੰ, ਅਨਾਜ ਅਤੇ ਤੇਲ ਦੇ ਬੀਜਾਂ ਅਤੇ ਪਸ਼ੂਆਂ ਦੀ ਮੰਡੀ ਹੈ। ਇਥੇ ਲੋਹੇ ਦਾ ਸਰੀਆ ਅਤੇ ਪੱਤੀ ਬਣਾਉਣ ਦੇ ਉਦਯੋਗ ਸਥਾਪਤ ਹਨ।

          ਅੱਜਕਲ੍ਹ ਸੁਨਾਮ ਵਿਚ ਕਈ ਹਾਈ ਸਕੂਲ, ਸਰਾਵਾਂ, ਇਕ ਹਸਪਤਾਲ ਅਤੇ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਹਨ। ਕਸਬੇ ਵਿਚ ਹਿੰਦੂ ਅਤੇ ਮੁਸਲਮਾਨੀ ਕਲਾ ਦੀਆਂ ਕਈ ਹਵੇਲੀਆਂ ਅੱਜ ਵੀ ਮੌਜੂਦ ਹਨ। ਸ਼ਹਿਰ ਤੋਂ ਬਾਹਰ ਦੱਖਣ-ਪੂਰਬ ਨੂੰ ਪੀਰ ਬੰਨੋ ਬਨੋਈ ਦਾ ਮਜ਼ਾਰ ਹੈ ਜੋ ਮੁਸਲਮਾਨਾਂ ਦੀ ਪ੍ਰਸਿੱਧ-ਜ਼ਿਆਰਤ ਗਾਹ ਸੀ।

          ਸੁਨਾਮ ਕਈ ਪ੍ਰਸਿੱਧ ਸ਼ਹੀਦਾਂ ਅਤੇ ਪੀਰਾਂ-ਫ਼ਕੀਰਾਂ ਦਾ ਸ਼ਿਹਰ ਹੈ ਜਿਨ੍ਹਾਂ ਵਿਚੋਂ ਸ਼ਹੀਦ ਊਧਮ ਸਿੰਘ ਦਾ ਨਾਂ ਜਗਤ-ਪ੍ਰਸਿੱਧ ਹੈ। ਇਸ ਯੋਧੇ ਨੇ ਜਲ੍ਹਿਆਂ ਵਾਲੇ ਬਾਗ਼ ਦੇ ਕਾਂਡ ਦੇ ਜ਼ਿੰਮੇਵਾਰ ਜਨਰਲ ਡਾਇਰ ਨੂੰ ਇੰਗਲੈਂਡ ਵਿਚ ਜਾ ਕੇ (13 ਮਾਰਚ, 1940 ਨੂੰ) ਗੋਲੀ ਨਾਲ ਮਾਰਿਆ ਸੀ। ਹੁਣ ਸ਼ਹਿਰ ਵਿਚ ਸ਼ਹੀਦ ਊਧਮ ਸਿੰਘ ਦੀ ਯਾਦ ਵਿਚ ਉਸ ਦੇ ਦੋ ਬੁੱਤ ਲੱਗੇ ਹੋਏ ਹਨ ਅਤੇ ਹਰ ਸਾਲ ਉਸ ਦੀ ਬਰਸੀ ਮਨਾਈ ਜਾਂਦੀ ਹੈ। ਕਹਿੰਦੇ ਹਨ ਕਿ ਗੁਰੂ ਨਾਨਕ ਸਾਹਿਬ ਨੇ ਵੀ ਇਸ ਸ਼ਹਿਰ ਵਿਚ ਆਪਣੇ ਪਵਿੱਤਰ ਚਰਨ ਪਾਏ ਸਨ ਅਤੇ ਉਨ੍ਹਾਂ ਦੀ ਯਾਦ ਵਿਚ ਇਕ ਗੁਰਦੁਵਾਰਾ ਬਣਿਆ ਹੋਇਆ ਹੈ।

          ਆਬਾਦੀ––28,158 (1971)

          35° 05' ਉ. ਵਿਥ.; 75° 45' ਪੂ. ਲੰਬ.

          ਹ. ਪੁ.––ਪੰਜਾਬ ਪੰਨਾ-490; ਸੈਂਸਿਸ ਆਫ਼ ਇੰਡੀਆ 1961; ਪੰਜਾਬ ਡਿਸ ਟ੍ਰਿਕਟ ਸੈਂਸਿਸ ਬੁੱਕ ਸੰਗਰੂਰ ਡਿਸਟ੍ਰਿਕਟ ਪੰਨਾ 7:115; ਇੰਪ. ਗ. ਇੰਡ. 23:139.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1559, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-01-07, ਹਵਾਲੇ/ਟਿੱਪਣੀਆਂ: no

ਸੁਨਾਮ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਸੁਨਾਮ :  ਇਹ ਸੰਗਰੂਰ ਜ਼ਿਲ੍ਹੇ ਵਿਚ ਇਸੇ ਹੀ ਨਾਂ ਦੀ ਤਹਿਸੀਲ ਦਾ ਸਦਰ ਮੁਕਾਮ ਅਤੇ ਇਕ ਪ੍ਰਸਿੱਧ ਕਸਬਾ ਹੈ ਜੋ ਪਟਿਆਲੇ ਦੇ ਦੱਖਣ-ਪੱਛਮ ਵੱਲ 70 ਕਿ. ਮੀ. ਸਮਾਣੇ ਤੋਂ ਪੱਛਮ ਨੂੰ ਲਗਭਗ 40 ਕਿ. ਮੀ. ਦੀ ਦੂਰੀ ਤੇ, ਧੂਰੀ-ਜਾਖਲ ਰੇਲਵੇ ਲਾਈਨ ਉੱਤੇ ਸਥਿਤ ਹੈ।

        ਅਜੋਕੇ ਸ਼ਹਿਰ ਦੀ ਸਥਾਪਨਾ ਅਤੇ ਇਸ ਦੇ ਨਾਂ ਬਾਰੇ ਕੋਈ ਪ੍ਰਮਾਣੀਕ ਸਬੂਤ ਨਹੀਂ ਮਿਲਦਾ। ਅਜੋਕੇ ਸ਼ਹਿਰ ਦੀ ਥਾਂ ਉੱਤੇ ਹਿੰਦੂ ਕਾਲ ਵਿਚ ਇਕ ਕਿਲਾ ਹੁੰਦਾ ਸੀ ਅਤੇ ਸ਼ਹਿਰੀ ਆਬਾਦੀ ਸੂਰਜਕੁੰਡ (ਸੂਰਜ ਦਾ ਤਲਾਬ) ਨਾਲ ਲਗਦੇ ਸੂਰਜਪੁਰ ਦੇ ਥੇਹ ਵਾਲੀ ਥਾਂ ਤੇ ਸੀ। ਮਗਰੋਂ ਇਹ ਆਬਾਦੀ ਕਿਲੇ ਦੇ ਅੰਦਰ ਆ ਵਸੀ। ਨਵੀਂ ਆਬਾਦੀ ਦਾ ਨਾਂ ਸੁਨਾਮ ਪੈ ਗਿਆ। ਸ਼ਹਿਰ ਦੀ ਸਥਾਪਨਾ ਸਬੰਧੀ ਕਈ ਰਵਾਇਤਾਂ ਪ੍ਰਚਲਿਤ ਹਨ। ਇਕ ਰਵਾਇਤ ਅਨੁਸਾਰ ਸੂਰਜਪੁਰ ਵਿਚ ਇਕ 'ਸੋਨਾ ਗੁਜਰੀ' ਰਹਿੰਦੀ ਸੀ। ਇਸ ਨੇ ਕਿਸੇ ਬਾਦਸ਼ਾਹ ਨੂੰ ਖੁਸ਼ ਕਰ ਕੇ ਸੂਰਜਪੁਰ ਦੇ ਲੋਕਾਂ ਨੂੰ ਲੁਟੇਰਿਆਂ ਤੋਂ ਬਚਾਉਣ ਲਈ ਉਨ੍ਹਾਂ ਨੂੰ ਕਿਲੇ ਦੇ ਅੰਦਰ ਵਸਾਉਣ ਦੀ ਆਗਿਆ ਲੈ ਲਈ ਤੇ ਇਹ ਕਸਬਾ ਵਸਾਇਆ। ਇਸੇ ਸੋਨਾ ਗੁਜਰੀ ਦੇ ਨਾਂ ਤੇ ਇਸ ਸ਼ਹਿਰ ਦਾ ਨਾਂ ਸੁਨਾਮ ਪੈ ਗਿਆ। ਇਕ ਹੋਰ ਰਵਾਇਤ ਅਨੁਸਾਰ ਸ੍ਰੀ ਕ੍ਰਿਸ਼ਨ ਜੀ ਦੀ ਬੰਸ ਵਿਚੋਂ ਸੁਮਨਪਾਲ ਨਾਂ ਦੇ ਕਿ ਰਾਜੇ ਨੇ 1100 ਈ. ਪੂ. ਵਿਚ ਇਸ ਥਾਂ ਨੂੰ ਵਸਾਇਆ ਸੀ। ਕਿਹਾ ਜਾਂਦਾ ਹੈ ਕਿ ਇਸ ਰਾਜੇ ਨੇ ਇਸ ਦਾ ਨਾਂ  'ਸੁਮਾਨ' ਰੱਖਿਆ ਸੀ ਜੋ ਮਗਰੋਂ ਵਿਗੜ ਕੇ 'ਸੋਨਮ' ਤੇ ਫਿਰ ਸੁਨਾਮ ਬਣ ਗਿਆ। ਇਹ ਵੀ ਕਿਹਾ ਜਾਂਦਾ ਹੈ ਕਿ ਕਿਸੇ ਮੁਸਲਮਾਨ ਬਾਦਸ਼ਾਹ ਨੇ ਉਸ ਉੱਚੀ ਥਾਂ ਜਿਥੇ ਅਜੋਕਾ ਸ਼ਹਿਰ ਵਸਿਆ ਹੋਇਆ ਹੈ, ਨੂੰ ਵੇਖ ਕੇ ਸੁਨਾਮ ਜਿਸ ਦਾ ਅਰਥ ਤੁਰਕੀ ਭਾਸ਼ਾ ਵਿਚ ਊਠ ਦੀ ਕੁਹਾਨ ਹੈ, ਦਾ ਨਾਂ ਦਿੱਤਾ ਪਰ ਇਹ ਰਵਾਇਤ ਬਹੁਤੀ ਸਹੀ ਨਹੀਂ ਲਗਦੀ ਕਿਉਂਕਿ ਜਿਸ ਸਮੇਂ ਮਹਿਮੂਦ ਗ਼ਜ਼ਨਵੀ, ਪਹਿਲਾ ਮੁਸਲਮਾਨ ਬਾਦਸ਼ਾਹ, ਪੰਜਾਬ ਵਿਚ ਆਇਆ ਤਾਂ ਉਸ ਵੇਲੇ ਸੁਨਾਮ ਵਸਦਾ ਸੀ। ਉਸ ਦੇ ਨਾਲ ਆਉਣ ਵਾਲੇ ਇਤਿਹਾਸਕਾਰ ਅਲਬਰੂਨੀ ਨੇ ਆਪਣੀ ਪੁਸਤਕ 'ਅਲ ਹਿੰਦ' ਵਿਚ ਸੁਨਾਮ ਦਾ ਜ਼ਿਕਰ ਕੀਤਾ ਹੈ ਅਤੇ ਇਸ ਨੂੰ ਕਨੌਜ ਅਤੇ ਗ਼ਜ਼ਨੀ ਵਿਚਕਾਰ ਵੱਡੇ ਪ੍ਰਸਿੱਧ ਸ਼ਹਿਰਾਂ ਵਿਚੋਂ ਦੱਸਿਆ ਹੈ। ਇਸ ਲੇਖਣੀ ਤੋਂ ਇਸ ਸ਼ਹਿਰ ਦੇ ਲਗਭਗ 1000 ਵਰ੍ਹੇ ਪੁਰਾਣਾ ਹੋਣ ਦਾ ਸਬੂਤ ਮਿਲਦਾ ਹੈ। ਜੇ ਸੂਰਜਪੁਰ ਨੂੰ ਨਾਲ ਰਲਾ ਕੇ ਵੇਖੀਏ ਤਾਂ ਇਹ ਸ਼ਹਿਰ ਇਸ ਤੋਂ ਵੀ ਪਹਿਲਾਂ ਦਾ ਹੈ। ਸ਼ਹਿਰ ਵਿਚ ਇਕ ਵੱਡਾ ਤਲਾਬ ਹੈ ਜਿਸ ਦਾ ਨਾਂ 'ਸੀਤਾਸਰ' ਹੈ। ਕਿਹਾ ਜਾਂਦਾ ਹੈ ਕਿ ਸੀਤਾ ਜੀ ਇਥੇ ਆਏ ਅਤੇ ਉਨ੍ਹਾਂ ਨੇ ਇਸ ਤਲਾਬ ਵਿਚ ਇਸ਼ਨਾਨ ਕੀਤਾ ਸੀ। ਜੋ ਇਹ ਵਿਚਾਰ ਮੰਨ ਲਿਆ ਜਾਵੇ ਤਾਂ ਇਹ ਸ਼ਹਿਰ ਰਾਮਾਇਣ ਕਾਲ ਦਾ ਹੈ।

        ਇਤਿਹਾਸਕ ਤੌਰ ਤੇ ਇਹ ਸ਼ਹਿਰ 1000 ਸਾਲ ਪੁਰਾਣਾ ਹੈ। ਮਹਿਮੂਦ ਗ਼ਜ਼ਨਵੀ ਨੇ ਹਿੰਦੁਸਤਾਨ ਉੱਤੇ ਹਮਲੇ ਸਮੇਂ ਬਠਿੰਡੇ ਤੋਂ ਮਗਰੋਂ ਸੁਨਾਮ ਨੂੰ ਜਿੱਤਿਆ ਅਤੇ ਇਥੋਂ ਸੂਰਜ ਦੇਵਤਾ ਦੇ ਮੰਦਰ ਸਮੇਤ ਕਈ ਹੋਰ ਮੰਦਰਾਂ ਨੂੰ ਢਾਹ ਦਿੱਤਾ। ਜਿਸ ਵੇਲੇ ਮੁਹੰਮਦ ਗ਼ੌਰੀ ਨੇ ਹਿੰਦੁਸਤਾਨ ਉੱਤੇ ਹੱਲੇ ਕੀਤੇ, ਉਸ ਵੇਲੇ ਸੁਨਾਮ ਉੱਤੇ ਹਿੰਦੂ ਰਾਜੇ ਰਾਜ ਕਰਦੇ ਸਨ। ਗ਼ੁਲਾਮ ਖ਼ਾਨਦਾਨ ਦੇ ਬਾਦਸ਼ਾਹ ਸ਼ਮਸ-ਉਦ-ਦੀਨ ਅਲਤਮਸ਼ ਨੇ ਇਹ ਸ਼ਹਿਰ ਸ਼ੇਰ ਖ਼ਾਨ ਨੂੰ ਜਾਗੀਰ ਵੱਜੋਂ ਦੇ ਦਿੱਤਾ। ਨਾਸਰ-ਉੱਦੀਨ-ਮਹਿਮੂਦ ਦੇ ਰਾਜ ਕਾਲ ਸਮੇਂ ਇਹ ਸ਼ਹਿਰ ਇਕ ਸੂਬੇ ਦੀ ਰਾਜਧਾਨੀ ਸੀ। ਸ਼ੇਰ ਖ਼ਾਨ ਦੀ ਮੌਤ ਪਿਛੋਂ ਗ਼ਿਆਸ-ਉਦ-ਦੀਨ ਬਲਬਨ ਨੇ ਪਹਿਲਾਂ ਇਹ ਸ਼ਹਿਰ ਤਿਮਾਰ ਖ਼ਾਨ ਅਤੇ ਫਿਰ ਆਪਣੇ ਪੁੱਤਰ ਬੁਗਰਾ ਖ਼ਾਨ ਨੂੰ ਦੇ ਦਿੱਤਾ। ਉਸ ਵੇਲੇ ਸਮਾਣਾ ਅਤੇ ਸੁਨਾਮ ਇਕੋ ਜਾਗੀਰ ਵਿਚ ਸ਼ਾਮਲ ਸਨ। ਆਈਨਿ ਅਕਬਰੀ ਵਿਚ ਵੀ ਸੁਨਾਮ ਦਾ ਜ਼ਿਕਰ, ਸ਼ਹਿਰ ਅਤੇ ਪਰਗਣੇ ਵੱਜੋਂ ਆਉਂਦਾ ਹੈ। ਮੁਹੰਮਦ ਸ਼ਾਹ ਤੁਗ਼ਲਕ ਦੇ ਰਾਜ ਵੇਲੇ ਇਥੋਂ ਦੇ ਲੋਕਾਂ ਨੇ ਬਗ਼ਾਵਤ ਕਰ ਦਿੱਤੀ ਜਿਸ ਨੂੰ ਬੜੀ ਸਖ਼ਤੀ ਨਾਲ ਦਬਾਇਆ ਗਿਆ। ਸੰਨ 1360 ਵਿਚ ਫੀਰੋਜ਼ ਸ਼ਾਹ ਤੁਗ਼ਲਕ ਨੇ ਸਰਹਿੰਦ ਅਤੇ ਮਨਸੂਰਪੁਰ (ਛੀਂਟਾਂ ਵਾਲੇ) ਵਿਚੋਂ ਦੀ ਸੁਨਾਮ ਸ਼ਹਿਰ ਵੱਲ ਇਕ ਨਹਿਰ ਕੱਢ ਕੇ ਲਿਆਂਦੀ। ਸੰਨ 1398 ਵਿਚ ਤੈਮੂਰ ਨੇ ਇਥੇ ਹੱਲਾ ਕਰ ਕੇ ਇਸ ਨੂੰ ਉਜਾੜ ਦਿੱਤਾ।

        ਮੁਗ਼ਲ ਬਾਦਸ਼ਾਹ ਅਕਬਰ ਦੇ ਰਾਜ ਵੇਲੇ ਸਰਹਿੰਦ ਦੀ ਪੁੱਛ ਗਿੱਛ ਵੱਧ ਗਈ ਅਤੇ ਸੁਨਾਮ ਦਾ ਪਰਗਾਣਾ ਵੀ 'ਸਮਾਣੇ' ਦੀ ਤਰ੍ਹਾਂ ਸਰਹਿੰਦ ਦੇ ਹੀ ਅਧੀਨ ਹੋ ਗਿਆ ।

        ਮੁਗ਼ਲਾਂ ਦੇ ਰਾਜ ਦੇ ਅੰਤਲੇ ਸਮੇਂ ਜਦੋਂ ਮਹਾਰਾਜਾ ਆਲਾ ਸਿੰਘ ਨੇ ਆਪਣਾ ਰਾਜ ਵਧਾਉਣਾ ਸ਼ੁਰੂ ਕੀਤਾ ਤਾਂ ਉਸ ਨੇ ਸੁਨਾਮ ਉੱਤੇ ਕਬਜ਼ਾ ਕਰ ਲਿਆ। ਬਾਬਾ ਆਲਾ ਸਿੰਘ ਅਤੇ ਮਹਾਰਾਜਾ ਰਾਜਿੰਦਰ ਸਿੰਘ ਨੇ ਇਥੇ ਇਕ ਛੋਟਾ ਜਿਹਾ ਕਿਲਾ ਅਤੇ ਬਾਰਾਂਦਰੀ ਬਣਵਾਈ। ਰਿਆਸਤ ਪਟਿਆਲੇ ਦੇ ਅੰਤ (1948) ਤੀਕ 'ਸੁਨਾਮ' ਕਰਮਗੜ੍ਹ ਨਜ਼ਾਮਤ ਦਾ ਸਦਰ ਮੁਕਾਮ ਰਿਹਾ। ਸੰਨ 1956 ਵਿਚ ਇਹ ਪਟਿਆਲਾ ਯੂਨੀਅਨ ਦੇ ਨਾਲ ਹੀ ਪੰਜਾਬ ਰਾਜ ਵਿਚ ਆ ਗਿਆ। 4 ਜੁਲਾਈ, 1974 ਨੂੰ ਜਦੋਂ ਪੰਜਾਬ ਸਰਕਾਰ ਨੇ ਸ਼ਹੀਦ ਊਧਮ ਸਿੰਘ ਦੀਆਂ ਅਸਥੀਆਂ ਇੰਗਲੈਂਡ ਤੋਂ ਸੁਨਾਮ ਲਿਆਂਦੀਆਂ ਤਾਂ ਸਰਕਾਰ ਨੇ ਇਸ ਸ਼ਹਿਰ ਦਾ ਨਾਂ 'ਸੁਨਾਮ ਊਧਮ ਸਿੰਘ ਵਾਲਾ' ਰੱਖ ਦਿੱਤਾ।

        ਪੁਰਾਣੇ ਸਮੇਂ ਵਿਚ ਇਥੇ ਹਥਿਆਰ ਬਣਾਉਣ ਅਤੇ ਲੱਕੜੀ ਦੀ ਖੁਦਾਈ ਦਾ ਬਹੁਤ ਕੰਮ ਕੀਤਾ ਜਾਂਦਾ ਸੀ। ਅਜੋਕੇ ਕਸਬੇ ਵਿਚ ਰੂੰ, ਅਨਾਜ, ਤੇਲ ਬੀਜਾਂ ਅਤੇ ਪਸ਼ੂਆਂ ਦੀ ਮੰਡੀ ਹੈ। ਇਥੇ ਲੋਹੇ ਦੀਆਂ ਪੱਤੀਆਂ ਅਤੇ ਸਰੀਆ ਬਣਾਉਣ ਦੇ ਉਦਯੋਗ ਸਥਾਪਤ ਹਨ।

        ਅੱਜਕੱਲ੍ਹ ਸੁਨਾਮ ਵਿਚ ਕਈ ਹਾਈ ਸਕੂਲ, ਸਰਾਵਾਂ, ਇਕ ਹਸਪਤਾਲ ਅਤੇ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਹਨ । ਕਸਬੇ ਵਿਚ ਹਿੰਦੂ ਅਤੇ ਮੁਸਲਮਾਨੀ ਕਲਾ ਦੀਆਂ ਕਈ ਹਵੇਲੀਆਂ ਅੱਜ ਵੀ ਮੌਜੂਦ ਹਨ। ਸ਼ਹਿਰ ਤੋਂ ਬਾਹਰ ਦੱਖਣ-ਪੂਰਬ ਨੂੰ ਪੀਰ ਬੰਨੋ ਬਨੋਈ ਦੀ ਮਜ਼ਾਰ ਹੈ ਜੋ ਮੁਸਲਮਾਨਾਂ ਦੀ ਪ੍ਰਸਿੱਧ ਜ਼ਿਆਰਤਗਾਹ ਸੀ।

        ਸੁਨਾਮ ਕਈ ਪ੍ਰਸਿੱਧ ਸ਼ਹੀਦਾਂ ਅਤੇ ਪੀਰਾਂ-ਫ਼ਕੀਰਾਂ ਦਾ ਸ਼ਹਿਰ ਹੈ ਜਿਨ੍ਹਾਂ ਵਿਚੋਂ ਸ਼ਹੀਦ ਊਧਮ ਸਿੰਘ ਦਾ ਨਾਂ ਜਗਤ-ਪ੍ਰਸਿੱਧ ਹੈ। ਇਸ ਯੋਧੇ ਨੇ ਜਲ੍ਹਿਆਂ ਵਾਲੇ ਬਾਗ਼ ਦੇ ਖ਼ੂਨੀ ਕਾਂਡ ਦੇ ਜ਼ਿੰਮੇਵਾਰ ਜਨਰਲ ਡਾਇਰ ਨੂੰ ਇੰਗਲੈਂਡ ਵਿਚ ਜਾ ਕੇ (13 ਮਾਰਚ, 1940 ਨੂੰ ) ਗੋਲੀ ਨਾਲ ਮਾਰਿਆ ਸੀ। ਹੁਣ ਸ਼ਹਿਰ ਵਿਚ ਸ਼ਹੀਦ ਊਧਮ ਸਿੰਘ ਦੀ ਯਾਦ ਵਿਚ ਉਸ ਦੇ ਦੋ ਬੁੱਤ ਲੱਗੇ ਹੋਏ ਹਨ ਅਤੇ ਹਰ ਸਾਲ ਉਸ ਦੀ ਬਰਸੀ ਮਨਾਈ ਜਾਂਦੀ ਹੈ। ਕਹਿੰਦੇ ਹਨ ਕਿ ਗੁਰੂ ਨਾਨਕ ਸਾਹਿਬ ਨੇ ਵੀ ਇਸ ਸ਼ਹਿਰ ਵਿਚ ਆਪਣੇ ਪਵਿੱਤਰ ਚਰਨ ਪਾਏ ਸਨ ਅਤੇ ਉਨ੍ਹਾਂ ਦੀ ਯਾਦ ਵਿਚ ਇਕ ਗੁਰਦੁਆਰਾ ਬਣਿਆ ਹੋਇਆ ਹੈ।

        ਆਬਾਦੀ- 43,909(1991)

        ਸਥਿਤੀ – 35º 05' ਉ. ਵਿਥ.; 75º 45' ਪੂ. ਲੰਬ.


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1321, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-01-05-03-39, ਹਵਾਲੇ/ਟਿੱਪਣੀਆਂ: ਹ. ਪੁ.–ਡਿ. ਸੈਂ. ਹੈਂ. ਬੁ. –ਸੰਗਰੂਰ; ਇੰਪ. ਗ. ਇੰਡ. 23-129; ਪੰ. ਵਿ. ਕੋ. 5 : 302; ਪੰ. –ਰੰਧਾਵਾ : 490

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.